Welcome to Canadian Punjabi Post
Follow us on

11

December 2019
ਨਜਰਰੀਆ

ਆਮ ਲੋਕਾਂ ਦੀਆਂ ਖਾਸ ਗੱਲਾਂ

August 13, 2019 10:08 AM

-ਪੀਤਮਾ ਦੋਮੇਲ
ਕਹਿੰਦੇ ਨੇ ਕਿ ਪਿਆਰ ਮੁਹੱਬਤ, ਇਮਾਨਦਾਰੀ, ਵਫਾਦਾਰੀ ਵਰਗੇ ਜਜ਼ਬੇ ਕਿਸੇ ਨੂੰ ਵਿਰਾਸਤ 'ਚ ਨਹੀਂ ਮਿਲਦੇ ਅਤੇ ਨਾ ਇਹ ਜਾਤਪਾਤ, ਉਚ ਨੀਚ, ਅਮੀਰ ਗਰੀਬ ਜਾਂ ਕਿਸੇ ਯੁੱਗ ਦੇ ਮੋਹਤਾਜ ਹਨ ਅਤੇ ਨਾ ਇਨ੍ਹਾਂ ਨੂੰ ਕੋਈ ਖਰੀਦ ਜਾਂ ਵੇਚ ਸਕਦਾ ਹੈ। ਭਾਵੇਂ ਅਸੀਂ ਸਾਰੇ ਇਨ੍ਹਾਂ ਗੱਲਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ, ਫਿਰ ਵੀ ਅਸੀਂ ਇਨ੍ਹਾਂ ਨੂੰ ਤੋੜ ਮਰੋੜ ਕੇ ਆਪਣੀ ਲੋੜ ਮੁਤਾਬਕ ਆਪਣਾ ਰੰਗ ਇਨ੍ਹਾਂ 'ਤੇ ਚੜ੍ਹਾ ਦਿੰਦੇ ਹਾਂ। ਪਿਛਲੇ ਦਿਨਾਂ ਵਿੱਚ ਅਜਿਹੀਆਂ ਇਕ ਦੋ ਘਟਨਾਵਾਂ ਮੇਰੇ ਸਾਹਮਣੇ ਵਾਪਰੀਆਂ, ਜਿਨ੍ਹਾਂ ਨੂੰ ਦੇਖ ਕੇ ਮੇਰਾ ਦਿਲ ਬਾਗੋ ਬਾਗ ਹੋ ਗਿਆ। ਮੱਧ ਪ੍ਰਦੇਸ਼ ਦੇ ਮਹੂ ਸ਼ਹਿਰ 'ਚ ਅਸੀਂ ਰਹਿ ਰਹੇ ਸਾਂ। ਕਾਲੋਨੀ ਵੀ ਨਵੀਂ ਬਣੀ ਸੀ ਅਤੇ ਸਾਰੇ ਘਰ ਵੀ ਇਕਦਮ ਨਵੇਂ ਨਕੋਰ ਸਨ ਤੇ ਹਾਲਾਂ ਸੜਕਾਂ ਵੀ ਪੂਰੀ ਤਰ੍ਹਾਂ ਨਹੀਂ ਸਨ ਬਣੀਆਂ। ਇਨ੍ਹਾਂ 'ਤੇ ਰੋਜ਼ ਕੁਝ ਨਾ ਕੁਝ ਕੰਮ ਹੁੰਦਾ ਰਹਿੰਦਾ ਸੀ। ਫੌਜੀ ਗੱਡੀ ਸਵੇਰੇ-ਸਵੇਰੇ ਹੀ ਲੇਬਰ ਨੂੰ ਛੱਡ ਜਾਂਦੀ ਅਤੇ ਸ਼ਾਮੀਂ ਪੰਜ ਵਜੇ ਆ ਕੇ ਲੈ ਜਾਂਦੀ। ਘਰ ਕਿਉਂਕਿ ਨਵਾਂ ਬਣਿਆ ਸੀ, ਇਸ ਲਈ ਇਸ ਦੇ ਵਿਹੜੇ 'ਚ ਨਾ ਕੋਈ ਫੁੱਲਾਂ ਦੇ ਬੂਟੇ ਸਨ, ਨਾ ਕੋਈ ਪੇੜ ਤੇ ਘਾਹ ਵੀ ਉਗਿਆ ਹੋਇਆ ਸੀ। ਸਭ ਆਪਣਾ ਕੰਮ ਕਰਦੇ ਰਹਿੰਦੇ।
ਸਿਰਫ ਮੈਂ ਵਿਹਲੀ ਸਾਂ। ਇਸ ਲਈ ਕਦੇ ਬਾਹਰਲੇ ਬਰਾਂਡੇ 'ਚ ਬੈਠ ਕੇ ਕਦੇ ਕੁਝ ਲਿਖਦੀ, ਕਦੇ ਕੋਈ ਕਿਤਾਬ ਪੜ੍ਹਦੀ ਰਹਿੰਦੀ, ਨਹੀਂ ਤਾਂ ਐਵੇਂ ਇਧਰ ਉਧਰਲਾ ਕੰਮ ਕਰਦੀ ਰਹਿੰਦੀ। ਇਕ ਦਿਨ ਕਰੇਨ ਦੇ ਲੰਘਣ ਕਾਰਨ ਸਾਡੇ ਘਰ ਦੀ ਬਿਜਲੀ ਦੀਆਂ ਤਾਰਾਂ ਟੁੱਟ ਗਈਆਂ ਤੇ ਸਾਰੇ ਘਰ ਦੀ ਬਿਜਲੀ ਬੰਦ ਹੋ ਗਈ। ਮੌਸਮ ਭਾਵੇਂ ਬਹੁਤਾ ਗਰਮ ਨਹੀਂ ਸੀ, ਪਰ ਬਿਜਲੀ ਨਾ ਹੋਣ ਕਾਰਨ ਕਮਰਿਆਂ ਦੇ ਅੰਦਰ ਦਾ ਸਾਰਾ ਕੰਮ ਠੱਪ ਹੋ ਗਿਆ। ਸਾਹਮਣੇ ਵਾਲੇ ਘਰ ਤੋਂ ਲੰਬੀ ਤਾਰ ਖਿੱਚ ਕੇ ਕੰਮ ਚਲਾਊ ਇੰਤਜ਼ਾਮ ਹੋ ਗਿਆ ਤੇ ਅਗਲੇ ਦਿਨ ਸਭ ਤੋਂ ਪਹਿਲਾਂ ਸਾਡੇ ਘਰ ਦੀ ਬਿਜਲੀ ਦੀ ਮੁਰੰਮਤ ਦਾ ਕੰਮ ਸ਼ੁਰੂ ਹੋ ਗਿਆ। ਲੰਚ ਟਾਈਮ ਹੋ ਗਿਆ ਤਾਂ ਸਭ ਨੇ ਕੰਮ ਬੰਦ ਕਰ ਦਿੱਤਾ ਅਤੇ ਸੜਕ ਦੇ ਪਰਲੇ ਬੰਨੇ ਬੈਠ ਕੇ ਰੋਟੀ ਖਾਣ ਲੱਗ ਪਏ। ਲਾਅਨ 'ਚ ਕੰਮ ਕਰਦਾ ਜੋੜਾ ਵੀ ਬਰਾਂਡੇ ਦੀ ਹੇਠਲੀ ਪੌੜੀ 'ਤੇ ਬੈਠ ਗਿਆ ਅਤੇ ਲਾਅਨ 'ਚ ਲੱਗੀ ਟੂਟੀ ਤੋਂ ਹੱਥ ਧੋ ਕੇ ਰੋਟੀ ਦਾ ਡੱਬਾ ਖੋਲ੍ਹ ਕੇ ਰੋਟੀ ਖਾਣ ਲੱਗ ਪਿਆ। ਏਨੇ ਨੂੰ ਉਨ੍ਹਾਂ ਦਾ ਛੋਟਾ ਬੱਚਾ ਸਕੂਲੋਂ ਆ ਗਿਆ ਤੇ ਉਹ ਵੀ ਰੋਟੀ ਖਾਣ ਲੱਗ ਪਿਆ। ਪਲਾਸਟਿਕ ਦੀਆਂ ਛੋਟੀਆਂ-ਛੋਟੀਆਂ ਪਲੇਟਾਂ 'ਚ ਰੋਟੀ ਰੱਖ ਕੇ ਉਹ ਔਰਤ ਦੋਵਾਂ ਬਾਪ ਬੇਟੇ ਨੂੰ ਬੁਰਕੀ-ਬੁਰਕੀ ਤੋੜ ਕੇ ਰੋਟੀ ਖੁਆਉਣ ਲੱਗ ਪਈ। ਆਦਮੀ ਥੋੜ੍ਹਾ ਸੰਕੋਚ ਕਰਦਾ ਸੀ। ਉਸ ਨੂੰ ਸ਼ਾਇਦ ਅੰਦਰ ਖਿੜਕੀ 'ਤੋਂ ਉਸ ਨੂੰ ਦੇਖਦੀ ਹੋਈ ਮੈਂ ਦਿਖ ਗਈ ਹੋਵਾਂਗੀ। ਮੈਂ ਝਟਪਟ ਉਠੀ ਤੇ ਕਿਚਨ 'ਚੋਂ ਕੁਝ ਬਰਫੀ ਦੇ ਟੁਕੜੇ ਤੇ 3-4 ਲੱਡੂ ਪਲੇਟ 'ਚ ਰੱਖ ਕੇ ਛੋਟੇ ਬੱਚੇ ਨੂੰ ਦੇ ਦਿੱਤੇ। ਬੱਚਾ ਬਹੁਤ ਖੁਸ਼ ਹੋ ਗਿਆ ਅਤੇ ਜਦੋਂ ਬਰਫੀ ਦਾ ਟੁਕੜਾ ਚੁੱਕ ਕੇ ਖਾਣ ਲੱਗਾ ਤਾਂ ਝਟਪਟ ਉਸ ਔਰਤ ਨੇ ਟੁਕੜਾ ਬੱਚੇ ਦੇ ਹੱਥੋਂ ਲੈ ਕੇ ਪਲੇਟ ਵਿੱਚ ਰੱਖ ਕੇ ਪਲੇਟ ਮੈਨੂੰ ਵਾਪਸ ਕਰ ਦਿੱਤੀ। ਮੈਨੂੰ ਬੜਾ ਬੁਰਾ ਲੱਗਾ। ਬੰਦਾ ਸਮਝ ਗਿਆ ਅਤੇ ਹੱਥ ਜੋੜ ਕੇ ਬੋਲਿਆ, ‘ਬੀਬੀ ਜੀ, ਆਪ ਬੁਰਾ ਮਤ ਮਾਨਨਾ ਮਿਠਾਈ ਵਾਪਸ ਕਰਨੇ ਕਾ, ਉਸ ਕਾ ਮਤਲਬ ਕੁਝ ਔਰ ਹੈ।' ਇੰਨੇ ਨੂੰ ਉਹ ਔਰਤ ਬੋਲ ਪਈ, ‘ਬੀਬੀ ਜੀ, ਬੱਚਾ ਆਜ ਆਪਕੀ ਦੀ ਹੁਈ ਮਿਠਾਈ ਖਾਲੇਗਾ ਤੋਂ ਕੱਲ੍ਹ ਕੋ ਫਿਰ ਮਾਂਗੇਗਾ। ਕੱਲ੍ਹ ਕੋ ਕਿਸੀ ਔਰ ਸਾਹਿਬ ਕੇ ਘਰ ਕਾਮ ਕਰੇਂਗੇ ਤੋ ਯੇਹ ਫਿਰ ਮਿਠਾਈ ਮਾਂਗੇਗਾ। ਸਭ ਮੇਮ ਸਾਹਿਬ ਆਪ ਜੈਸੀ ਥੋੜ੍ਹੇ ਹੈਂ। ਕਈ-ਕਈ ਤੋਂ ਬੱਚੇ ਕੋ ਬਗੀਚੇ ਮੇਂ ਖੇਲਨੇ ਸੇ ਭੀ ਮਨ੍ਹਾਂ ਕਰਤੀ ਹੈਂ। ਇਸ ਲੀਏ ਹਮ ਇਸ ਕੀ ਆਦਤ ਬਿਗਾੜਨਾ ਨਹੀਂ ਚਾਹਤੇ ਪਰ ਆਪ ਕੁਸ਼ ਔਰ ਮਤ ਸੋਚਨਾ।'
ਅਜਿਹੇ ਇਕ ਹੋਰ ਮਜ਼ਦੂਰ ਜੋੜੇ ਦੀ ਗੱਲ ਮੈਂ ਤੁਹਾਨੂੰ ਸੁਣਾਉਣ ਲੱਗੀ ਹਾਂ। ਸਾਡੇ ਬਿਜਲੀ ਦਾ ਕੰਮ 2-3 ਦਿਨਾਂ 'ਚ ਪੂਰਾ ਹੋ ਗਿਆ ਅਤੇ ਉਹ ਮਜ਼ਦੂਰ ਜੋੜਾ ਵੀ ਕਿੱਧਰੇ ਹੋਰ ਕੰਮ 'ਤੇ ਜਾ ਲੱਗਾ, ਪਰ ਸੜਕ ਦਾ ਕੰਮ ਤਾਂ ਲੰਬਾ ਸੀ। ਉਥੇ ਕਈ ਮਜ਼ਦੂਰ ਔਰਤਾਂ ਤੇ ਆਦਮੀ ਕੰਮ ਕਰਨ ਲਈ ਰੋਜ਼ ਸਵੇਰੇ ਆ ਜਾਂਦੇ। ਫਿਰ ਸਾਡੇ ਘਰ ਦੇ ਲਾਅਨ ਵਿੱਚ ਫੁੱਲ ਬੂਟੇ ਲਾਉਣ ਦੀ ਵਾਰੀ ਆ ਗਈ। ਇਕ ਦਿਨ ਮੈਂ ਦੇਖਿਆ ਕਿ ਇਕ ਅੱਛਾ ਤਕੜਾ ਸੋਹਣੇ ਨਕਸ਼ਾਂ ਵਾਲਾ ਇਕ ਆਦਮੀ ਸਵੇਰੇ ਹੀ ਸਾਡੀ ਲਾਅਨ 'ਚ ਖੁਦਾਈ ਕਰਨ ਲੱਗ ਪਿਆ। ਥੋੜ੍ਹੀ ਦੇਰ ਬਾਅਦ ਉਸੇ ਦੀ ਉਮਰ ਦੀ ਇਕ ਜਵਾਨ ਸਾਂਵਲੇ ਰੰਗ ਦੀ ਔਰਤ ਵੀ ਆ ਗਈ। ਗਰਮੀ ਦਾ ਮੌਸਮ ਸੀ। ਔਰਤ ਨੇ ਆਉਂਦਿਆਂ ਹੀ ਸਾਫ ਸੁਥਰੇ ਕੱਪੜੇ ਨਾਲ ਆਦਮੀ ਦਾ ਪਿੰਡਾ ਪੂੰਝਿਆ ਤੇ ਘਰੋਂ ਲਿਆਂਦਾ ਹੋਇਆ ਸ਼ਰਬਤ ਜਾਂ ਲੱਸੀ ਉਸ ਨੂੰ ਪੀਣ ਨੂੰ ਦਿੱਤਾ। ਫਿਰ ਜਿੰਨੀ ਦੇਰ ਉਹ ਪੀਂਦਾ ਰਿਹਾ, ਉਹ ਆਪਣੀ ਸਾੜੀ ਦੇ ਪੱਲੇ ਨਾਲ ਉਸ ਨੂੰ ਹਵਾ ਝੱਲਦੀ ਰਹੀ। ਥੋੜ੍ਹੀ ਦੇਰ ਬਾਅਦ ਉਹ ਤਰੋਤਾਜ਼ਾ ਹੋ ਕੇ ਕੰਮ 'ਤੇ ਲੱਗ ਗਿਆ। ਜਿਹੜੀ ਮਿੱਟੀ ਉਹ ਪੁੱਟਦਾ, ਉਹ ਬੀਬੀ ਆਪਣੇ ਹੱਥਾਂ ਨਾਲ ਉਸ ਨੂੰ ਹਟਾ ਕੇ ਪਾਸੇ ਕਰਦੀ ਰਹੀ। ਇਹ ਸਭ ਕੁਝ ਦੇਖ ਕੇ ਮੈਨੂੰ ਬੜਾ ਚੰਗਾ ਲੱਗਾ। ਦੁਪਹਿਰ ਹੋਈ ਤਾਂ ਉਸ ਨੇ ਇਕ ਵੱਡੇ ਸਾਰੇ ਡੋਲੂ ਵਿੱਚ ਪਾਣੀ ਲਿਆ ਕੇ ਆਪਣੇ ਮਰਦ ਦਾ ਹੱਥ ਮੂੰਹ ਧੁਆਇਆ ਅਤੇ ਉਸੇ ਤਰ੍ਹਾਂ ਕੱਪੜੇ ਨਾਲ ਉਸ ਨੂੰ ਪੂੰਝਿਆ ਤੇ ਫਿਰ ਰੋਟੀ ਖਾਣ ਦੇ ਸਮੇਂ ਦੌਰਾਨ ਉਹ ਬੁਰਕੀ-ਬੁਰਕੀ ਕਰਕੇ ਉਸ ਨੂੰ ਰੋਟੀ ਖੁਆਉਂਦੀ ਰਹੀ ਤੇ ਆਪ ਵੀ ਖਾਂਦੀ ਰਹੀ। ਇਸ ਤਰ੍ਹਾਂ ਸ਼ਾਮ ਤੱਕ ਉਸ ਦੇ ਆਹਰੇ ਲੱਗੀ ਰਹੀ ਅਤੇ ਉਸ ਦੇ ਅੱਗੇ ਪਿੱਛੇ ਫਿਰਦੀ ਰਹੀ। ਅਗਲੇ ਦਿਨ ਉਹ ਫਿਰ ਉਸੇ ਤਰ੍ਹਾਂ ਕੰਮ ਕਰਦੇ ਰਹੇ। ਮੈਨੂੰ ਉਨ੍ਹਾਂ ਨੂੰ ਦੇਖ ਕੇ ਬੜੀ ਹੈਰਾਨੀ ਤੇ ਖੁਸ਼ੀ ਹੋ ਰਹੀ ਸੀ। ਮੈਂ ਸੋਚ ਰਹੀ ਸੀ ਕਿ ਇਸ ਔਰਤ ਨੂੰ ਕੀ ਘਰੇ ਕੋਈ ਕੰਮ ਨਹੀਂ ਹੈ? ਬਾਕੀ ਔਰਤਾਂ ਵਾਂਗੂੰ ਇਹ ਮਜ਼ਦੂਰੀ ਵੀ ਨਹੀਂ ਸੀ ਕਰਦੀ। ਆਖਰ ਰੋਟੀ ਵੇਲੇ ਮੈਂ ਉਨ੍ਹਾਂ ਦੇ ਇਸ ਤਰ੍ਹਾਂ ਦੇ ਅਜੀਬੋ ਗਰੀਬ ਵਿਹਾਰ ਬਾਬਤ ਪੁੱਛ ਲਿਆ। ਉਸ ਔਰਤ ਨੇ ਮੈਨੂੰ ਜੋ ਕੁਝ ਵੀ ਦੱਸਿਆ, ਮੈਂ ਸੁਣ ਕੇ ਦੰਗ ਰਹਿ ਗਈ। ਉਸ ਨੇ ਦੱਸਿਆ ਕਿ ਮੇਰਾ ਪਤੀ ਰਾਮ ਸੱਚਮੁੱਚ ਬੜਾ ਵਧੀਆ ਇਨਸਾਨ ਹੈ। ਉਸ ਦਾ ਆਪਣਾ ਕੋਈ ਨਹੀਂ। ਬਚਪਨ ਵਿੱਚ ਉਸ ਦੇ ਮਾਂ ਬਾਪ ਮਰ ਗਏ ਸਨ। ਚਾਚਾ-ਚਾਚੀ ਦੇ ਘਰ ਪਲਿਆ ਪਰ ਉਨ੍ਹਾਂ ਨੇ ਉਸ ਨੂੰ ਬਹੁਤ ਤੰਗ ਰੱਖਿਆ। ਮਾਰਦੇ ਕੁੱਟਦੇ ਸਨ, ਖਾਣ ਨੂੰ ਵੀ ਪੂਰਾ ਨਹੀਂ ਸਨ ਦਿੰਦੇ। ਕਦੇ ਕਿਸੇ ਸਕੂਲ ਵੀ ਨਹੀਂ ਭੇਜਿਆ। ਅਸੀਂ ਇਨ੍ਹਾਂ ਦੇ ਗੁਆਂਢ 'ਚ ਰਹਿੰਦੇ ਸਾਂ। ਇਸ ਦੀ ਇਹ ਹਾਲਤ ਦੇਖ ਕੇ ਮੈਨੂੰ ਇਸ 'ਤੇ ਬਹੁਤ ਤਰਸ ਆਉਂਦਾ ਸੀ। ਸ਼ਾਇਦ ਇਸ ਤਰਸ ਦੀ ਭਾਵਨਾ ਨੇ ਹੀ ਬਾਅਦ 'ਚ ਪਿਆਰ ਦਾ ਰੂਪ ਲੈ ਲਿਆ। ਮੈਂ ਮਨੋਂ ਫੈਸਲਾ ਕਰ ਲਿਆ ਕਿ ਮੈਂ ਇਸ ਆਦਮੀ ਨਾਲ ਸ਼ਾਦੀ ਕਰਕੇ ਇਸ ਨੂੰ ਉਹ ਸਾਰਾ ਪਿਆਰ ਦੇਵਾਂਗੀ ਜੋ ਇਸ ਨੂੰ ਕਿਸੇ ਕੋਲੋਂ ਨਹੀਂ ਮਿਲਿਆ। ਮੇਰੇ ਮਾਂ ਬਾਪ ਇਸ ਵਿਆਹ ਲਈ ਰਾਜ਼ੀ ਨਹੀਂ ਸਨ, ਕਿਉਂਕਿ ਇਕ ਇਹ ਬਹੁਤ ਗਰੀਬ ਸੀ ਅਤੇ ਦੂਜਾ ਇਸ ਦੇ ਚਾਚੇ ਦਾ ਟੱਬਰ ਬਹੁਤ ਭੈੜਾ ਸੀ। ਮੈਂ ਆਪਣੇ ਫੈਸਲੇ 'ਤੇ ਅੜੀ ਰਹੀ ਅਤੇ ਸਾਡਾ ਵਿਆਹ ਹੋ ਗਿਆ। ਮੈਂ ਇਸ ਨੂੰ ਕਦੇ ਇਕੱਲਾ ਨਹੀਂ ਰਹਿਣ ਦਿੰਦੀ ਤੇ ਇਸ ਨੂੰ ਹਰ ਤਰ੍ਹਾਂ ਖੁਸ਼ ਰੱਖਣ ਦੀ ਕੋਸ਼ਿਸ਼ ਕਰਦੀ ਹਾਂ ਅਤੇ ਇਸ ਨੇ ਨੀ ਕਸਮ ਖਾਧੀ ਹੈ ਕਿ ਇਹ ਕਦੇ ਮੇਰੇ ਕੋਲੋਂ ਮਜ਼ਦੂਰੀ ਨਹੀਂ ਕਰਵਾਏਗਾ। ਮੇਰੀਆਂ ਅੱਖਾਂ ਵਿੱਚ ਉਨ੍ਹਾਂ ਦੀ ਪ੍ਰੇਮ ਕਥਾ ਸੁਣ ਕੇ ਪਾਣੀ ਆ ਗਿਆ ਅਤੇ ਮੈਂ ਸੋਚਣ ਲੱਗ ਪਈ ਕਿ ਭਗਵਾਨ ਸ੍ਰੀਰਾਮ ਅਤੇ ਮਾਤਾ ਸੀਤਾ ਵਰਗੇ ਅਵਤਾਰ ਤਾਂ ਪਤਾ ਨਹੀਂ ਕਿਹੜੇ ਯੁੱਗ ਵਿੱਚ ਪੈਦਾ ਹੋਏ ਸਨ, ਪਰ ਉਨ੍ਹਾਂ ਦੇ ਪਾਏ ਹੋਏ ਪੂਰਨਿਆਂ 'ਤੇ ਅੱਜ ਦੇ ਯੁੱਗ 'ਚ ਇਸ ਰਾਮ ਤੇ ਸੀਤਾ ਵਰਗੇ ਲੋਕ ਵੀ ਤੁਹਾਨੂੰ ਕਿਤੇ-ਕਿਤੇ ਮਿਲ ਹੀ ਜਾਂਦੇ ਹਨ।

Have something to say? Post your comment