Welcome to Canadian Punjabi Post
Follow us on

12

December 2019
ਨਜਰਰੀਆ

ਸੈਲਫੀ ਲਈ ਦਾਅ 'ਤੇ ਲੱਗਦੀਆਂ ਅਨਮੋਲ ਜ਼ਿੰਦਗੀਆਂ

July 19, 2019 10:26 AM

-ਯੁੱਧਵੀਰ ਸਿੰਘ ਲਾਂਬਾ
ਕੀ ਪੂਰੀ ਦੁਨੀਆ 'ਚ ਸੈਲਫੀ ਲੈਂਦੇ ਸਮੇਂ ਸਭ ਤੋਂ ਵੱਧ ਲੋਕਾਂ ਦੀ ਮੌਤ ਭਾਰਤ 'ਚ ਹੁੰਦੀ ਹੈ? ਜੀ ਹਾਂ। ਹੈਰਾਨ ਨਾ ਹੋਵੋ, ਇਹ ਸੋਲ੍ਹਾਂ ਆਨੇ ਸੱਚ ਹੈ। ਯਕੀਨ ਨਾ ਹੋਵੇ ਤਾਂ ਇੰਡੀਆ ਜਰਨਲ ਆਫ ਫੈਮਿਲੀ ਮੈਡੀਸਨ ਐਂਡ ਪ੍ਰਾਇਮਰੀ ਕੇਅਰ ਵੱਲੋਂ ਹਾਲ ਹੀ ਵਿੱਚ ਜਾਰੀ ਰਿਪੋਰਟ ਨੂੰ ਪੜ੍ਹ ਲਓ। ਇੰਡੀਆ ਜਰਨਲ ਆਫ ਫੈਮਿਲੀ ਮੈਡੀਸਨ ਐਂਡ ਪ੍ਰਾਇਮਰੀ ਕੇਅਰ ਨੇ ਦਾਅਵਾ ਕੀਤਾ ਹੈ ਕਿ 2011 ਤੋਂ 2017 ਤੱਕ 259 ਲੋਕ ਸੈਲਫੀ ਲੈਣ ਦੇ ਚੱਕਰ 'ਚ ਆਪਣੀ ਜਾਨ ਗੁਆ ਬੈਠੇ ਹਨ। ਰਿਪੋਰਟ 'ਚ ਕਿਹਾ ਗਿਆ ਹੈ ਕਿ ਇਹ ਅੰਕੜਾ ਸਾਲੋ-ਸਾਲ ਵਧ ਰਿਹਾ ਹੈ। ਸੈਲਫੀ ਕਾਰਨ 159 ਲੋਕਾਂ ਦੀ ਮੌਤ ਦੇ ਅੰਕੜੇ ਨਾਲ ਭਾਰਤ ਸਭ ਤੋਂ ਅੱਗੇ ਹੈ, ਜਦ ਕਿ ਪੂਰੀ ਦੁਨੀਆ 'ਚ ਸੈਲਫੀ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ 259 ਹੈ। ਉਕਤ ਸਮੇਂ 'ਚ ਰੂਸ ਵਿੱਚ 16 ਲੋਕਾਂ ਅਤੇ ਪਾਕਿਸਤਾਨ ਤੇ ਅਮਰੀਕਾ 'ਚ 14 ਲੋਕਾਂ ਦੀ ਜਾਨ ਸੈਲਫੀ ਕਾਰਨ ਗਈ।
ਪੂਰੀ ਦੁਨੀਆ 'ਚ ਸੈਲਫੀ ਦਾ ਹਰ ਕੋਈ ਦੀਵਾਨਾ ਹੈ, ਪਰ ਭਾਰਤ ਵਿੱਚ ਨੌਜਵਾਨਾਂ ਵਿੱਚ ਸੈਲਫੀ ਦਾ ਕ੍ਰੇਜ਼ ਕੁਝ ਜ਼ਿਆਦਾ ਹੈ। ਭਾਰਤ 'ਚ ਆਏ ਦਿਨ ਕਿਤੇ ਨਾ ਕਿਤੇ ਸੈਲਫੀ ਨਾਲ ਲੋਕਾਂ ਦੇ ਮਰਨ ਦੀਆਂ ਖਬਰਾਂ ਆ ਜਾਂਦੀਆਂ ਹਨ, ਜੋ ਬਹੁਤ ਚਿੰਤਾਜਨਕ ਹਨ। ਅੱਜ ਕੱਲ੍ਹ ਹਰ ਕੋਈ ਸੈਲਫੀ ਰਾਹੀਂ ਦੋਸਤਾਂ ਜਾਂ ਪਰਵਾਰ ਨਾਲ ਬਿਤਾਏ ਖੱਟੇ ਮਿੱਠੇ ਖੁਸ਼ਨੁਮਾ ਪਲਾਂ ਅਤੇ ਯਾਦਾਂ ਨੂੰ ਕੈਮਰੇ 'ਚ ਕੈਦ ਕਰਨਾ ਚਾਹੁੰਦਾ ਹੈ। ਸੈਲਫੀ ਦੀ ਦੀਵਾਨਗੀ 'ਚ ਦੂਜਿਆਂ ਨੂੰ ਪ੍ਰਭਾਵਿਤ ਕਰਨ ਲਈ ਜਿਹੜੇ ਨੌਜਵਾਨ ਲੜਕੇ ਜਾਂ ਲੜਕੀਆਂ ਆਪਣੀਆਂ ਕੀਮਤੀ ਜਾਨਾਂ ਦੀ ਵੀ ਪਰਵਾਹ ਨਹੀਂ ਕਰ ਰਹੀਆਂ, ਉਨ੍ਹਾਂ ਨੂੰ ਇਹ ਸਮਝਣਾ ਹੀ ਪਵੇਗਾ ਕਿ ਜ਼ਿੰਦਗੀ ਅਨਮੋਲ ਹੈ। ਸ਼੍ਰੀਮਦ ਭਗਵਦ ਗੀਤਾ 'ਚ ਲਿਖਿਆ ਹੈ ਕਿ ‘ਦੁਰਲਭੋ ਮਾਨੁਸ਼ੋ ਦੇਹੋ' ਭਾਵ ਦੇਹਧਾਰੀਆਂ 'ਚ ਮਨੁੱਖੀ ਦੇਹ ਦੁਰਲੱਭ ਹੈ।
ਅੱਜ ਦੇ ਦੌਰ 'ਚ ਲਗਭਗ ਹਰ ਕਿਸੇ ਨੂੰ ਸੈਲਫੀ ਲੈਣ ਦਾ ਸ਼ੌਕ ਹੈ। ਸਵਾਲ ਆਉਂਦਾ ਹੈ ਕਿ ਆਖਰ ਇਹ ਸੈਲਫੀ ਕੀ ਹੁੰਦੀ ਹੈ? ਆਕਸਫੋਰਡ ਡਿਕਸ਼ਨਰੀ ਦੀ ਪਰਿਭਾਸ਼ਾ ਅਨੁਸਾਰ, ‘ਸੈਲਫੀ ਦਾ ਮਤਲਬ ਕਿਸੇ ਸਮਾਰਟਫੋਨ ਜਾਂ ਵੈਬਕੈਮ ਨਾਲ ਆਪਣੀ ਖੁਦ ਦੀ ਤਸਵੀਰ ਖਿੱਚਣਾ ਅਤੇ ਉਸ ਨੂੰ ਸੋਸ਼ਲ ਵੈਬਸਾਈਟ ਉੱਤੇ ਅਪਲੋਡ ਕਰਨਾ ਹੈ।' ਸੈਲਫੀ ਨੂੰ ਆਕਸਫੋਰਡ ਵਰਡ ਆਫ ਦਿ ਯੀਅਰ 2013 ਐਲਾਨ ਕਰ ਦਿੱਤਾ ਗਿਆ ਹੈ। ਸੈਲਫੀ ਸ਼ਬਦ ਨੂੰ ਫ੍ਰੈਂਚ ਡਿਕਸ਼ਨਰੀ ‘ਲੇਪੇਟਿਟ ਲਰਾਊਸੇ' ਵਿੱਚ ਸ਼ਾਮਲ ਕੀਤਾ ਗਿਆ ਹੈ। ਬ੍ਰਿਟੇਨ ਦੀ ਅਖਬਾਰ ‘ਟੈਲੀਗ੍ਰਾਫ' ਵਿੱਚ ਛਪੀ ਇਕ ਖਬਰ ਅਨੁਸਾਰ ਫ੍ਰੈਂਚ ਡਿਕਸ਼ਨਰੀ 'ਚ ਸ਼ਾਮਲ ਕੀਤੇ ਗਏ ਇਨ੍ਹਾਂ ਨਵੇਂ ਸ਼ਬਦਾਂ 'ਚ ‘ਸੈਲਫੀ' ਸਭ ਤੋਂ ਪ੍ਰਭਾਵਸ਼ਾਲੀ ਸ਼ਬਦ ਹੈ।
ਇਸ ਐਤਵਾਰ ਸੱਤ ਜੁਲਾਈ 2019 ਨੂੰ ਮੈਂ ਮੇਰੇ ਪਿੰਡ ਧਾਰੌਲੀ, ਜ਼ਿਲਾ ਝੱਜਰ 'ਚ ਆਪਣੇ ਸਹਿਪਾਠੀ ਜਤਿੰਦਰ ਸ਼ਰਮਾ ਨਾਲ ਗੱਲ ਕਰ ਰਿਹਾ ਸੀ ਕਿ ਸਾਡੇ ਦੇਸ਼ ਭਾਰਤ 'ਚ ਲੋਕ ਸੈਲਫੀ ਲੈਣ ਦੇ ਚੱਕਰ 'ਚ ਆਪਣੀ ਅਨਮੋਲ ਜਾਨ ਦੀ ਵੀ ਪ੍ਰਵਾਹ ਨਹੀਂ ਕਰਦੇ। ਭਾਰਤ ਵਿੱਚ ਸੈਲਫੀ ਲੈਣ ਵੇਲੇ ਬਹੁਤੇ ਲੋਕਾਂ ਦੀ ਮੌਤ ਝੀਲ, ਨਦੀ ਜਾਂ ਸਮੁੰਦਰ 'ਚ ਡੁੱਬਣ ਨਾਲ ਜਾਂ ਚੱਲਦੀ ਟਰੇਨ ਸਾਹਮਣੇ, ਪਹਾੜਾਂ 'ਤੇ ਪੈਰ ਤਿਲਕਣ ਨਾਲ ਅਤੇ ਸੱਪ ਤੇ ਹਾਥੀ ਵਰਗੇ ਜਾਨਵਰਾਂ ਨਾਲ ਸੈਲਫੀ ਲੈਣ ਵੇਲੇ ਹੋ ਰਹੀ ਹੈ, ਬਾਵਜੂਦ ਇਸ ਦੇ ਨਾ ਤਾਂ ਪੁਲਸ ਅਤੇ ਨਾ ਪ੍ਰਸ਼ਾਸਨ ਇਨ੍ਹਾਂ ਹਾਦਸਿਆਂ ਨੂੰ ਰੋਕਣ ਲਈ ਕੋਈ ਠੋਸ ਕਦਮ ਚੁੱਕਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਨਾ ਹੀ ਸਾਡੇ ਦੇਸ਼ ਦਾ ਭਵਿੱਖ (ਨੌਜਵਾਨ ਪੀੜ੍ਹੀ) ਕੋਈ ਸਬਕ ਸਿੱਖ ਰਿਹਾ ਹੈ।
ਨੌਜਵਾਨਾਂ ਤੋਂ ਲੈ ਕੇ ਅੱਧਖੜ੍ਹ ਅਤੇ ਬਜ਼ੁਰਗ ਵੀ ਫਿਲਮ ਦੇਖਣ ਗਏ, ਪਿਕਨਿਕ ਗਏ, ਵੋਟ ਪਾਉਣ ਗਏ, ਪਹਾੜ, ਗਲੇਸ਼ੀਅਰ, ਮੈਮੋਰੀਅਲ ਘੁੰਮਣ ਗਏ ਹੋਣ, ਹਰ ਜਗ੍ਹਾ ਸੈਲਫੀ ਲੈ ਲੈਂਦੇ ਹਨ। ਵਿਆਹ 'ਚ ਗਏ ਜਾਂ ਆਫਿਸ 'ਚ ਹੀ ਕੋਈ ਨਵੀਂ ਡ੍ਰੈਸ ਪਾ ਕੇ ਆਇਆ ਹੋਵੇ ਤਾਂ ਲੋਕ ਸੈਲਫੀ ਲੈਣਾ ਨਹੀਂ ਭੁੱਲਦੇ। ਅੱਜ ਕੱਲ੍ਹ ਨੌਜਵਾਨਾਂ ਨੂੰ ਸੈਲਫੀ ਦਾ ਇੰਨਾ ਬੁਖਾਰ ਚੜ੍ਹ ਗਿਆ ਕਿ ਫੋਟੋ ਲੈ ਕੇ ਉਸ ਨੂੰ ਤੁਰੰਤ ਸੋਸ਼ਲ ਮੀਡੀਆ ਟਵਿੱਟਰ, ਫੇਸਬੁੱਕ ਤੇ ਇੰਸਟ੍ਰਾਗ੍ਰਾਮ 'ਤੇ ਵਾਰ-ਵਾਰ ਅਪਲੋਡ ਕਰਦੇ ਹਨ ਅਤੇ ਫਿਰ ਉਸ 'ਤੇ ਆਉਣ ਵਾਲੇ ਲਾਈਕਸ ਅਤੇ ਕੁਮੈਂਟਸ ਦਾ ਇੰਤਜ਼ਾਰ ਕਰਨ ਲੱਗਦੇ ਹਨ।
ਅਮਰੀਕਾ ਦੀ ਪ੍ਰਮੁੱਖ ਅਖਬਾਰ ‘ਦਿ ਵਾਸ਼ਿੰਗਟਨ ਪੋਸਟ' ਨੇ ਰਿਪੋਰਟ 'ਚ ਦਾਅਵਾ ਕੀਤਾ ਹੈ ਕਿ ਸਾਲ 2015 'ਚ ਭਾਰਤ ਵਿੱਚ ਕਈ ਲੋਕਾਂ ਨੇ ਖਤਰਨਾਕ ਢੰਗ ਨਾਲ ਸੈਲਫੀ ਲੈਣ ਦੀ ਕੋਸ਼ਿਸ਼ ਕੀਤੀ ਤਾਂ ਇਸ ਨਾਲ ਉਨ੍ਹਾਂ ਦੀ ਜਾਨ ਚਲੀ ਗਈ। ਅਮਰੀਕਾ ਦੀ ਕਾਰਨੇਗੀ ਮੇਲਨ ਯੂਨੀਵਰਸਿਟੀ ਤੇ ਦਿੱਲੀ ਦੇ ਇੰਦਰਪ੍ਰਸਥ ਇੰਸਟੀਚਿਊਟਸ ਆਫ ਇਨਫਰਮੇਸ਼ਨ ਟੈਕਨਾਲੋਜੀ ਵੱਲੋਂ ਕੀਤੇ ਸਰਵੇ ਵਿੱਚ ਪਾਇਆ ਗਿਆ ਕਿ ਸੈਲਫੀ ਲੈਣ ਦੇ ਚੱਕਰ 'ਚ ਜਾਨ ਗੁਆਉਣ ਵਾਲਿਆਂ 'ਚ ਭਾਰਤ ਸਭ ਤੋਂ ਉਪਰ ਹੈ। ਸੈਲਫੀ ਕਾਰਨ ਭਾਰਤ 'ਚ ਮਾਰਚ 2014 ਵਿੱਚ ਲਗਭਗ 127 ਲੋਕਾਂ ਦੀ ਜਾਨ ਗਈ ਹੈ।
ਹੈਰਾਨੀ ਦੀ ਗੱਲ ਹੈ ਕਿ ਸੈਲਫੀ ਲੈਣ ਦੇ ਚੱਕਰ 'ਚ ਕਈ ਲੋਕ ਆਪਣੀ ਜਾਨ ਗੁਆ ਚੁੱਕੇ ਹਨ, ਇਸ ਦੇ ਬਾਵਜੂਦ ਕੋਈ ਸਬਕ ਲੈਣ ਲਈ ਤਿਆਰ ਨਹੀਂ। ਅਜੇ ਕੁਝ ਹੀ ਦਿਨਾਂ 'ਚ ਅਜਿਹੀਆਂ ਘਟਨਾਵਾਂ ਹੋਈਆਂ ਹਨ, ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਸੈਲਫੀ ਕ੍ਰੇਜ਼ ਮੌਤ ਵੱਲ ਕਦਮ ਵਧਾਉਣ ਵੱਲ ਹੈ। ਸੈਲਫੀ ਲੈਣਾ ਮੌਤ ਨੂੰ ਦਾਅਵਤ ਦੇਣ ਤੋਂ ਘੱਟ ਨਹੀਂ ਹੈ। 30 ਜੂਨ 2019 ਐਤਵਾਰ ਨੂੰ ਉਤਰਾਖੰਡ ਦੇ ਪਿਥੌਰਾਗੜ੍ਹ ਵਿੱਚ ਪਰਵਾਰ ਨਾਲ ਪਿਕਨਿਕ ਮਨਾਉਣ ਦੌਰਾਨ ਸੈਲਫੀ ਲੈਣ ਦੇ ਚੱਕਰ 'ਚ ਪੀਣ ਵਾਲੇ ਪਾਣੀ ਦੀ ਯੋਜਨਾ ਲਈ ਬਣਾਏ ਡੈਮ ਵਿੱਚ ਡਿੱਗਣ ਨਾਲ 13 ਸਾਲ ਦੇ ਲੜਕੇ ਗੌਰਵ ਬਿਅਰ ਸ਼ਿਵਾ ਦੀ ਮੌਤ ਹੋ ਗਈ। ਅਪ੍ਰੈਲ 2019 ਨੂੰ ਹਰਿਆਣਾ 'ਚ ਪਾਨੀਪਤ-ਬਾਬਰਪੁਰ ਰੇਲਵੇ ਲਾਈਨ ਵਿਚਾਲੇ ਤਿੰਨ ਨੌਜਵਾਨ ਸੈਲਫੀ ਲੈ ਰਹੇ ਸਨ, ਪਰ ਉਸੇ ਦੌਰਾਨ ਦੂਜੇ ਪਾਸੇ ਤੋਂ ਆ ਰਹੀ ਟਰੇਨ ਦੀ ਲਪੇਟ ਵਿੱਚ ਆਉਣ ਨਾਲ ਚਮਨ, ਸਨੀ ਅਤੇ ਕਿਸ਼ਨ ਨਾਂ ਦੇ ਲੜਕਿਆਂ ਦੀ ਮੌਕੇ 'ਤੇ ਮੌਤ ਹੋ ਗਈ। 2019 ਮਾਰਚ ਮਹੀਨੇ 'ਚ ਜੈਪੁਰ ਵਿੱਚ ਦੋ ਛੋਟੇ ਬੱਚਿਆਂ ਕਮਲ (10) ਅਤੇ ਅਜੈ (13) ਸੈਲਫੀ ਲੈਣ ਲਈ ਰੇਲ ਦੇ ਪੁਲ 'ਤੇ ਚੜ੍ਹ ਗਏ। ਤੇਜ਼ੀ ਨਾਲ ਆਉਂਦੀ ਟਰੇਨ ਤੋਂ ਖੁਦ ਨੂੰ ਬਚਾ ਨਹੀਂ ਸਕੇ ਅਤੇ ਉਨ੍ਹਾਂ ਦੀ ਟਰੇਨ ਨਾਲ ਕੱਟ ਕੇ ਮੌਤ ਹੋ ਗਈ। ਹਰਿਆਣਾ ਦੇ ਯਮੁਨਾਨਗਰ 'ਚ ਜੂਨ 2019 ਐਤਵਾਰ ਨੂੰ ਸ਼ਿਵਨਗਰ ਨਿਵਾਸੀ ਸੋਨੂੰ ਦੀ ਜਗਾਧਰੀ ਵਰਕਸ਼ਾਪ ਯਾਰਡ 'ਚ ਖੜ੍ਹੀ ਟਰੇਨ 'ਤੇ ਚੜ੍ਹ ਕੇ ਸੈਲਫੀ ਲੈਣ ਕਾਰਨ ਹਾਈ ਵੋਲਟੇਜ ਤਾਰਾਂ ਦੇ ਸੰਪਰਕ ਵਿੱਚ ਆਉਣ ਨਾਲ ਮੌਤ ਹੋ ਗਈ। 2019 ਦੇ ਮਈ ਮਹੀਨੇ 'ਚ ਆਂਧਰਾ ਪ੍ਰਦੇਸ਼ ਦੀ ਰਹਿਣ ਵਾਲੀ 25 ਸਾਲਾ ਡਾਕਟਰ ਯੁਤੂਕੁਰੂ ਰਾਮਯਾ ਕ੍ਰਿਸ਼ਨਾ ਗੋਆ ਦੀ ਕੋਲੰਬ ਬੀਚ ਦੀ ਚੱਟਾਨ 'ਤੇ ਸੈਲਫੀ ਲੈ ਰਹੀ ਸੀ ਕਿ ਅਚਾਨਕ ਇਕ ਵੱਡੀ ਲਹਿਰ ਆਈ ਤੇ ਉਸ ਨੂੰ ਨਾਲ ਲੈ ਗਈ।
ਭਾਰਤ 'ਚ ਸੈਲਫੀ ਦੇ ਚੱਕਰ 'ਚ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ, ਇਸ ਲਈ ਸਰਕਾਰ ਨੂੰ ਸੈਲਫੀ ਦੀ ਚੁਣੌਤੀ ਨਾਲ ਨਜਿੱਠਣ ਲਈ ਦਿ੍ਰੜ੍ਹ ਇੱਛਾ ਸ਼ਕਤੀ ਦੇ ਨਾਲ ਠੋਸ ਅਤੇ ਵਿਵਹਾਰਿਕ ਕਦਮ ਚੁੱਕਣੇ ਪੈਣਗੇ। ਸਾਨੂੰ ਵੀ ਆਪਣੇ ਬੱਚਿਆਂ ਨੂੰ ਸਮਝਾਉਣਾ ਪਵੇਗਾ ਕਿ ਦੂਜਿਆਂ ਨੂੰ ਪ੍ਰਭਾਵਤ ਕਰਨ ਲਈ ਕਿਸੇ ਅਜਿਹੇ ਖਤਰਨਾਕ ਪੋਜ਼ 'ਚ ਸੈਲਫੀ ਨ ਖਿੱਚੋ।

Have something to say? Post your comment