· ਬੀਸੀ ਵਿੱਚ ਹੋਏ ਕਤਲਾਂ ਦੇ ਮਸ਼ਕੂਕਾਂ ਨਾਲ ਮੇਲ ਖਾਂਦੇ ਵਿਅਕਤੀਆਂ ਦੇ ਕਾਰ ਵਿੱਚ ਹੋਣ ਦਾ ਸੱ਼ਕ
ਓਨਟਾਰੀਓ, 1 ਅਗਸਤ (ਪੋਸਟ ਬਿਊਰੋ) : ਬੀਸੀ ਵਿੱਚ ਹੋਏ ਕਤਲਾਂ ਦੇ ਮਸ਼ਕੂਕਾਂ ਨਾਲ ਮੇਲ ਖਾਂਦੇ ਦੋ ਵਿਅਕਤੀਆਂ, ਜੋ ਕਿ ਉੱਤਰੀ ਓਨਟਾਰੀਓ ਟਾਊਨ ਵਿੱਚ ਇੱਕ ਸ਼ੱਕੀ ਗੱਡੀ ਵਿੱਚ ਘੁੰਮਦੇ ਵੇਖੇ ਗਏ, ਸਬੰਧੀ ਮਿਲੀ ਰਿਪੋਰਟ ਦੀ ਪ੍ਰੋਵਿੰਸ਼ੀਅਲ ਪੁਲਿਸ ਜਾਂਚ ਕਰ ਰਹੀ ਹੈ।
ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ (ਓਪੀਪੀ) ਨੇ ਦੱਸਿਆ ਕਿ ਬੁੱਧਵਾਰ ਸਵੇਰੇ ਉਨ੍ਹਾਂ ਨੂੰ ਇੱਕ ਨਿੱਕੀ ਚਿੱਟੇ ਰੰਗ ਦੀ ਕਾਰ ਬਾਰੇ ਸੂਹ ਮਿਲੀ ਸੀ ਜਿਹੜੀ ਕੈਪੁਸਕਾਸਿੰਗ, ਓਨਟਾਰੀਓ ਵਿੱਚ ਹਾਈਵੇਅ 11 ਉੱਤੇ ਕੰਸਟ੍ਰਕਸ਼ਨ ਜ਼ੋਨ ਰਾਹੀਂ ਜਾ ਰਹੀ ਸੀ। ਇਹ ਥਾਂ ਸਡਬਰੀ ਤੋਂ 500 ਕਿਲੋਮੀਟਰ ਉੱਤਰ ਵੱਲ ਸਥਿਤ ਹੈ। ਕਾਰਜਕਾਰੀ ਸਟਾਫ ਸਾਰਜੈਂਟ ਸੋਨਾ ਕੈਮੀਰੈਂਡ ਨੇ ਈਮੇਲ ਰਾਹੀਂ ਦਿੱਤੇ ਬਿਆਨ ਵਿੱਚ ਆਖਿਆ ਕਿ ਇਸ ਗੱਡੀ ਨੂੰ ਇਸ ਲਈ ਸੱ਼ਕੀ ਮੰਨਿਆ ਜਾ ਰਿਹਾ ਹੈ ਕਿਉਂਕਿ ਇਸ ਵਿੱਚ ਸਵਾਰ ਦੋ ਵਿਅਕਤੀ 18 ਸਾਲਾ ਬ੍ਰਾਇਰ ਸ਼ਮੈਗੈਲਸਕੀ ਤੇ 19 ਸਾਲਾ ਕੈਮ ਮੈਕਲਿਓਡ ਨਾਲ ਮੇਲ ਖਾਂਦੇ ਹਨ। ਜਿ਼ਕਰਯੋਗ ਹੈ ਕਿ ਇਹ ਦੋਵੇਂ ਮਸ਼ਕੂਕ ਵੈਨਕੂਵਰ ਦੇ 64 ਸਾਲਾ ਵਿਅਕਤੀ ਦੇ ਨਾਲ ਨਾਲ ਜਵਾਨ ਸੈਲਾਨੀ ਜੋੜੇ ਦੇ ਬੀਸੀ ਵਿੱਚ ਹੋਏ ਕਤਲਾਂ ਦੇ ਸਬੰਧ ਵਿੱਚ ਲੋੜੀਂਦੇ ਹਨ।
ਹਾਲਾਂਕਿ ਪੁਲਿਸ ਵੱਲੋਂ ਇਸ ਗੱਲ ਉੱਤੇ ਜ਼ੋਰ ਦਿੱਤਾ ਗਿਆ ਕਿ ਉਹ ਕਾਰ ਦੀ ਭਾਲ ਕਰਨ ਵਿੱਚ ਅਸਮਰੱਥ ਰਹੇ ਹਨ ਤੇ ਇਹ ਵੀ ਆਖਿਆ ਗਿਆ ਕਿ ਕਾਰ ਵਿੱਚ ਸਵਾਰ ਵਿਅਕਤੀਆਂ ਦੀ ਪਛਾਣ ਦੀ ਪੁਸ਼ਟੀ ਵੀ ਅਜੇ ਤੱਕ ਨਹੀਂ ਹੋ ਸਕੀ ਹੈ। ਸਟਾਫ ਸਾਰਜੈਂਟ ਕੈਰੋਲ ਡਿਓਨੇ ਨੇ ਆਖਿਆ ਕਿ ਭਾਵੇਂ ਚਿੱਟੇ ਰੰਗ ਦੀ ਕਾਰ ਸ਼ਮੈਗੈਲਸਕੀ ਤੇ ਮੈਕਲਿਓਡ ਨਾਲ ਮੇਲ ਨਹੀਂ ਖਾਂਦੀ ਪਰ ਉਹ ਕਿਸੇ ਵੀ ਗੱਲ ਤੋਂ ਇਨਕਾਰ ਨਹੀਂ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਪ੍ਰੋਵਿੰਸ ਭਰ ਤੋਂ ਇਨ੍ਹਾਂ ਮਸ਼ਕੂਕਾਂ ਬਾਰੇ ਰਿਪੋਰਟਾਂ ਮਿਲ ਰਹੀਆਂ ਹਨ। ਅਜੇ ਤੱਕ ਇਨ੍ਹਾਂ ਦੋਵਾਂ ਮਸ਼ਕੂਕਾਂ ਨੂੰ ਓਨਟਾਰੀਓ ਵਿੱਚ ਵੇਖੇ ਜਾਣ ਦੀ ਪੁਸ਼ਟੀ ਨਹੀਂ ਹੋ ਸਕੀ ਹੈ।
ਵੀਰਵਾਰ ਨੂੰ ਮੈਨੀਟੋਬਾ ਦੀ ਆਰਸੀਐਮਪੀ ਨੇ ਐਲਾਨ ਕੀਤਾ ਸੀ ਕਿ ਉਹ ਪ੍ਰੋਵਿੰਸ ਦੇ ਦੂਰ ਦਰਾਜ ਦੇ ਉੱਤਰੀ ਹਿੱਸੇ ਵਿੱਚ ਸਥਿਤ ਗਿਲਾਮ ਟਾਊਨ ਦੇ ਆਲੇ ਦੁਆਲੇ ਇਨ੍ਹਾਂ ਮਸ਼ਕੂਕਾਂ ਦੀ ਕੀਤੀ ਜਾ ਰਹੀ ਭਾਲ ਦਾ ਕੰਮ ਹੁਣ ਹਲਕੇ ਪੱਧਰ ਉੱਤੇ ਕਰਨਗੇ।