Welcome to Canadian Punjabi Post
Follow us on

21

May 2019
ਸੰਪਾਦਕੀ

ਟਰੂਡੋ ਸਰਕਾਰ ਨੂੰ ਅੱਤਿਵਾਦੀ ਵਾਪਸ ਲਿਆਉਣ ਬਾਰੇ ਚੁੱਪ ਤੋੜਨ ਦੀ ਲੋੜ

October 12, 2018 05:35 PM

ਪੰਜਾਬੀ ਪੋਸਟ ਸੰਪਾਦਕੀ

ਕੈਨੇਡਾ ਤੋਂ ਭੱਜ ਕੇ ਸੀਰੀਆ, ਇਰਾਕ ਜਾਂ ਹੋਰ ਮੱਧ ਪੂਰਬੀ ਮੁਲਕਾਂ ਵਿੱਚ ਬਦਨਾਮ ਅਤਿਵਾਦੀ ਜੱਥੇਬੰਦੀ ਆਈਸਿਸ (ISIS)ਦੇ ਲੜਾਕੂ ਬਣੇ ਕੈਨੇਡੀਅਨਾਂ ਨੂੰ ਵਾਪਸ ਲਿਆਉਣ ਬਾਰੇ ਸਾਡੇ ਪਬਲਿਕ ਸੇਫਟੀ ਮੰਤਰੀ ਰਾਲਫ ਗੁੱਡੇਲ ਚੁੱਪ ਹਨ ਅਤੇ ਉਹਨਾਂ ਵਾਗੂੰ ਹੀ ਚੁੱਪ ਹਨ ਪ੍ਰਧਾਨ ਮੰਤਰੀ।

 

ਇਹ ਚੁੱਪ ਉਸ ਸੰਦਰਭ ਵਿੱਚ ਹੋਰ ਵੀ ਭੇਦਭਰੀ ਹੋ ਜਾਂਦੀ ਹੈ ਜਦੋਂ ਕੈਨੇਡੀਅਨ ਡਾਲਰਾਂ ਦੀ ਸਹਾਇਤਾ ਨਾਲ ਆਈਸਿਸ ਦੇ ਖਿਲਾਫ਼ ਲੜ ਰਹੇ ਕੁਰਦਿਸ਼ ਗਰੁੱਪ ਵੱਲੋਂ ਕੈਨੇਡਾ ਤੋਂ ਇਹਨਾਂ ਕੈਨੇਡੀਅਨ ਅਤਿਵਾਦੀਆਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਜਾਂਦੀ ਹੈ। ਕੁਰਦਿਸ਼ ਅਧਿਕਾਰੀਆਂ ਨੇ ਤਕਰੀਬਨ 900 ਵਿਦੇਸ਼ੀ ਆਈਸਿਸ ਲੜਾਕੂ, ਉਹਨਾਂ ਦੀਆਂ 500 ਤੋਂ ਵੱਧ ਪਤਨੀਆਂ ਅਤੇ 1000 ਤੋਂ ਜਿ਼ਆਦਾ ਬੱਚਿਆਂ ਨੂੰ ਬੰਦੀ ਬਣਾਇਆ ਹੋਇਆ ਹੈ। ਕੁਰਦਿਸ਼ ਅਧਿਕਾਰੀ ਚਾਹੁੰਦੇ ਹਨ ਕਿ ਜਿਹਨਾਂ ਮੁਲਕਾਂ ਦੇ ਇਹ ਅਤਿਵਾਦੀ ਹਨ, ਉਹ ਆਪਣੇ ਸ਼ਹਿਰੀਆਂ ਨੂੰ ਵਾਪਸ ਲੈਣ। ਇਹਨਾਂ ਵਿੱਚੋਂ ਇੱਕ ਦਰਜਨ ਦੇ ਕਰੀਬ ਕੈਨੇਡੀਅਨ ਸਿਟੀਜ਼ਨ ਹਨ। ਗਲੋਬਲ ਨਿਊਜ਼ ਏਜੰਸੀ ਵੱਲੋਂ ਸਰਕਾਰੀ ਸ੍ਰੋਤਾਂ ਤੋਂ ਪ੍ਰਾਪਤ ਕੀਤੀ ਗਈ ਜਾਣਕਾਰੀ ਮੁਤਾਬਕ 130 ਦੇ ਕਰੀਬ ਕੈਨੇਡੀਅਨ ਆਈਸਿਸ ਦੇ ਗੈਰਮਨੁੱਖੀ ਘੋਲ ਵਿੱਚ ਸ਼ਾਮਲ ਹੋਣ ਲਈ ਭੱਜੇ ਹੋਏ ਹਨ।

 

ਫੈਡਰਲ ਸਰਕਾਰ ਨੂੰ ਕਈ ਫਰੰਟਾਂ ਉੱਤੇ ਆਈਸਿਸ ਅਤਿਵਾਦ ਨਾਲ ਜੂਝਣਾ ਪੈ ਰਿਹਾ ਹੈ। ਅਪਰੈਲ 2018 ਵਿੱਚ ਕੈਨੇਡਾ, ਅਮਰੀਕਾ ਅਤੇ ਹਾਲੈਂਡ ਦੀਆਂ ਖੁਫੀਆ ਏਜੰਸੀਆਂ ਨੇ ਇੱਕ ਸਾਂਝੀ ਮਸ਼ਕ ਕੀਤੀ ਸੀ ਜਿਸਦੀ ਬਦੌਲਤ ਕੈਨੇਡਾ ਵਿੱਚ ਆਈਸਿਸ ਦੇ ਕਈ ਇੰਟਰਨੈੱਟ ਸਰਵਰ ਫੜੇ ਗਏ ਸਨ। ਆਈਸਿਸ ਨੇ ਆਪਣੇ ਨਾਪਾਕ ਇਰਾਦਿਆਂ ਨੂੰ ਸਰਅੰਜ਼ਾਮ ਦੇਣ, ਕੈਨੇਡਾ ਵਰਗੇ ਮੁਲਕਾਂ ਵਿੱਚੋਂ ਅਤਿਵਾਦੀ ਰੰਗਰੂਟ ਕਰਨ ਲਈ ਵੱਡੇ ਪੱਧਰ ਉੱਤੇ ਸੋਸ਼ਲ ਮੀਡੀਆ ਦਾ ਇਸਤੇਮਾਲ ਕੀਤਾ ਹੈ। ਕੈਨੇਡਾ, ਇੰਗਲੈਂਡ, ਆਸਟਰੇਲੀਆ ਅਤੇ ਅਮਰੀਕਾ ਵਰਗੇ ਮੁਲਕਾਂ ਤੋਂ ਗਏ ਅਤਿਵਾਦੀਆਂ ਨੂੰ ਬੰਬਾਰੀ, ਕਤਲਾਂ ਆਦਿ ਤੋਂ ਇਲਾਵਾ ਗਏ ਅੰਗਰੇਜ਼ੀ ਭਾਸ਼ਾ ਵਿਚ ਪ੍ਰਾਪੇਗੰਡਾ ਕਰਨ ਲਈ ਵੀ ਵਰਤਿਆ ਜਾਂਦਾ ਹੈ।

 

 

ਅਮਰੀਕਾ, ਇੰਗਲੈਂਡ ਆਦਿ ਇਸ ਗੱਲ ਨੂੰ ਸਪੱਸ਼ਟ ਮੰਨਦੇ ਹਨ ਕਿ ਇਹਨਾਂ ਮੁਲਕਾਂ ਵਿੱਚੋਂ ਭੱਜੇ ਅਤਿਵਾਦੀਆਂ ਨੂੰ ਮਾਰਨ ਲਈ ਉਹਨਾਂ ਦੀਆਂ ਫੌਜਾਂ ਵੱਲੋਂ ਨਿਸ਼ਾਨੇ ਸੇਧੇ ਜਾਂਦੇ ਹਨ। ਕੈਨੇਡੀਅਨ ਫਾਈਟਰ ਜਹਾਜ਼ਾਂ ਵੱਲੋਂ ਵੀ ਕੈਨੇਡਾ ਤੋਂ ਗਏ ਅਤਿਵਾਦੀਆਂ ਨੂੰ ਬੰਬਾਰੀ ਰਾਹੀਂ ਮਾਰੇ ਜਾਣ ਦੀਆਂ ਖਬਰਾਂ ਹਨ ਪਰ ਸਰਕਾਰ ਇਹਨਾਂ ਮੌਤਾਂ ਨੂੰ ਕਬੂਲ ਨਹੀਂ ਕਰ ਰਹੀ। ਸ਼ਾਇਦ ਇਸ ਲਈ ਕਿਉਂਕਿ ਅਜਿਹਾ ਕਰਨਾ ਲਿਬਰਲ ਪਾਰਟੀ ਦੇ ਜਨਤਕ ਸਟੈਂਡ ਦੇ ਵਿਰੁੱਧ ਜਾਂਦਾ ਹੈ। ਚੇਤੇ ਰਹੇ ਕਿ ਟਰੂਡੋ ਸਰਕਾਰ ਨੇ ਬਿੱਲ ਸੀ 6 ਪਾਸ ਕਰਕੇ ਉਸ ਕਨੂੰਨ ਨੂੰ ਖਤਮ ਕਰ ਦਿੱਤਾ ਸੀ ਜਿਸ ਨਾਲ ਅਤਿਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਵਾਲਿਆਂ ਦੀ ਕੈਨੇਡੀਅਨ ਸਿਟੀਜ਼ਨ ਰੱਦ ਕੀਤੀ ਜਾ ਸਕਦੀ ਸੀ।

 

ਬਿੱਲ ਸੀ 6 ਪਾਸ ਹੋਣ ਤੋਂ ਬਾਅਦ ਸੱਭ ਤੋਂ ਵੱਡਾ ਲਾਭ ਜ਼ਕਾਰੀਆ ਅਮਾਰਾ ਅਤਿਵਾਦੀ ਨੂੰ ਹੋਇਆ ਸੀ ਜੋ ਟੋਰਾਂਟੋ 18 ਦਾ ਮੈਂਬਰ ਸੀ। ਜ਼ਕਾਰੀਆ ਅਮਾਰਾ ਸਮੇਤ ਟੋਰਾਂਟੋ 18 ਗਰੁੱਪ ਦੇ ਮੈਂਬਰਾਂ ਉੱਤੇ ਡਾਊਨ ਟਾਊਨ ਟੋਰਾਂਟੋ ਵਿੱਚ ਬੰਬਾਂ ਨਾਲ ਭਰਿਆ ਟਰੱਕ ਫੋੜਨ, ਕੈਨੇਡਾ ਦੀ ਪਾਰਲੀਮੈਂਟ ਨੂੰ ਬੰਬਾਂ ਨਾਲ ਉਡਾਉਣ ਅਤੇ ਪ੍ਰਧਾਨ ਮੰਤਰੀ ਦਾ ਸਿਰ ਕਲਮ ਕਰਨ ਦੇ ਦੋਸ਼ ਲਾਏ ਗਏ ਸਨ। ਗਲੋਬਲ ਨਿਊਜ਼ ਏਜੰਸੀ ਵੱਲੋਂ ਪ੍ਰਾਪਤ ਸਰਕਾਰੀ ਦਸਤਾਵੇਜ਼ ਦੱਸਦੇ ਹਨ ਕਿ ਜੇ ਸੀਰੀਆ/ਇਰਾਕ ਵਿੱਚੋਂ ਫੜੇ ਗਏ ਅਤਿਵਾਦੀ ਵਾਪਸ ਆ ਗਏ ਤਾਂ ਆਰ ਸੀ ਐਮ ਪੀ ਕੋਲ ਉਹਨਾਂ ਵਿਰੁੱਧ ਦੋਸ਼ ਆਇਦ ਕਰਨ ਦੀਆਂ ਹੀ ਤਾਕਤਾਂ ਨਹੀਂ ਹਨ। ਇਹੀ ਗੱਲ ਸਰਕਾਰ ਨੂੰ ਸੱਭ ਤੋਂ ਵਧੇਰੇ ਭੈਅਭੀਤ ਕਰ ਰਹੀ ਹੈ।

 

ਕਿਸੇ ਵੇਲੇ ਇੱਕ ਓਮਰ ਖਾਦਰ ਫੜਿਆ ਗਿਆ ਸੀ ਅਤੇ ਉਸਨੂੰ ਦਿੱਤੇ ਗਏ ਡੇਢ ਮਿਲੀਅਨ ਦੇ ਕਰੀਬ ਮੁਆਵਜ਼ੇ ਦੇ ਜਖ਼ਮ ਵੱਡੀ ਗਿਣਤੀ ਵਿੱਚ ਕੈਨੇਡੀਅਨਾਂ ਨੂੰ ਹਾਲੇ ਤੱਕ ਚੁਭ ਰਹੇ ਹਨ। ਖਾਦਰ ਕਿੱਸੇ ਤੋਂ ਉਪਜੇ ਸਿੱਟਿਆਂ ਤੋਂ ਟਰੂਡੋ ਸਰਕਾਰ ਭਲੀ ਭਾਂਤ ਜਾਣੂੰ ਹੈ। ਲਿਬਰਲ ਸਰਕਾਰ ਇਸ ਗੱਲ ਤੋਂ ਵੀ ਜਾਣੂੰ ਹੈ ਕਿ ਉਸਨੇ ਅਤਿਵਾਦੀਆਂ ਅਤੇ ਕੈਨੇਡਾ ਵਿਰੁੱਧ ਦੇਸ਼ਧਰੋਹੀ ਕਮਾਉਣ ਵਾਲੇ ਲੋਕਾਂ ਨੂੰ ਮੁਆਫ਼ ਕਰਨ ਦਾ ਸਿਆਸੀ ਸਟੰਟ ਖੇਡਿਆ ਹੋਇਆ ਹੈ। 2019 ਦੀਆਂ ਚੋਣਾਂ ਦੇ ਸਨਮੁਖ ਸਰਕਾਰ ਕੁੱਝ ਵੀ ਅਜਿਹਾ ਤੋਂ ਘਬਰਾਉਂਦੀ ਹੈ ਜਿਸ ਨਾਲ ਕੈਨੇਡੀਅਨਾਂ ਦੇ ਓਮਰ ਖਾਦਰ ਵਰਗੇ ਚੇਤਿਆਂ ਦੀਆਂ ਸੁੱਤੀਆਂ ਕਲਾਵਾਂ ਜਾਗ ਪੈਣ। ਪਰ ਸੁਆਲ ਹੈ ਕਿ ਆਖਰ ਸਰਕਾਰ ਕੌੜੇ ਸੁਆਲਾਂ ਤੋਂ ਬਚਦੀ ਕਦੋਂ ਤੱਕ ਰਹੇਗੀ?

 

ਅੱਜ ਕਈ ਓਮਰ ਖਾਦਰ ਹਨ ਜੋ ਵਿਦੇਸ਼ਾਂ ਤੋਂ ਵਾਪਸ ਪਰਤਣ ਲਈ ਕਰਵਟਾਂ ਲੈ ਰਹੇ ਹਨ। ਇਹਨਾਂ ਵਿੱਚ ਮਿਸੀਸਾਗਾ ਵਾਸੀ 28 ਸਾਲਾ ਮੁਹੰਮਦ ਅਲੀ ਹੈ ਜੋ ਨਿਊਯਾਰਕ ਟਾਈਮਜ਼ ਕੋਲ ਸਿੱਧੇ ਪ੍ਰਸਾਰਣ ਵਿੱਚ ਕੀਤੇ ਕਤਲਾਂ ਆਦਿ ਨੂੰ ਕਬੂਲ ਕਰ ਚੁੱਕਾ ਹੈ। ਇੱਕ ਮਾਂਟਰੀਅਲ ਵਾਸੀ 3 ਬੱਚਿਆਂ ਦੀ 23 ਸਾਲਾ ਮਾਂ ਹੈ ਜਿਸਦੇ ਤਿੰਨੇ ਬੱਚੇ ਸੀਰੀਆ ਵਿੱਚ ਉਸਦੇ ਜਰਮਨੀ ਤੋਂ ਸੀਰੀਆ ਵਿੱਚ ਆਏ ਆਈਸਿਸ ਲੜਾਕੂ ਪਤੀ ਤੋਂ ਪੈਦਾ ਹੋਏ। ਗਲੋਬਲ ਨਿਊਜ਼ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਇਹ ਔਰਤ ਆਖ ਰਹੀ ਹੈ, “ਮੇਰਾ ਦੇਸ਼ (ਕੈਨੇਡਾ) ਮੇਰੇ ਲਈ ਕੁੱਝ ਨਹੀਂ ਕਰ ਰਿਹਾ। ਕਿਸੇ ਨੂੰ ਸਾਡੀ ਕੋਈ ਪਰਵਾਹ ਨਹੀਂ ਹੈ”।

 

ਪਰਵਾਹ ਤੋਂ ਇਸ ਔਰਤ ਦਾ ਮਕਸਦ ਓਮਰ ਖਾਦਰ ਵਾਗੂੰ ਮਿਲੀਅਨ ਡਾਲਰ ਮੁਆਵਜ਼ਾ ਮਿਲਣਾ ਵੀ ਹੋ ਸਕਦਾ ਹੈ। ਸਰਕਾਰ ਨੂੰ ਇਸ ਮਾਮਲੇ ਉੱਤੇ ਚੁੱਪ ਤੋੜਨ ਦਾ ਸਮਾਂ ਆ ਚੁੱਕਾ ਹੈ।

 

Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਪੰਜਾਬੀ ਪੋਸਟ ਵਿਸ਼ੇਸ਼ ਆਰਟੀਕਲ -ਭਾਗ 3 - ਪੀਲ ਖੇਤਰ ਵਿੱਚ ਕੰਜ਼ਰਵੇਟਿਵ ਨੌਮੀਨੇਸ਼ਨਾਂ ਦਾ ਵਿਵਾਦ?
ਪੰਜਾਬੀ ਪੋਸਟ ਵਿਸ਼ੇਸ਼ ਆਰਟੀਕਲ -ਭਾਗ 2 -ਪੀਲ ਖੇਤਰ ਵਿੱਚ ਕੰਜ਼ਰਵੇਟਿਵ ਨੌਮੀਨੇਸ਼ਨਾਂ ਦਾ ਵਿਵਾਦ?
ਪੰਜਾਬੀ ਪੋਸਟ ਵਿਸ਼ੇਸ਼: ਸੱਚ ਕੀ ਹੈ ਪੀਲ ਖੇਤਰ ਵਿੱਚ ਕੰਜ਼ਰਵੇਟਿਵ ਨੌਮੀਨੇਸ਼ਨਾਂ ਬਾਰੇ ਲੱਗਦੇ ਦੋਸ਼ਾਂ ਦਾ?
ਅੰਤਰਰਾਸ਼ਟਰੀ ਵਿੱਦਿਆਰਥੀ ਜੋਬਨਦੀਪ ਸਿੰਘ ਦੀ ਵਿਥਿਆ ਤੋਂ ਮਿਲਦੇ ਸਬਕ
ਪੰਜਾਬੀ ਪੋਸਟ ਵਿਸ਼ੇਸ਼: ਸਿੱਖਾਂ ਦਾ ਸਿਆਸੀ ਪ੍ਰਭਾਵ- ਕੀ ਨਿਵਾਣ ਵੱਲ- ਭਾਗ 1
ਪੰਜਾਬੀ ਪੋਸਟ ਵਿਸ਼ੇਸ਼: ਸਿੱਖਾਂ ਦਾ ਸਿਆਸੀ ਪ੍ਰਭਾਵ- ਕੀ ਨਿਵਾਣ ਵੱਲ- ਭਾਗ 1
ਪੰਜਾਬੀ ਪੋਸਟ ਵਿਸ਼ੇਸ਼: ਸਿੱਖਾਂ ਦਾ ਸਿਆਸੀ ਪ੍ਰਭਾਵ- ਕੀ ਨਿਵਾਣ ਵੱਲ- ਭਾਗ 1
ਚਾਈਲਡ ਟੈਕਸ ਬੈਨੇਫਿਟ ਨੂੰ ਲੈ ਕੇ ਸਿਆਸਤ
ਨਸ਼ੇ ਚੈੱਕਿੰਗ ਲਈ ਬਰੈਥਲਾਈਜ਼ਰ ਟੈਸਟ:- ਚਾਰਟਰ ਚੁਣੌਤੀ ਕਰ ਸਕਦੀ ਹੈ ਪੁਲੀਸ ਦੀ ਤਾਕਤ ਨੂੰ ਦਰੁਸਤ
ਯੂਨਾਈਟਡ ਨੇਸ਼ਨਜ਼ ਸੁਰੱਖਿਆ ਕਾਉਂਸਲ ਸੀਟ ਲਈ ਕੈਨੇਡਾ ਦਾ ਵੱਕਾਰ ਦਾਅ ਉੱਤੇ