Welcome to Canadian Punjabi Post
Follow us on

29

May 2020
ਨਜਰਰੀਆ

ਪੰਜਾਬ ਸਰਕਾਰ ਦਾ ਬਰਗਾੜੀ ਵਾਲੀਆਂ ਬਾਤਾਂ ਨਾਲ ਬਹੁਤੀ ਦੇਰ ਬੁੱਤਾ ਨਹੀਂ ਸਰ ਸਕਣਾ

August 19, 2019 10:07 AM

-ਜਤਿੰਦਰ ਪਨੂੰ
ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਦੀ ਮੌਜੂਦਾ ਸਰਕਾਰ ਨੂੰ ਦੋ ਸਾਲ ਤੋਂ ਪੰਜ ਮਹੀਨੇ ਉੱਪਰ ਹੋ ਗਏ ਹਨ। ਸਿਰਫ ਇੱਕ ਮਹੀਨਾ ਲੰਘਣ ਨਾਲ ਸਰਕਾਰ ਦੀ ਮਿਆਦ ਦਾ ਅੱਧ ਪੂਰਾ ਹੋ ਜਾਵੇਗਾ ਤੇ ਇਸ ਦੇ ਨਾਲ ਹੀ ਬਾਕੀ ਰਹਿੰਦੇ ਅੱਧੇ ਸਮੇਂ ਵਾਲੇ ਦਿਨ ਕਿਰਨੇ ਸ਼ੁਰੂ ਹੋ ਜਾਣਗੇ। ਅਸੀਂ ਬਹੁਤ ਸਾਰੀਆਂ ਸਰਕਾਰਾਂ ਨੂੰ ਵੇਖਿਆ ਤੇ ਹੰਢਾਇਆ ਜਾਂ ਭੁਗਤਿਆ ਹੋਇਆ ਹੈ, ਉਨ੍ਹਾਂ ਸਭ ਦਾ ਤਜਰਬਾ ਇਹੋ ਸੀ ਕਿ ਪਹਿਲਾ ਅੱਧ ਉਨ੍ਹਾਂ ਨੇ ਪਿਛਲੀ ਸਰਕਾਰ ਦਾ ਗੁੱਡਾ ਬੰਨ੍ਹ ਕੇ ਗੁਜ਼ਾਰ ਛੱਡਿਆ ਤੇ ਲੋਕ ਸੁਣੀਂ ਜਾਂਦੇ ਸਨ, ਪਰ ਦੂਸਰਾ ਅੱਧ ਸ਼ੁਰੂ ਹੋਣ ਤੱਕ ਲੋਕ ਇਹੋ ਜਿਹੇ ਭਾਸ਼ਣਾਂ ਤੋਂ ਅਵਾਜ਼ਾਰ ਹੋਣ ਲੱਗਦੇ ਸਨ। ਇਹ ਵੇਲਾ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਾ ਸਰਕਾਰ ਉੱਤੇ ਵੀ ਆਉਂਦਾ ਪਿਆ ਹੈ ਤੇ ਇਸ ਦੀ ਚਿੰਤਾ ਕਰਨੀ ਚਾਹੀਦੀ ਹੈ, ਪਰ ਸਰਕਾਰ ਦੇ ਮੁਖੀ ਨੂੰ ਇਸ ਤਰ੍ਹਾਂ ਦੀ ਚਿੰਤਾ ਜਾਪਦੀ ਨਹੀਂ।
ਪਿਛਲੀਆਂ ਚੋਣਾਂ ਦੇ ਹਾਲਾਤ ਇਸ ਵਕਤ ਰਹੇ ਨਹੀਂ। ਓਦੋਂ ਲੋਕਾਂ ਨੂੰ ਅਕਾਲੀ-ਭਾਜਪਾ ਸਰਕਾਰ ਤੋਂ ਕਈ ਤਰ੍ਹਾਂ ਦੇ ਗਿਲੇ-ਸਿ਼ਕਵੇ ਸਨ, ਭ੍ਰਿਸ਼ਟਾਚਾਰ ਦੇ ਪੱਖੋਂ ਮੱਚੀ ਹੋਈ ਲੁੱਟ-ਖੋਹ ਦੇ ਵੀ, ਸਰਕਾਰ ਦੇ ਨਿਕੰਮੇਪਣ ਦੇ ਵੀ ਅਤੇ ਇਸ ਵੱਲੋਂ ਥਾਪੇ ਗਏ ਹਲਕਾ ਇੰਚਾਰਜਾਂ ਦੀ ਜ਼ੈਲਦਾਰੀ ਹੇਠ ਲੋਕਾਂ ਨੂੰ ਝੂਠੇ ਕੇਸਾਂ ਵਿੱਚ ਫਸਾਉਣ ਤੇ ਛੁਡਾਉਣ ਦੇ ਧੰਦੇ ਵਿੱਚੋਂ ਤਕੜੀ ਮਾਇਆ ਕਮਾਉਣ ਤੋਂ ਵੀ ਲੋਕ ਤੰਗ ਆਏ ਪਏ ਸਨ। ਸੌ ਮੁੱਦਿਆਂ ਦਾ ਮੁੱਦਾ ਉਸ ਚੋਣ ਵਿੱਚ ਬਰਗਾੜੀ ਵਿੱਚ ਵਾਪਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕਾਂਡ ਤੇ ਉਸ ਤੋਂ ਬਾਅਦ ਰੋਸ ਕਰਦੇ ਸਿੱਖਾਂ ਉੱਤੇ ਪੁਲਸ ਵੱਲੋਂ ਗੋਲੀ ਚਲਾਉਣ ਅਤੇ ਇਸ ਮਾਮਲੇ ਵਿੱਚ ਸੁਖਬੀਰ ਸਿੰਘ ਬਾਦਲ ਦੀ ਲੋਕਾਂ ਨੂੰ ਮੂਰਖ ਬਣਾਉਣ ਵਾਲੀ ਤਿਕੜਮਬਾਜ਼ੀ ਦਾ ਸੀ। ਨਾਲ ਪੰਜਾਬ ਦੀ ਜਵਾਨੀ ਦੇ ਨਸ਼ੀਲੇ ਪਦਾਰਥਾਂ ਦੀ ਮਾਰ ਹੇਠ ਆਉਣ ਦਾ ਮੁੱਦਾ ਵੀ ਬਹੁਤ ਵੱਡਾ ਸੀ। ਚੋਣਾਂ ਨੇੜੇ ਆਈਆਂ ਤਾਂ ਸੁਖਬੀਰ ਸਿੰਘ ਬਾਦਲ ਨੇ ਇਨ੍ਹਾਂ ਮੁੱਦਿਆਂ ਉੱਤੇ ਲੋਕਾਂ ਕੋਲ ਸੱਚੇ ਹੋਣ ਲਈ ਬਠਿੰਡੇ ਵਿੱਚ ਵੱਡੀ ਰੈਲੀ ਕਰ ਕੇ ਤਾਕਤ ਦਾ ਪ੍ਰਗਟਾਵਾ ਕੀਤਾ ਸੀ ਤੇ ਇਸ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਓਸੇ ਥਾਂ ਉਸ ਨਾਲੋਂ ਵੱਡੀ ਰੈਲੀ ਕੀਤੀ ਤੇ ਅਗਲੀ ਚੋਣ ਮੁਹਿੰਮ ਸ਼ੁਰੂ ਕੀਤੀ ਸੀ। ਓਥੇ ਕੈਪਟਨ ਅਮਰਿੰਦਰ ਸਿੰਘ ਨੇ ਮੱਥੇ ਨੂੰ ਗੁਰਬਾਣੀ ਦਾ ਗੁਟਕਾ ਲਾ ਕੇ ਸਹੁੰ ਚੁੱਕੀ ਤੇ ਨਸ਼ੀਲੇ ਪਦਾਰਥਾਂ ਦਾ ਖਾਤਮਾ ਕਰਨ ਦੇ ਨਾਲ ਬਰਗਾੜੀ ਦੇ ਬੇਅਦਬੀ ਕਾਂਡ ਅਤੇ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀ ਕਾਂਡਾਂ ਬਾਰੇ ਜਾਂਚ ਕਰਵਾ ਕੇ ਸਜ਼ਾਵਾਂ ਦੇਣ ਦਾ ਐਲਾਨ ਕੀਤਾ ਸੀ, ਜਿਸ ਦਾ ਲੋਕਾਂ ਉੱਤੇ ਬਹੁਤ ਵੱਡਾ ਅਸਰ ਪਿਆ ਸੀ।
ਇਹ ਉਹ ਵਕਤ ਸੀ, ਜਦੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਬਹੁਤ ਵੱਡੀ ਚੜ੍ਹਤ ਜਾਪਦੀ ਸੀ ਅਤੇ ਸਾਡੇ ਵਰਗੇ ਰਾਜਸੀ ਮਾਮਲਿਆਂ ਦੇ ਬਹੁਤ ਸਾਰੇ ਲੇਖਕ ਵੀ ਉਸ ਦਾ ਪ੍ਰਭਾਵ ਕਬੂਲਣ ਲੱਗੇ ਸਨ। ਬਠਿੰਡੇ ਦੀ ਰੈਲੀ ਅਤੇ ਉਸ ਵਿੱਚ ਚੁੱਕੀ ਗਈ ਸਹੁੰ ਦਾ ਅਸਰ ਵੱਧ ਹੋਇਆ ਜਾਂ ਅਕਾਲੀ ਦਲ ਦੇ ਅਖੀਰਲੇ ਦਿਨਾਂ ਵਿੱਚ ਸੁਖਬੀਰ ਸਿੰਘ ਤੇ ਬਿਕਰਮ ਸਿੰਘ ਮਜੀਠੀਏ ਦੀ ਮੋਛੇ ਪਾਊ ਧਾੜ ਕੋਲੋਂ ਤੰਗ ਆਏ ਲੋਕ ਉਨ੍ਹਾਂ ਦੇ ਵਿਰੁੱਧ ਭੁਗਤੇ, ਪੰਜਾਬ ਤੋਂ ਅਕਾਲੀ-ਭਾਜਪਾ ਰਾਜ ਦਾ ਬਿਸਤਰਾ ਲਪੇਟ ਦਿੱਤਾ ਗਿਆ ਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣ ਗਈ। ਅਸੀਂ ਇਹ ਗੱਲ ਨਹੀਂ ਕਹਾਂਗੇ ਕਿ ਇਸ ਸਰਕਾਰ ਨੇ ਕੁਝ ਵੀ ਨਹੀਂ ਕੀਤਾ, ਕਿਸਾਨਾਂ ਦੇ ਸਾਰੇ ਕਰਜ਼ੇ ਨਾ ਸਹੀ, ਥੋੜ੍ਹੇ-ਬਹੁਤ ਜਿੰਨੇ ਵੀ ਮੁਆਫ ਕਰਨ ਦਾ ਕੰਮ ਕੀਤਾ, ਉਹ ਠੀਕ ਅਸਰ ਪਾਉਣ ਵਾਲਾ ਸੀ, ਪਰ ਏਹੋ ਕਾਫੀ ਨਹੀਂ ਸੀ। ਜਿਨ੍ਹਾਂ ਦੋ ਵੱਡੇ ਮਾਮਲਿਆਂ ਦੀ ਸਹੁੰ ਕੈਪਟਨ ਅਮਰਿੰਦਰ ਸਿੰਘ ਨੇ ਚੁੱਕੀ ਸੀ, ਉਨ੍ਹਾਂ ਵਿੱਚੋਂ ਨਾ ਅਜੇ ਤੱਕ ਨਸ਼ੀਲੇ ਪਦਾਰਥਾਂ ਦੇ ਵਹਿਣ ਨੂੰ ਨੱਥ ਪਾਉਣ ਵਿੱਚ ਕਾਮਯਾਬੀ ਮਿਲੀ ਹੈ, ਸਗੋਂ ਕਈ ਕਾਂਗਰਸੀ ਵਿਧਾਇਕਾਂ ਦੇ ਨਾਂਅ ਵੀ ਇਸ ਨਾਲ ਜੁੜ ਗਏ ਹਨ, ਤੇ ਨਾ ਸ੍ਰੀ ਗੁਰੂ ਗ੍ਰੰਥ ਦੀ ਬੇਅਦਬੀ ਅਤੇ ਕੋਟਕਪੂਰਾ ਤੇ ਬਹਿਬਲ ਕਲਾਂ ਦੇ ਗੋਲੀ ਕਾਂਡਾਂ ਦੇ ਮੁੱਦੇ ਕਿਸੇ ਪਾਸੇ ਲੱਗੇ ਹਨ। ਪਿਛਲੇ ਸਾਲ ਜਦੋਂ ਵਿਧਾਨ ਸਭਾ ਵਿੱਚ ਇਸ ਬਾਰੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਪੇਸ਼ ਹੋਈ ਅਤੇ ਇਸ ਮੌਕੇ ਨਮੋਸ਼ੀ ਦਾ ਸਾਹਮਣਾ ਕਰਨ ਦੀ ਥਾਂ ਵਾਕਆਊਟ ਕਰ ਕੇ ਅਕਾਲੀ ਆਗੂ ਮੈਦਾਨ ਖਾਲੀ ਕਰ ਗਏ ਸਨ, ਓਦੋਂ ਸਰਕਾਰ ਨੇ ਇਸ ਬਾਰੇ ਵਿਸ਼ੇਸ਼ ਜਾਂਚ ਟੀਮ ਬਣਾਉਣ ਅਤੇ ਸੀ ਬੀ ਆਈ ਕੋਲ ਚੱਲਦੇ ਕੇਸ ਵਾਪਸ ਲੈਣ ਦਾ ਐਲਾਨ ਕੀਤਾ ਸੀ। ਜਾਂਚ ਕਰਨ ਲਈ ਜਿਹੜੀ ਵਿਸ਼ੇਸ਼ ਟੀਮ ਬਣਾਈ, ਉਹ ਵੀ ਆਸ ਬੰਨ੍ਹਾਉਣ ਵਾਲੀ ਸੀ ਤੇ ਉਸ ਨੇ ਕੁਝ ਹੱਦ ਤੱਕ ਕੰਮ ਵੀ ਕੀਤਾ, ਪਰ ਬਾਅਦ ਵਿੱਚ ਹੱਕਣ ਨਾਲ ਚੱਲਣ ਵਾਲੀ ਅਤੇ ਹੱਕਣ ਬਿਨਾਂ ਇੱਕੋ ਥਾਂ ਖੜੀ ਰਹਿਣ ਵਾਲੀ ਬਲਦਾਂ ਦੀ ਜੋੜੀ ਬਣ ਕੇ ਰਹਿ ਗਈ ਤੇ ਸਰਕਾਰ ਦੀ ਬਦਨਾਮੀ ਹੋ ਰਹੀ ਹੈ। ਬਦਨਾਮੀ ਵਿਸ਼ੇਸ਼ ਜਾਂਚ ਟੀਮ ਦੀ ਨਹੀਂ, ਸਰਕਾਰ ਦੀ ਇਸ ਲਈ ਹੈ ਕਿ ਉਹ ਇਸ ਜਾਂਚ ਨੂੰ ਅੱਗੇ ਨਹੀਂ ਤੁਰਨ ਦੇਂਦੀ ਤੇ ਇਹ ਗੱਲ ਹਾਕਮ ਪਾਰਟੀ ਦੇ ਵਿਧਾਇਕ ਤੇ ਮੰਤਰੀ ਵੀ ਕਹੀ ਜਾ ਰਹੇ ਹਨ। ਮੁੱਖ ਮੰਤਰੀ ਨੂੰ ਇੱਕ ਡਿਨਰ ਦੌਰਾਨ ਇਸ ਬਾਰੇ ਕਾਂਗਰਸੀ ਵਿਧਾਇਕਾਂ ਵੱਲੋਂ ਦੱਸੇ ਜਾਣ ਨਾਲ ਵੀ ਕੋਈ ਫਰਕ ਨਹੀਂ ਪਿਆ।
ਅਸੀਂ ਫਿਰ ਉਸੇ ਗੱਲ ਉੱਤੇ ਆਉਂਦੇ ਹਾਂ। ਰਾਜ ਦੇ ਪਹਿਲੇ ਅੱਧ ਤੱਕ ਸਰਕਾਰ ਦਾ ਖਜ਼ਾਨਾ ਮੰਤਰੀ ਹਰ ਗੱਲ ਦਾ ਇੱਕੋ ਜਵਾਬ ਦੇਂਦਾ ਸੀ ਕਿ ਪਿਛਲੀ ਸਰਕਾਰ ਖਜ਼ਾਨਾ ਖਾਲੀ ਕਰ ਕੇ ਤੁਰ ਗਈ ਹੈ, ਪਰ ਜੇ ਢਾਈ ਸਾਲ ਬਾਅਦ ਵੀ ਇਹੋ ਗੱਲ ਸੁਣਨ ਨੂੰ ਮਿਲਣੀ ਹੈ ਤਾਂ ਲੋਕਾਂ ਵਿੱਚ ਪਿਛਲਿਆਂ ਬਾਰੇ ਕੌੜ ਦੀ ਥਾਂ ਮੌਜੂਦਾ ਸਰਕਾਰ ਦੇ ਨਿਕੰਮੇ ਹੋਣ ਦਾ ਨਵੀ ਤਰ੍ਹਾਂ ਦਾ ਪ੍ਰਭਾਵ ਬਣਨ ਲੱਗ ਪਿਆ ਹੈ। ਸਰਕਾਰ ਦਾ ਮੁਖੀ ਅਜੇ ਤੱਕ ਕਹੀ ਜਾਂਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸੁੱਕਾ ਨਹੀਂ ਜਾਣ ਦੇਣਾ, ਪਰ ਏਦਾਂ ਦੇ ਦਾਅਵਿਆਂ ਦਾ ਜਿਹੜਾ ਅਸਰ ਲੋਕਾਂ ਵਿੱਚ ਢਾਈ ਸਾਲ ਪਹਿਲਾਂ ਸੀ ਤੇ ਲੋਕਾਂ ਨੂੰ ਜਿੱਡੀ ਆਸ ਹੋਇਆ ਕਰਦੀ ਸੀ, ਉਸ ਦਾ ਪੱਧਰ ਬਹੁਤ ਬੁਰੀ ਤਰ੍ਹਾਂ ਡਿੱਗ ਚੁੱਕਾ ਹੈ। ਅੱਜ ਹਾਲਤ ਇਸ ਤਰ੍ਹਾਂ ਦੀ ਹੈ ਕਿ ਸਰਕਾਰ ਦੇ ਮੰਤਰੀ ਅਤੇ ਵਿਧਾਇਕ ਆਪਣੇ ਮੁੱਖ ਮੰਤਰੀ ਦੇ ਦਾਅਵੇ ਦੇ ਪੱਖ ਵਿੱਚ ਓਨਾ ਉੱਚਾ ਨਹੀਂ ਬੋਲਦੇ, ਜਿੰਨੀ ਉੱਚੀ ਸੁਰ ਵਿੱਚ ਇਸ ਤੋਂ ਉਲਟ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਬੋਲਦੇ ਹਨ। ਪ੍ਰਵਚਨ ਕਿੰਨਾ ਵੀ ਚੰਗਾ ਹੋਵੇ, ਪਹਿਲੀ ਵਾਰ ਸੁਣਿਆ ਜਾਵੇ ਤਾਂ ਜਿਹੜਾ ਅਸਰ ਪੈਂਦਾ ਹੈ, ਉਹ ਅਸਰ ਹਰ ਵਾਰੀ ਘਟਦਾ ਜਾਂਦਾ ਹੈ ਤੇ ਫਿਰ ਇਹ ਨੌਬਤ ਆ ਜਾਂਦੀ ਹੈ ਕਿ ਉਸ ਪ੍ਰਵਚਨ ਦੀ ਸੀ ਡੀ ਕਾਰ ਦੇ ਡੈਸ਼ ਬੋਰਡ ਵਾਲੇ ਖਾਨੇ ਵਿੱਚ ਪਈ ਹੁੰਦੀ ਹੈ ਤੇ ਲਾਉਣ ਦਾ ਚੇਤਾ ਸਿਰਫ ਓਦੋਂ ਆਉਂਦਾ ਹੈ, ਜਦੋਂ ਕਿਸੇ ਓਪਰੇ ਨੂੰ ਇਸ ਬਾਰੇ ਦੱਸਣਾ ਹੁੰਦਾ ਹੈ। ਅਮਰਿੰਦਰ ਸਿੰਘ ਦੀਆਂ ਢਾਈ ਸਾਲ ਪਹਿਲਾਂ ਦੀਆਂ ਤਕਰੀਰਾਂ ਥੋੜ੍ਹੇ-ਬਹੁਤ ਵਾਧੇ-ਘਾਟੇ ਨਾਲ ਅੱਜ ਜਦੋਂ ਉਸੇ ਤਰ੍ਹਾਂ ਦੁਹਰਾਈਆਂ ਜਾ ਰਹੀਆਂ ਹਨ ਤਾਂ ਲੋਕ ਸੁਣ-ਸੁਣ ਅੱਕ ਚੁੱਕੇ ਹਨ। ੳਹ ਅਮਲ ਚਾਹੁੰਦੇ ਹਨ ਤੇ ਅਮਲ ਹੋ ਨਹੀਂ ਰਿਹਾ। ਰਾਜ ਕਰਨ ਵਾਸਤੇ ਮਿਲੇ ਪੰਜ ਸਾਲਾਂ ਵਿੱਚੋਂ ਅੱਧਾ ਸਮਾਂ ਸਰਕਾਰ ਨੇ ਭੰਗ ਦੇ ਭਾੜੇ ਹੀ ਗੁਆ ਲਿਆ ਜਾਪਦਾ ਹੈ ਤੇ ਅੱਗੋਂ ਇਸ ਦੀ ਕੋਈ ਸੁਰ-ਸੇਧ ਲੋਕਾਂ ਦੇ ਪੱਲੇ ਨਹੀਂ ਪੈ ਰਹੀ। ਮੁੱਖ ਮੰਤਰੀ ਦੀ ਟੀਮ ਵਾਲੇ ਲੋਕ ਅਜੇ ਵੀ ਇਹੋ ਕਹਿੰਦੇ ਹਨ ਕਿ ਮੁਕਾਬਲੇ ਦੀ ਧਿਰ ਕੋਈ ਨਹੀਂ ਰਹੀ, ਅਕਾਲੀਆਂ ਦੇ ਪੈਰ ਨਹੀਂ ਲੱਗਦੇ, ਆਮ ਆਦਮੀ ਪਾਰਟੀ ਹੋਈ ਵੀ ਅਣਹੋਈ ਹੋਈ ਪਈ ਹੈ ਤੇ ਜਦੋਂ ਕੋਈ ਖਤਰਾ ਖੜਾ ਕਰਨ ਜੋਗੀ ਧਿਰ ਹੀ ਨਹੀਂ ਤਾਂ ਚਿੰਤਾ ਕਰਨ ਦੀ ਵੀ ਲੋੜ ਨਹੀਂ। ਉਹ ਇਸ ਮੌਕੇ ਇੱਕ ਨਵੀਂ ਉੱਠ ਰਹੀ ਧਿਰ ਨੂੰ ਅੱਖੋਂ ਪਰੋਖਾ ਕਰਦੇ ਹਨ। ਇਹ ਧਿਰ ‘ਮੋਦੀ-ਮੋਦੀ’ ਦੀ ਰੱਟ ਪੰਜਾਬ ਵਿੱਚ ਲਾਉਣ ਵੀ ਲੱਗ ਪਈ ਹੈ।
ਜੀ ਹਾਂ, ਪੰਜਾਬ ਵਿੱਚ ਇਹ ਵੇਖਣ ਦੀ ਲੋੜ ਨਹੀਂ ਕਿ ਬਾਬਾ ਬਕਾਲਾ ਦੇ ਰੱਖੜ ਪੁੰਨਿਆ ਦੇ ਇਕੱਠ ਵਿੱਚ ਭਾਜਪਾ ਦੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਨੇ ਸੁਖਬੀਰ ਸਿੰਘ ਬਾਦਲ ਨੂੰ ‘ਭਵਿੱਖ ਦਾ ਮੁੱਖ ਮੰਤਰੀ’ ਕਿਹਾ ਹੈ, ਸਗੋਂ ਨੋਟ ਕਰਨ ਦੀ ਗੱਲ ਇਹ ਹੈ ਕਿ ਇੱਕ ਦਿਨ ਪਹਿਲਾਂ ਭਾਜਪਾ ਆਗੂਆਂ ਨੇ ਕੀ ਕਿਹਾ ਸੀ। ਭਾਜਪਾ ਅੱਜ ਕੱਲ੍ਹ ਪੰਜਾਬ ਭਰ ਵਿੱਚ ਉਚੇਚੀ ਮੈਂਬਰਸਿ਼ਪ ਮੁਹਿੰਮ ਚਲਾ ਰਹੀ ਹੈ ਤੇ ਅਕਾਲੀਆਂ ਦੇ ਕਈ ਆਗੂ ਵੀ ਅੰਦਰਖਾਤੇ ਆਪਣੇ ਬੰਦੇ ਇਨ੍ਹਾਂ ਨਾਲ ਤੋਰ ਕੇ ਇਸ ਕੰਮ ਵਿੱਚ ਇਹ ਸੋਚ ਕੇ ਹਿੱਸਾ ਪਾ ਰਹੇ ਹਨ ਕਿ ਅਗਲੀ ਚੋਣ ਭਾਜਪਾ ਟਿਕਟ ਉੱਤੇ ਲੜਨੀ ਪੈ ਸਕਦੀ ਹੈ। ਅਕਾਲੀ ਦਲ ਦੀ ਲੀਡਰਸਿ਼ਪ ਇਹ ਜਾਣਦੀ ਹੈ। ਬਾਬਾ ਬਕਾਲਾ ਦੀ ਰੱਖੜ ਪੁੰਨਿਆ ਦੀ ਕਾਨਫਰੰਸ ਤੋਂ ਇੱਕ ਦਿਨ ਪਹਿਲਾਂ ਭਾਜਪਾ ਕੋਟੇ ਦੇ ਤੇਈ ਵਿਧਾਨ ਸਭਾ ਹਲਕਿਆਂ ਲਈ ਅਕਾਲੀ ਦਲ ਦੇ ਆਬਜ਼ਰਵਰਾਂ ਦੀ ਨਿਯੁਕਤੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਨੇ ਐਵੇਂ ਨਹੀਂ ਸੀ ਕੀਤੀ। ਉਨ੍ਹਾਂ ਦੋਵਾਂ ਧਿਰਾਂ ਵਿੱਚ ਚੱਲਦੀ ਖਿੱਚੋਤਾਣ ਤੋਂ ਇਹ ਸਾਫ ਹੋ ਰਿਹਾ ਹੈ ਕਿ ਅਕਾਲੀ ਦਲ ਦੇ ਉੱਧੜਧੁੰਮੀ ਵਾਲੇ ਰਾਜ ਦੀ ਥਾਂ ਭਾਜਪਾ ‘ਨਰਿੰਦਰ ਮੋਦੀ ਦੀ ਅਗਵਾਈ ਹੇਠ ਕ੍ਰਿਆਸ਼ੀਲ’ ਸਰਕਾਰ ਬਣਾਉਣ ਦੇ ਨਵੇਂ ਨਾਅਰੇ ਹੇਠ ਲਾਮਬੰਦੀ ਕਰਨ ਲੱਗ ਪਈ ਹੈ। ਚੌਟਾਲਿਆਂ ਤੋਂ ਤਾਜ਼ੇ-ਤਾਜ਼ੇ ਵੱਖ ਹੋਏ ਬਾਦਲ ਪਰਵਾਰ ਨੂੰ ਹਰਿਆਣੇ ਦੀਆਂ ਚੋਣਾਂ ਦੌਰਾਨ ਵਰਤਣ ਦੀ ਝਾਕ ਵਿੱਚ ਭਾਜਪਾ ਹਾਲ ਦੀ ਘੜੀ ਆਪਣੇ ਪੱਤੇ ਖੁੱਲ੍ਹ ਕੇ ਖੇਡਣ ਤੋਂ ਪ੍ਰਹੇਜ਼ ਕਰ ਰਹੀ ਹੈ, ਪਰ ਜਦੋਂ ਹਰਿਆਣਾ ਲੰਘ ਗਿਆ, ਪੰਜਾਬ ਦੀ ਰਾਜਨੀਤੀ ਦਾ ਨਕਸ਼ਾ ਵੀ ਬਦਲਦਾ ਦਿੱਸ ਪੈਣਾ ਹੈ।
ਪੰਜਾਬ ਦੇ ਮੁੱਖ ਮੰਤਰੀ ਹਾਲੇ ਤੱਕ ਇਸ ਨਵੀਂ ਸਥਿਤੀ ਉੱਤੇ ਪ੍ਰਤੀਕਿਰਿਆ ਨਹੀਂ ਦੇ ਰਹੇ ਤੇ ਉਨ੍ਹਾਂ ਦੇ ਵਿਧਾਇਕ ਅਤੇ ਮੰਤਰੀ ‘ਰੱਬ ਦੀਆਂ ਦਿੱਤੀਆਂ ਗਾਜਰਾਂ, ਵਿੱਚੇ ਰੰਬਾ ਰੱਖ’ ਵਾਲੀ ਸਥਿਤੀ ਦਾ ਲਾਹਾ ਲੈਣ ਰੁੱਝੇ ਹੋਏ ਹਨ। ਇਸ ਪੱਖ ਤੋਂ ਆਮ ਆਦਮੀ ਪਾਰਟੀ ਦੀ ਲੀਡਰਸਿ਼ਪ ਸੌਖੀ ਹੈ, ਜਿਨ੍ਹਾਂ ਨੂੰ ਅਗੇਤਾ ਚਾਨਣ ਹੋ ਗਿਆ ਜਾਪਦਾ ਹੈ ਕਿ ਅਗਲੀਆਂ ਚੋਣਾਂ ਵਿੱਚ ਅਸੀਂ ਕੋਈ ਏਦਾਂ ਦੀ ਧਿਰ ਨਹੀਂ ਹੋ ਸਕਣਾ, ਜਿਹੜੀ ਇਸ ਰਾਜ ਵਿੱਚ ਕੋਈ ਫੈਸਲਾਕੁਨ ਅਸਰ ਪਾ ਸਕਦੀ ਹੋਵੇ, ਇਸ ਲਈ ਬਹੁਤੀ ਚਿੰਤਾ ਕਰਨ ਦੀ ਲੋੜ ਨਹੀਂ। ਹੋਰ ਕੋਈ ਧਿਰ ਉੱਠ ਰਹੀ ਨਹੀਂ ਦਿੱਸਦੀ। ਹਾਲਾਤ ਪੰਜਾਬ ਵਿੱਚ ਜਿਵੇਂ ਪੈਰੋ-ਪੈਰ ਬਦਲ ਰਹੇ ਹਨ, ਉਨ੍ਹਾਂ ਬਾਰੇ ਸਾਡੀ ਇਹ ਗੱਲ ਅੱਜ ਅਗੇਤੀ ਜਾਪ ਸਕਦੀ ਹੈ, ਪਰ ਜਦੋਂ ਨੂੰ ਇਹ ਸਾਲ ਮੁੱਕਣਾ ਹੈ, ਸ਼ਾਇਦ ਓਦੋਂ ਤੱਕ ਕਈ ਹੋਰ ਲੋਕ ਵੀ ਕਹਿਣ ਲੱਗਣਗੇ। ਜੰਮੂ-ਕਸ਼ਮੀਰ ਵਿੱਚ ਧਾਰਾ 370 ਵਲ੍ਹੇਟੇ ਜਾਣ ਦੇ ਬਾਅਦ ਦੀ ਬਦਲੀ ਹੋਈ ਸਥਿਤੀ ਨੂੰ ਜਿਹੜਾ ਇਸ ਵੇਲੇ ਨਹੀਂ ਵੇਖ ਸਕਦਾ, ਕਦੇ ਵੀ ਨਹੀਂ ਵੇਖ ਸਕੇਗਾ। ਬਰਗਾੜੀ ਤੇ ਬਹਿਬਲ ਕਲਾਂ ਵਾਲੀਆਂ ਬਾਤਾਂ ਸਿਆਸੀ ਭਾਸ਼ਣਾਂ ਨੂੰ ਭਰਪੂਰ ਕਰਨ ਤੇ ਚਹੇਤਿਆਂ ਦੀਆਂ ਤਾੜੀਆਂ ਵਜਾਉਣ ਵਾਸਤੇ ਠੀਕ ਹਨ, ਪਰ ਜਿੱਦਾਂ ਦੇ ਹਾਲਾਤ ਉੱਭਰ ਰਹੇ ਹਨ, ਉਨ੍ਹਾਂ ਵਿੱਚ ਇਸ ਨਾਲ ਬੁੱਤਾ ਨਹੀਂ ਸਰਨ ਵਾਲਾ।

Have something to say? Post your comment