Welcome to Canadian Punjabi Post
Follow us on

29

March 2024
 
ਟੋਰਾਂਟੋ/ਜੀਟੀਏ

ਕੈਨੇਡੀਅਨਾਂ ਦੇ ਮਨਾਂ ਵਿੱਚ ਫੈਡਰਲ ਸਰਕਾਰ ਪ੍ਰਤੀ ਗੁੱਸਾ ਤੇ ਨਕਾਰਾਤਮਕਤਾ ਵੱਧ : ਸਰਵੇਖਣ

July 26, 2019 09:37 AM

ਓਟਵਾ, 25 ਜੁਲਾਈ (ਪੋਸਟ ਬਿਊਰੋ) : ਨੈਨੋਜ਼ ਰਿਸਰਚ ਦੇ ਵਿਸ਼ਲੇਸ਼ਕ ਨਿੱਕ ਨੈਨੋਜ਼ ਅਨੁਸਾਰ ਇਸ ਸਮੇਂ ਕੈਨੇਡੀਅਨਾਂ ਦਰਮਿਆਨ ਫੈਡਰਲ ਸਰਕਾਰ ਲਈ ਤਸੱਲੀ ਜਾਂ ਸਕਾਰਾਤਮਕਤਾ ਨਾਲੋਂ ਗੁੱਸਾ ਜਾਂ ਨਕਾਰਾਤਮਕਤਾ ਵਧੇਰੇ ਹੈ।
ਨੈਨੋਜ਼ ਵੱਲੋਂ ਕਰਵਾਏ ਗਏ ਨਵੇਂ ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ ਭਾਵੇਂ ਪਿਛਲੇ 60 ਦਿਨਾਂ ਵਿੱਚ ਫੈਡਰਲ ਸਰਕਾਰ ਪ੍ਰਤੀ ਕੈਨੇਡੀਅਨਾਂ ਦੇ ਗੁੱਸੇ ਵਿੱਚ ਥੋੜ੍ਹੀ ਕਮੀ ਆਈ ਹੈ ਪਰ ਅਜੇ ਵੀ ਸਕਾਰਾਤਮਕਤਾ ਦੀ ਥਾਂ ਉੱਤੇ ਨਕਾਰਾਤਮਕਤਾ ਹਾਵੀ ਹੈ। ਕੈਨੇਡੀਅਨਾਂ ਦੇ ਮਨਾਂ ਵਿੱਚ ਫੈਡਰਲ ਸਰਕਾਰ ਪ੍ਰਤੀ ਨਕਾਰਾਤਮਕਤਾ ਦਾ ਭਾਵ 30 ਫੀ ਸਦੀ ਹੈ ਜਦਕਿ ਗੁੱਸਾ 23 ਫੀ ਸਦੀ ਤੱਕ ਕੈਨੇਡੀਅਨਾਂ ਦੇ ਮਨਾਂ ਵਿੱਚ ਹੈ। ਸਿਰਫ 14 ਫੀ ਸਦੀ ਕੈਨੇਡੀਅਨਾਂ ਦਾ ਕਹਿਣਾ ਹੈ ਕਿ ਉਹ ਸਰਕਾਰ ਪ੍ਰਤੀ ਸਕਾਰਾਤਮਕ ਨਜ਼ਰੀਆ ਰੱਖ ਰਹੇ ਹਨ ਜਦਕਿ 15 ਫੀ ਸਦੀ ਦਾ ਕਹਿਣਾ ਹੈ ਕਿ ਉਹ ਸੰਤੁਸ਼ਟ ਹਨ।
ਪ੍ਰੇਰੀਜ਼ ਵਿੱਚ 38 ਫੀ ਸਦੀ ਕੈਨੇਡੀਅਨਾਂ ਨੇ ਆਖਿਆ ਕਿ ਉਹ ਫੈਡਰਲ ਸਰਕਾਰ ਤੋਂ ਖ਼ਫਾ ਹਨ, ਜੋ ਕਿ ਕੌਮੀ ਪੱਧਰ ਤੋਂ ਵੀ ਅੱਠ ਫੀ ਸਦੀ ਵੱਧ ਹੈ, ਜਦਕਿ 29 ਫੀ ਸਦੀ ਨੇ ਆਖਿਆ ਕਿ ਉਨ੍ਹਾਂ ਦਾ ਫੈਡਰਲ ਸਰਕਾਰ ਪ੍ਰਤੀ ਰੌਂਅ ਨਕਾਰਾਤਮਕ ਹੈ। ਪ੍ਰੇਰੀ ਵਾਸੀਆਂ ਵਿੱਚੋਂ ਸਿਰਫ ਨੌਂ ਫੀ ਸਦੀ ਨੇ ਆਖਿਆ ਕਿ ਉਹ ਸੰਤੁਸ਼ਟ ਹਨ, ਜੋ ਕਿ ਕੌਮੀ ਪੱਧਰ ਨਾਲੋਂ ਛੇ ਅੰਕ ਹੇਠਾਂ ਹੈ। ਅਲਬਰਟਾ ਦੇ ਪ੍ਰੀਮੀਅਰ ਜੇਸਨ ਕੇਨੀ ਪਿੱਛੇ ਜਿਹੇ ਅਲਬਰਟਾ ਵਾਸੀਆਂ ਵੱਲੋਂ ਮਹਿਸੂਸ ਕੀਤੀ ਜਾ ਰਹੀ ਖਿੱਝ ਤੇ ਅਲੱਗ ਥਲੱਗ ਪੈਣ ਦੀ ਭਾਵਨਾ ਬਾਰੇ ਦੱਸ ਰਹੇ ਸਨ ਕਿ ਉਨ੍ਹਾਂ ਦੀ ਪ੍ਰੋਵਿੰਸ ਨੇ ਕੈਨੇਡਾ ਦੇ ਅਰਥਚਾਰੇ ਵਿੱਚ ਕਈ ਬਿਲੀਅਨ ਡਾਲਰ ਦਾ ਯੋਗਦਾਨ ਪਾਇਆ ਪਰ ਹੁਣ ਸਾਨੂੰ ਸਾਡੇ ਵਸੀਲਿਆਂ ਦੇ ਵਿਕਾਸ ਤੋਂ ਹੀ ਰੋਕ ਦਿੱਤਾ ਗਿਆ ਹੈ।
ਨੈਨੋਜ਼ ਦਾ ਵੀ ਇਹੋ ਮੰਨਣਾ ਹੈ ਕਿ ਫੈਡਰਲ ਸਰਕਾਰ ਨੂੰ ਪਰਿਭਾਸ਼ਤ ਕਰਨ ਲਈ ਦਸ ਵਿੱਚੋਂ ਚਾਰ ਅਲਬਰਟਾ ਵਾਸੀ ਗੁੱਸੇ ਦੀ ਵਰਤੋਂ ਕਰਦੇ ਹਨ। ਇਸ ਲਈ ਇਸ ਵਿੱਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਉੱਥੋਂ ਦੇ ਪ੍ਰੀਮੀਅਰ ਵੱਲੋਂ ਇਸਦਾ ਜਿ਼ਕਰ ਕੀਤਾ ਗਿਆ। ਕੇਨੀ ਦੇ ਵਿਚਾਰਾਂ ਨਾਲ ਹੀ ਮੇਲ ਖਾਂਦੇ ਵਿਚਾਰ ਸਸਕੈਚਵਨ ਦੇ ਪ੍ਰੀਮੀਅਰ ਸਕੌਟ ਮੋਅ ਦੇ ਹਨ। ਉਹ ਵੀ ਓਟਵਾ ਦੇ ਕਾਰਬਨ ਟੈਕਸ ਤੇ ਊਰਜਾ ਸਬੰਧੀ ਨੀਤੀਆਂ ਨੂੰ ਕੌਮੀ ਏਕਤਾ ਲਈ ਖਤਰਾ ਦੱਸ ਚੁੱਕੇ ਹਨ। ਨੈਨੋਜ਼ ਨੇ ਆਖਿਆ ਕਿ ਕੈਨੇਡੀਅਨਾਂ ਨੇ ਇਨ੍ਹਾਂ ਪ੍ਰੋਵਿੰਸ਼ੀਅਲ ਆਗੂਆਂ ਨੂੰ ਗੁੱਸਾ ਪ੍ਰਗਟਾਉਂਦਿਆਂ ਵੇਖਿਆ ਹੈ ਤੇ ਉਹ ਵੀ ਇਸ ਤੋਂ ਪ੍ਰਭਾਵਿਤ ਹੋਏ ਹਨ।

 

 

 
Have something to say? Post your comment