Welcome to Canadian Punjabi Post
Follow us on

11

December 2019
ਨਜਰਰੀਆ

ਪਾਨੀ ਰੇ ਪਾਨੀ..

August 13, 2019 10:07 AM

-ਜਸਬੀਰ ਕੇਸਰ
ਕੁਝ ਦਿਨ ਹੋਏ ਆਪਣੀ ਇਕ ਮਿੱਤਰ ਦੇ ਘਰ ਗਈ। ਉਹਨੇ ਆਪਣਾ ਪੁਰਾਣਾ ਘਰ ਨਵਿਆਇਆ ਸੀ ਤੇ ਇਸ ਖੁਸ਼ੀ ਵਿੱਚ ਮੈਂ ਉਸ ਨੂੰ ਵਧਾਈ ਦੇਣ ਤੇ ਉਹਦਾ ‘ਨਵਾਂ' ਘਰ ਦੇਖਣ ਚਲੀ ਗਈ। ਚਾਹ ਪਾਣੀ ਪੀਂਦਿਆਂ, ਉਸ ਦੇ ਪਤੀ ਦੇ ਦੋ ਦੋਸਤ ਆ ਗਏ। ਉਨ੍ਹਾਂ ਲਈ ਉਸ ਦੇ ਚਾਹ ਬਣਾਉਣ ਲਈ ਉਠਦਿਆਂ ਮੈਂ ਉਸ ਦੇ ਪਿੱਛੇ ਰਸੋਈ ਵਿੱਚ ਚਲੀ ਗਈ।
ਵਾਹਵਾ ਆਧੁਨਿਕ ਕਿਸਮ ਦੀ ਰਸੋਈ ਸੀ। ਉਹਨੇ ਚਾਹ ਧਰ ਦਿੱਤੀ ਤਾਂ ਮੈਂ ਖੜੀ-ਖੜੀ ਨੇ ਪਹਿਲੀ ਚਾਹ ਦੇ ਕੱਪ ਧੋਣੇ ਸ਼ੁਰੂ ਕਰ ਦਿੱਤੇ। ਜਦੋਂ ਪਹਿਲਾ ਕੱਪ ਟੂਟੀ ਥੱਲੇ ਕਰਕੇ ਨਲਕਾ ਖੋਲ੍ਹਿਆ, ਪਾਣੀ ਦੀ ਖਾਸੀ ਮੋਟੀ ਧਾਰ ਕੱਪ ਦੇ ਥੱਲੇ ਨਾਲ ਟਕਰਾ ਕੇ ਬਾਹਰ ਡੁੱਲ੍ਹ ਗਈ। ਮੇਰੇ ਮੂੰਹੋਂ ਸਹਿਵਨ ਨਿਕਲਿਆ, ‘ਬੱਲੇ! ਪੂਰਾ ਬੰਬੀ ਜਿੰਨਾ ਪਾਣੀ ਸੁੱਟਦੈ ਇਹ ਤਾਂ।' ਮੇਰੀ ਮਿੱਤਰ ਨੇ ਪੂਰੇ ਮਾਣ ਨਾਲ ਕਿਹਾ, ‘..ਕੰਪਨੀ ਦੇ ਟੈਪ ਨੇ। ਥੋੜ੍ਹਾ ਜਿਹਾ ‘ਪਰਿਲ' ਲਾ ਕੇ ਥੱਲੇ ਰੱਖੋ, ਮਲਣ ਦੀ ਲੋੜ ਨ੍ਹੀਂ ਰਹਿੰਦੀ ਭਾਂਡਿਆਂ ਨੂੰ।'
ਮੇਰੇ ਅੰਦਰ ਹੀ ਅੰਦਰ ਲਰਜ਼ ਗਈ। ਪਿਛਲੇ ਕਈ ਦਿਨਾਂ ਤੋਂ ਪਾਣੀ ਦੀ ਕਿੱਲਤ ਨਾਲ ਜੂਝਦੇ, ਟੀ ਵੀ 'ਤੇ ਦਿਖਾਏ ਜਾ ਰਹੇ ਰਾਜਾਂ ਦੀ ਤਸਵੀਰ ਜ਼ਿਹਨ ਵਿੱਚ ਘੁੰਮ ਗਈ, ਵਾਤਾਵਰਨ ਮਾਹਰਾਂ ਦੀਆਂ ਰਿਪੋਰਟਾਂ ਵੀ ਕਿ 2030 ਤੱਕ ਸਾਰੇ ਮੁਲਕ ਵਿੱਚ ਪੀਣ ਵਾਲਾ ਪਾਣੀ ਖਤਮ ਹੋ ਜਾਵੇਗਾ। ਪਾਣੀ ਬਚਾਉਣ ਲਈ ਜੇ ਉਪਰਾਲੇ ਨਾ ਕੀਤੇ ਗਏ ਤਾਂ ਪੰਜਾਬ ਸਣੇ ਪੂਰੇ ਮੁਲਕ ਵਿੱਚ ਬੁਰੀ ਤਰ੍ਹਾਂ ਸੋਕਾ ਪੈ ਜਾਵੇਗਾ ਤੇ ਉਤੋਂ ਇਸ ਪੜ੍ਹੀ ਲਿਖੀ, ਸੇਵਾਮੁਕਤ ਸਕੂਲ ਅਧਿਆਪਕਾ ਦੀ ਇਹ ‘ਅੱਯਾਸ਼ੀ' ਤੇ ਭਾਰਤ ਸਰਕਾਰ ਦੇ ਬੁਲਾਰਿਆਂ ਦੀਆਂ ‘ਰੇਨ ਵਾਟਰ ਹਾਰਵੈਸਟਿੰਗ' ਦੀਆਂ ਸਕੀਮਾਂ ਤੇ ਨਸੀਹਤਾਂ ਜੋ ਕੇਵਲ ਭਾਸ਼ਨਾਂ ਤੱਕ ਹੀ ਸੀਮਤ ਹਨ।
ਕੋਈ ਪੁੱਛੇ, ਮੀਂਹ ਦੇ ਪਾਣੀ ਨੂੰ ਸਾਂਭਣ ਦੇ ਵਸੀਲੇ ਲੋਕ ਕਿਵੇਂ ਕਰਨ? ਤੇ ਅੱਜ ਹੜ੍ਹਾਂ ਵਿੱਚ ਰੁੜ੍ਹਦੇ, ਡੁੱਬਦੇ, ਮਰਦੇ ਲੋਕ ਤੇ ਪਸ਼ੂ ਅਤੇ ਡੁੱਬਦੀਆਂ ਫਸਲਾਂ, ਡਿਗਦੀਆਂ ਇਮਾਰਤਾਂ..। ਦੂਰ ਕੀ ਜਾਣਾ, ਘੱਗਰ ਦਰਿਆ ਨੇ ਤਬਾਹੀ ਮਚਾਈ, ਉਸ ਵੇਲੇ ਸਰਕਾਰੀ ਮਸ਼ੀਨਰੀ ਕਿੱਥੇ ਜਾਂਦੀ ਹੈ? ਕਿਉਂ ਨਹੀਂ ਦਰਿਆਵਾਂ, ਨਦੀਆਂ ਨੇੜੇ ਕੋਈ ਅਜਿਹਾ ਇੰਤਜ਼ਾਮ ਕੀਤਾ ਜਾਂਦਾ ਕਿ ਮੀਂਹ ਦਾ ਮੂੰਹ ਜ਼ੋਰ ਪਾਣੀ ਲੋਕਾਂ ਦੇ ਘਰਾਂ ਵਿੱਚ ਵੜਨ ਦੀ ਥਾਵੇਂ, ਕਿਸੇ ਜਲ ਭੰਡਾਰ ਕੇਂਦਰ ਵਿੱਚ ਪਹੁੰਚੇ। ਇਹ ਕੰਮ ਲੋਕਾਂ ਦਾ ਨਹੀਂ, ਲੋਕ ਸਿਰਫ ਇਨ੍ਹਾਂ ਕੰਮਾਂ ਲਈ ਕਿਰਤ ਸ਼ਕਤੀ ਦੇ ਸਕਦੇ ਹਨ। ਕੰਮ ਸਰਕਾਰੀ ਪੈਸੇ ਅਤੇ ਇਸ ਕੰਮ ਲਈ ਸਰਕਾਰ ਵੱਲੋਂ ਰੱਖੇ ਮਾਹਰ ਇੰਜੀਨੀਅਰਾਂ ਰਾਹੀਂ ਹੋ ਸਕਦਾ ਹੈ, ਪਰ ਇਸ ਦੇ ਉਲਟ ਹੁੰਦਾ ਕੀ ਹੈ? ਹੜ੍ਹਾਂ ਵਿੱਚ ਰੁੜ੍ਹੇ, ਡੁੱਬੇ ਜ਼ਖਮੀ ਹੋਏ ਜੀਆਂ ਅਤੇ ਤਬਾਹ ਹੋਈਆਂ ਫਸਲਾਂ ਲਈ ਕੁਝ ਮੁਆਵਜ਼ੇ ਦਾ ਐਲਾਨ ਹੋ ਜਾਂਦਾ ਹੈ। ਡੁੱਬੀ ਫਸਲ ਦੀ ਕੀਮਤ ਦਾ ਸਹੀ ਅੰਦਾਜ਼ਾ ਲਾਉਣ ਲਈ ਕਿਸਾਨ ਫਿਰ ਪਟਵਾਰੀਆਂ ਤਹਿਸੀਲਦਾਰਾਂ ਦੇ ਗਧੀਗੇੜ ਵਿੱਚ ਪੈ ਜਾਂਦਾ ਹੈ। ਫਿਰ ਪੜਤਾਲਾਂ ਅਤੇ ਅਫਸਰਾਂ ਦੇ ਦੌਰੇ, ਤੇ ਇਸ ਵਕਫੇ ਦੌਰਾਨ ਦੂਜੀ ਫਸਲ ਬੀਜਣ ਤੇ ਘਰ ਦਾ ਖਰਚ ਤੋਰਨ ਲਈ ਆੜ੍ਹਤੀਆਂ ਦੇ ਗੇੜੇ ਕੱਢਣ ਲਈ ਮਜ਼ਬੂਰ ਕਿਸਾਨ, ਕਰਜ਼ੇ ਦਾ ਭਾਰ ਤੇ ਖੁਦਕੁਸ਼ੀਆਂ..!
ਸਨਅਤੀਕਰਨ ਤੇ ਸ਼ਹਿਰੀਕਰਨ ਦਾ ਧਰਤੀ ਹੇਠਲਾ ਪਾਣੀ ਮੁਕਾਉਣ ਅਤੇ ਪ੍ਰਦੂਸ਼ਿਤ ਕਰਨ ਦਾ ਰੋਲ ਕਿਸੇ ਨੂੰ ਭੁੱਲਿਆ ਨਹੀਂ। ਅਣਵਿਉਂਤਿਆ ਸ਼ਹਿਰੀ ਵਿਕਾਸ, ਸਨਅਤ ਨਾਲੋਂ ਜ਼ਿਆਦਾ ਮਾਰੂ ਹੈ। ਸਨਅਤਾਂ ਦੁਆਰਾ ਪ੍ਰਦੁੂਸ਼ਿਤ ਕੀਤੇ ਦਰਿਆ, ਪੀਣ ਯੋਗ ਪਾਣੀ ਦੇਣ ਦੇ ਵੀ ਸਮਰੱਥ ਨਹੀਂ ਰਹੇ। 1972 ਵਿੱਚ ਆਈ ਹਿੰਦੀ ਫਿਲਮ ‘ਸ਼ੋਰ' ਦਾ ਗੀਤ ਹੈ- ‘ਪਾਨੀ ਰੇ ਪਾਨੀ ਤੇਰਾ ਰੰਗ ਕੈਸਾ, ਜਿਸ ਮੇਂ ਮਿਲਾ ਦੋ ਲਗੇ ਉਸ ਜੈਸਾ।' ਅੱਜ ਹਾਲਤ ‘ਜੋ ਭੀ ਮਿਲਾ ਦੇ ਲਗੇ ਉਸ ਜੈਸਾ' ਵਾਲੀ ਹੈ। ਦਰਿਆਵਾਂ ਦਾ ਪਾਣੀ ਲਾਲ ਵੀ ਹੈ, ਨੀਲਾ ਵੀ, ਹਰਾ ਵੀ, ਪੀਲਾ ਵੀ..। ਜਿਸ ਤਰ੍ਹਾਂ ਦੇ ‘ਪਦਾਰਥ' ਫੈਕਟਰੀਆਂ ਵਾਲੇ ਸੁੱਟਦੇ ਹਨ, ਪਾਣੀ ਉਸੇ ਤਰ੍ਹਾਂ ਦਾ ਹੋ ਜਾਂਦਾ ਹੈ।
ਸ਼ਹਿਰੀ ਨਿਰਮਾਣ ਕਲਾ ਵੀ ਇਸ ਦੀ ਜ਼ਿੰਮੇਵਾਰ ਹੈ। ਸਰਦੇ ਪੁੱਦਗੇ ਡੱਬੀਨੁਮਾ ਘਰਾਂ ਵਿੱਚ ਰਸੋਈ, ਬਾਥਰੂਮ (ਇਕ ਤੋਂ ਵੱਧ) ਵਿੱਚ ਪਾਣੀ ਪਹੁੰਚਦਾ ਹੈ, ਜਿਵੇਂ ਮਰਜ਼ੀ ਵਰਤੀ ਜਾਓ। ਬਿਨਾਂ ਕਿਸੇ ਮੁਸ਼ੱਕਤ ਮਿਲ ਰਿਹਾ ਹੈ, ਮੇਰੀ ਉਸ ਮਿੱਤਰ ਵਾਂਗ। ਪੁਰਾਣੀ ਇਮਾਰਤ ਕਲਾ ਭਾਰਤੀ ਜਲਵਾਯੂ ਅਨੁਸਾਰ ਹੋਰ ਤਰ੍ਹਾਂ ਦੀ ਹੁੰਦੀ ਸੀ। ਬਾਹਰਲਾ ਬੂਹਾ ਖੁੱਲ੍ਹਦਿਆਂ ਵਿਹੜਾ, ਉਸ ਦੇ ਸਾਹਮਣੇ ਅਤੇ ਪਾਸਿਆਂ ਤੇ ਰਸੋਈ ਤੇ ਹੋਰ ਕਮਰੇ, ਦਰਵਾਜ਼ੇ ਦੇ ਨਾਲ ਹੀ ਬੈਠਕ ਜਿਸ ਨੂੰ ਅੱਜ ਕੱਲ੍ਹ ‘ਡਰਾਇੰਗ ਰੂਮ' ਕਿਹਾ ਜਾਂਦਾ ਹੈ। ਵਿਹੜੇ ਦੇ ਇਕ ਪਾਸੇ ਨਲਕਾ ਜਾਂ ਖੂਹ। ਖੂਹ ਵਿੱਚੋਂ ਨਲਕਾ ਗੇੜ ਕੇ ਪਾਣੀ ਕੱਢਿਆ ਜਾਂਦਾ ਸੀ। ਘਰ ਦੇ 'ਕੱਲੇ 'ਕੱਲੇ ਜੀਅ ਦੀ ਮੁਸ਼ੱਕਤ ਲੱਗਦੀ ਸੀ, ਇਸ ਲਈ ਲੋੜ ਅਨੁਸਾਰ ਹੀ ਪਾਣੀ ਕੱਢਿਆ ਜਾਂਦਾ ਸੀ।
ਜਦੋਂ ਮਿਉਂਸਪੈਲਿਟੀ ਦਾ ਪਾਣੀ ਘਰੋ-ਘਰ ਆਇਆ ਤਾਂ ਘਰਾਂ ਨੂੰ ਇਕ ਪਾਈਪ ਦਿੱਤੀ ਗਈ ਤੇ ਇਕ ਟੂਟੀ ਜੋ ਵਿਹੜੇ ਦੇ ਇਕ ਪਾਸੇ ਲੱਗੀ ਹੁੰਦੀ ਸੀ। ਇਹ ਟੂਟੀ ਪਿੱਤਲ ਦੀ ਹੁੰਦੀ ਸੀ ਤੇ ਉਸ ਵਿੱਚੋਂ ਅੱਜ ਵਾਲੀਆਂ ‘ਟੈਪਾਂ' ਤੋਂ ਖਾਸੀ ਬਾਰੀਕ ਧਾਰ ਪਾਣੀ ਦੀ ਵਗਦੀ ਸੀ। ਇਸੇ ਤੋਂ ਬਾਲਟੀਆਂ ਭਰ ਕੇ ਹਰ ਕੋਈ ਨਹਾਉਣ ਧੋਣ ਦਾ ਤੇ ਹੋਰ ਕੰਮ ਨਿਬੇੜਦਾ ਸੀ। ਉਸ ਵੇਲੇ ਲੋਕ ਪਾਣੀ ਦੀ ਅਹਿਮੀਅਤ ਸਮਝਦੇ ਸਨ ਅਤੇ ਸੰਜਮੀ ਸਨ। ਟੂਟੀਆਂ ਦੀ ਸਹੂਲਤ ਤੋਂ ਪਹਿਲਾਂ ਅਤੇ ਪਿੱਛੋਂ ਵੀ, ਲੋਕਾਂ ਨੂੰ ‘ਰੇਨ ਵਾਟਰ ਹਾਰਵੈਸਟਿੰਗ' ਦੀ ਵੀ ਸਮਝ ਸੀ।
ਅੱਜ ਸ਼ਹਿਰੀ ਘਰਾਂ ਵਿੱਚ ਇਸ ਤਰ੍ਹਾਂ ਦੀ ਵਿਵਸਥਾ ਨਹੀਂ। ਪੱਛਮੀ ਨਕਸ਼ੇ ਅਨੁਸਾਰ ਬਣੇ ਘਰਾਂ ਵਿੱਚ ਪਾਣੀ ਬਚਾਉਣ ਦਾ ਕੋਈ ਹੀਲਾ ਨਹੀਂ। ਹਰ ਤਰ੍ਹਾਂ ਦਾ ਪਾਣੀ ਸਿੱਧਾ ਗਟਰ ਵਿੱਚ ਜਾਂਦਾ ਹੈ। ਪੱਛਮ ਦੇ ਕਈ ਮੁਲਕਾਂ ਵਿੱਚ ਸੀਵਰੇਜ ਦੇ ਪਾਣੀ ਨੂੰ ਵੀ ਪਾਈਪਾਂ ਰਾਹੀਂ ਸ਼ਹਿਰ ਤੋਂ ਬਾਹਰਵਾਰ ਜਾਂ ਆਸੇ ਪਾਸੇ ਬਣੇ ਪਾਰਕਾਂ ਵਿੱਚ ਪਹੁੰਚਾਇਆ ਜਾਂਦਾ ਹੈ, ਜਿਹੜੇ ਸ਼ਹਿਰ ਭਰ ਦੇ ਕੂੜੇ ਲਈ ਬਣੇ ਵੱਡੇ-ਵੱਡੇ ਟੋਇਆਂ ਉਪਰ ਉਸਾਰੇ ਹੁੰਦੇ ਹਨ। ਕੂੜਾ ਖਾਦ ਦਾ ਕੰਮ ਕਰਦਾ ਹੈ ਤੇ ਗਟਰ ਦਾ ਪਾਣੀ ਉਨ੍ਹਾਂ ਉਤੇ ਉਗਾਏ ਫੁੱਲ ਬੂਟੇ ਸਿੰਜਦਾ ਹੈ।
ਮੇਰੀ ਮਨਸ਼ਾ ਇਹ ਤਾਂ ਨਹੀਂ ਕਿ ਸ਼ਹਿਰੀ ਘਰ ਢਾਹ ਕੇ ਮੁੜ ਪੁਰਾਣੀ ਕਿਸਮ ਦੇ ਘਰ ਬਣਾਏ ਜਾਣ, ਪਰ ਕੋਈ ਵਿਵਸਥਾ ਜ਼ਰੂਰ ਹੋ ਸਕਦੀ ਹੈ। ਸਰਕਾਰ ਜ਼ਮੀਨ ਹੇਠ ਰੁੜ੍ਹਦੇ ਪਾਣੀ ਨੂੰ ਸਾਫ ਕਰਕੇ ਵਰਤੋਂ ਵਿੱਚ ਲਿਆਵੇ। ਸ਼ਹਿਰੀ ਵਸੋਂ ਨੂੰ ਵੀ ਚੇਤੰਨ ਹੋਣ ਦੀ ਲੋੜ ਹੈ। ਨਹੀਂ ਤਾਂ ਜੋ ਹਾਲਤ ਹੈ, ਨੇੜ ਭਵਿੱਖ ਵਿੱਚ ਹੀ ਪਿਆਸੇ ਮਰਨ ਦੀ ਨੌਬਤ ਆ ਸਕਦੀ ਹੈ, ਜੇ ਅਜੇੇ ਨਹੀਂ ਤਾਂ ਅਗਲੀ ਪੀੜ੍ਹੀ ਦੀ, ਜਿਹੜੀ ਅਜੇ ਸਕੂਲਾਂ, ਕਾਲਜਾਂ ਵਿੱਚ ਪੜ੍ਹ ਰਹੀ ਹੈ ਤੇ ਜਿਸ ਦਾ ਭਵਿੱਖ ਸੰਵਾਰਨ ਖਾਤਰ ਉਹ ਉਮਰਾਂ ਦੀਆਂ ਕਮਾਈਆਂ ਲਾ ਰਹੇ ਹਨ।

Have something to say? Post your comment