Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਮਨੋਰੰਜਨ

ਬਾਜ਼ੀ

July 24, 2019 09:33 AM

-ਭੁਪਿੰਦਰ ਫੌਜੀ
ਕੋਰਟ ਵਿਖੇ ਕਈ ਦਿਨਾਂ ਤੋਂ ਇੰਟਰਵਿਊ ਚੱਲ ਰਹੀ ਸੀ। ਹਰਜੀਤ ਵੀ ਅੱਜ ਇੰਟਰਵਿਊ ਦੇ ਆਇਆ ਸੀ। ਚਾਹੇ ਕੋਰਟ ਨੇ ਦਸਵੀਂ ਪਾਸ ਲਈ ਇਹ ਨੌਕਰੀ ਰੱਖੀ ਸੀ, ਪਰ ਇਸ ਨੌਕਰੀ ਲਈ ਪੀ ਐਚ ਡੀ ਅਤੇ ਐਮ ਫਿਲ ਡਿਗਰੀਆਂ ਵਾਲੇ ਮੁੰਡੇ ਕੁੜੀਆਂ ਨੇ ਵੀ ਫਾਰਮ ਭਰੇ। ਇਕ ਅਸਾਮੀ ਖਿਡਾਰੀ ਲਈ ਰਾਖਵੀਂ ਸੀ। ਲਗਭਗ ਪੰਜ ਹਜ਼ਾਰ ਮੁੰਡੇ ਕੁੜੀਆਂ ਨੇ ਇਸ ਨੌਕਰੀ ਲਈ ਆਪਣਾ ਨਾਂ ਦਰਜ ਕਰਾਇਆ। ਕੁਝ ਦਿਨਾਂ ਵਿੱਚ ਨਤੀਜਾ ਇੰਟਰਨੈਟ 'ਤੇ ਆ ਜਾਣਾ ਸੀ। ਹਰਜੀਤ ਨੇ ਖਿਡਾਰੀ ਲਈ ਰਾਖਵੀਂ ਅਸਾਮੀ ਲਈ ਅਪਲਾਈ ਕੀਤਾ ਸੀ। ਪਿਛਲੇ ਲੰਮੇ ਸਮੇਂ ਤੋਂ ਉਹ ਖੇਡਾਂ ਨਾਲ ਜੁੜਿਆ ਹੋਇਆ ਸੀ, ਜਿਸ ਦੀ ਬਦੌਲਤ ਉਸ ਨੇ ਆਪਣਾ ਚੰਗਾ ਨਾਮ ਕਮਾਇਆ ਸੀ। ਬਹੁਤ ਸਾਰੇ ਮੈਡਲ ਉਸ ਦੀ ਝੋਲੀ ਵਿੱਚ ਪਏ ਸਨ। ਖੇਡਾਂ ਦੇ ਨਾਲ-ਨਾਲ ਉਸ ਨੇ ਚੰਗੇ ਨੰਬਰ ਲੈ ਕੇ ਗ੍ਰੈਜੂਏਸ਼ਨ ਵੀ ਪਾਸ ਕੀਤੀ ਸੀ।
ਹਰਜੀਤ ਦੋ ਖੇਡਾਂ ਖੇਡਦਾ ਸੀ। ਇਕ ਦੌੜ ਤੇ ਦੂਜੀ ਉਚੀ ਛਾਲ। ਉਚੀ ਛਾਲ ਉਸ ਨੂੰ ਵਿਰਾਸਤ ਵਿੱਚੋਂ ਮਿਲੀ ਸੀ। ਹਰਜੀਤ ਬਾਜ਼ੀਗਰ ਜਾਤੀ ਵਿੱਚੋਂ ਸੀ। ਉਸ ਦੇ ਵੱਡੇ-ਵਡੇਰੇ ਪਿੰਡਾਂ ਦੇ ਮੇਲਿਆਂ ਤੇ ਛਿੰਝਾਂ ਵਿੱਚ ਬਾਜ਼ੀਆਂ ਪਾਇਆ ਕਰਦੇ ਤੇ ਢੋਲ ਵਜਾਇਆ ਕਰਦੇ ਸਨ। ਜਦੋਂ ਉਹ ਢੋਲ ਉਤੇ ਡੱਗਾ ਮਾਰਦੇ ਤਾਂ ਲੋਕ ਆਪਮੁਹਾਰੇ ਜੁੜਨੇ ਸ਼ੁਰੂ ਹੋ ਜਾਂਦੇ। ਉਹ ਭਾਂਤ-ਭਾਂਤ ਦੀਆਂ ਖੇਡਾਂ ਦਿਖਾਉਂਦੇ। ਲੋਹੇ ਦੇ ਛੋਟੇ ਜਿਹੇ ਕੜੇ ਵਿਚ ਦੀ ਤਿੰਨ ਬੰਦੇ ਲੰਘਦੇ, ਕੰਠ ਤੇ ਢਿੱਡ ਉਤੇ ਰੱਖ ਕੇ ਲੋਹੇ ਦਾ ਸਰੀਆ ਮੋੜਦੇ, ਆਪਣੇ ਆਪ ਨੂੰ ਲੋਹੇ ਦੇ ਸੰਗਲਾਂ ਵਿੱਚ ਜਕੜ ਕੇ ਤਾਲਾ ਲੱਗੇ ਸੰਗਲ ਨੂੰ ਤੋੜ ਕੇ ਆਜ਼ਾਦ ਹੋਣਾ। ਸਭ ਤੋਂ ਅਖੀਰ ਉਤੇ ਉਹ ਸੂਲੀ ਵੀ ਛਾਲ ਦਿਖਾਉਂਦੇ। ਇਹ ਛਾਲ ਹਰਜੀਤ ਦਾ ਪਿਤਾ ਹਰਨਾਮ ਲਾਇਆ ਕਰਦਾ ਸੀ। ਦੇਖ ਵਾਲਿਆਂ ਦੇ ਮੂੰਹ ਅੱਡੇ ਰਹਿ ਜਾਂਦੇ। ਲੋਕ ਦੰਦਾਂ ਹੇਠ ਜੀਭ ਲੈ ਲੈਂਦੇ। ਖੇਡ ਖਤਮ ਹੋਣ ਤੋਂ ਬਾਅਦ ਉਹ ਇਕ ਚਾਦਰ ਵਿਛਾ ਦਿੰਦੇ। ਲੋਕ ਉਨ੍ਹਾਂ ਦੀ ਇਸ ਖੇਡ ਨੂੰ ਦੇਖ, ਸ਼ੁਕਰਾਨੇ ਵਜੋਂ ਆਪੋ-ਆਪਣੀ ਸਮਰੱਥਾ ਮੁਤਾਬਕ ਚਾਦਰ 'ਤੇ ਪੈਸੇ ਸੁੱਟ ਦਿੰਦੇ। ਹਰਜੀਤ ਛੋਟਾ ਹੁੰਦਾ ਆਪਣੇ ਪਿਤਾ ਨਾਲ ਮੇਲਿਆਂ ਵਿੱਚ ਜਾਂਦਾ ਹੁੰਦਾ ਸੀ। ਉਸ ਨੇ ਬਹੁਤ ਕੁਝ ਸਿੱਖ ਲਿਆ ਸੀ। ਉਸ ਦਾ ਪਿਤਾ ਉਹਦਾ ਗੁਰੂ ਹੁੰਦਾ। ਉਹ ਆਪਣੇ ਸਰੀਰ ਦੇ ਇਕ-ਇਕ ਅੰਗ ਨੂੰ ਕਮਾਲ ਨਾਲ ਮੋੜਦਾ। ਕਲਾਬਾਜ਼ੀਆਂ ਦਿਖਾਉਂਦਾ, ਲੋਕ ਹੈਰਾਨ ਰਹਿ ਜਾਂਦੇ। ਲੋਕ ਪੈਸੇ ਦੇ ਕੇ ਤਾੜੀਆਂ ਨਾਲ ਉਸ ਦਾ ਹੌਸਲਾ ਵਧਾਉਂਦੇ। ਜਦੋਂ ਹਰਜੀਤ ਕਿਸੇ ਵੱਡੇ ਸਟੇਡੀਅਮ ਵਿੱਚ ਦੌੜਦਾ ਜਾਂ ਛਾਲ ਲਗਾਉਂਦਾ, ਉਸ ਨੂੰ ਬਚਪਨ ਵਿੱਚ ਮੇਲਿਆਂ ਤੇ ਛਿੰਝਾਂ ਵਿੱਚ ਵੱਜਦੀਆਂ ਤਾੜੀਆਂ ਸੁਣਾਈ ਦਿੰਦੀਆਂ। ਇਨ੍ਹਾਂ ਤਾੜੀਆਂ ਦੀ ਬਦੌਲਤ ਉਸ ਨੇ ਅਨੇਕਾਂ ਮੈਡਲ ਜਿੱਤੇ ਸਨ।
ਸਮਾਂ ਜਦੋਂ ਮੇਲਿਆਂ, ਛਿੰਝਾਂ ਦੀ ਰੌਣਕ ਨੂੰ ਖਤਮ ਕਰਨ ਲੱਗ ਪਿਆ ਤਾਂ ਹਰਨਾਮ ਨੇ ਹਰਜੀਤ ਨੂੰ ਖੇਡਾਂ ਤੇ ਪੜ੍ਹਾਈ ਵੱਲ ਮੋੜ ਦਿੱਤਾ। ਬਾਜ਼ੀ ਪਾਉਣਾ ਲਗਭਗ ਖਤਮ ਹੋ ਗਿਆ ਸੀ। ਹਰਨਾਮ ਨੇ ਢੋਲ ਨੂੰ ਆਪਣੀ ਰੋਜ਼ੀ ਰੋਟੀ ਦਾ ਸਾਧਨ ਬਣਾ ਲਿਆ। ਲੋਕਾਂ ਦੇ ਵਿਆਹ ਸ਼ਾਦੀਆਂ ਵਿੱਚ ਢੋਲ ਵਜਾਉਂਦਾ। ਨੌਜਵਾਨ ਮੁੰਡੇ ਕੁੜੀਆਂ ਭੰਗੜਾ ਸਿੱਖਦੇ। ਉਸ ਦੀ ਦਿਹਾੜੀ ਬਣ ਜਾਂਦੀ। ਕਦੇ-ਕਦੇ ਕੋਈ ਕਲਾਕਾਰ ਦਿਹਾੜੀ 'ਤੇ ਨਾਲ ਲੈ ਜਾਂਦਾ। ਉਸ ਨੇ ਕਦੇ ਵੀ ਆਪਣੇ ਇਕਲੌਤੇ ਪੁੱਤ ਨੂੰ ਆਪਣੇ ਨਾਲ ਨਹੀਂ ਸੀ ਤੋਰਿਆ, ਚਾਹੇ ਹਰਜੀਤ ਵੀ ਢੋਲ ਉਤੇ ਡੱਗਾ ਲਾ ਲੈਂਦਾ ਸੀ। ਹਰਨਾਮ, ਹਰਜੀਤ ਨੂੰ ਉਚੀ ਛਾਲ ਤੇ ਦੌੜ ਦਾ ਅਭਿਆਸ ਆਪ ਕਰਵਾਇਆ ਕਰਦਾ ਸੀ। ਦੌੜ ਲਈ ਉਹ ਘੜੀ ਤੋਂ ਸਮਾਂ ਦੇਖ ਕੇ ਭਜਾਉਂਦਾ। ਢੋਲ ਨੂੰ ਜ਼ੋਰ-ਜ਼ੋਰ ਦੀ ਵਜਾਉਂਦਾ। ਹਰਜੀਤ ਹਵਾ ਦੇ ਵਾਵਰੋਲੇ ਵਾਂਗ ਢੋਲ ਦੀ ਤਾਲ ਨਾਲ ਭੱਜਦਾ। ਉਚੀ ਛਾਲ ਲਾਉਂਦਿਆਂ ਵੀ ਉਸ ਦੇ ਪੈਰ ਢੋਲ ਦੀ ਤਾਲ ਨਾਲ ਉਠਦੇੇ। ਦੇਖਦੇ-ਦੇਖਦੇ ਵਾਰ ਨੂੰ ਟੱਪ ਜਾਂਦਾ।
ਜਦੋਂ ਸਕੂਲ ਦੀਆਂ ਵੱਡੀਆਂ ਜਮਾਤਾਂ ਵਿੱਚ ਹੋਇਆ ਤਾਂ ਉਸ ਨੂੰ ਵਧੀਆ ਉਸਤਾਦ ਮਿਲੇ ਜਿਸ ਨਾਲ ਉਸ ਦੀਆਂ ਖੇਡਾਂ ਵਿੱਚ ਨਿਖਾਰ ਆਉਂਦਾ ਗਿਆ। ਉਹ ਢੋਲ ਨਾਲ ਨਹੀਂ ਤਾੜੀਆਂ ਅਤੇ ਕਿਲਕਾਰੀਆਂ ਦੇ ਜੋਸ਼ ਨਾਲ ਦੌੜਦਾ, ਛਾਲ ਲਾਉਂਦਾ। ਕਈ ਵਾਰ ਉਸ ਨੂੰ ਕਿਸੇ ਸਿਫਾਰਸ਼ੀ ਮੁੰਡੇ ਦੇ ਨਾਂ 'ਤੇ ਦੌੜਾਇਆ ਜਾਂਦਾ ਤਾਂ ਉਸ ਮੁੰਡੇ ਦਾ ਸਰਟੀਫਿਕੇਟ ਬਣ ਜਾਂਦਾ। ਪੰਜਾਬ ਪੱਧਰ ਦੇ ਮੁਕਾਬਲਿਆਂ ਵਿੱਚ ਉਸ ਨੇ ਬਹੁਤ ਮੱਲਾਂ ਮਾਰੀਆਂ। ਅਨੇਕਾਂ ਮੈਡਲ ਅਤੇ ਸਰਟੀਫਿਕੇਟ ਉਸ ਨੂੰ ਵੱਡੇ-ਵੱਡੇ ਅਫਸਰਾਂ ਤੇ ਲੀਡਰਾਂ ਨੇ ਦਿੱਤੇ। ਇਕ ਵਾਰ ਤਾਂ ਕਮਾਲ ਹੀ ਹੋ ਗਿਆ। ਹਰਜੀਤ ਦੀ ਪੰਜਾਬ ਲਈ ਚੋਣ ਹੋਣੀ ਲਗਭਗ ਤੈਅ ਸੀ। ਕਿਸੇ ਵੱਡੇ ਅਫਸਰ ਦੇ ਮੁੰਡੇ ਦਾ ਨਾਂ ਉਸ ਦੀ ਜਗ੍ਹਾ ਪਾ ਦਿੱਤਾ ਗਿਆ। ਹਰਜੀਤ ਨੂੰ ਦੁੱਖ ਹੋਇਆ। ਉਹ ਮੁੰਡਾ ਮੁਕਾਬਲੇ ਵਿੱਚ ਹਰਜੀਤ ਦੇ ਨੇੜੇ ਤੇੜੇ ਨਹੀਂ ਸੀ। ਸਕੂਲ ਲਈ ਉਸ ਨੇ ਬਹੁਤ ਸਾਰੀਆਂ ਟ੍ਰਾਫੀਆਂ ਜਿੱਤੀਆਂ। ਪਿੰਡ ਦੇ ਛੋਟੇ ਜਿਹੇ ਸਕੂਲ ਦਾ ਨਾਂ ਪੰਜਾਬ ਪੱਧਰ 'ਤੇ ਸੁਨਹਿਰੇ ਅੱਖਰਾਂ ਵਿੱਚ ਲਿਖਵਾਇਆ।
ਕਾਲਜ ਪਹੁੰਚਣ ਤੱਕ ਉਸ ਦੀ ਮਿਹਨਤ ਨੇ ਬਹੁਤ ਨਾਮਣਾ ਖੱਟ ਲਿਆ ਸੀ। ਬਹੁਤੇ ਕਾਲਜਾਂ ਵੱਲੋਂ ਮੁਫਤ ਪੜ੍ਹਾਈ ਕਰਵਾਉਣ ਦੀਆਂ ਪੇਸ਼ਕਸ਼ਾਂ ਆਈਆਂ। ਹਰਜੀਤ ਨੇ ਗੁਰੂ ਨਾਨਕ ਕਾਲਜ ਵਿੱਚ ਦਾਖਲਾ ਲਿਆ। ਇਥੇ ਖੇਡਾਂ ਦੇ ਨਾਲ ਉਸ ਨੇ ਪੜ੍ਹਾਈ ਵੱਲ ਵੀ ਉਚੇਚਾ ਧਿਆਨ ਦਿੱਤਾ। ਕਾਲਜ ਨੇ ਉਸ ਨੂੰ ਸਪੋਰਟਸ ਅਕੈਡਮੀ ਵਿੱਚ ਕੋਚਿੰਗ ਲਈ ਵੀ ਭੇਜਿਆ। ਹਰਜੀਤ ਦਿਨ ਰਾਤ ਮਿਹਨਤ ਕਰਦਾ। ਉਸ ਨੇ ਇਕ ਸੁਪਨਾ ਪਾਲ ਲਿਆ ਕਿ ਇੰਡੀਆ ਵੱਲੋਂ ਉਸ ਦੀ ਚੋਣ ਹੋਵੇ। ਹਰ ਖਿਡਾਰੀਆਂ ਵਾਂਗ ਉਹ ਵੀ ਇੰਡੀਆ ਟੀਮ ਦਾ ਬਲੇਜ਼ਰ ਪਾਵੇ। ਖੇਡ ਮੈਦਾਨ ਵਿੱਚ ਉਹ ਖੂਬ ਮੁੜ੍ਹਕਾ ਵਹਾਉਂਦਾ। ਇੰਡੀਆ ਟੀਮ ਲਈ ਚੁਣੇ ਵੱਡੇ-ਵੱਡੇ ਖਿਡਾਰੀਆਂ ਨੂੰ ਮਾਤ ਦਿੰਦਾ। ਇੰਡੀਆ ਲਈ ਉਸ ਦਾ ਨਾਂ ਚੁਣਿਆ ਜਾਣਾ ਲਗਭਗ ਤੈਅ ਸੀ, ਪਰ ਫਿਰ ਪੈਸੇ ਤੇ ਵੱਡੀ ਸਿਫਾਰਸ਼ ਵਾਲੇ ਉਸ ਨੂੰ ਹਰਾ ਜਾਂਦੇ। ਉਸ ਦਾ ਮਨ ਬੜਾ ਦੁਖੀ ਹੁੰਦਾ। ਘਰ ਆ ਕੇ ਫਿਰ ਢੋਲ 'ਤੇ ਡੱਗਾ ਮਾਰਦਾ। ਉਚੀ-ਉਚੀ ਢੋਲ ਵਜਾਉਂਦਾ। ਉਸ ਦਾ ਬਾਪੂ ਸਮਝ ਜਾਂਦਾ ਕਿ ਉਸ ਨਾਲ ਕੋਈ ਜ਼ਰੂਰ ਬੇਇਨਸਾਫੀ ਹੋਈ ਹੈ। ਉਸ ਦਾ ਪੁੱਤਰ ਕਿਸੇ ਕਾਰਨ ਦੁਖੀ ਹੈ। ਹਰਜੀਤ ਆਪਣੇ ਬਾਪੂ ਨੂੰ ਸਾਰੀ ਗੱਲ ਦੱਸਦਾ। ਉਸ ਦੇ ਅੰਦਰੋਂ ਵੀ ਚੀਸ ਨਿਕਲਦੀ। ਉਹ ਫਿਰ ਵੀ ਦਿਲਾਸਾ ਦਿੰਦਾ, ‘ਪੁੱਤਰ, ਤੂੰ ਹੋਰ ਮਿਹਨਤ ਕਰ। ਇਕ ਦਿਨ ਸਫਲ ਜ਼ਰੂਰ ਹੋਵੇਂਗਾ।' ਉਸ ਦੇ ਉਸਤਾਦ, ਕਾਲਜ ਸਟਾਫ ਵੀ ਇਹ ਹੀ ਮਸ਼ਵਰਾ ਦਿੰਦੇ। ਉਹ ਹੋਰ ਮਿਹਨਤ ਕਰਦਾ। ਸਿਫਾਰਸ਼ ਵਾਲਿਆਂ ਨੂੰ ਪਿੱਛੇ ਛੱਡ ਜਾਂਦਾ। ਹਰਜੀਤ ਖਿਲਾਫ ਬਹੁਤ ਚਾਲਾਂ ਚੱਲੀਆਂ ਜਾਂਦੀਆਂ। ਉਹ ਹਰ ਮੋਹਰੇ ਨੂੰ ਮਾਤ ਦੇ ਜਾਂਦਾ, ਜਿਸ ਦੀ ਬਦੌਲਤ ਉਸ ਦੀ ਇੰਡੀਆ ਟੀਮ ਵਿੱਚ ਉਚੀ ਛਾਲ ਲਈ ਚੋਣ ਹੋ ਗਈ। ਉਸ ਦਾ ਸੁਪਨਾ ਪੂਰਾ ਹੋ ਗਿਆ। ਇੰਡੀਆ ਦਾ ਬਲੇਜ਼ਰ ਪਾ ਉਹ ਆਸਟਰੇਲੀਆ ਟੂਰ 'ਤੇ ਚਲਾ ਗਿਆ। ਦੇਸ਼ ਲਈ ਉਸ ਨੇ ਮੈਡਲ ਜਿੱਤੇ। ਵੱਖ-ਵੱਖ ਦੇਸ਼ਾਂ ਦੇ ਤਿੰਨ ਟੂਰ ਲਾਏ। ਜਦੋਂ ਵਾਪਸ ਆਉਂਦਾ ਤਾਂ ਗਲ ਵਿੱਚ ਫੁੱਲਾਂ ਦੇ ਹਾਰ ਪਾ ਕੇ ਲੀਡਰ ਅਤੇ ਅਫਸਰ ਸਵਾਗਤ ਕਰਦੇ। ਹਰਨਾਮ ਖੁਸ਼ੀ ਵਿੱਚ ਢੋਲ ਵਜਾਉਂਦਾ।
ਖੈਰ! ਕੋਰਟ ਨੇ ਨਤੀਜਾ ਇੰਟਰਨੈਟ 'ਤੇ ਪਾ ਦਿੱਤਾ। ਹਰਜੀਤ ਨੇ ਨਤੀਜੇ ਵਾਲੀ ਸੂਚੀ ਦੇਖੀ। ਉਹ ਹੱਕਾ ਬੱਕਾ ਰਹਿ ਗਿਆ। ਉਸ ਦਾ ਨਾਂ ਸੂਚੀ ਵਿੱਚ ਨਹੀ ਸੀ। ਉਸ ਨੂੰ ਯਕੀਨ ਸੀ ਕਿ ਉਹ ਜ਼ਰੂਰ ਚੁਣਿਆ ਜਾਵੇਗਾ। ਉਸ ਦੇ ਮੁਕਾਬਲੇ ਦਾ ਕੋਈ ਵੀ ਖਿਡਾਰੀ ਨਹੀਂ ਸੀ ਪਹੁੰਚਿਆ। ਉਥੇ ਇੰਟਰਵਿਊ ਦੇਣ ਆਏ ਖਿਡਾਰੀ ਕਹਿੰਦੇ ਸਨ, ‘ਯਾਰ, ਤੇਰੀ ਚੋਣ ਤਾਂ ਪੱਕੀ ਐ।' ਹਰਜੀਤ ਨੇ ਇੰਡੀਆ ਟੀਮ ਦਾ ਬਲੇਜ਼ਰ ਜੋ ਪਾਇਆ ਹੋਇਆ ਸੀ। ਹਰਜੀਤ ਨੇ ਕਈ ਵਾਰ ਸੂਚੀ ਦੇਖੀ, ਉਡੀਕ ਸੂਚੀ ਵਿੱਚ ਦੇਖਿਆ, ਪਰ ਕਿਤੇ ਉਸ ਦਾ ਨਾਂ ਨਹੀਂ ਸੀ। ਇਕ ਵਾਰ ਫਿਰ ਉਸ ਨੂੰ ਸਿਫਾਰਸ਼ ਵਾਲੇ ਮਾਤ ਦੇ ਗਏ। ਪਿਛਲੇ ਕਈ ਸਾਲਾਂ ਤੋਂ ਹਰਜੀਤ ਨੌਕਰੀ ਲਈ ਜੱਦੋ ਜਹਿਦ ਕਰ ਰਿਹਾ ਸੀ। ਲੀਡਰ ਅਤੇ ਸਰਕਾਰ ਦੇ ਵੱਡੇ-ਵੱਡੇ ਅਫਸਰ ਉਸ ਨਾਲ ਵਾਅਦਾ ਤਾਂ ਕਿਸੇ ਚੰਗੀ ਨੌਕਰੀ ਦਾ ਕਰਦੇ, ਪਰ ਉਸ ਦੇ ਮੈਡਲ ਤੇ ਥੱਬਾ ਸਰਟੀਫਿਕੇਟਾਂ ਦਾ ਕੰਮ ਨਾ ਆਉਂਦਾ। ਲਾਰਿਆਂ ਤੋਂ ਬਿਨਾਂ ਕੁਝ ਵੀ ਹਾਸਲ ਨਾ ਹੁੰਦਾ।
ਹਰਜੀਤ ਨੇ ਗਲ ਵਿੱਚ ਢੋਲ ਪਾ ਲਿਆ, ਡੱਗਾ ਮਾਰਨਾ ਸ਼ੁਰੂ ਕਰ ਦਿੱਤਾ। ਢੋਲ ਦੀ ਧਮਕ ਦੂਰ-ਦੂਰ ਤੱਕ ਪੈਣ ਲੱਗੀ। ਉਸ ਦੇ ਦਿਮਾਗ ਵਿੱਚ ਇੰਟਰਵਿਊ ਘੁੰਮਣ ਲੱਗੀ। ਉਸ ਨੂੰ ਸਾਹਮਣੇ ਕੁਰਸੀ 'ਤੇ ਬੈਠਾ ਅਫਸਰ ਦਿਖਾਈ ਦਿੱਤਾ, ਜਿਸ ਨੇ ਉਸ ਦੀ ਇੰਟਰਵਿਊ ਲਈ ਸੀ।
‘ਕੀ ਨਾਂ ਐ, ਤੁਹਾਡਾ ਰਾਜੇ..?'
‘ਜੀ ਹਰਜੀਤ ਸਿੰਘ..।'
‘ਕਿਹੜੀ ਜਾਤੀ ਨਾਲ ਸਬੰਧ ਰੱਖਦੇ ਹੋ..?'
‘ਜੀ, ਬਾਜ਼ੀਗਰ ਹਾਂ..।'
‘ਕਿਹੜੀ ਗੇਮ ਖੇਡਦੇ ਹੋ..?'
‘ਉਚੀ ਛਾਲ ਤੇ ਦੌੜ।' ਹਰਜੀਤ ਨੇ ਆਪਣੇ ਸਰਟੀਫਿਕੇਟ ਤੇ ਮੈਡਲ ਟੇਬਲ ਉਤੇ ਰੱਖ ਦਿੱਤੇ।
ਅਫਸਰ ਨੇ ਸਰਟੀਫਿਕੇਟਾਂ ਦੀ ਫੋਲਾ ਫਾਲੀ ਕਰਦਿਆਂ ਕਿਹਾ, ‘ਤੰੂ ਯਾਰ, ਅੰਤਰਰਾਸ਼ਟਰੀ ਖਿਡਾਰੀ ਏ। ਤੂੰ ਇਸ ਪੀਅਨ ਦੀ ਪੋਸਟ ਲਈ ਅਪਲਾਈ ਕਰ ਰਿਹੈਂ। ਤੈਨੂੰ ਤਾਂ ਕਿਸੇ ਹੋਰ ਮਹਿਕਮੇ ਵਿੱਚ ਚੰਗੀ ਨੌਕਰੀ ਮਿਲ ਜਾਣੀ ਸੀ..?'
‘ਸਰ, ਮੈਂ ਹਰ ਦਰ 'ਤੇ ਗੇੜੇ ਮਾਰ ਆਇਆ। ਕਿਸੇ ਨੇ ਬਾਂਹ ਨਹੀਂ ਫੜੀ।' ਹਰਜੀਤ ਨੇ ਗੰਭੀਰ ਹੁੰਦਿਆਂ ਕਿਹਾ।
‘ਸਾਡੇ ਇਥੇ ਖੇਡ ਦਾ ਕੋਈ ਭਵਿੱਖ ਨਹੀਂ। ਖੇਡਣ ਲਈ ਕੋਈ ਸਮਾਂ ਨਹੀਂ ਮਿਲਦਾ!'
‘ਖੇਡ ਲਈ ਮੈਂ ਆਪਣੇ ਹਿਸਾਬ ਨਾਲ ਸਮਾਂ ਕੱਢਦਾ ਰਹਾਂਗਾ..' ਹਰਜੀਤ ਨੇ ਜਵਾਬ ਦਿੱਤਾ।
‘ਇਥੇ ਰਹਿ ਕੇ ਤੂੰ ਖੇਡ ਲਈ ਸਮਾਂ ਕੱਢ ਹੀ ਨਹੀਂ ਸਕਦਾ।' ਅਫਸਰ ਨੇ ਕਿਹਾ।
‘ਫਿਰ ਤੁਸੀਂ ਸਪੋਰਟਸਮੈਨ ਦੀ ਅਸਾਮੀ ਕੱਢੀ ਹੀ ਕਿਉਂ..?' ਹਰਜੀਤ ਨੇ ਅਫਸਰ ਨੂੰ ਘੇਰ ਲਿਆ।
‘ਰਾਜੇ ਤੂੰ ਐਂ ਕਰ, ਆਹ ਨੰਬਰ 'ਤੇ ਕਾਲ ਕਰ ਲਈਂ ਮੇਰਾ ਸਕੂਲ ਐ। ਉਥੇ ਤੈਨੂੰ ਰੱਖ ਲੈਣਗੇ..! ਜੇ ਤੇਰੀ ਇਥੇ ਚੋਣ ਨਹੀਂ ਹੁੰਦੀ..। ਓ ਕੇ ਰਾਜੇ, ਤੂੰ ਜਾ ਸਕਦੈਂ..।' ਅਫਸਰ ਨੇ ਕਾਗਜ਼ ਦੇ ਟੁਕੜੇ 'ਤੇ ਮੋਬਾਈਲ ਨੰਬਰ ਲਿਖ ਕੇ ਫੜਾ ਦਿੱਤਾ। ਹਰਜੀਤ ਦਫਤਰ ਵਿੱਚੋਂ ਬਾਹਰ ਆ ਗਿਆ ਸੀ।
ਢੋਲ ਦੀ ਖੱਲ 'ਤੇ ਵੱਜੇ ਡੱਗੇ ਉਸ ਨੂੰ ਹਰ ਮੋੜ 'ਤੇ ਉਸ ਨਾਲ ਹੋ ਰਹੇ ਧੋਖੇ ਦਾ ਅਹਿਸਾਸ ਕਰਵਾ ਰਹੇ ਸਨ। ਜਿਵੇਂ ਉਹ ਡੱਗੇ ਢੋਲ ਉਤੇ ਨਹੀਂ, ਉਸ ਦੇ ਆਪਣੇ ਪਿੰਡ 'ਤੇ ਵੱਜ ਰਹੇ ਹੋਣ। ਉਹ ਲਹੂ-ਲੁਹਾਣ ਹੋ ਗਿਆ, ਕਿਸੇ ਜ਼ਖਮੀ ਪੰਛੀ ਵਾਂਗ ਫੜਫੜਾ ਰਿਹਾ ਹੋਵੇ। ਖਿਡਾਰੀ ਦੀ ਅਸਾਮੀ ਕੱਢ ਕੇ ਕੋਈ ਖਿਡਾਰੀ ਨਹੀ ਰੱਖਿਆ। ਹਰਜੀਤ ਸਾਹੋ-ਸਾਹ ਮੁੜ੍ਹਕੋ-ਮੁੜ੍ਹਕੀ ਹੋਇਆ ਜ਼ੋਰ-ਜ਼ੋਰ ਨਾਲ ਢੋਲ ਵਜਾ ਰਿਹਾ ਸੀ। ਹਰਨਾਮ ਸਿੰਘ ਕਿਸੇ ਵਿਰਾਸਤੀ ਮੇਲੇ ਤੋਂ ਘਰ ਮੁੜਿਆ ਸੀ। ਪੁੱਤ ਨੂੰ ਇਸ ਤਰ੍ਹਾਂ ਦੇਖ ਉਸ ਦੀਆਂ ਅੱਖਾਂ ਭਰ ਆਈਆਂ। ਹਰਜੀਤ ਨੇ ਆਪਣੇ ਬਾਪੂ ਨੂੰ ਦੇਖਿਆ। ਉਸ ਨੇ ਜ਼ੋਰ ਦੀ ਢੋਲ 'ਤੇ ਡੱਗਾ ਮਾਰਿਆ, ਢੋਲ ਫਟ ਗਿਆ। ਹਰਨਾਮ ਨੇ ਪੁੱਤਰ ਨੂੰ ਗਲ ਨਾਲ ਲਾਇਆ। ਹਰਜੀਤ ਬੋਲਿਆ, ‘ਬਾਪੂ, ਹਰ ਦਫਤਰ ਦੀ ਕੁਰਸੀ 'ਤੇ ‘ਬਾਜ਼ੀਗਰ' ਬੈਠੇ ਨੇ, ਮੈਨੂੰ ਨੰਗੀਆਂ ਤਲਵਾਰਾਂ 'ਤੇ ਤੁਰਨਾ ਪਊਗਾ..।' ਹਰਨਾਮ ਨੇ ਹਉਕਾ ਲਿਆ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ