ਬਰੈਂਪਟਨ, 6 ਅਗਸਤ (ਪੋਸਟ ਬਿਊਰੋ) : ਬਰੈਂਪਟਨ ਵਿੱਚ ਵਾਪਰੀ ਛੁਰੇਬਾਜ਼ੀ ਦੀ ਘਟਨਾ ਤੋਂ ਬਾਅਦ ਇੱਕ ਵਿਅਕਤੀ ਦੀ ਤਬੀਅਤ ਨਾਜ਼ੁਕ ਦੱਸੀ ਜਾ ਰਹੀ ਹੈ ਜਦਕਿ ਇੱਕ ਹੋਰ ਵਿਅਕਤੀ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਇਆ ਹੈ।
ਇਹ ਘਟਨਾ ਰਾਤੀਂ 11:00 ਵਜੇ ਕ੍ਰਾਈਸਲਰ ਡਰਾਈਵ ਤੇ ਕੁਹੀਨ ਸਟਰੀਟ ਈਸਟ ਨੇੜੇ ਵਾਪਰੀ। ਸੋਮਵਾਰ ਰਾਤ ਨੂੰ ਕੀਤੇ ਗਏ ਟਵੀਟ ਵਿੱਚ ਪੁਲਿਸ ਨੇ ਲਿਖਿਆ ਕਿ ਇਸ ਇਲਾਕੇ ਵਿੱਚ ਕਈ ਲੋਕਾਂ ਨੂੰ ਲੜਦਿਆਂ ਵੇਖਿਆ ਗਿਆ ਤੇ ਚਾਰ ਵਿਅਕਤੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਮੰਗਲਵਾਰ ਸਵੇਰੇ ਪੁਲਿਸ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਦੋ ਵਿਅਕਤੀਆਂ ਨੂੰ ਛੁਰੇਬਾਜ਼ੀ ਕਾਰਨ ਜ਼ਖ਼ਮ ਹੋਏ ਤੇ ਦੋ ਵਿੱਚੋਂ ਇੱਕ ਦੀ ਹਾਲਤ ਨਾਜ਼ੁਕ ਹੈ।
ਇਸ ਘਟਨਾ ਦੇ ਸਬੰਧ ਵਿੱਚ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਪਰ ਪੁਲਿਸ ਨੇ ਇਹ ਨਹੀਂ ਦੱਸਿਆ ਕਿ ਉਨ੍ਹਾਂ ਉੱਤੇ ਕੀ ਚਾਰਜਿਜ਼ ਲਾਏ ਗਏ ਹਨ। ਇਸ ਮਾਮਲੇ ਦੀ ਜਾਂਚ ਅਜੇ ਚੱਲ ਰਹੀ ਹੈ।