Welcome to Canadian Punjabi Post
Follow us on

28

March 2024
 
ਨਜਰਰੀਆ

ਸਟੇਜੀ ਹੋਈਆਂ ਤੀਆਂ

July 31, 2019 09:29 AM

-ਪਰਮਜੀਤ ਕੌਰ ਸਰਹਿੰਦ
ਸਾਉਣ ਦੇ ਮਹੀਨੇ ਅਖਬਾਰਾਂ ਵਿੱਚ ਤੀਆਂ ਦੇ ਚਰਚੇ ਹੁੰਦੇ ਤੇ ਲਿਖਿਆ ਜਾਂਦਾ ਹੈ ਕਿ ਸਾਉਣ ਮਹੀਨੇ ਕੁੜੀਆਂ ਪੇਕੇ ਆਉਂਦੀਆਂ ਤੇ ਕੁਆਰੀਆਂ ਵਿਆਹੀਆਂ ਰਲ ਮਿਲ ਪੀਂਘਾਂ ਝੂਟਦੀਆਂ ਤੇ ਗਿੱਧਾ ਪਾਉਂਦੀਆਂ ਹਨ। ਗਿੱਧੇ ਦਾ ਨਜ਼ਾਰਾ ਪੇਸ਼ ਕਰਦੀ ਤਸਵੀਰ ਛਾਪ ਕੇ ਉਹੋ ਘਸੀਆਂ ਪਿਟੀਆਂ ਬੋਲੀਆਂ ਲਿਖੀਆਂ ਹੁੰਦੀਆਂ ਹਨ, ਪਰ ਹਕੀਕਤ ਨਹੀਂ ਲਿਖੀ ਜਾਂਦਾ। ਇਹ ਧਮਾਲਾਂ ਪਾਉਂਦੀਆਂ ਤੀਆਂ ਇਕ ਸੁਪਨਾ ਬਣ ਕੇ ਰਹਿ ਗਈਆਂ ਹਨ। ਉਹ ਰੰਗਲੇ ਦਿਨ ਬੜੇ ਪਿੱਛੇ ਰਹਿ ਗਏ ਹਨ, ਪਰ ਸਾਡਾ ਸੱਭਿਆਚਾਰ ਭੁਲਾਇਆ ਨਹੀਂ ਭੁੱਲਦਾ। ਤੀਆਂ ਦੇ ਦਿਨੀਂ ਵਿਆਹੀਆਂ ਕੁੜੀਆਂ ਪੇਕੇ ਆਈਆਂ ਹੁੰਦੀਆਂ ਸਨ ਤੇ ਖੂਬ ਰੌਣਕ ਹੁੰਦੀ। ਅੱਜ ਵੀ ਰੌਣਕ ਭਰੇ ਦਿਨਾਂ ਦੀ ਗੱਲ ਕਰਦਿਆਂ ਆਖ ਦਿੱਤਾ ਜਾਂਦਾ ਹੈ ਕਿ ‘ਤੀਆਂ ਵਰਗੇ ਦਿਨ ਲੰਘਦੇ ਨੇ।' ਹੌਲੀ-ਹੌਲੀ ਤੀਆਂ ਦਾ ਰੰਗ ਫਿੱਕਾ ਪੈਂਦਾ ਗਿਆ। ਡੂੰਘੇ ਮੋਹ ਪਿਆਰ ਘਟਦੇ ਗਏ। ਮਸ਼ੀਨੀ ਯੁੱਗ ਵਿੱਚ ਲੋਕ ਮਸ਼ੀਨਾਂ ਬਣ ਕੇ ਰਹਿ ਗਏ ਤੇ ਤੀਆਂ ਪਿੰਡਾਂ ਤੋਂ ਨਿਕਲ ਕੇ ਅਖਬਾਰ ਦੇ ਪੰਨੇ ਅਤੇ ਸਟੇਜ ਉਤੇ ਜਾਂ ਟੀ ਵੀ 'ਤੇ ਆ ਗਈਆਂ।
ਕਈ ਸਾਲਾਂ ਤੋਂ ਪਿੰਡਾਂ ਵਿਚ ਜਾਂ ਸ਼ਹਿਰਾਂ ਵਿੱਚ ਨਾ ਪੀਂਘਾਂ, ਨਾ ਗਿੱਧੇ ਦੇਖਣ ਨੂੰ ਮਿਲਦੇ ਹਨ, ਦਿਖਦੀ ਹੈ ‘ਬਿਊਟੀ ਪਾਰਲਰਾਂ' ਉਤੇ ਲੱਗੀ ਮਹਿੰਦੀ ਲਵਾਉਣ ਵਾਲੀਆਂ ਦੀ ਭੀੜ, ‘ਮੇਕਅੱਪ' ਕਰਵਾਉਣ ਵਾਲੀਆਂ ਦੀ ਭੀੜ, ਜਿਨ੍ਹਾਂ ਨੇ ਸਟੇਜ ਉਤੇ ਤੀਆਂ ਲਾਉਣੀਆਂ ਹੁੰਦੀਆਂ ਹਨ ਜਾਂ ਕੁਝ ਰੀਸੋ ਰੀਸੀ ਇਹ ਆਡੰਬਰ ਰਚਦੀਆਂ ਹਨ। ਕਈ ਵਾਰ ਪਿੰਡ ਜਾਂਦੇ ਹਾਂ ਜਾਂ ਪਿੰਡਾਂ ਵਿੱਚੋਂ ਲੰਘਦੇ ਹਾਂ ਤਾਂ ਕਿਤੇ ਵੀ ਉਹ ਪਹਿਲਾਂ ਵਾਲੇ ਤੀਆਂ ਦੇ ਨਜ਼ਾਰੇ ਨਹੀਂ ਦਿੱਦੇ। ਬਸ! ਕਿਸੇ ਘਰ ਦੇ ਅੱਗੇ ਦਰੱਖਤ ਉਤੇ ਛੋਟੇ-ਛੋਟੇ ਬੱਚੇ ਜ਼ਰੂਰ ਪੀਂਘਾਂ ਝੂਟ ਰਹੇ ਹੁੰਦੇ ਹਨ। ਜਦੋਂ ਜਾਂਦੇ ਹਾਂ ਤਾਂ ਕਦੇ ਕੋਈ ਬਚਪਨ ਦੀ ਸਹੇਲੀ ਨਹੀਂ ਮਿਲਦੀ, ਕਿਸੇ ਕੋਲ ਐਨਾ ਸਮਾਂ ਹੀ ਨਹੀਂ। ਕੋਈ ਕਿਸੇ ਨੂੰ ਪਿੰਡ ਤੀਆਂ 'ਤੇ ਆ ਕੇ ਮਿਲਣ ਨੂੰ ਸੁਨੇਹੇ ਨਹੀਂ ਘੱਲਦੀ।
ਅਜੋਕੇ ਸਮੇਂ ਤੀਆਂ ਸਟੇਜਾਂ ਉਤੇ ਜ਼ਰੂਰ ਭਰਦੀਆਂ ਹਨ, ਟੀ ਵੀ ਉਤੇ ਧਮਾਲਾਂ ਪਾਉਂਦੀਆਂ ਹਨ, ਪਰ ਇਨ੍ਹਾਂ ਤੀਆਂ ਵਿੱਚ ਕੀ ਉਹ ਰੰਗ ਵਰਸਦਾ ਹੈ ਜੋ ਖੁੱਲ੍ਹ ਦਿਲੀਆਂ ਪੇਂਡੂ ਮੁਟਿਆਰਾਂ ਦੇ ਪਿੰਡ ਦੀਆਂ ਤੀਆਂ ਦੇ ਗਿੱਧੇ ਵਿੱਚ ਧਮਾਲਾਂ ਨਾਲ ਵਰਸਦਾ ਸੀ? ਇਨ੍ਹਾਂ ਵਿੱਚ ਤਾਂ ਬਣਾਉਟੀਪਣ ਹੋਰ ਵੀ ਉਘੜਦਾ ਹੈ। ਮਣਾਂ ਮੂੰਹੀਂ ਨਹੀਂ ਤਾਂ ਸੇਰਾਂ ਮੂੰਹੀਂ ਗਹਿਣੇ ਤਾਂ ਇਨ੍ਹਾਂ ‘ਸਟੇਜੀ' ਮੁਟਿਆਰਾਂ ਨੇ ਜ਼ਰੂਰ ਪਾਏ ਹੁੰਦੇ ਹਨ। ਲੋਹੜੇ ਦੇ ਭੜਕੀਲੇ ਰੰਗਾਂ ਦੇ ਘੱਗਰੇ ਕੁੜਤੀਆਂ ਤੇ ਦੁਪੱਟੇ ਪਹਿਨੇ ਲਏ ਹੁੰਦੇ ਹਨ, ਪਰ ਕੀ ਸਾਡੀਆਂ ਪੇਂਡੂ ਮੁਟਿਆਰਾਂ ਏਦਾਂ ਦੇ ਹਾਰ ਸ਼ਿੰਗਾਰ ਤੇ ਭੜਕੀਲੇ ਕੱਪੜੇ ਪਹਿਨ ਕੇ ਪੇਕੇ ਪਿੰਡ ਤੀਆਂ ਮਨਾਉਂਦੀਆਂ ਤੇ ਗਿੱਧਾ ਪਾਉਂਦੀਆਂ ਸਨ? ਸਾਡੀਆਂ ਪੇਂਡੂ ਧੀਆਂ ਭੈਣਾਂ ਸਾਦਗੀ ਨਾਲ ਵਿਚਰਦੀਆਂ ਸਨ। ਉਹ ਕੱਪੜੇ ਗਹਿਣਿਆਂ ਦੀ ਨੁਮਾਇਸ਼ ਨਹੀਂ ਸੀ ਲਾਉਂਦੀਆਂ, ਉਹ ‘ਸਹੁਰੇ ਕੈਦ ਕੱਟੀ, ਨਾ ਚੋਰੀ ਨਾ ਡਾਕਾ' ਦੇ ਮਾਹੌਲ ਤੋਂ ਨਿਕਲ ਕੇ ਚਾਰ ਦਿਨ ਹੱਸਣ ਖੇਡਣ ਮਾਪਿਆਂ ਨੂੰ ਮਿਲਣ ਦਾ ਬਹਾਨਾ ਇਨ੍ਹਾਂ ਤੀਆਂ ਨੂੰ ਬਣਾਉਂਦੀਆਂ ਸਨ। ਬੋਲੀਆਂ ਪਾਉਂਦੀਆਂ:
ਵੇ ਨਾ ਝਿੜਕੀਂ ਵੇ ਚਾਚਾ
ਦੋ ਦਿਨ ਕੁੜੀਆਂ ਦਾ ਤਮਾਸ਼ਾ
ਵੇ ਨਾ ਝਿੜਕੀਂ ਵੇ ਤਾਇਆ
ਇਹ ਦਿਨ ਮਸਾਂ-ਮਸਾਂ ਨੂੰ ਆਇਆ
ਵੇ ਨਾ ਝਿੜਕੀਂ ਵੇ ਵੀਰਾ
ਦੋ ਦਿਨ ਕੁੜੀਆਂ ਵੇ ਵੀਰਾ
ਸਟੇਜ 'ਤੇ ਸਾਲਾਂ ਪੁਰਾਣੀ ਬੋਲੀ ਵੀ ਪੈਂਦੀ ਹੈ:
ਸਾਉਣ ਦਾ ਮਹੀਨਾ, ਬਾਗਾਂ ਵਿੱਚ ਬੋਲਣ ਮੋਰ ਵੇ
ਜਾਹ, ਮੈਂ ਨਹੀਂ ਸਹੁਰੇ ਜਾਣਾ, ਗੱਡੀ ਨੂੰ ਖਾਲੀ ਮੋੜ ਵੇ
ਇਹ ਬੋਲੀ ਉਸ ਪੇਂਡੂ ਅੱਲ੍ਹੜ ਮੁਟਿਆਰ ਦੇ ਬੋਲਾਂ ਵਾਲਾ ਅਸਰ ਨਹੀਂ ਰੱਖਦੀ, ਜਿਸ ਨੂੰ ਕੈਂਠੇ ਵਾਲਾ ਪ੍ਰਾਹੁਣਾ ਲੈਣ ਆਉਂਦਾ ਸੀ। ਸਾਡੀਆਂ ਪੇਂਡੂ ਤੀਆਂ ਦੀ ਇਸ ਬੋਲੀ ਦੀ ਅੱਜ ਕੀ ਅਹਿਮੀਅਤ ਹੈ, ‘ਬੱਲੀਏ ਨੀਂ ਗੱਡੀ ਵਿੱਚੋਂ ਲੱਤ ਲਮਕੇ, ਗੋਰੇ ਪੈਰ ਸਲੀਪਰ ਕਾਲੇ..।' ਕਿਉਂਕਿ ਗੱਡੀ ਵਿੱਚ ਸਾਡੀ ਉਹ ਅੱਲ੍ਹੜ ਮੁਟਿਆਰ ਨਹੀਂ, ਜਿਹੜੀ ਸਹੁਰੇ ਜਾਣ ਵੇਲੇ ਮਾਂ ਨੂੰ ਮਿਲ ਕੇ ਰੋ-ਰੋ ਕੇ ਚੁਬਾਰੇ ਦੀਆਂ ਕੰਧਾਂ ਹਿਲਾ ਦਿੰਦੀ ਸੀ, ਜਿਹੜੀ ਭੈਣਾਂ ਭਰਜਾਈਆਂ ਤੇ ਭਾਈ ਭਤੀਜਿਆਂ ਦੇ ਗੱਲ ਲੱਗ ਕੇ ਧਾਹੀਂ ਰੋਂਦੀ ਸੀ, ਕਿਉਂਕਿ ਸਾਲ ਛਿਮਾਹੀ ਮਿਲਣ ਦਾ ਸਬੱਬ ਨਹੀਂ ਸੀ ਹੁੰਦਾ। ਸਟੇਜੀ ਤੀਆਂ ਵਿੱਚ ਫੁੱਲਾਂ ਫੁਲਕਾਰੀਆਂ ਨਾਲ ਸ਼ਿੰਗਾਰੇ ਰੱਥ ਜਾਂ ਰੱਥ ਗੱਡੀ ਵਿੱਚ ਵੀ ਕਿਸੇ ਮੰਤਰੀ, ਵਿਧਾਇਕ ਜਾਂ ਵੱਡੇ ਸਰਕਾਰੀ ਅਫਸਰ ਦੀ ਪਤਨੀ ਆਉਂਦੀ ਹੈ ਆਪਣੀ ਕਿੱਟੀ ਪਾਰਟੀ ਵਾਲੀਆਂ ਸਹੇਲੀਆਂ ਨਾਲ ਤੇ ਗੰਨ ਮੈਨ ਇਨ੍ਹਾਂ ਦੇ ਨਾਲ ਵੀ ਹੁੰਦੇ ਹਨ। ਗੱਡੀ ਵਿੱਚੋਂ ਲੱਤ ਤਾਂ ਕੀ ਸਾੜ੍ਹੀ ਦਾ ਪੱਲਾ ਜਾਂ ਚੁੰਨੀ ਦਾ ਲੜ ਵੀ ਬਾਹਰ ਝਾਕ ਜਾਵੇ, ਕੀ ਮਜਾਲ ਹੈ? ਏ ਸੀ ਵਾਲੀ ਗੱਡੀ ਬੰਦ ਹੁੰਦੀ ਹੈ। ਉਹ ਕੋਈ ਰੋ-ਰੋ ਕੇ ਕਮਲੀ ਹੋਈ ਕੁੜੀ ਥੋੜ੍ਹਾ ਹੈ, ਜਿਸ ਨੂੰ ਮਾਪਿਆਂ ਤੇ ਭੈਣਾਂ ਭਰਾਵਾਂ ਤੋਂ ਵਿੱਛੜਦਿਆਂ ਆਪੇ ਦੀ ਸੁਰਤ ਵੀ ਨਹੀਂ ਰਹਿੰਦੀ। ਇਹ ਸਟੇਜੀ ਤੀਆਂ ਵਾਲੀਆਂ ਸਖੀਆਂ ਉਹ ਸਖੀਆਂ ਨਹੀਂ ਹੋ ਸਕਦੀਆਂ ਜਿਨ੍ਹਾਂ ਕੋਲ ਤੀਆਂ ਦੇ ਗਿੱਧੇ ਵਿੱਚ ਦਿਲ ਦੇ ਗੁਬਾਰ ਕੱਢੇ ਜਾਣ, ਜਿਨ੍ਹਾਂ ਕੋਲ ਸੱਸ ਦਾ ਕਚੀਰਾ ਕੀਤਾ ਜਾਵੇ, ਨਖਰੇ ਪਿੱਟੀ ਨਣਦ ਦੀ ਗੱਲ ਕੀਤੀ ਜਾਵੇ ਜਾਂ ਚੌਧਰ ਕਰਦੀ ਜਠਾਣੀ ਦੇ ਦੁੱਖ ਰੋਏ ਜਾਣ ਜਾਂ ਸਹੁਰੇ ਤੇ ਜੇਠ ਤੋਂ ਘੁੰਡ ਕੱਢਣ ਦੀ ਔਖ ਦੇ ਹੱਲ ਲੱਭੇ ਜਾਣ ਤੇ ਜਾਂ ਸਭ ਤੋਂ ਵੱਡਾ ਦੁੱਖ ਅਣਜੋੜ ਵਰ ਦਾ ਰੋਇਆ ਜਾਵੇ। ਮਾਡਰਨ ਤੀਆਂ ਵਿੱਚ ਗੱਲਾਂ ਹੁੰਦੀਆਂ ਹਨ ਸੂਟਾਂ ਸਾੜੀਆਂ ਦੀਆਂ, ਨਾਲ ਹੀ ਸੈਂਡਲ ਸਲੀਪਰ ਦੇ ਵਧੀਆ ਮੈਚ ਦੀਆਂ, ਡਾਇਮੰਡ ਦੇ ਵਧੀਆ ਸੈਟ ਦੀਆਂ ਜਾਂ ਚੰਗੇ ਬਿਊਟੀ ਪਾਰਲਰ ਦੇ ਐਡਰੈਸ ਦੀਆਂ..
ਪੇਂਡੂ ਤੇ ਪੁਰਾਤਨ ਤੀਆਂ ਵਿੱਚ ਅਧੂਰੀਆਂ ਹਸਰਤਾਂ ਦੀ ਗੱਲ ਹੁੰਦੀ ਸੀ। ਸੱਸ ਦੇ ਡਰੋਂ ਸੂਫ ਦੀ ਸੁੱਥਣ ਪਾਉਣ ਨੂੰ ਤਰਸਦੀਆਂ ਕੁੜੀਆਂ ਇਥੇ ਹੀ ਕਹਿੰਦੀਆਂ:
ਸੁੱਥਣੇ ਸੂਫ ਦੀਏ, ਤੈਨੂੰ ਸੱਸ ਮਰੀ ਤੋਂ ਪਾਵਾਂ
ਇਥੇ ਹੀ ਨਣਦ ਦੀ ਸਰਦਾਰੀ ਨੂੰ ਕੋਸਿਆ ਜਾਂਦਾ:
ਉਹ ਘਰ ਨਹੀਂ ਵੱਸਦੇ, ਜਿਥੇ ਨਣਦਾਂ ਦੀ ਸਰਦਾਰੀ
ਕੋਈ ਅਣਜੋੜ ਵਰ ਦਾ ਦੁੱਖ ਰੋਂਦੀ:
ਮੁੰਡਾ ਰੋਹੀ ਦੀ ਕਿੱਕਰ ਤੋਂ ਜਾਤੂ
ਵਿਆਹ ਕੇ ਲੈ ਗਿਆ ਤੂਤ ਦੀ ਛਟੀ
ਸਟੇਜੀ ਜਾਂ ਅਜੋਕੀਆਂ ਤੀਆਂ ਅਤੇ ਅਸਲੀ ਜਾਂ ਪੁਰਾਤਨ ਤੀਆਂ ਦੇ ਫਰਕ ਨੂੰ ਉਹੀ ਮਨ ਸਮਝ ਸਕਦਾ ਹੈ, ਜਿਸ ਨੇ ਉਹ ਦੇਖੀਆਂ ਮਾਣੀਆਂ ਹੋਣ। ਪੇਂਡੂ ਗਰੀਬ ਕਿਰਸਾਨੀ ਘਰਾਂ ਤੋਂ ਤੰਗੀ ਤੁਰਸ਼ੀ ਕੱਟਦੀਆਂ, ਮਿਹਨਤ ਮੁਸ਼ੱਕਤ ਕਰਨ ਵਾਲੀਆਂ ਮੁਟਿਆਰਾਂ ਨੂੰ ਤੀਆਂ ਫਿਰ ਹਾਲਾਤ ਨਾਲ ਨਜਿੱਠਣ ਦੀ ਤਾਕਤ ਦਿੰਦੀਆਂ, ਮਨ ਨੂੰ ਰਾਹਤ ਦਿੰਦੀਆਂ। ਅੱਜ ਕੋਈ ਮੁਟਿਆਰ ਪਿੰਡ ਵਿੱਚ ਰਹਿਣਾ ਪਸੰਦ ਨਹੀਂ ਕਰਦੀ, ਭਾਵੇਂ ਪੇਂਡੂ ਹੀ ਹੋਵੇ। ਕੁਝ ਰੋਜ਼ੀ ਰੋਟੀ ਦੀ ਮਜਬੂਰੀ ਸ਼ਹਿਰੀਂ ਲੈ ਵੜੀ ਅਤੇ ਵਿਦੇਸ ਲੈ ਤੁਰੀ ਹੈ। ਉਦੋਂ ਤਾਂ ਮੁਟਿਆਰਾਂ ਕਹਿੰਦੀਆਂ ਸਨ:
ਨੌਕਰ ਨੂੰ ਨਾ ਦੇਈਂ ਬਾਬਲਾ, ਹਾਲੀ ਪੁੱਤ ਬਥੇਰੇ
ਨੌਕਰ ਪੁੱਤ ਤਾਂ ਘਰ ਨਾ ਰਹਿੰਦੇ, ਵਿੱਚ ਪਰਦੇਸਾਂ ਡੇਰੇ
ਮੈਂ ਤੈਨੂੰ ਵਰਜ ਰਹੀ, ਦੇਈਂ ਨਾ ਬਾਬਲਾ ਫੇਰੇ
ਸਮੇਂ ਨਾਲ ਮੁਟਿਆਰ ਦੀ ਸੋਚ ਵੀ ਬਦਲ ਗਈ ਤੇ ਤੀਆਂ ਦੇ ਗਿੱਧੇ ਵਿੱਚ ਉਹ ਬੋਲੀ ਪਾਉਣ ਲੱਗੀ:
ਵੱਸਣਾ ਨੌਕਰ ਦੇ, ਭਾਵੇਂ ਸਣੇ ਬੂਟ ਲੱਤ ਮਾਰੇ
ਜਾਂ ਕੋਈ ਕਹਿੰਦੀ ਹੈ:
ਟਿਕਟਾਂ ਦੋ ਲੈ ਲਈਂ
ਜਿੱਥੇ ਚੱਲੇਂਗਾ ਚੱਲੂੰਗੀ ਨਾਲ ਤੇਰੇ
ਉਨ੍ਹਾਂ ਪੁਰਾਣੀਆਂ ਤੀਆਂ ਨੂੰ ਯਾਦ ਕਰਕੇ ਸੋਚਦੀ ਹਾਂ ਕਿ ਅੱਜ ਸਾਉਣ ਦੇ ਮਹੀਨੇ ਕੋਈ ਮੁਟਿਆਰ ਆਪਣੇ ਢੋਲ ਨੂੰ ਇਹ ਨਹੀਂ ਕਹਿੰਦੀ:
ਆਰੀ-ਆਰੀ-ਆਰੀ
ਤੀਆਂ ਦਾ ਮਹੀਨਾ ਢੋਲਣਾ
ਪੇਕੇ ਘੱਲ ਦੇ ਸਵੇਰ ਵਾਲੀ ਲਾਰੀ
ਅੱਜ ਨਾ ਹੀ ਕੋਈ ਮੁਟਿਆਰ ਪੇਕੇ ਆ ਕੇ ਰਹਿੰਦੀ ਹੈ ਤੇ ਨਾ ਹੀ ਕਹਿੰਦੀ ਹੈ:
ਸਾਉਣ ਦਾ ਮਹੀਨਾ ਅੜਿਆ, ਪੇਕੇ ਪਿੰਡ ਮਨਾਈਦਾ
ਬੇਅਕਲੀ ਦਿਆ ਜਾਇਆ
ਵੇ ਤੀਆਂ ਨੂੰ ਲੈਣ ਨੀਂ ਆਈਦਾ

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ