ਅੰਮ੍ਰਿਤਸਰ, 14 ਅਗਸਤ (ਪੋਸਟ ਬਿਊਰੋ)- ਵੇਰਕਾ ਆਨੰਦ ਵਿਹਾਰ ਦੇ ਪ੍ਰਭਕੀਰਤ ਸਿੰਘ (16) ਨੂੰ ਫਿਰੌਤੀ ਦੇ ਲਈ ਅਗਵਾ ਕਰਨ ਪਿੱਛੋਂ ਮਾਰ ਦਿੱਤਾ ਗਿਆ। ਕੱਲ੍ਹ ਦੇਰ ਰਾਤ ਉਸ ਦੀ ਲਾਸ਼ ਫਤਿਹਗੜ੍ਹ ਸ਼ੁਕਰਚੱਕ ਨਹਿਰ ਵਿੱਚ ਮਿਲੀ ਹੈ। ਪੁਲਸ ਨੇ ਵਾਰਦਾਤ ਵਿੱਚ ਵਰਤੀ ਗਈ ਮਾਰੂਤੀ ਕਾਰ ਫੜ ਲਈ ਹੈ।
ਮ੍ਰਿਤਕ ਦੇ ਪਿਤਾ ਬਲਜੀਤ ਸਿੰਘ ਦੇ ਬਿਆਨ 'ਤੇ ਗੁਰੂ ਨਾਨਕ ਨਗਰ ਵੇਰਕਾ ਵਿੱਚ ਰਹਿਣ ਵਾਲੇ ਦੋ ਸਕੇ ਭਰਾਵਾਂ ਦੀਪ ਅਤੇ ਵਿੱਕੀ ਅਤੇ ਅਜੈ ਅਤੇ ਗੋਬਿੰਦ ਉਤੇ ਕੇਸ ਦਰਜ ਕੀਤਾ ਗਿਆ ਹੈ। ਦੋਸ਼ੀ ਇੰਨੇ ਚਲਾਕ ਸਨ ਕਿ ਪ੍ਰਭਕੀਰਤ ਨੂੰ ਲੱਭਣ ਲਈ ਪਰਵਾਰ ਦੇ ਨਾਲ ਰਹੇ। ਕੱਲ੍ਹ ਦੇਰ ਰਾਤ ਇੱਕ ਦੋਸ਼ੀ ਫੜ ਲਿਆ ਗਿਆ ਹੈ। ਮ੍ਰਿਤਕ ਦੇ ਤਾਏ ਕਸ਼ਮੀਰ ਸਿੰਘ ਨੇ ਦੱਸਿਆ ਕਿ ਉਸ ਦਾ ਭਤੀਜਾ ਪ੍ਰਭਕੀਰਤ ਨੇੜਲੇ ਸਕੂਲ ਦਾ 11ਵੀਂ ਦਾ ਵਿਦਿਆਰਥੀ ਸੀ ਅਤੇ ਸਕੂਟਰ ਉਤੇ ਕ੍ਰਿਕਟ ਖੇਡਣ ਗਿਆ ਸੀ। ਇਸ ਦੇ ਬਾਅਦ ਦਾਦਕੇ ਘਰ ਚਲਾ ਗਿਆ, ਪਰ ਉਥੋਂ ਨਹੀਂ ਮੁੜਿਆ। ਰਾਤ 8.30 ਵਜੇ ਦੇ ਬਾਅਦ ਫੋਨ ਵੀ ਸਵਿੱਚ ਆਫ ਹੋ ਗਿਆ। ਤਲਾਸ਼ ਕੀਤੀ ਤਾਂ 10.30 ਵਜੇ ਸ਼ੁਕਰਚੱਕ ਨਹਿਰ 'ਤੇ ਕਾਰ ਖੜ੍ਹੀ ਦੇਖੀ ਤੇ ਉਸ ਗੱਡੀ ਵਿੱਚ ਬੈਟ ਅਤੇ ਭਤੀਜੇ ਦਾ ਪਟਕਾ ਸੀ। ਇਸੇ ਦੌਰਾਨ ਨਹਿਰ ਵਿੱਚ ਇੱਕ ਲਾਸ਼ ਦਿਖਾਈ ਦਿੱਤੀ, ਜਿਹੜੀ ਬਾਹਰ ਕੱਢੀ ਤਾਂ ਪ੍ਰਭਕੀਰਤ ਸਿੰਘ ਦੀ ਸੀ। ਉਸ ਦੇ ਗਲੇ ਵਿੱਚ ਕਾਲਾ ਪਟਕਾ ਫਸਿਆ ਹੋਇਆ ਸੀ। ਮੌਤ ਗਲਾ ਘੁੱਟ ਕੇ ਕੀਤੀ ਗਈ ਅਤੇ ਲਾਸ਼ ਖੁਰਦ ਬੁਰਦ ਕਰਨ ਲਈ ਨਹਿਰ ਵਿੱਚ ਸੁੱਟੀ ਗਈ ਸੀ। ਐੱਸ ਐੱਚ ਓ ਸੁਰਜੀਤ ਸਿੰਘ ਨੇ ਦੱਸਿਆ ਕਿ ਵਾਰਦਾਤ ਵਿੱਚ ਵਰਤੀ ਗਈ ਮਾਰੂਤੀ ਕਾਰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕੀਤੀ ਗਈ ਹੈ। ਅਜੇ ਤੱਕ ਇਹ ਹੀ ਪਤਾ ਲੱਗਾ ਹੈ ਕਿ ਫਿਰੌਤੀ ਦੇ ਪ੍ਰਭਕੀਰਤ ਦਾ ਅਗਵਾ ਕੀਤਾ, ਪਰ ਉਨ੍ਹਾਂ ਨੇ ਪ੍ਰਭਕੀਰਤ ਨੂੰ ਮਾਰ ਦਿੱਤਾ।