ਚੰਡੀਗੜ੍ਹ, 10 ਅਗਸਤ (ਪੋਸਟ ਬਿਊਰੋ)- ਲੁਧਿਆਣਾ ਸਿਟੀ ਸੈਂਟਰ ਘਪਲਾ ਕੇਸ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਵੱਲੋਂ ਕੇਸ ਦੀ ਮੁੱਢਲੀ ਸਿ਼ਕਾਇਤ ਅਤੇ ਚਲਾਨ ਦੀ ਕਾਪੀ ਮੰਗੇ ਜਾਣ ਉਤੇ ਹਾਈ ਕੋਰਟ ਇਕ ਵਾਰ ਫਿਰ ਤੋਂ ਸੁਣਵਾਈ ਕਰੇਗੀ। ਈ ਡੀ ਵੱਲੋਂ ਹਾਈ ਕੋਰਟ ਵਿੱਚ ਦਾਖਲ ਕੀਤੀ ਗਈ ਪਟੀਸ਼ਨ 'ਤੇ ਜਸਟਿਸ ਸ਼ੇਖਰ ਧਵਨ ਦੀ ਬੈਂਚ ਨੇ ਪਿਛਲੇ ਮਹੀਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ।
ਇਸ ਸੰਬੰਧ ਵਿੱਚ ਤਾਜ਼ਾ ਹੁਕਮਾਂ ਵਿੱਚ ਹਾਈ ਕੋਰਟ ਨੇ ਕਿਹਾ ਹੈ ਕਿ ਪਟੀਸ਼ਨਾਂ 'ਤੇ ਫੈਸਲਾ ਲਿਖਾਉਂਦੇ ਸਮੇਂ ਕੁਝ ਨਵੇਂ ਸਵਾਲ ਉਭਰਨ ਕਾਰਨ ਅਦਾਲਤ 23 ਸਤੰਬਰ ਨੂੰ ਇਸ ਕੇਸ ਬਾਰੇ ਫਿਰ ਸੁਣਵਾਈ ਕਰੇਗੀ। ਟਰਾਇਲ ਕੋਰਟ ਦੇ ਰਿਕਾਰਡ ਦਾ ਨਿਰੀਖਣ ਕਰਨ ਦੀ ਈ ਡੀ ਦੀ ਮੰਗ ਨੂੰ ਲੁਧਿਆਣਾ ਅਦਾਲਤ ਨੇ 25 ਅਕਤੂਬਰ 2018 ਨੂੰ ਸਵੀਕਾਰ ਕਰ ਲਿਆ ਸੀ। ਅਦਾਲਤ ਦੇ ਇਸ ਫੈਸਲੇ ਖਿਲਾਫ ਵੀ ਹਾਈ ਕੋਰਟ ਵਿੱਚ ਦੋ ਪਟੀਸ਼ਨਾਂ ਵਿਚਾਰ ਅਧੀਨ ਹੈ। ਇਨ੍ਹਾਂ ਤਿੰਨਾਂ ਪਟੀਸ਼ਨਾਂ 'ਤੇ ਹਾਈ ਕੋਰਟ ਨੇ 10 ਜੁਲਾਈ ਨੂੰ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਸੀ। ਕੋਰਟ ਨੇ ਲੁਧਿਆਣਾ ਅਦਾਲਤ ਦੇ ਹੁਕਮਾਂ 'ਤੇ ਰੋਕ ਲਾ ਦਿੱਤੀ ਸੀ। ਵਰਨਣ ਯੋਗ ਹੈ ਕਿ ਲੁਧਿਆਣਾ ਸਿਟੀ ਸੈਂਟਰ ਘਪਲਾ ਮਾਮਲੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਦੋਸ਼ੀ ਬਣਾਇਆ ਗਿਆ ਸੀ। ਵਿਜੀਲੈਂਸ ਬਿਊਰੋ ਨੇ ਅਗਸਤ 2017 'ਚ ਲੁਧਿਆਣਾ ਅਦਾਲਤ 'ਚ ਦਾਖਲ ਕੀਤੀ ਕਲੋਜ਼ਰ ਰਿਪੋਰਟ 'ਚ ਕਿਹਾ ਸੀ ਕਿ ਇਸ ਤਰ੍ਹਾਂ ਦਾ ਕੋਈ ਘਪਲਾ ਨਹੀਂ ਹੋਇਆ ਤੇ ਜਾਂਚ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਤੇ ਹੋਰਨਾਂ ਖਿਲਾਫ ਕੋਈ ਸਬੂਤ ਨਹੀਂ ਸੀ।