Welcome to Canadian Punjabi Post
Follow us on

29

March 2024
 
ਟੋਰਾਂਟੋ/ਜੀਟੀਏ

ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਨੇ 'ਕੈਨੇਡਾ ਡੇਅ' ਤੇ 'ਮਲਟੀਕਲਚਰਲ ਡੇਅ' ਮਨਾਇਆ

July 31, 2019 11:16 AM

ਬਰੈਂਪਟਨ, (ਡਾ. ਝੰਡ/ ਹਰਜੀਤ ਬੇਦੀ): ਬੀਤੇ ਐਤਵਾਰ 28 ਜੁਲਾਈ ਨੂੰ ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਨੇ ਬਰੈਂਪਟਨ ਦੀਆਂ ਸੀਨੀਅਰ ਕਲੱਬਾਂ ਦੇ ਸਹਿਯੋਗ ਨਾਲ ਕੈਨੇਡਾ ਡੇਅ ਅਤੇ ਮਲਟੀਕਲਚਰਲ ਡੇਅ ਦਾ ਸਾਂਝਾ ਸਮਾਗ਼ਮ ਬਰੈਂਪਟਨ ਸੌਕਰ ਕਲੱਬ ਦੇ ਵਿਸ਼ਾਲ ਹਾਲ ਵਿਚ ਆਯੋਜਿਤ ਕੀਤਾ। ਇਹ ਸਮਾਗ਼ਮ ਗੁਰੂ ਨਾਨਕ ਦੇਵ ਜੀ ਦੇ 550'ਵੇਂ ਪ੍ਰਕਾਸ਼-ਉਤਸਵ ਨੂੰ ਸਮੱਰਪਿਤ ਕੀਤਾ ਗਿਆ। ਇਸ ਵਿਚ ਬਰੈਂਪਟਨ ਵਿਚ ਸਰਗ਼ਰਮ ਤਰੀਕੇ ਨਾਲ ਵਿਚਰ ਰਹੀਆਂ ਦੋ ਦਰਜਨ ਤੋਂ ਵਧੀਕ ਸੀਨੀਅਰ ਕਲੱਬਾਂ ਦੇ ਸੈਂਕੜੇ ਮੈਂਬਰਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਪ੍ਰਬੰਧਕਾਂ ਵੱਲੋਂ ਹਾਜ਼ਰੀਨ ਲਈ ਹਾਲ ਵਿਚ ਲਗਾਈਆਂ ਗਈਆਂ ਸਾਰੀਆਂ ਹੀ ਕੁਰਸੀਆਂ 'ਤੇ ਸਰੋਤੇ ਸੱਜੇ ਹੋਏ ਸਨ। ਹਾਲ ਦੇ ਸੱਜੇ ਪਾਸੇ ਸਾਰੀਆਂ ਸੀਨੀਅਰ ਕਲੱਬਾਂ ਦੇ ਬੈਨਰ ਸਜਾਏ ਗਏ ਸਨ ਅਤੇ ਪਿਛਲੇ ਪਾਸੇ ਚਾਹ-ਪਾਣੀ ਦਾ ਪ੍ਰੋਗਰਾਮ ਚੱਲ ਰਿਹਾ ਸੀ।
ਸਮਾਗ਼ਮ ਦੇ ਆਰੰਭ ਵਿਚ ਕੈਨੇਡਾ ਦੇ ਝੰਡੇ ਨੂੰ ਲਹਿਰਾਉਣ ਅਤੇ ਇਸ ਦੇ ਰਾਸ਼ਟਰੀ-ਗੀਤ 'ਓ-ਕੈਨੇਡਾ' ਦੇ ਗਾਇਨ ਤੋਂ ਬਾਅਦ ਮੰਚ-ਸੰਚਾਲਕ ਪ੍ਰੋ. ਨਿਰਮਲ ਸਿੰਘ ਧਾਰਨੀ ਨੇ ਉੱਘੇ-ਚਿੰਤਕ ਪ੍ਰਿੰਸੀਪਲ ਰਾਮ ਸਿੰਘ ਅਤੇ ਪ੍ਰਸਿੱਧ ਪੰਜਾਬੀ ਲੇਖਕ ਸ. ਪੂਰਨ ਸਿੰਘ ਪਾਂਧੀ ਨੂੰ ਵਾਰੀ-ਵਾਰੀ ਮੰਚ 'ਤੇ ਆਉਣ ਦਾ ਸੱਦਾ ਦਿੱਤਾ। ਜਿੱਥੇ ਪ੍ਰਿੰਸੀਪਲ ਰਾਮ ਸਿੰਘ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਅਜੋਕੇ ਸੰਦਰਭ ਵਿਚ ਸਮਝਣ ਅਤੇ ਇਸ ਉੱਪਰ ਅਮਲ ਕਰਨ 'ਤੇ ਜ਼ੋਰ ਦਿੱਤਾ, ਉੱਥੇ ਪੂਰਨ ਸਿੰਘ ਪਾਂਧੀ ਨੇ ਗੁਰੂ ਨਾਨਕ ਦੇਵ ਦੀ ਦੇ ਜਨਮ-ਅਸਥਾਨ ‘ਨਨਕਾਣਾ ਸਾਹਿਬ’ ਜਿਸ ਦਾ ਪਹਿਲਾ ਨਾਂ ‘ਨਾਨਕਿਆਣਾ’ ਸੀ ਅਤੇ ਉਸ ਸਮੇਂ ਦੇ ਮੁਸਲਿਮ ਸਥਾਨਕ ਪ੍ਰਬੰਧਕ ਰਾਏ ਬੁਲਾਰ ਜਿਸ ਨੇ ਗੁਰੂ ਨਾਨਕ ਦੀ ਮਹਿਮਾਂ ਨੂੰ ਸਹੀ ਅਰਥਾਂ ਵਿਚ ਪਛਾਣਿਆਂ, ਨੂੰ ਆਪਣੇ ਸੰਬੋਧਨ ਦਾ ਵਿਸ਼ਾ ਬਣਾਇਆ। ਉਨ੍ਹਾਂ ਰਾਏ ਬੁਲਾਰ ਵੱਲੋਂ ਆਪਣੀ 1500 ਮੁਰੱਬੇ ਜ਼ਮੀਨ ਵਿੱਚੋਂ ਅੱਧੀ ਭਾਵ 750 ਮੁਰੱਬੇ ਗੁਰੂ ਨਾਨਕ ਦੇਵ ਜੀ ਦੇ ਨਾਂ ਲਵਾਉਣ ਬਾਰੇ ਵੀ ਦੱਸਿਆ। ਸਮਾਗ਼ਮ ਦੇ ਮੁੱਖ-ਬੁਲਾਰੇ ਡਾ. ਵਰਿਆਮ ਸਿੰਘ ਸੰਧੂ ਨੇ ਗੁਰੂ ਸਾਹਿਬ ਦੇ ਕਾਲੀ-ਵਈਂ ਵਿਚਲੇ ਚਿੰਤਨ-ਰੂਪੀ 'ਇਸ਼ਨਾਨ' ਤੋਂ ਬਾਅਦ ਉਨ੍ਹਾਂ ਦੇ ਮੂੰਹੋਂ ਉਚਾਰੇ ਗਏ ਸ਼ਬਦ "ਨਾ ਹਿੰਦੂ ਨਾ ਮੁਸਲਮਾਨ" ਦੀ ਵਿਆਖਿਆ ਕਰਦਿਆਂ ਹੋਇਆਂ ਦੱਸਿਆ ਕਿ ਗੁਰੂ ਜੀ ਦਾ ਇਸ ਤੋਂ ਭਾਵ ਉਨ੍ਹਾਂ ਦੇ ਹਿੰਦੂ ਜਾਂ ਮੁਸਲਿਮ ਹੋਣ ਤੋਂ ਨਹੀਂ, ਸਗੋਂ ਚੰਗਾ 'ਇਨਸਾਨ' ਹੋਣ ਤੋਂ ਸੀ। ਅਜੋਕੇ ਹਾਲਾਤ ਉੱਪਰ ਕਟਾਖ਼ਸ਼ ਕਰਦਿਆਂ ਕੁਝ ਵਿਅੰਗਾਤਮਿਕ ਸ਼ਬਦਾਂ ਦੀ ਵਰਤੋਂ ਕਰਦਿਆਂ ਹੋਇਆਂ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਗੁਰੂ ਸਾਹਿਬ ਅੱਜ ਹੁੰਦੇ ਤਾਂ ਉਨ੍ਹਾਂ ਇਹ ਵੀ ਕਹਿ ਦੇਣਾ ਸੀ ਕਿ ਉਹਂ ਸਿੱਖ ਵੀ ਨਹੀਂ ਹਨ। ਆਪਣੇ ਸੰਬੋਧਨ ਵਿਚ ਉਨ੍ਹਾਂ ਨੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਸਹੀ ਅਰਥਾਂ ਵਿਚ ਅਪਨਾਉਣ ਲਈ ਕਿਹਾ।
ਬਰੈਂਪਟਨ ਨੌਰਥ ਦੀ ਪਾਰਲੀਮੈਂਟ ਮੈਂਬਰਾਂ ਰੂਬੀ ਸਹੋਤਾ ਅਤੇ ਸੋਨੀਆ ਸਿੱਧੂ ਨੇ ਪ੍ਰਬੰਧਕਾਂ ਨੂੰ ਇਸ ਸਮਾਗ਼ਮ ਦੀ ਵਧਾਈ ਦਿੰਦਿਆਂ ਹੋਇਆਂ ਆਪਣੀ ਸਰਕਾਰ ਦੀਆਂ ਚਾਰ ਸਾਲਾਂ ਦੀਆਂ ਪ੍ਰਾਪਤੀਆਂ ਬਾਰੇ ਸੰਖੇਪ ਜਿ਼ਕਰ ਕੀਤਾ ਅਤੇ ਅੱਗੋਂ ਹੋਰ ਮੌਕਾ ਦੇਣ ਦੀ ਗੱਲ ਕਹੀ। ਸਕੂਲ-ਟਰੱਸਟੀ ਬਲਬੀਰ ਸੋਹੀ ਨੇ ਇਸ ਮੌਕੇ ਬੋਲਦਿਆਂ ਹੋਇਆਂ ਸੂਬਾ ਸਰਕਾਰ ਵੱਲੋਂ ਪੀਲ ਰੀਜਨ ਦੇ ਸਕੂਲਾਂ ਉੱਪਰ ਲਗਾਈ ਹੋਈ 'ਕੱਟ' ਦਾ ਵਿਸ਼ੇਸ਼ ਜਿ਼ਕਰ ਕੀਤਾ। ਸਿਟੀ-ਕਾਊਂਂਸਲਰ ਮਾਈਕਲ ਪਲੈਸ਼ੀ ਨੇ ਬਰੈਂਪਟਨ ਦੇ ਮੇਅਰ ਪੈਟ੍ਰਿਕ ਬਰਾਊਨ ਦਾ ਸੁਨੇਹਾ ਪੜ੍ਹ ਕੇ ਸੁਣਾਇਆ। ਰੀਜਨਲ ਕਾੳਂੂਸਲਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਸੀਨੀਅਰਾਂ ਲਈ ਪਹਿਲੀ ਸਤੰਬਰ 2019 ਤੋਂ ਬਰੈਂਪਟਨ ਟਰਾਂਜਿ਼ਟ ਲਈ 15 ਡਾਲਰ ਪ੍ਰਤੀ ਮਹੀਨਾ ਵਾਲੇ ਪਾਸ ਅਤੇ ਜਨਵਰੀ 2020 ਤੋਂ ਬਰੈਂਪਟਨ ਦੀਆਂ ਬੱਸਾਂ ਵਿਚ ਮੁਫ਼ਤ ਟਰਾਂਜਿ਼ਟ-ਸੇਵਾ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਪੀ.ਸੀ.ਪਾਰਟੀ ਦੇ ਐੱਮ.ਪੀ.ਪੀ. ਅਮਰਜੋਤ ਸੰਧੂ, ਐੱਨ.ਡੀ.ਪੀ. ਦੇ ਗੁਰਰਤਨ ਸਿੰਘ ਅਤੇ ਸਿਟੀ ਕਾਂਊਸਲਰ ਹਰਕੀਰਤ ਸਿੰਘ ਨੇ ਵੀ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਆਪਣੇ ਵਿਚਾਰ ਸਾਂਝੇ ਕੀਤੇ। ਗੁਰਰਤਨ ਸਿੰਘ ਨੇ ਬਰੈਂਪਟਨ ਈਸਟ ਤੋਂ ਐੱਮ.ਪੀ. ਲਈ ਉਨ੍ਹਾਂ ਦੀ ਪਾਰਟੀ ਦੇ ਉਮੀਦਵਾਰ ਸਰਨਜੀਤ ਸਿੰਘ ਨੂੰ ਵੀ ਲੋਕਾਂ ਦੇ ਸਾਹਮਣੇ ਪੇਸ਼ ਕੀਤਾ। ਵੱਖ-ਵੱਖ ਸਿਆਸੀ ਪਾਰਟੀਆਂ ਦੇ ਕਈ ਹੋਰ ਉਮੀਦਵਾਰ ਵੀ ਇਸ ਸਮੇਂ ਹਾਜ਼ਰ ਸਨ ਪਰ ਪ੍ਰਬੰਧਕਾਂ ਵੱਲੋਂ ਕਿਸੇ ਨੂੰ ਵੀ ਬੋਲਣ ਲਈ ਸਮਾਂ ਨਹੀਂ ਦਿੱਤਾ ਗਿਆ। ਪਤਾ ਨਹੀਂ ਇਹ ਸਮੇਂ ਦੀ ਨਜ਼ਾਕਤ ਸੀ ਜਾਂ ਪ੍ਰਬੰਧਕਾਂ ਦੀ ਪਹਿਲਾਂ ਤੋਂ ਤੈਅ-ਸ਼ੁਦਾ ਪਾਲਿਸੀ ਸੀ। ਹੋ ਸਕਦਾ ਹੈ ਕਿ ਉਹ ਇਸ ਸਮਾਗ਼ਮ ਨੂੰ ਸਿਆਸੀ ਰੰਗਤ ਨਾ ਦੇਣਾ ਚਾਹੁੰਦੇ ਹੋਣ।
ਐਸੋਸੀਏਸ਼ਨ ਆਫ ਼ਸੀਨੀਅਰਜ਼ ਕਲੱਬਜ਼ ਦੇ ਜਨਰਲ ਸਕੱਤਰ ਜੰਗੀਰ ਸਿੰਘ ਸੈਂਹਬੀ ਨੇ ਐਸੋਸੀਏਸ਼ਨ ਦੀਆਂ ਸਾਲ-ਭਰ ਦੀਆਂ ਪ੍ਰਾਪਤੀਆਂ ਅਤੇ ਇਸ ਦੇ ਟੀਚਿਆਂ ਬਾਰੇ ਸੰਖੇਪ ਵਿਚ ਜਾਣਕਾਰੀ ਦਿੱਤੀ। ਉਪਰੰਤ, ਪ੍ਰਧਾਨ ਪਰਮਜੀਤ ਸਿਂੰਘ ਬੜਿੰਗ ਨੇ ਦੱਸਿਆ ਕਿ ਸੀਨੀਅਰ ਕਲੱਬਾਂ ਦੀਆਂ ਵੱਖ-ਵੱਖ ਸਰਗ਼ਰਮੀਆਂ ਅਤੇ ਇਸ ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਦੇ ਕੰਮਾਂ ਵਿਚ ਬੜਾ ਫ਼ਰਕ ਹੈ। ਉਨ੍ਹਾਂ ਪਿਛਲੇ ਇਕ ਸਾਲ ਵਿਚ ਐਸੋਸੀਏਸ਼ਨ ਵੱਲੋਂ ਕੀਤੇ ਗਏ ਮੁੱਖ ਕੰਮਾਂ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ। ਇਸ ਮੌਕੇ ਬਲਵਿੰਦਰ ਸਿੰਘ ਬਰਾੜ ਅਤੇ ਡਾ. ਬਲਜਿੰਦਰ ਸਿੰਘ ਸੇਖੋਂਂ ਨੇ ਵੀ ਹਾਜ਼ਰੀਨ ਨੂੰ ਸੰਬੋਧਨ ਕੀਤਾ। ਸੁਖਮਿੰਦਰ ਰਾਮਪੁਰੀ, ਸੁਖਦੇਵ ਭਦੌੜ ਤੇ ਅਜਮੇਰ ਪ੍ਰਦੇਸੀ ਨੇ ਆਪਣੇ ਗੀਤਾਂ ਰਾਹੀਂ ਲੋਕਾਂ ਦਾ ਮਨੋਰੰਜਨ ਕੀਤਾ, ਜਦ ਕਿ ਪ੍ਰਿੰਸੀਪਲ ਗਿਆਨ ਸਿੰਘ ਘਈ ਨੇ ਗੁਰੂ ਨਾਨਕ ਦੇਵ ਜੀ ਬਾਰੇ ਆਪਣੀ ਇਕ ਕਵਿਤਾ ਸੁਣਾਈ। ਸਮਾਗ਼ਮ ਦੇ ਅੰਤ ਵੱਲ ਵੱਧਦਿਆਂ ਇਕ ਸਕੂਲ ਦੀਆਂ ਲੜਕੀਆਂ ਵੱਲੋਂ ਬੋਲੀਆਂ ਅਤੇ ਗਿੱਧਾ ਪਾ ਕੇ ਮਾਹੌਲ ਨੂੰ ਰੌਚਕ ਅਤੇ ਜੋਸ਼-ਭਰਪੂਰ ਕੀਤਾ ਗਿਆ। ਇਸ ਸਮਾਗ਼ਮ ਦੌਰਾਨ ਐਸੋਸੀਏਸ਼ਨ ਦੇ ਸਰਗਰ਼ਮ ਮੈਂਬਰ ਪ੍ਰੀਤਮ ਸਿੰਘ ਸਰਾਂ, ਕਰਤਾਰ ਸਿੰਘ ਚਾਹਲ, ਹਰਦਿਆਲ ਸਿੰਘ ਸੰਧੂ, ਸੁਖਦੇਵ ਸਿੰਘ ਗਿੱਲ, ਬਲਵਿੰਦਰ ਸਿੰਘ ਬਰਾੜ, ਅਮਰਜੀਤ ਸਿੰਘ ਕੁਮਰਾ ਤੇ ਹੋਰ ਕਈ ਮੈਂਬਰ ਆਪੋ-ਆਪਣੀਆਂ ਡਿਊਟੀਆਂ ਪੂਰੀ ਤਨਦੇਹੀ ਨਾਲ ਕਰਦੇ ਹੋਏ ਨਜ਼ਰ ਆਏ। ਪ੍ਰੋਗਰਾਮ ਦੇ ਮੁੱਖ ਹਿੱਸਿਆ ਨੂੰ ‘ਜ਼ੀ.ਟੀ.ਵੀ.‘ਅਤੇ ‘ਚੈਨਲ ਪੰਜਾਬੀ’ ਟੀ.ਵੀ. ਦੇ ਪੱਤਰਕਾਰ ਚਮਕੌਰ ਸਿੰਘ ਮਾਛੀਕੇ ਨੇ ਆਪਣੇ ਵੀਡੀਓ ਕੈਮਰੇ ਵਿਚ ਕੈਦ ਕੀਤਾ।

 

 

 
Have something to say? Post your comment