-ਰਾਜੇਸ਼ ਰਿਖੀ ਪੰਜਗਰਾਈਆਂ
‘‘ਬਾਈ ਕੀ ਕਰੀਏ, ਘਰ ਵਿੱਚ ਇੱਕ ਉਤੇ ਇੱਕ ਉਲਝੇਵਾਂ ਪੈ ਰਿਹਾ ਹੈ। ਪਹਿਲਾਂ ਬੱਚਾ ਬਿਮਾਰ। ਫਿਰ ਪਤਨੀ ਦਾ ਤਾਇਆ ਸੁਰਗਵਾਸ ਹੋ ਗਿਆ। ਫਿਰ ਮੇਰੇ ਤਾਏ ਦਾ ਮੁੰਡਾ ਘਰੋਂ ਰੁੱਸ ਕੇ ਭੱਜ ਗਿਆ। ਰਹਿੰਦੀ-ਖੂੰਹਦੀ ਮੋਟਰ ਖਰਾਬ ਹੋ ਗਈ। ਪਤਾ ਨਹੀਂ ਕੀ ਚੱਲ ਰਿਹਾ ਸਭ। ਮੇਰੀਆਂ ਸਾਰੀਆਂ ਛੁੱਟੀਆਂ ਆਹ ਮਾਰਚ ਵਿੱਚ ਹੀ ਮੁੱਕਣ ਵਾਲੀਆਂ ਹੋ ਗਈਆਂ।”
‘‘ਇਹ ਆਪਾਂ ਸਮਾਧਾਂ ਵਾਲੇ ਬਾਬੇ ਨੂੰ ਪੁੱਛਾਂਗੇ। ਇੱਕ ਧਾਗੇ ਨਾਲ ਸਭ ਠੀਕ ਕਰ ਦੇਊ, ਪਰ ਆਹ ਛੁੱਟੀਆਂ ਖਤਮ ਹੋਣ ਵਾਲੀ ਗੱਲ ਸਮਝ ਨਹੀਂ ਆਈ।”
‘‘ਇਹਦੇ ਵਿੱਚ ਨਾ ਸਮਝ ਆਉਣ ਵਾਲੀ ਕਿਹੜੀ ਗੱਲ ਹੈ। ਬਈ ਜਦੋਂ ਐਨੇ ਕੰਮ ਨਿਕਲਦੇ ਰਹੇ ਤਾਂ ਮੈਂ ਦਫਤਰ ਤੋਂ ਛੁੱਟੀ ਲੈ ਕੇ ਕੰਮ ਹੀ ਕਰਨੇ ਸੀ।”
‘‘ਹੈਂ! ਛੁੱਟੀਆਂ ਲੈ ਕੇ ਕਿਉਂ? ਤੇਰੇ ਦਫਤਰ ਵਿੱਚ ਐਡਜਸਟ ਨਹੀਂ ਕਰਦੇ?”
‘‘ਐਡਜਸਟ! ਮੈਂ ਸਮਝਿਆ ਨਹੀਂ। ਕੀ ਮਤਲਬ?”
‘‘ਓ ਭਰਾਵਾ! ਮੇਰਾ ਸਿੱਧਾ ਮਤਲਬ ਹੈ ਕਿ ਫਰਲੋ।”
‘‘ਫਰਲੋ ਕਿਸ ਲਈ ਮਾਸਟਰ ਜੀ? ਮੇਰੇ ਕੰਮ ਸੀ, ਮੈਂ ਨਹੀਂ ਛੁੱਟੀ ਲਵਾਂਗਾ ਤਾਂ ਹੋਰ ਕੌਣ ਲਵੇਗਾ। ਨਾਲੇ ਛੁੱਟੀਆਂ ਤਾਂ ਹੁੰਦੀਆਂ ਹੀ ਦੁਖਦੇ ਸੁਖਦੇ ਲਈ ਹਨ।”
‘‘ਓ ਛੱਡ ਯਾਰ, ਛੁੱਟੀਆਂ ਇਸ ਲਈ ਥੋੜ੍ਹਾ ਹੁੰਦੀਆਂ ਨੇ, ਤੁਹਾਨੂੰ ਕਿਹੜਾ ਸਮਝਾਵੇ! ਦੇਖ ਭਰਾਵਾ, ਜੇ ਤੇਰੇ ਵਾਂਗ ਛੁੱਟੀ ਭਰਨ ਲੱਗ ਜਾਈਏ ਤਾਂ ਆਹ ਦਸ ਸੀ ਐੱਲ ਤੇ ਬਾਕੀ ਮੈਡੀਕਲ ਛੁੱਟੀਆਂ ਨਾਲ ਸਾਰੇ ਸਾਲ ਵਿੱਚ ਸਾਡਾ ਕਿੱਥੋਂ ਸਰ ਜਾਵੇ। ਇਹ ਤਾਂ ਅਸੀਂ ਇੱਕ ਮਹੀਨੇ ਵਿੱਚ ਹੀ ਮੁਕਾ ਦੇਈਏ।”
‘‘ਤੁਸੀਂ ਦੱਸੋ ਮਾਸਟਰ ਜੀ, ਐਡਜਸਟ ਕਿਵੇਂ ਹੁੰਦੈ?”
“ਪੰਜ ਵਾਰ ਜੇ ਕੋਈ ਨਿੱਕਾ ਮੋਟਾ ਕੰਮ ਪੈ ਜਾਵੇ ਜਾਂ ਜਾਣ ਨੂੰ ਚਿੱਤ ਜਿਹਾ ਨਾ ਕਰੇ ਤਾਂ ਆਪਣੇ ਮੁੱਖ ਅਧਿਆਪਕ ਨੂੰ ਇੱਕ ਫੋਨ ਹੀ ਕਰਨਾ ਹੁੰਦੈ ਕਿ ‘ਸਰ ਜੀ, ਜ਼ਰਾ ਐਡਜਸਟ ਕਰ ਲਿਓ।”
‘‘ਨਿੱਕਾ ਮੋਟਾ ਕੰਮ? ਮੈਂ ਸਮਝਿਆ ਨਹੀਂ।”
‘‘ਓ ਤੂੰ ਵੀ ਭੋਲਾ ਹੀ ਹੈਂ। ਨਿੱਕਾ ਮੋਟਾ ਕੰਮ, ਜਿਵੇਂ ਪਤਨੀ ਨੂੰ ਸੂਟ ਦਿਵਾਉਣ ਜਾਣਾ ਹੋਵੇ, ਬੱਚੇ ਦੀ ਫੀਸ ਭਰਨ ਜਾਣਾ ਜਾਂ ਦਵਾਈ ਬੂਟੀ ਕਰਾਉਣ ਡਾਕਟਰ ਦੇ ਜਾਣਾ ਜਾਂ ਸਹੁਰੇ ਜਾਣਾ ਜਾਂ ਕਣਕ ਉੱਤੇ ਕਰਨ ਵਾਲੀ ਸਪਰੇਅ ਲੈਣ ਜਾਣਾ ਹੋਵੇ, ਤੂੰ ਗੱਲ ਮੁਕਾ, ਇਹੋ ਜਿਹਾ ਹੀ ਕੋਈ ਹੋਰ ਨਿੱਕਾ ਮੋਟਾ ਕੰਮ ਹੋਵੇ ਤਾਂ...। ਹੋਰ ਮਾਸਟਰਾਂ ਨੂੰ ਕੀ ਕੰਮ ਹੁੰਦੇ ਨੇ।”
‘‘ਇਹ ਤਾਂ ਬੜਾ ਰਿਸਕੀ ਹੈ ਮਾਸਟਰ ਜੀ, ਆਖਰ ਨੂੰ ਸਰਕਾਰੀ ਡਿਊਟੀ ਹੈ, ਕਿਤੇ ਜੇ ਕੋਈ ਚੈਕਿੰਗ ਹੋ ਜਾਵੇ।”
‘‘ਮੈਨੇਜਰ ਸਾਹਿਬ, ਤੁਸੀਂ ਤਾਂ ਬਾਹਲੇ ਡਰਪੋਕ ਓ। ਦਰਅਸਲ ਆਪਣਾ ਖਾਨਾ ਖਾਲੀ ਹੁੰਦੈ। ਜੇ ਕੋਈ ਚੈਕਿੰਗ ਟੀਮ ਆਉਂਦੀ ਨਜ਼ਰ ਪਵੇ ਤਾਂ ਉਹ ਜਦੋਂ ਨੂੰ ਟੀਮ ਸਕੂਲ ਅੰਦਰ ਆਊ, ਰਜਿਸਟਰ ਚੁੱਕ ਕੇ ਛੁੱਟੀ ਕਰ ਦਿਓ ਜਾਂ ਮੂਵਮੈਂਟ ਦਿਖਾ ਦਿਓ ਕਿ ਭਾਈ ਉਹ ਮਿਡ ਡੇਅ ਮੀਲ ਦਾ ਸਿਲੰਡਰ ਭਰਾਉਣ ਗਿਆ ਹੋਇਐ। ਬੱਸ ਹੋਰ ਕੀ ਹੈ, ਨਾਲੇ ਭੇਡ ਮਰੀ ਉੱਤੇ ਫਾਂਸੀ ਨਹੀਂ ਹੁੰਦੀ।”
‘‘ਇਹ ਤਾਂ ਤੇਰੇ ਵਰਗਾ ਕੋਈ ਵਿਰਲਾ ਹੀ ਕਰਦਾ ਹੋਣਾ। ਆਖਰ ਡਿਊਟੀ ਵੀ ਕੋਈ ਚੀਜ਼ ਹੈ।”
‘‘ਮੇਰੇ ਵਰਗਾ ਕੋਈ...? ਬਈ ਇਥੇ ਤੇਰੇ ਵਰਗਾ ਕੋਈ ਕੋਈ ਹੈ। ਤੈਨੂੰ ਇੱਕ ਗੱਲ ਦੱਸਾਂ, ਸਾਡੇ ਮਹਿਕਮੇ ਵਿੱਚ ਇਹ ਐਡਜਸਟਮੈਂਟ ਐਨੀ ਵਧੀਆ ਚੀਜ਼ ਹੈ ਨਾ..।” ਚਾਹੇ ਅਸੀਂ ਵਿਆਹ ਕਰਾਉਣਾ ਹੋਵੇ, ਯਾਤਰਾ 'ਤੇ ਜਾਣਾ ਹੋਵੇ, ਘਰ ਬਣਾਉਣਾ ਹੋਵੇ, ਕੋਈ ਖੁਸ਼ੀ ਹੋਵੇ ਜਾਂ ਗਮੀ ਖਾਨੇ ਵਿੱਚ ਛੁੱਟੀ ਭਰਾਉਣ ਦੀ ਲੋੜ ਨਹੀਂ ਪੈਂਦੀ। ਬੱਸ ਇੱਕ ਫੋਨ ਹੀ ਕਰਨਾ ਪੈਂਦਾ ਹੈ ਕਿ ਸਰ ਜੀ, ਜ਼ਰਾ ਐਡਜਸਟ ਕਰ ਲਓ।”
‘‘ਜੇ ਥੋੜ੍ਹਾ ਮੋਟਾ ਲੇਟ ਜਾਣਾ ਜਾਂ ਪਹਿਲਾਂ ਆਉਣਾ ਹੋਵੇ ਫਿਰ?”
‘‘ਫਿਰ ਤਾਂ ਕਦੇ ਕਦੇ ਫੋਨ ਕਰਨ ਦੀ ਲੋੜ ਵੀ ਨਹੀਂ ਪੈਂਦੀ। ਬੱਸ ਪਤਾ ਹੀ ਹੁੰਦੈ ਕਿ ਆ ਜਾਣਗੇ।”
‘‘ਤੁਹਾਡੀ ਜ਼ਮੀਰ ਕੁਝ ਨਹੀਂ ਕਹਿੰਦੀ ਕਿ ਤੁਸੀਂ ਆਪਣੀ ਡਿਊਟੀ, ਫਰਜ਼ ਨਾਲ ਇਨਸਾਫ ਨਹੀਂ ਕਰ ਰਹੇ?”
‘‘ਓ ਬਾਹਲਾ ਨਹੀਂ ਸੋਚੀਦਾ। ਸਾਡੇ ਵਿੱਚ ਵੀ ਹੈਨੀ ਤੇਰੇ ਵਾਂਗ ਮਹਾਨ ਗੱਲਾਂ ਕਰਨ ਵਾਲੇ ਤੇ ਫਿਰ ਤੇਰੇ ਵਾਂਗ ਤੀਜੇ ਮਹੀਨੇ ਛੁੱਟੀਆਂ ਮੁਕਾ ਕੇ ਬੈਠ ਜਾਂਦੇ ਹਨ ਤੇ ਸਾਡੇ ਵਰਗਿਆਂ ਕੋਲ ਦਸੰਬਰ 'ਚ ਵੀ ਵਾਧੂ ਛੁੱਟੀਆਂ ਪਈਆਂ ਹੁੰਦੀਆਂ ਨੇ।”
‘‘ਭਾਵੇਂ ਸਾਡੀਆਂ ਛੁੱਟੀਆਂ ਜਿਹੜੇ ਮਹੀਨੇ ਮਰਜ਼ੀ ਮੁੱਕ ਜਾਣ, ਸਾਡੀ ਇਮਾਨਦਾਰੀ ਕਦੇ ਨਹੀਂ ਮੁੱਕਦੀ ਤੇ ਜਿਹੜਾ ਆਪਣੀ ਡਿਊਟੀ, ਆਪਣੇ ਕਿੱਤੇ ਨਾਲ ਇਨਸਾਫ ਨਹੀਂ ਕਰਦਾ ਉਸ ਨੂੰ ਪ੍ਰਮਾਤਮਾ ਕਦੇ ਮੁਆਫ ਨਹੀਂ ਕਰਦਾ।”
‘‘ਇਹ ਤਾਂ ਸਾਰੇ ਥਾਂ ਚੱਲਦਾ ਜਨਾਬ। ਜੇ ਐਡਜਸਟ ਨਾ ਹੋਵੇ, ਫਿਰ ਸਰਕਾਰੀ ਮੁਲਾਜ਼ਮ ਕਾਹਦੇ।”
‘‘ਸਾਰੇ ਥਾਂ ਨਹੀਂ ਚਲਦਾ। ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਅਤੇ ਸਮਾਂ ਵੀ ਸਦਾ ਇੱਕੋ ਜਿਹਾ ਨਹੀਂ ਰਹਿੰਦਾ, ਮੈਂ ਤੁਹਾਨੂੰ ਕੀ ਸਮਝਾ ਸਕਦਾ ਹਾਂ, ਤੁਸੀਂ ਤਾਂ ਖੁਦ ਗੁਰੂ ਹੋ, ਗਿਆਨ ਵੰਡਣ ਵਾਲੇ ਸੂਰਜ ਹੋ। ਚੰਗਾ ਚੱਲਦਾ ਹਾਂ ਮਾਸਟਰ ਜੀ, ਮੇਰਾ ਤਾਂ ਡਿਊਟੀ ਦਾ ਸਮਾਂ ਹੋ ਗਿਆ। ਤੁਸੀਂ ਤਾਂ ਕਹਿ ਹੀ ਦੇਣਾ ਐ ‘ਸਰ ਜੀ, ਜ਼ਰਾ ਐਡਜਸਟ ਕਰ ਲਿਓ।’