Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਭਾਰਤ ਅਰਮੇਨੀਆ ਨੂੰ ਹਥਿਆਰ ਦੇਣਾ ਬੰਦ ਕਰੇ : ਅਜ਼ਰਬੈਜਾਨਲੰਡਨ ਵਿਚ ਬ੍ਰਿਟਿਸ਼ ਸ਼ਾਹੀ ਪਰਿਵਾਰ ਦੀ ਸੁਰੱਖਿਆ ਦਲ ਦੇ ਭੱਜੇ ਜਾ ਰਹੇ ਘੋੜੇ ਬੱਸ ਨਾਲ ਟਕਰਾਏਪਾਕਿਸਤਾਨ ਦੇ ਕਾਰੋਬਾਰੀਆਂ ਨੇ ਭਾਰਤ ਨਾਲ ਕਾਰੋਬਾਰ ਸ਼ੁਰੂ ਕਰਨ ਦੀ ਕੀਤੀ ਮੰਗ, ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਾਰੋਬਾਰੀਆਂ ਨਾਲ ਕੀਤੀ ਮੀਟਿੰਗ ਭਾਰਤ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ 'ਤੇ ਅਮਰੀਕੀ ਰਿਪੋਰਟ ਨੂੰ ਕੀਤਾ ਖਾਰਜਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇ
 
ਨਜਰਰੀਆ

ਲਹਿੰਦੇ ਪੰਜਾਬ ਦਾ ਆਵਾਮੀ ਸ਼ਾਇਰ

July 31, 2019 09:31 AM

-ਡਾਕਟਰ ਗੁਰਮੇਲ ਸਿੰਘ
ਬਾਬਾ ਨਜ਼ਮੀ ਲਹਿੰਦੇ ਪੰਜਾਬ ਦਾ ਉਹ ਸ਼ਾਇਰ ਹੈ ਜਿਸ ਨੂੰ ਆਵਾਮੀ ਸ਼ਾਇਰ ਹੋਣ ਦਾ ਮਾਣ ਹਾਸਲ ਹੈ। ਉਸ ਨੂੰ ਇਹ ਮਾਣ ਲੋਕ-ਪੱਖੀ ਸ਼ਾਇਰੀ ਨੂੰ ਲੋਕਾਂ ਦੀ ਜ਼ੁਬਾਨ ਰਾਹੀਂ ਕਹਿਣ ਦੇ ਜ਼ਿੰਦਾਦਿਲ ਅੰਦਾਜ਼ ਕਰ ਕੇ ਪ੍ਰਾਪਤ ਹੋਇਆ ਹੈ। ਇਸੇ ਕਰ ਕੇ ਅੱਜ ਉਹ ਲਹਿੰਦੇ ਪੰਜਾਬ ਵਿੱਚ ਹੀ ਨਹੀਂ, ਸਗੋਂ ਚੜ੍ਹਦੇ ਪੰਜਾਬ ਦੇ ਨਾਲ-ਨਾਲ ਦੁਨੀਆ ਭਰ ਵਿੱਚ ਜਾਣਿਆ ਜਾਂਦਾ ਹੈ। ਪੁਸਤਕ ‘ਮੈਂ ਇਕਬਾਲ ਪੰਜਾਬੀ ਦਾ’ ਉਸ ਦੀ ਸਮੁੱਚੀ ਸ਼ਾਇਰੀ ਦਾ ਕਲਾਮ ਹੈ ਜਿਸ ਨੂੰ ਡਾਕਟਰ ਜਸਪਾਲ ਘਈ ਨੇ ਸ਼ਾਹਮੁਖੀ ਤੋਂ ਗੁਰਮੁਖੀ ਵਿੱਚ ਲਿਪੀਅੰਤਰ ਕੀਤਾ ਹੈ। ਇਕਬਾਲ ਮਾਹਲ ਦੁਆਰਾ ਸੰਪਾਦਿਤ ਇਸ ਪੁਸਤਕ ਵਿੱਚ ਬਾਬਾ ਨਜ਼ਮੀ ਦੀ ਅੱਜ ਤੱਕ ਦੀ ਰਚਨਾ ਹੈ ਜਿਸ ਵਿੱਚ ਤਿੰਨ ਕਾਵਿ-ਪੁਸਤਕਾਂ ਅੱਖਰਾਂ ਵਿੱਚ ਸਮੁੰਦਰ, ਸੋਚਾਂ ਵਿੱਚ ਜਹਾਨ ਅਤੇ ਮੇਰਾ ਨਾਂ ਇਨਸਾਫ ਤੋਂ ਇਲਾਵਾ ਕੁਝ ਹੋਰ ਕਵਿਤਾਵਾਂ ਵੀ ਸ਼ਾਮਲ ਹਨ। ਇਸ ਪੁਸਤਕ ਦੇ ਸ਼ੁਰੂ ਵਿੱਚ ਬਾਬਾ ਨਜ਼ਮੀ ਦੀਆਂ ਆਪਣੇ ਬਾਰੇ ਕੁਝ ਗੱਲਾਂ ਨਾਲ ਵਿਦਵਾਨਾਂ ਦੇ ਲੇਖ, ਉਸ ਦੀ ਸ਼ਾਇਰੀ ਦਾ ਸਫਰ ਤੇ ਕਾਵਿ ਟਿੱਪਣੀਆਂ ਦੇ ਰੂਪ ਵਿੱਚ ਲੇਖਕਾਂ ਦੇ ਪ੍ਰਤੀਕਰਮ ਹਨ। ਇਸ ਪੁਸਤਕ ਦਾ ਸਿਰਲੇਖ ਤੇ ਬਾਬਾ ਨਜ਼ਮੀ ਦੀ ਪਛਾਣ ਬਣਿਆ ਉਸ ਦਾ ਪ੍ਰਸਿੱਧ ਸ਼ੇਅਰ :
ਅੱਖਰਾਂ ਵਿੱਚ ਸਮੁੰਦਰ ਰੱਖਾਂ,
ਮੈਂ ਇਕਬਾਲ ਪੰਜਾਬੀ ਦਾ।
ਝੱਖੜਾਂ ਦੇ ਵਿੱਚ ਰੱਖ ਦਿੱਤਾ ਏ
ਦੀਵਾ ਬਾਲ ਪੰਜਾਬੀ ਦਾ।
ਵਿੱਚ ਉਸ ਦਾ ਇਕਬਾਲੀਆ ਬਿਆਨ ਕਿ ‘ਮੈਂ ਪੰਜਾਬੀ ਦਾ ਇਕਬਾਲ ਹਾਂ' ਉਸ ਦੀ ਕਾਵਿ ਪ੍ਰਤੀਬੱਧਤਾ ਦਾ ਐਲਾਨ ਹੈ ਜਿਸ ਨੂੰ ਪੰਜਾਬੀ ਦੇ ਸੂਫੀ, ਕਿੱਸਾ ਤੇ ਗੁਰਮਤਿ ਕਾਵਿ ਦੇ ਸ਼ਾਇਰਾਂ ਨੇ ਕਾਇਮ ਕੀਤਾ ਸੀ। ਇਸ ਸ਼ਾਇਰੀ ਦੇ ਹੱਕ ਤੇ ਸੱਚ ਨਾਲ ਖੜ੍ਹਦਿਆਂ ਜਿੱਥੇ ਸੱਤਾਧਾਰੀ ਨਿਜ਼ਾਮ ਨੂੰ ਵੰਗਾਰਿਆ, ਉਥੇ ਗਰੀਬਾਂ ਤੇ ਮਜ਼ਲੂਮਾਂ ਵਿੱਚ ਜੀਵਨ ਪ੍ਰਤੀ ਆਸ ਤੇ ਵਿਸ਼ਵਾਸ ਦਿ੍ਰੜ ਕੀਤਾ ਸੀ। ਬਾਬਾ ਨਜ਼ਮੀ ਇਸੇ ਨਕਸ਼ੇ ਕਦਮ 'ਤੇ ਚੱਲਣ ਵਾਲਾ ਸ਼ਾਇਰ ਹੈ। ਦੇਸ਼ ਵੰਡ ਤੋਂ ਪਹਿਲਾਂ ਉਸ ਦੇ ਮਾਪੇ ਹਾਸ਼ਮ ਸ਼ਾਹ ਦੇ ਪਿੰਡ ਜਗਦੇਓ ਕਲਾਂ ਦੇ ਬਾਸ਼ਿੰਦੇ ਸਨ। ਵੰਡ ਤੋਂ ਇੱਕ ਸਾਲ ਬਾਅਦ ਲਾਹੌਰ ਦੇ ਘੁਮਿਆਰਪੁਰੇ ਵਿੱਚ ਇੱਕ ਕਿਰਤੀ ਪਰਵਾਰ ਵਿੱਚ ਉਸ ਦਾ ਜਨਮ ਹੋਇਆ। ਦਸਵੀਂ ਦੀ ਪੜ੍ਹਾਈ ਕਰਨ ਤੋਂ ਬਾਅਦ ਉਸ ਨੂੰ ਪੱਕੇ ਤੌਰ 'ਤੇ ਮਿਹਨਤ ਮਜ਼ਦੂਰੀ ਦਾ ਰਾਹ ਚੁਣਨਾ ਪਿਆ। ਕਾਵਿ ਰਚਨਾ ਦੀ ਸ਼ੁਰੂਆਤ ਸਕੂਲ ਵੇਲੇ ਤੋਂ ਹੁੰਦੀ ਹੋਈ ਮਿਹਨਤ ਮਜ਼ਦੂਰੀ ਦੀ ਸਖਤ ਘਾਲਣਾ ਦੇ ਨਾਲ ਨਿੱਖਰਦੀ ਗਈ। ਕਰਾਚੀ ਦੀਆਂ ਕਾਵਿ-ਮਹਿਫਲਾਂ ਨੇ ਉਸ ਨੂੰ ਕਾਬਿਲ ਸ਼ਾਇਰ ਬਣਨ ਦਾ ਮਾਣ ਬਖਸ਼ਿਆ। ਇਥੇ ਹੀ ਉਹ ਟਰੇਡ ਯੂਨੀਅਨ ਵਿੱਚ ਸਰਗਰਮ ਹੋਇਆ ਅਤੇ ਕਿਰਤੀ ਜਮਾਤ ਦੇ ਸ਼ੋਸ਼ਣ ਦੀ ਰਮਜ਼ ਨੂੰ ਪਛਾਣ ਕੇ ਵਿਚਾਰਧਾਰਕ ਪੁਖ਼ਤਗੀ ਨਾਲ ਕਾਵਿ ਧਰਮ ਦਾ ਹਾਣੀ ਬਣਿਆ। ਉਸ ਦੀ ਪਹਿਲੀ ਕਾਵਿ ਪੁਸਤਕ ਅੱਖਰਾਂ ਵਿੱਚ ਸਮੁੰਦਰ 1987 ਵਿੱਚ ਸਾਹਮਣੇ ਆਈ। ਇਸ ਵਿੱਚ ਉਸ ਦੀ ਕਾਵਿ ਦਿ੍ਰਸ਼ਟੀ ਦਾ ਝਲਕਾਰਾ ਮਿਲਦਾ ਹੈ :
ਪੱਥਰ ਨੂੰ ਮੈਂ ਸ਼ੀਸ਼ਾ ਕਿਸਰਾਂ ਲਿਖ ਦੇਵਾਂ?
ਝੂਠੇ ਨੂੰ ਮੈਂ ਸੱਚਾ ਕਿਸਰਾਂ ਲਿਖ ਦੇਵਾਂ?
ਜਿਸ ਦੇ ਕੰਢੇ ਚਿੜੀਆਂ ਦੇ ਸੰਘ ਸੁੱਕਦੇ ਰਹੇ,
ਉਹਦੇ ਦਿਲ ਨੂੰ ਦਰਿਆ ਕਿਸਰਾਂ ਲਿਖ ਦੇਵਾਂ?
ਬਾਬਾ ਨਜ਼ਮੀ ਉਸ ਧਾਰਾ ਦਾ ਕਵੀ ਹੈ ਜਿਸ ਨੇ ਆਲਮੀ ਪੱਧਰ 'ਤੇ ਆਪਣੀ ਵੱਖਰੀ ਪਛਾਣ ਬਣਾ ਕੇ ਕਵਿਤਾ ਨੂੰ ਰਾਜਨੀਤਕ ਹਥਿਆਰ ਦੇ ਰੂਪ ਵਿੱਚ ਵਰਤਿਆ ਹੈ। ਡਾਕਟਰ ਜਸਪਾਲ ਘਈ ਲਿਖਦਾ ਹੈ ਕਿ ਬਾਬਾ ਨਜ਼ਮੀ ਦੀ ਸਮੁੱਚੀ ਸ਼ਾਇਰੀ ਵਿੱਚ ਭਾਵੇਂ ਆਰਥਿਕ, ਸਮਾਜਕ, ਰਾਜਨੀਤਕ, ਸਭਿਆਚਾਰਕ ਅਤੇ ਭਾਸ਼ਾ ਨਾਲ ਸੰਬੰਧਤ ਬਹੁਤ ਸਾਰੇ ਮਜ਼ਮੂਨ ਹਨ, ਪਰ ਮਾਨਵਵਾਦੀ ਸੋਚ, ਬੇਬਾਕੀ ਅਤੇ ਜ਼ਿੰਦਗੀ ਪ੍ਰਤੀ ਆਸ਼ਾਵਾਦੀ ਪਹੁੰਚ ਅਜਿਹੀਆਂ ਤੰਦਾਂ ਹਨ, ਜੋ ਉਹਦੀ ਸ਼ਾਇਰੀ ਦੇ ਆਰ-ਪਾਰ ਫੈਲੀਆਂ ਹਨ ਤੇ ਉਹਦਾ ਹਰ ਮਜ਼ਮੂਨ ਮੋਤੀਆਂ ਤਰ੍ਹਾਂ ਇਨ੍ਹਾਂ ਧਾਗਿਆਂ 'ਚ ਹੀ ਪਰੋਇਆ ਹੋਇਆ ਹੈ।
ਬਾਬਾ ਨਜ਼ਮੀ ਕਾਵਿ ਦੀ ਉਭਰਦੀ ਸੁਰ ਬਗਾਵਤੀ ਹੈ। ਜਮਾਤੀ ਚੇਤਨਾ ਨਾਲ ਲਬਰੇਜ਼ ਸਿੱਧੀ ਸਪਾਟ ਅਤੇ ਤਿੱਖੀ ਸੁਰ ਉਸ ਦੀ ਕਾਵਿ ਭਾਸ਼ਾ ਬਣਦੀ ਹੈ। ਖਾਸ ਤੌਰ ਉਤੇ ਦੋਵਾਂ ਮੁਲਕਾਂ ਦੀਆਂ ਭਾਈਚਾਰਕ ਸਾਂਝਾਂ ਨੂੰ ਜਰਬ ਦੇਣ ਵਾਲੀਆਂ ਕਾਲੀਆਂ ਤਾਕਤਾਂ ਪ੍ਰਤੀ ਉਸ ਦੇ ਮਨ ਵਿੱਚ ਡਾਢਾ ਗੁੱਸਾ ਹੈ। ਉਹ ਲਿਖਦਾ ਹੈ :
ਗੰਦੇ ਅੰਡੇ ਏਧਰ ਵੀ ਨੇ, ਓਧਰ ਵੀ।
ਕੁਝ ਮੁਸ਼ਟੰਡੇ ਏਧਰ ਵੀ ਨੇ, ਓਧਰ ਵੀ।
ਕਿਹਨਾਂ ਦੇ ਹੁਣ ਗਾਉਣੇ ਦੱਸੋ ਮੁੱਲਾਂ ਜੀ,
ਹਲਵੇ ਮੰਡੇ ਏਧਰ ਵੀ ਨੇ, ਓਧਰ ਵੀ।
ਬਾਬਾ ਨਜ਼ਮੀ ਦੀ ਸਮੁੱਚੀ ਕਵਿਤਾ 'ਤੇ ਧਿਆਨ ਮਾਰਦਿਆਂ ਇਹ ਅਹਿਸਾਸ ਬਣਿਆ ਰਹਿੰਦਾ ਹੈ ਕਿ ਭਾਵੇਂ ਉਸ ਦੀ ਕਾਵਿ ਸ਼ੈਲੀ ਤਿੱਖੀ ਤੇ ਵੰਗਾਰਮਈ ਹੈ, ਪਰ ਮਾਨਵੀ ਰਿਸ਼ਤਿਆਂ ਤੇ ਭਾਈਚਾਰਕ ਮੁੱਦਿਆਂ ਪ੍ਰਤੀ ਡਾਢਾ ਸੰਵੇਦਨਸ਼ੀਲ ਹੈ। ਉਸ ਦੀ ਸ਼ਾਇਰੀ ਕਿਤੇ ਵੀ ਨਕਾਰਵਾਦੀ ਰੁਚੀ ਦਾ ਸ਼ਿਕਾਰ ਨਹੀਂ ਬਣਦੀ। ਉਹ ਮਾਨਵਤਾ ਨੂੰ ਪਿਆਰ ਕਰਨ ਵਾਲਾ ਅਜਿਹਾ ਸ਼ਾਇਰ ਹੈ ਜੋ ਕੁਲ ਆਲਮ ਨੂੰ ਹੱਸਦਾ ਵੱਸਦਾ ਵੇਖਣਾ ਲੋਚਦਾ ਹੈ। ਮਜ਼੍ਹਬੀ ਨਫਰਤ ਨੂੰ ਮੇਟਣ ਲਈ ਉਸ ਦੀ ਵਿਆਕੁਲਤਾ ਨੂੰ ਹੇਠ ਲਿਖੇ ਸ਼ਿਅਰ ਰਾਹੀਂ ਜਾਣ ਸਕਦੇ ਹਾਂ :
ਮਸਜਿਦ ਮੇਰੀ ਤੂੰ ਕਿਉਂ ਢਾਹਵੇਂ,
ਮੈਂ ਕਿਉਂ ਤੋੜਾਂ ਮੰਦਰ ਨੂੰ।
ਆ ਜਾ ਦੋਵੇਂ ਬਹਿ ਕੇ ਪੜ੍ਹੀਏ,
ਇੱਕ ਦੂਜੇ ਦੇ ਅੰਦਰ ਨੂੰ।
ਸਦੀਆਂ ਵਾਂਗੂੰ ਅੱਜ ਵੀ ਕੁਝ ਨਹੀਂ,
ਜਾਣਾ ਮਸਜਿਦ ਮੰਦਰ ਦਾ,
ਲਹੂ ਤੇ ਤੇਰਾ ਮੇਰਾ ਲੱਗਣਾ,
ਤੇਰੇ ਮੇਰੇ ਖੰਜਰ ਨੂੰ।
ਬਾਬਾ ਨਜ਼ਮੀ ਸਾਰੀ ਉਮਰ ਮਿਹਨਤ ਮਜ਼ਦੂਰੀ ਕਰਨ ਵਾਲਾ ਸਿਰੜੀ ਕਾਮਾ ਹੀ ਨਹੀਂ, ਸਗੋਂ ਵਿਚਾਰਧਾਰਕ ਸੋਝੀ ਰੱਖਣ ਵਾਲਾ ਰਾਜਸੀ ਕਾਰਕੁਨ ਵੀ ਰਿਹਾ ਹੈ। ਇਹੀ ਕਾਰਨ ਹੈ ਕਿ ਉਸ ਨੇ ਮਜ਼ਲੂਮ ਦਾ ਹੱਕ ਖੋਹਣ ਵਾਲੀ ਧਿਰ ਨੂੰ ਕਰੜੇ ਹੱਥੀਂ ਲਿਆ ਹੈ। ਬਿਨਾਂ ਕਿਸੇ ਹੇਰ ਫੇਰ ਦੇ ਉਸ ਨੇ ਜਾਬਰ ਹਾਕਮ ਨੂੰ ਨਾਂਅ ਲੈ ਕੇ ਵੰਗਾਰਿਆ ਹੈ। ਇਹੀ ਗੈਰਤਮੰਦੀ ਤੇ ਨਿਰਭੈਤਾ ਉਸ ਦੀ ਕਾਵਿ ਪਛਾਣ ਬਣ ਕੇ ਸਾਹ-ਸਤਹੀਣ ਮਨੁੱਖ ਅੰਦਰ ਮਾਨਵੀ ਦੋਖੀ ਤਾਕਤਾਂ ਦੇ ਖਿਲਾਫ ਲੜਨ ਦਾ ਵਿਸ਼ਵਾਸ ਪਰਪੱਕ ਕਰਦੀ ਹੈ। ਉਹ ਨਾ ਰਾਸ਼ਟਰਵਾਦੀ ਭਰਮਾਊ ਚੇਤਨਾ ਦਾ ਮੁਰੀਦ ਹੈ ਤੇ ਨਾ ਆਪਣੇ ਮੁਲਕ ਦੇ ਅਮੀਰ ਵਜ਼ੀਰ ਦੀ ਧੌਂਸ ਤੋਂ ਡਰਦਾ ਹੈ ਸਗੋਂ ਉਨ੍ਹਾਂ ਦੇ ਗੈਰਮਾਨਵੀ ਕਿਰਦਾਰ ਦਾ ਭਾਂਡਾ ਭੰਨਣ ਦਾ ਮੌਕਾ ਨਹੀਂ ਖੁੰਝਾਉਂਦਾ। ਬਾਬਾ ਨਜ਼ਮੀ ਦਾ ਇਹ ਸ਼ਿਅਰ ਜੋ ਉਸ ਵੇਲੇ ਦੇ ਵਜ਼ੀਰ-ਏ-ਤਾਲੀਮ ਖੁਰਸ਼ੀਦ ਅਹਿਮਦ ਦੀ ਪੰਜਾਬੀ ਵਿਰੋਧੀ ਭਾਸ਼ਾ ਨੀਤੀ ਬਾਰੇ ਸੀ, ਦੇਖਣ ਵਾਲਾ ਹੈ :
ਆਪਣੇ ਮੂੰਹ ਨੂੰ ਡੱਕਾ ਲਾ ਓਏ ਸ਼੍ਰੀਦੇ ਸ਼ਾਹ
ਇੰਝ ਨਾ ਆਪਣਾ ਕੱਦ ਵਧਾ ਓਏ ਸ਼੍ਰੀਦੇ ਸ਼ਾਹ।
ਨਿੰਦਿਆ ਮੇਰੀ ਮਾਂ ਬੋਲੀ ਦੀ ਕਰ ਕੇ ਤੂੰ,
ਦਿੱਤੀ ਆਪਣੀ ਜ਼ਾਤ ਵਿਖਾ ਓ ਸ਼੍ਰੀਦੇ ਸ਼ਾਹ।
ਬਾਬਾ ਨਜ਼ਮੀ ਦੀ ਸਮੁੱਚੀ ਸ਼ਾਇਰੀ ਦਾ ਇਹ ਕਲਾਮ ਗੁਰਮੁਖੀ ਅੱਖਰਾਂ ਵਿੱਚ ਆਉਣ ਨਾਲ ਪੰਜਾਬੀ ਦੇ ਵੱਡੇ ਪਾਠਕ ਵਰਗ ਦੇ ਆਤਮਕ ਬਲ ਨੂੰ ਨਵੀਂ ਜੁੰਬਸ਼ ਦੇਵੇਗਾ ਅਤੇ ਭਾਈਚਾਰਕ ਵਿਰਾਸਤ ਨੂੰ ਹੋਰ ਮਜ਼ਬੂਤ ਕਰੇਗਾ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’