ਓਟਵਾ, 9 ਅਗਸਤ (ਪੋਸਟ ਬਿਊਰੋ) : ਹਾਂਗ ਕਾਂਗ ਵਿੱਚ ਮੁਜ਼ਾਹਰਾਕਾਰੀਆਂ ਵੱਲੋਂ ਕੀਤੇ ਜਾ ਰਹੇ ਰੋਹ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਫੈਡਰਲ ਸਰਕਾਰ ਨੇ ਕੈਨੇਡੀਅਨਾਂ ਨੂੰ ਉੱਥੇ ਨਾ ਜਾਣ ਦੀ ਸਲਾਹ ਦਿੱਤੀ ਹੈ।
ਸਰਕਾਰ ਦੀ ਵੈੱਬਸਾਈਟ ਉੱਤੇ ਇਹ ਆਖਿਆ ਗਿਆ ਹੈ ਕਿ ਹਾਂਗ ਕਾਂਗ ਵਿੱਚ ਸੇਫਟੀ ਤੇ ਸਕਿਊਰਿਟੀ ਨੂੰ ਲੈ ਕੇ ਕਾਫੀ ਖਤਰਾ ਹੈ ਤੇ ਮਾੜੇ ਜਿਹੇ ਨੋਟਿਸ ਤੋਂ ਬਾਅਦ ਹੀ ਹਾਲਾਤ ਬਦਲ ਸਕਦੇ ਹਨ। ਇਸ ਲਈ ਕੈਨੇਡੀਅਨਾਂ ਨੂੰ ਹਰ ਸਮੇਂ ਅਹਿਤਿਆਤ ਤੋਂ ਕੰਮ ਲੈਣ ਦੀ ਹਦਾਇਤ ਕੀਤੀ ਜਾਂਦੀ ਹੈ। ਇਹ ਵੀ ਆਖਿਆ ਗਿਆ ਹੈ ਕਿ ਲੋਕਲ ਮੀਡੀਆ ਦੀਆਂ ਖਬਰਾਂ ਦਾ ਧਿਆਨ ਰੱਖਿਆ ਜਾਵੇ ਤੇ ਸਥਾਨਕ ਅਥਾਰਟੀਜ਼ ਦੀਆਂ ਹਦਾਇਤਾਂ ਮੰਨੀਆਂ ਜਾਣ।
ਅਮਰੀਕਾ, ਆਸਟਰੇਲੀਆ, ਆਇਰਲੈਂਡ, ਬ੍ਰਿਟੇਨ ਤੇ ਜਾਪਾਨ ਵੱਲੋਂ ਵੀ ਆਪਣੇ ਨਾਗਰਿਕਾਂ ਨੂੰ ਇਸ ਤਰ੍ਹਾਂ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਜਿ਼ਕਰਯੋਗ ਹੈ ਕਿ ਹਾਂਗ ਕਾਂਗ ਵਿੱਚ ਜਮਹੂਰੀਅਤ ਪੱਖੀ ਮੁਜ਼ਾਹਰਾਕਾਰੀਆਂ ਵੱਲੋਂ ਸੁ਼ੱਕਰਵਾਰ ਨੂੰ ਸਥਾਨਕ ਏਅਰਪੋਰਟ ਉੱਤੇ ਮੁਜ਼ਾਹਰਾ ਕੀਤਾ ਗਿਆ। ਦੋ ਮਹੀਨਿਆਂ ਤੋਂ ਚੱਲ ਰਹੇ ਮੁਜ਼ਾਹਰੇ ਤੇ ਹਿੰਸਕ ਗਤੀਵਿਧੀਆਂ ਦੇ ਮੱਦੇਨਜ਼ਰ ਵੱਧ ਰਹੀ ਹਿੰਸਾ ਦੇ ਬਾਵਜੂਦ ਹਾਂਗ ਕਾਂਗ ਪ੍ਰਸ਼ਾਸਨ ਵੱਲੋਂ ਵਿਜ਼ੀਟਰਜ਼ ਨੂੰ ਹਰ ਪੱਖੋਂ ਖੁਸ਼ ਰੱਖਣ ਦਾ ਭਰੋਸਾ ਦਿਵਾਇਆ ਜਾ ਰਿਹਾ ਹੈ।