Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਨਜਰਰੀਆ

ਸਰ, ਮੈਂ ਤੁਹਾਡੀ ਜੀਤੀ, ਆਂਡਿਆਂ ਵਾਲੀ

August 12, 2019 09:24 AM

-ਦਇਆ ਸਿੰਘ ਸੰਧੂ
80 ਦੇ ਸ਼ੁਰੂ ਦੇ ਦਹਾਕੇ ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਏਨੀ ਪੜ੍ਹਾਈ ਹੁੰਦੀ ਸੀ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹੇ ਵਿਦਿਆਰਥੀ ਉਚੇ ਅਹੁਦਿਆਂ ਤੱਕ ਪਹੁੰਚਦੇ ਸਨ।
ਇੱਕ ਦਿਨ ਛੇਵੀਂ ਜਮਾਤ ਵਿਚ ਪੜ੍ਹਦੀ ਉਹ ਲੜਕੀ ਉਦਾਸ, ਚਿੰਤਾਤੁਰ ਜੇਬ ਵਿੱਚੋਂ ਇੱਕ ਛੋਟੀ ਜਿਹੀ ਫੋਟੋ ਕੱਢ ਕੇ ਵੇਖ ਲੈਂਦੀ ਤੇ ਫਿਰ ਜੇਬ ਵਿੱਚ ਪਾ ਲੈਂਦੀ। ਮੈਂ ਸੋਚਣ ਲੱਗਾ ਕੀ ਮਾਜਰਾ ਹੋ ਸਕਦਾ ਹੈ? ਕਿਤੇ ਕਿਸੇ ਲੜਕੇ ਦੀ ਫੋਟੋ ਨਾ ਹੋਵੇ। ਖੈਰ! ਮੈਂ ਲੜਕੀ ਨੂੰ ਖੋ-ਖੋ ਖਿਡਾਉਣ ਦੇ ਨਾਲ ਲੇਜ਼ੀਅਮ, ਡੰਬਲ, ਟਿੱਪਰੀ ਸਿਖਾਉਂਦਾ ਸੀ। ਕਈ ਵਾਰ ਕੁੜੀਆਂ ਗਿੱਧਾ ਪਾ ਕੇ ਵੀ ਨੱਚਦੀਆਂ। ਮੇਰੀ ਜਮਾਤ ਦੀ ਘੰਟੀ ਵੱਜੀ ਤੋਂ ਕੁੜੀਆਂ ਖੁਸ਼ ਹੋ ਜਾਂਦੀਆਂ ਤੇ ਉਨ੍ਹਾਂ ਨੂੰ ਚਾਅ ਚੜ੍ਹ ਜਾਂਦਾ। ਉਸ ਦਿਨ ਮੈਂ ਖੋ-ਖੋ ਖੇਡਦੀਆਂ ਲੜਕੀਆਂ ਨੂੰ ਸੁਪਰਵਾਈਜ਼ ਕਰ ਰਿਹਾ ਸੀ। ਉਹ ਲੜਕੀ ਚੁੱਪਚਾਪ ਮੇਰੇ ਨੇੜੇ ਬੈਠੀ ਸੀ। ਮੈਂ ਉਸ ਦੇ ਸਿਰ ਉਤੇ ਹੱਥ ਰੱਖ ਪੁੱਛਿਆ, ‘‘ਜੀਤੀ, ਬੇਟਾ ਕੀ ਗੱਲ ਹੋ ਗਈ? ਤੂੰ ਉਦਾਸ ਕਿਉਂ ਹੈਂ? ਖੇਡ ਕਿਉਂ ਨਹੀਂ ਰਹੀ? ਘਰ ਵਿੱਚ ਸੁੱਖ ਤਾਂ ਹੈ?” ਉਸ ਨੇ ਜੇਬ ਵਿੱਚੋਂ ਫੋਟੋ ਕੱਢੀ ਤੇ ਰੋਣ ਲੱਗ ਪਈ। ਇਹ ਉਸ ਦੀ ਮਾਂ ਦੀ ਫੋਟੋ ਸੀ, ਜੋ ਕੁਝ ਦਿਨ ਪਹਿਲਾਂ ਮਰ ਗਈ ਸੀ। ਕਈ ਦਿਨ ਜੀਤੀ ਸਕੂਲ ਵੀ ਨਹੀਂ ਸੀ ਆਈ। ਮੈਂ ਪੁੱਛਿਆ ‘‘ਕੀ ਤੇਰੀ ਮਾਂ ਬਿਮਾਰ ਰਹਿੰਦੀ ਸੀ?” ਕਹਿਣ ਲੱਗੀ ‘‘ਮਾਂ ਕਈ ਮਹੀਨੇ ਬਿਮਾਰ ਰਹੀ, ਅੱਜ ਪੂਰੀ ਹੋਈ ਨੂੰ ਮਹੀਨਾ ਹੋ ਚੁੱਕਾ ਹੈ।” ‘‘ਘਰ ਵਿੱਚ ਹੋਰ ਕੌਣ ਕੌਣ ਹੈ?” ‘‘ਦੋ ਵੱਡੇ ਵੀਰ, ਜੋ ਹਾਲੇ ਕੁਆਰੇ ਹਨ। ਇੱਕ ਮੇਰੇ ਪਾਪਾ ਜੀ, ਇੱਕ ਦਾਦੀ ਜੀ, ਜੋ ਬਹੁਤ ਬਜ਼ੁਰਗ ਹਨ। ਦਾਦੀ ਜੀ ਰੋਟੀ ਨਹੀਂ ਪਕਾ ਸਕਦੇ, ਜਿਸ ਕਰ ਕੇ ਰੋਟੀ ਮੈਨੂੰ ਬਣਾਉਣੀ ਪੈਂਦੀ ਹੈ। ਅੱਗੋਂ ਮੇਰੇ ਘਰ ਦੇ ਮੈਨੂੰ ਪੜ੍ਹਨੋ ਹਟਾ ਲੈਣਗੇ। ਅੱਜਕੱਲ੍ਹ ਘਰ ਵਿੱਚ ਇਹੀ ਗੱਲਾਂ ਚੱਲਦੀਆਂ ਰਹਿੰਦੀਆਂ ਹਨ, ਪਰ ਸਰ ਮੈਂ ਪੜ੍ਹਨਾ ਚਾਹੁੰਦੀ ਹਾਂ।”
ਮੈਂ ਜੀਤੀ ਤੋਂ ਉਸ ਦਾ ਘਰ ਦਾ ਪਤਾ ਲੈ ਲਿਆ। ਸੋਚਣ ਲੱਗਾ ਕਿ ਐਤਵਾਰ ਨੂੰ ਲੜਕੀ ਦੇ ਘਰ ਜਾ ਆਵਾਂ। ਪਿਤਾ ਤੇ ਭਰਾਵਾਂ ਨੂੰ ਮਨਾਵਾਂਗਾ ਕਿ ਜੀਤੀ ਨੂੰ ਪੜ੍ਹਨੋਂ ਨਾ ਹਟਾਉਣ। ਫਿਰ ਸੋਚਿਆ, ਲੜਕੀ ਦਾ ਮਾਮਲਾ ਹੈ। ਉਸ ਦੇ ਘਰ ਵਾਲੇ ਕਿਧਰੇ ਹੋਰ ਨਾ ਅਰਥ ਕੱਢ ਲੈਣ, ਪਰ ਉਸ ਦੇ ਘਰ ਵੀ ਜਾਣਾ ਜ਼ਰੂਰੀ ਸੀ। ਪ੍ਰਿੰਸੀਪਲ ਨਾਲ ਗੱਲ ਕੀਤੀ, ਪਰ ਪ੍ਰਿੰਸੀਪਲ ਸਾਹਿਬ ਕਹਿਣ ਲੱਗੇ, ‘‘ਛੱਡ ਯਾਰ ਏਨਾ ਨਹੀਂ ਸੋਚੀਦਾ, ਏਨਾ ਵੱਡਾ ਸਕੂਲ ਹੈ। 200 ਕੁੜੀਆਂ ਤੇ 450 ਲੜਕੇ ਪੜ੍ਹਦੇ ਹਨ। ਇਹ ਕੁਝ ਤਾਂ ਰੋਜ਼ ਵਾਪਰਦਾ ਰਹਿੰਦਾ ਹੈ, ਇਹ ਤੂੰ ਘਰ ਜਾਣ ਦੀ ਨਵੀਂ ਪਿਰਤ ਪਾ ਰਿਹੈਂ। ਜਾਓ ਆਪਣਾ ਪੀਰੀਅਡ ਲਾਓ।” ਮੈਂ ਜੀਤੀ ਦੇ ਘਰ ਜਾਣ ਦਾ ਮਨ ਬਣਾ ਚੁੱਕਾ ਸਾਂ। ਘਰ ਆ ਕੇ ਸ੍ਰੀਮਤੀ ਨਾਲ ਗੱਲ ਕੀਤੀ। ਉਹ ਮੇਰੇ ਨਾਲ ਜਾਣ ਨੂੰ ਸਹਿਮਤ ਹੋ ਗਈ। ਐਤਵਾਰ, ਪੈਦਲ ਤੁਰ ਕੇ ਚਾਰ ਕੁ ਕਿਲੋਮੀਟਰ ਦੂਰ ਜੀਤੀ ਦੇ ਘਰ ਗਏ। ਇੱਕ ਅੱਧ ਕੱਚਾ ਜਿਹਾ ਘਰ, ਤਿੰਨ-ਚਾਰ ਮੱਝਾਂ, ਟਰੈਕਟਰ, 8-10 ਮੁਰਗੇ-ਮੁਰਗੀਆਂ ਸਨ। ਘਰਦਿਆਂ ਨੇ ਸਾਨੂੰ ਜੀ ਆਇਆਂ ਕਿਹਾ। ਜੀਤੀ ਦੇ ਅੰਮ੍ਰਿਤਧਾਰੀ ਪਿਓ ਨੇ ਜੀਤੀ ਨੂੰ ਚਾਹ ਬਣਾਉਣ ਲਈ ਕਹਿ ਦਿੱਤਾ। ਅਸੀਂ ਜੀਤੀ ਦੀ ਮਾਂ ਦਾ ਅਫਸੋਸ ਕੀਤਾ।
ਫਿਰ ਮੇਰੀ ਘਰ ਵਾਲੀ ਆਈ ਅਸਲੀ ਮੁੱਦੇ ਵੱਲ। ਘਰ ਦੇ ਕਹਿਣ ਲੱਗੇ ‘‘ਜੀ ਮੁਸ਼ਕਲ ਹੈ ਜੀਤੀ ਨੂੰ ਪੜ੍ਹਾਉਣਾ, ਸਾਡਾ ਸਰਦਾ ਨਹੀਂ। ਰੋਟੀ ਨਹੀਂ ਪਕਦੀ, ਬਹੁਤ ਹੀ ਮੁਸ਼ਕਲ ਹੋਇਆ ਪਿਆ ਹੈ।’’ ਮੈਂ ਆਖਿਆ, ‘‘ਸਰਦਾਰ ਜੀ ਆਪਣੇ ਮੁੰਡੇ ਤੁਸੀਂ ਹਟਾ ਲਏ ਛੇਵੀਂ-ਸੱਤਵੀਂ ਵਿੱਚੋਂ, ਪਤਾ ਨਹੀਂ ਓਦੋਂ ਕੀ ਕਾਰਨ ਬਣਿਆ? ਸਰਦਾਰ ਜੀ, ਪੁੱਤਰ ਪੜ੍ਹਾਇਆਂ ਆਪਣਾ ਖਾਨਦਾਨ ਸੁਧਰਦਾ ਹੈ, ਪਰ ਧੀ ਨੂੰ ਪੜ੍ਹਾਇਆ ਆਦਮ ਦੀ ਸੰਤਾਨ ਸੁਧਰ ਜਾਂਦੀ ਹੈ।''
ਮੁੱਕਦੀ ਗੱਲ ਪਰਵਾਰ ਰਜ਼ਾਮੰਦ ਹੋ ਗਿਆ। ਚੰਗੀ ਤੇ ਗੁਰ ਸਿੱਖਾਂ ਵਾਲੀ ਗੱਲ ਇਹ ਹੋਈ ਕਿ ਦੁਪਹਿਰ ਦੀ ਰੋਟੀ ਅਸੀਂ ਉਨ੍ਹਾਂ ਦੇ ਘਰੇ ਖਾਧੀ। ਲਹੂ ਦੀ ਸਾਂਝ ਤੋਂ ਬਗੈਰ ਇੱਕ ਜੀਤੀ ਦੇ ਪਰਵਾਰ ਨਾਲ ਸਾਡਾ ਨਿਰਸੁਆਰਥ ਰਿਸ਼ਤਾ ਬਣ ਗਿਆ। ਜੀਤੀ ਪੜ੍ਹਨ ਵਿੱਚ ਬਹੁਤ ਹੁਸ਼ਿਆਰ ਸੀ, ਫਿਰ ਵੀ ਉਸ ਨੇ ਸ਼ਾਮ ਨੂੰ ਪੜ੍ਹਨ ਲਈ ਮੇਰੇ ਘਰ ਆਉਣਾ। ਮੇਰੀ ਘਰ ਵਾਲੀ ਨੂੰ ਜੀਤੀ ਆਂਟੀ ਦੀ ਥਾਂ ਮੰਮੀ ਆਖਣ ਲੱਗੀ। ਮੈਂ ਟਰੇਨਿੰਗ ਦੌਰਾਨ ਅਨਾਟੋਮੀ, ਫਿਜੀਓਲੋਜੀ ਐਂਡ ਹਾਈਜੀਨ ਇੱਕ ਵਿਸ਼ੇ ਦੇ ਤੌਰ ਉਤੇ ਪੜ੍ਹਾਇਆ ਸੀ, ਜੋ ਮੈਨੂੰ ਬੜਾ ਦਿਲਚਸਪ ਲੱਗਦਾ ਸੀ। ਮੈਂ ਜੀਤੀ ਨੂੰ ਉਹ ਵੀ ਪੜ੍ਹਾਉਣ ਲੱਗਾ। ਜੀਤੀ ਨੇ ਕਦੇ ਕਦੇ ਸਾਡੇ ਵਾਸਤੇ ਆਂਡੇ ਲੈ ਆਉਣੇ। ਅਸੀਂ ਪੈਸੇ ਦੇਣੇ ਤਾਂ ਉਸ ਨੇ ਮਨ੍ਹਾ ਕਰ ਦੇਣਾ, ਕਿਉਂਕਿ ਉਹ ਸਾਡੇ ਕੋਲੋਂ ਪੜ੍ਹ ਜਾਂਦੀ ਸੀ, ਉਸ ਦਾ ਹਿਸਾਬ ਬਰਾਬਰ ਕਰਦੀ ਸੀ। ਖੈਰ ਜੀਤੀ, ਚੰਗੇ ਨੰਬਰਾਂ ਨਾਲ ਦਸਵੀਂ ਪਾਸ ਕਰ ਗਈ। ਉਸ ਤੋਂ ਬਾਅਦ ਜੀਤੀ ਤੇ ਉਸ ਦੇ ਪਰਵਾਰ ਨਾਲ ਸੰਬੰਧ ਟੁੱਟ ਗਿਆ। ਅਸੀਂ ਭੁੱਲ ਭੁਲਾ ਗਏ। ਜੀਤੀ ਨੂੰ ਅਸੀਂ ਲਾਡ ਨਾਲ ਜੀਤੀ ਆਂਡਿਆਂ ਵਾਲੀ ਆਖਦੇ ਹੁੰਦੇ ਸੀ। 28 ਸਾਲ ਉਸ ਇੱਕੋ ਸਕੂਲ ਵਿੱਚ ਲੱਗਾ ਮੈਂ ਆਪਣੇ ਜ਼ਿਲ੍ਹੇ ਵਿੱਚ ਬਦਲੀ ਕਰਵਾ ਲਈ। ਦਰਿਆ ਤੋਂ ਪਾਰ ਦੂਜਾ ਜ਼ਿਲ੍ਹਾ ਹੋਣ ਕਰ ਕੇ ਮੇਰੇ ਉਸ ਇਲਾਕੇ ਨਾਲੋਂ ਵੀ ਸੰਬੰਧ ਟੁੱਟ ਗਏ।
ਮੇਰੀ ਸ੍ਰੀਮਤੀ ਜੀ ਨੂੰ ਕੈਂਸਰ ਦੀ ਨਾ ਮੁਰਾਦ ਭਿਆਨਕ ਬਿਮਾਰੀ ਨੇ ਆਪਣੀ ਲਪੇਟ ਵਿੱਚ ਲੈ ਲਿਆ ਸੀ। ਸ੍ਰੀ ਗੁਰੂ ਰਾਮਦਾਸ ਹਸਪਤਾਲ ਤੋਂ ਮੁੱਢਲੀ ਸਹਾਇਤਾ ਲੈਣ ਪਿੱਛੋਂ ਪੰਜਾਬ ਦੇ ਇੱਕ ਮਸ਼ਹੂਰ ਹਸਪਤਾਲ ਲੈ ਗਏ। ਸ੍ਰੀਮਤੀ ਜੀ ਦੇ ਬੱਚੇਦਾਨੀ ਵਿੱਚ ਕੈਂਸਰ ਮੁੱਢਲੀ ਸਟੇਜ ਪਾਰ ਕਰ ਚੁੱਕਾ ਸੀ। ਆਪਰੇਸ਼ਨ ਕਰਨ ਨਾਲ ਬੱਚੇਦਾਨੀ ਕੱਢ ਦਿੱਤੀ ਗਈ। ਹਾਲੇ ਉਹ ਆਈ ਸੀ ਯੂ ਵਿੱਚ ਸੀ। ਮੈਂ ਵੇਖਿਆ, ਉਹ ਬੇਹੋਸ਼ ਪਈ ਸੀ। ਆਈ ਸੀ ਯੂ ਤੋਂ ਬਾਹਰ ਆ ਕੇ ਮੈਂ ਇੱਕ ਬੈਂਚ ਉਤੇ ਬੈਠ ਗਿਆ। ਇੱਕ ਸੋਹਣੀ ਲੇਡੀ ਡਾਕਟਰ ਮੇਰੇ ਕੋਲ ਆ ਕੇ ਮੇਰੇ ਨਾਲ ਜੁੜ ਕੇ ਬੈਠ ਗਈ। ਉਸ ਨੇ ਮੇਰਾ ਹੱਥ ਆਪਣੇ ਹੱਥਾਂ ਵਿੱਚ ਲੈ ਮੇਰੇ ਵੱਲ ਗਹੁ ਨਾਲ ਵੇਖਿਆ। ਮੈਂ ਇੱਕ ਦਮ ਹੈਰਾਨ ਹੋ ਗਿਆ। ਕਹਿਣ ਲੱਗੀ, ‘‘ਸਰ! ਮੈਨੂੰ ਪਛਾਣਿਆ, ਮੈਂ ਤੁਹਾਡੀ ਜੀਤੀ, ਜੀਤੀ ਆਂਡਿਆਂ ਵਾਲੀ ਉਰਫ ਡਾਕਟਰ ਮਿਸਿਜ਼ ਸਰਬਜੀਤ ਕੌਰ ਰੰਧਾਵਾ।” ਉਸ ਨੇ ਆਪਣੇ ਨਾਂਅ ਪਿੱਛੇ ਸੀਨੀਅਰ ਸਰਜਨ ਗਾਇਨੋਕੋਲੋਜਿਸਟ ਅਤੇ ਹੋਰ ਪਤਾ ਨਹੀਂ ਕਿੰਨਾ ਕੁਝ ਲਾਇਆ, ਜੋ ਅੱਜ ਮੈਨੂੰ ਯਾਦ ਨਹੀਂ।
ਕਈ ਦਿਨ ਹਸਪਤਾਲ ਰਹਿ ਕੇ ਅਸੀਂ ਛੁੱਟੀ ਲੈ ਕੇ ਘਰ ਆ ਗਏ। ਜੀਤੀ ਨੇ ਸਾਡਾ ਫੋਨ ਨੰਬਰ ਲੈ ਲਿਆ ਸੀ। ਉਸ ਨੇ ਫੋਨ ਕਰ ਕੇ ਸ੍ਰੀਮਤੀ ਜੀ ਨੂੰ ਹਾਲ ਪੁੱਛਦੇ ਰਹਿਣਾ। ਇੱਕ ਦਿਨ ਮੈਂ ਜੀਤੀ ਨੂੰ ਫੋਨ ਕੀਤਾ ਕਿ ‘‘ਜੀਤੀ, ਮੇਰੀ ਸ੍ਰੀਮਤੀ ਮੇਰਾ ਸਾਥ ਛੱਡ ਕੇ ਰੱਬ ਨੂੰ ਪਿਆਰੀ ਹੋ ਗਈ।” ਜੀਤੀ ਏਨੀ ਉਦਾਸ ਹੋ ਗਈ ਕਿ ਇੱਕ ਹੀ ਵਾਕ ਬੋਲ ਸਕੀ ਤੇ ਫੋਨ ਕੱਟ ਦਿੱਤਾ, ‘‘ਸਰ! ਅੱਜ ਮੇਰੀ ਦੂਜੀ ਮੰਮੀ ਵੀ ਮਰ ਗਈ।”

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ