Welcome to Canadian Punjabi Post
Follow us on

12

December 2019
ਨਜਰਰੀਆ

ਦਿੱਲੀ ਦੀ ਅਕਾਲੀ ਸਿਆਸਤ ਦੇ ਬਦਲ ਰਹੇ ਸਮੀਕਰਨ

July 19, 2019 10:25 AM

-ਜਸਵੰਤ ਸਿੰਘ ਅਜੀਤ
ਕੁਝ ਸਮਾਂ ਪਹਿਲਾਂ ਗਠਿਤ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਇਸਤਰੀ ਵਿੰਗ ਦੀਆਂ ਤਿੰਨ ਸੀਨੀਅਰ ਅਹੁਦੇਦਾਰ ਬੀਬੀਆਂ ਅਮਰਜੀਤ ਕੌਰ ਪਿੰਕੀ, ਹਰਪ੍ਰੀਤ ਕੌਰ ਅਤੇ ਇਸ਼ਪ੍ਰੀਤ ਕੌਰ ਵੱਲੋਂ ਆਪਣੇ ਅਹੁਦਿਆਂ ਅਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਨੂੰ ਭਾਵੇਂ ਵਿੰਗ ਵੱਲੋਂ ਸਾਧਾਰਨ ਗੱਲ ਕਰਾਰ ਦੇ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਨਾਲ ਨਾ ਇਸਤਰੀ ਵਿੰਗ ਅਤੇ ਨਾ ਅਕਾਲੀ ਦਲ ਨੂੰ ਕੋਈ ਫਰਕ ਪੈਣ ਵਾਲਾ ਹੈ, ਪਰ ਸੱਚਾਈ ਇਹ ਹੈ ਕਿ ਇਹ ਦਾਅਵਾ ਕਰਦੇ ਹੋਏ ਇਸ ਗੱਲ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ ਕਿ ਇਹ ਬੀਬੀਆਂ ਵਿੰਗ ਦੀਆਂ ਸਾਧਾਰਨ ਮੈਂਬਰ ਨਹੀਂ ਸਨ ਜਿਨ੍ਹਾਂ ਦੇ ਜਾਣ ਨਾਲ ਵਿੰਗ ਨੂੰ ਕੋਈ ਫਰਕ ਨਹੀਂ ਪਵੇਗਾ। ਇਹ ਉਨ੍ਹਾਂ ਅਹੁਦੇਦਾਰਾਂ ਵਿੱਚੋਂ ਸਨ, ਜਿਨ੍ਹਾਂ ਨੇ ਵਿੰਗ ਦਾ ਗਠਨ ਅਤੇ ਵਿਸਤਾਰ ਕਰਨ ਵਿੱਚ ਮਹੱਤਵ ਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਆਪਣੇ ਅਸਤੀਫੇ ਵਿੱਚ ਸਾਫ ਸ਼ਬਦਾਂ ਵਿੱਚ ਕਿਹਾ ਹੈ ਕਿ ਜਿਸ ਮਕਸਦ ਨੂੰ ਆਧਾਰ ਬਣਾ ਕੇ ਵਿੰਗ ਦਾ ਗਠਨ ਕੀਤਾ ਗਿਆ, ਉਹ ਦਲ ਦੇ ਆਗੂਆਂ ਦੀ ਤਾਨਾਸ਼ਾਹੀ ਸੋਚ ਵਿੱਚ ਦਬ ਕੇ ਦਮ ਤੋੜ ਗਿਆ ਹੈ। ਇਨ੍ਹਾਂ ਦਾ ਕਹਿਣਾ ਹੈ ਕਿ ਵਿੰਗ 'ਚ ਲੋਕਤੰਤਰੀ ਕਦਰਾਂ ਕੀਮਤਾਂ ਦਾ ਗਲਾ ਘੁੱਟ ਦਿੱਤਾ ਜਾਣ ਕਾਰਨ ਵਿੰਗ ਦਾ ਕੋਈ ਵੀ ਫੈਸਲਾ ਆਪਸੀ ਵਿਚਾਰ-ਵਟਾਂਦਰੇ ਨਾਲ ਨਹੀਂ ਕੀਤਾ ਜਾਂਦਾ। ਉਸ ਦਾ ਹਰ ਇੱਕ ਫੈਸਲਾ ਉਪਰੋਂ ਹੁੰਦਾ ਹੈ ਤੇ ਵਿੰਗ ਨੂੰ ਬਿਨਾਂ ਕਿਸੇ ਕਿੰਤੂ-ਪ੍ਰੰਤੂ ਦੇ ਉਸ 'ਤੇ ਮੋਹਰ ਲਾਉਣੀ ਪੈਂਦੀ ਹੈ। ਇਸ ਹਾਲਤ ਵਿੱਚ ਕੋਈ ਵੀ ਵਿਅਕਤੀ, ਜਿਸ 'ਚ ਜ਼ਰਾ ਜਿੰਨੀ ਵੀ ਆਤਮ ਸਨਮਾਨ ਦੀ ਭਾਵਨਾ ਹੈ, ਸਹਿਣ ਨਹੀਂ ਕਰ ਸਕਦਾ।
ਇਹ ਦੋਸ਼ ਸਾਧਾਰਨ ਨਹੀਂ, ਜਿਸ ਨੂੰ ਨਜ਼ਰ ਅੰਦਾਜ਼ ਕੀਤਾ ਜਾ ਸਕੇ। ਇਸ ਤੋਂ ਸਾਫ ਰੂਪ ਵਿੱਚ ਸੰਕੇਤ ਮਿਲਦਾ ਹੈ ਕਿ ਦਲ ਵੱਲੋਂ ਕਠਪੁਤਲੀ ਵਿੰਗਾਂ ਦਾ ਗਠਨ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਤੋਂ ਆਸ ਰੱਖੀ ਜਾਂਦੀ ਹੈ ਕਿ ਉਨ੍ਹਾਂ ਦਾ ਕੰਮ ਬਿਨਾਂ ਕੋਈ ਮੀਨ-ਮੇਖ ਕੱਢੇ ਪਾਰਟੀ ਦੇ ਮੁਖੀਆਂ ਦੀ ‘ਹਾਂ’ ਵਿੱਚ ‘ਹਾਂ’ ਮਿਲਾਉਣਾ ਹੈ। ਸਵਾਲ ਹੈ ਕਿ ਕੋਈ ਆਤਮ ਸਨਮਾਨ ਵਾਲਾ ਵਿਅਕਤੀ ਇਸ ਸਥਿਤੀ ਨੂੰ ਕਦੋਂ ਤੱਕ ਸਹਿਣ ਕਰ ਸਕਦਾ ਹੈ?
ਦੱਸਿਆ ਜਾਂਦਾ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਵੀ ਹਾਲਤ ਇਸ ਤੋਂ ਕੁਝ ਜ਼ਿਆਦਾ ਵੱਖਰੀ ਨਹੀਂ। ਕਮੇਟੀ ਵਿੱਚ ਵੀ ਫੈਸਲੇ ਆਮ ਸਹਿਮਤੀ ਜਾਂ ਵਿਚਾਰ-ਵਟਾਂਦਰੇ ਨਾਲ ਨਹੀਂ ਕੀਤੇ ਜਾਂਦੇ। ਸਾਰੇ ਫੈਸਲੇ ਕਮੇਟੀ ਦੇ ਪ੍ਰਧਾਨ ਵੱਲੋਂ ਲਏ ਜਾਂਦੇ ਹਨ, ਜਿਨ੍ਹਾਂ ਨੂੰ ਸਾਰੇ ਮੈਂਬਰਾਂ ਲਈ ਪ੍ਰਵਾਨ ਕੀਤਾ ਜਾਣਾ ਜ਼ਰੂਰੀ ਹੁੰਦਾ ਹੈ। ਇਥੋਂ ਤੱਕ ਕਿ ਪ੍ਰਧਾਨ ਵੱਲੋਂ ਕੀਤੇ ਫੈਸਲਿਆਂ 'ਤੇ ਕਾਰਜਕਾਰਨੀ ਨੂੰ ਵੀ ਬਿਨਾਂ ਕਿੰਤੂ ਪ੍ਰੰਤੂ ਦੇ ਮੋਹਰ ਲਾਉਣੀ ਪੈਂਦੀ ਹੈ। ਇਹ ਸੱਚਾਈ ਉਸ ਵੇਲੇ ਉਭਰ ਕੇ ਸਾਹਮਣੇ ਆਈ, ਜਦੋਂ ਇਹ ਸਮਾਚਾਰ ਆਇਆ ਕਿ ਗੁਰਦੁਆਰਾ ਕਮੇਟੀ ਦੇ ਇੱਕ ਸੀਨੀਅਰ ਅਹੁਦੇਦਾਰ ਵੱਲੋਂ ਗੁਰਦੁਆਰਾ ਕਮੇਟੀ ਦੇ 17 ਮੈਂਬਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਕੇ ਪੁੱਛਿਆ ਗਿਆ ਹੈ ਕਿ ਉਹ ਬੀਤੇ ਦਿਨ ਕਮੇਟੀ ਦੇ ਪ੍ਰਧਾਨ ਵੱਲੋਂ ਸੱਦੀ ਬੈਠਕ ਵਿੱਚ ਕਿਉਂ ਨਹੀਂ ਆਏ, ਜਦ ਕਿ ਉਨ੍ਹਾਂ ਨੂੰ ਫੋਨ 'ਤੇ ਬੈਠਕ ਹੋਣ ਦੀ ਜਾਣਕਾਰੀ ਦਿੰਦਿਆਂ ਉਸ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਸੀ। ਦੱਸਿਆ ਗਿਆ ਹੈ ਕਿ ਨੋਟਿਸ ਦਾ ਜਵਾਬ ਦਿੰਦਿਆਂ ਇਨ੍ਹਾਂ ਮੈਂਬਰਾਂ ਨੇ ਕਿਹਾ ਕਿ ਉਹ ਕਮੇਟੀ ਦੀ ਹਰ ਬੈਠਕ ਵਿੱਚ ਸ਼ਾਮਲ ਹੋਣ ਲਈ ਤਿਆਰ ਹਨ, ਬਸ਼ਰਤੇ ਕਿ ਬੈਠਕ 'ਚ ਸ਼ਾਮਲ ਹੋਣ ਲਈ ਉਨ੍ਹਾਂ ਨੂੰ ਲਿਖਤੀ ਰੂਪ ਵਿੱਚ ਸੱਦਾ ਦਿੱਤਾ ਜਾਵੇ ਤੇ ਇਹ ਗੱਲ ਸਪੱਸ਼ਟ ਕੀਤੀ ਜਾਇਆ ਕਰੇ ਕਿ ਬੈਠਕ ਵਿੱਚ ਕਿਹੜੇ ਮੁੱਦੇ (ਏਜੰਡੇ) 'ਤੇ ਵਿਚਾਰ ਚਰਚਾ ਹੋਣੀ ਹੈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਵੱਲੋਂ ਮੈਂਬਰਾਂ ਦੀ ਜੋ ਬੈਠਕ ਸੱਦੀ ਜਾਂਦੀ ਹੈ, ਉਸ ਦਾ ਮਕਸਦ ਪ੍ਰਧਾਨ ਵੱਲੋਂ ਲਏ ਗਏ ਫੈਸਲਿਆਂ 'ਤੇ ਸਿਰਫ ਮੋਹਰ ਲਗਵਾਉਣੀ ਹੁੰਦੀ ਹੈ।
ਮੰਨਿਆ ਜਾਂਦਾ ਹੈ ਕਿ ਗੁਰਦੁਆਰਾ ਕਮੇਟੀ ਦੇ ਵਧੇਰੇ ਮੈਂਬਰ ਇਸ ਸਥਿਤੀ ਨੂੰ ਪ੍ਰਵਾਨ ਕਰਨ ਲਈ ਤਿਆਰ ਨਹੀਂ। ਉਹ ਚਾਹੁੰਦੇ ਹਨ ਕਿ ਹਰ ਮੁੱਦਾ ਬੈਠਕ ਵਿੱਚ ਪੇਸ਼ ਕੀਤਾ ਜਾਵੇ। ਉਸ 'ਤੇ ਖੁੱਲ੍ਹ ਕੇ ਵਿਚਾਰ ਵਟਾਂਦਰਾ ਹੋਵੇ ਅਤੇ ਉਸ ਤੋਂ ਬਾਅਦ ਉਸ ਨੂੰ ਪਾਸ ਕੀਤਾ ਜਾਵੇ। ਇਹ ਵੀ ਦੱਸਿਆ ਗਿਆ ਹੈ ਕਿ ਕਮੇਟੀ ਦੇ ਪ੍ਰਧਾਨ ਵੱਲੋਂ ਗੁਰਦੁਆਰਾ ਕਮੇਟੀ ਨਾਲ ਸੰਬੰਧਤ ਸਾਰੇ ਪ੍ਰੈੱਸ ਨੋਟ ਆਪਣੇ ਨਾਂ ਤੋਂ ਜਾਰੀ ਕੀਤੇ /ਕਰਵਾਏ ਜਾਣੇ ਵੀ ਵਧੇਰੇ ਮੈਂਬਰਾਂ ਨੂੰ ਪਸੰਦ ਨਹੀਂ। ਉਨ੍ਹਾਂ ਦਾ ਮੰਨਣਾ ਹੈ ਕਿ ਗੁਰਦੁਆਰਾ ਕਮੇਟੀ ਨਾਲ ਸੰਬੰਧਤ ਪ੍ਰੈੱਸ ਨੋਟ ਕਮੇਟੀ ਦੇ ਜਨਰਲ ਸਕੱਤਰ ਜਾਂ ਬੁਲਾਰੇ ਵੱਲੋਂ ਜਾਰੀ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰ ਪ੍ਰਧਾਨ ਵੱਲੋਂ ਜਾਰੀ ਕਰਨ ਨਾਲ ਲੋਕ ਇਹ ਮੰਨਣ ਲਈ ਮਜਬੂਰ ਹੋ ਰਹੇ ਹਨ ਕਿ ਪ੍ਰਧਾਨ ਨੂੰ ਆਪਣੇ ਕਿਸੇ ਵੀ ਸਾਥੀ 'ਤੇ ਭਰੋਸਾ ਨਹੀਂ, ਜਿਸ ਕਾਰਨ ਉਹ ਖੁਦ ਆਪਣੇ ਨਾਂਅ ਨਾਲ ਪ੍ਰੈੱਸ ਨੋਟ ਜਾਰੀ ਕਰਦਾ ਹੈ।
ਇਸ ਦੇ ਨਾਲ ਇਹ ਪਤਾ ਲੱਗਾ ਹੈ ਕਿ ਸ਼੍ਰੋਮਣੀ ਅਕਾਲੀ (ਸਰਨਾ) ਵੱਲੋਂ 20 ਅਕਤੂਬਰ ਨੂੰ ਗੁਰਦੁਆਰਾ ਬੰਗਲਾ ਸਾਹਿਬ ਤੋਂ ਨਨਕਾਣਾ ਸਾਹਿਬ ਤੱਕ ਲਈ ਆਯੋਜਤ ਕੀਤੇ ਜਾ ਰਹੇ ਨਗਰ ਕੀਰਤਨ ਦੇ ਮੁਕਾਬਲੇ ਦਿੱਲੀ ਕਮੇਟੀ ਵੱਲੋਂ ਉਸੇ ਦਿਨ ਗੁਰਦੁਆਰਾ ਬੰਗਲਾ ਸਾਹਿਬ ਤੋਂ ਅਜਿਹਾ ਨਗਰ ਕੀਰਤਨ ਆਯੋਜਤ ਕਰਨ ਦਾ ਜੋ ਫੈਸਲਾ ਕੀਤਾ ਗਿਆ ਹੈ, ਉਸ ਨੂੰ ਵੀ ਕਮੇਟੀ ਦੇ ਵਧੇਰੇ ਮੈਂਬਰਾਂ ਨੇ ਪਸੰਦ ਨਹੀਂ ਕੀਤਾ। ਉਨ੍ਹਾਂ ਦਾ ਮੰਨਣਾ ਹੈ ਕਿ ਕਮੇਟੀ ਦੇ ਇਸ ਫੈਸਲੇ ਨਾਲ ਦੋਵਾਂ ਵਿੱਚ ਟਕਰਾਅ ਹੋਣ ਦੀਆਂ ਜੋ ਸਥਿਤੀਆਂ ਬਣ ਰਹੀਆਂ ਹਨ, ਉਹ ਪੰਥਕ ਹਿੱਤਾਂ ਵਿੱਚ ਨਹੀਂ। ਉਨ੍ਹਾਂ ਦਾ ਕਹਿਣਾ ਹੈ ਕਿ ਇੱਕ ਤਾਂ ਇਹ ਫੈਸਲਾ ਸਮੁੱਚੀ ਕਮੇਟੀ ਦਾ ਨਹੀਂ, ਦੂਸਰਾ ਇਸ ਦੇ ਕਾਰਨ ਟਕਰਾਅ ਹੋਵੇਗਾ। ਉਹ ਸਾਰੇ ਸਿੱਖ ਜਗਤ, ਜਿਨ੍ਹਾਂ ਵਿੱਚ ਉਹ ਵੀ ਸ਼ਾਮਲ ਹੈ, ਦੀ ਸਥਿਤੀ ਹਾਸੋਹੀਣੀ ਬਣਾ ਜਾਵੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਸ਼੍ਰੋਮਣੀ ਅਕਾਲੀ ਦਲ ਦਿੱਲੀ (ਸਰਨਾ) ਵੱਲੋਂ ਸਜਾਏ ਜਾ ਰਹੇ ਨਗਰ ਕੀਰਤਨ ਦਾ ਵਿਰੋਧ ਕਰਨਾ ਹੀ ਹੈ, ਤਾਂ ਇਹ ਵਿਰਧ ਉਸ ਦਾ ਬਾਈਕਾਟ ਕਰਨ ਦੀ ਅਪੀਲ ਜਾਰੀ ਕਰ ਕੇ ਵੀ ਕੀਤਾ ਜਾ ਸਕਦਾ ਹੈ।
ਦੂਸਰੇ ਪਾਸੇ ਦੱਸਿਆ ਗਿਆ ਹੈ ਕਿ ਦਿੱਲੀ ਕਮੇਟੀ ਵੱਲੋਂ ਵੀ ਉਸੇ ਦਿਨ ਗੁਰਦੁਆਰਾ ਬੰਗਲਾ ਸਾਹਿਬ ਤੋਂ ਨਗਰ ਕੀਰਤਨ ਸਜਾਉਣ ਲਈ ਕੀਤੇ ਫੈਸਲੇ ਕਾਰਨ ਦੋਵਾਂ ਵਿਚਾਲੇ ਟਕਰਾਅ ਦੀ ਸੰਭਾਵਨਾ ਤੋਂ ਬਚਣ ਲਈ ਸਰਨਾ-ਭਰਾਵਾਂ ਨੇ ਆਪਣੀ ਪਾਰਟੀ ਵੱਲੋਂ ਸਜਾਏ ਜਾਣ ਵਾਲੇ ਨਗਰ ਕੀਰਤਨ ਨੂੰ ਗੁਰਦੁਆਰਾ ਬੰਗਲਾ ਸਾਹਿਬ ਦੀ ਥਾਂ ਗੁਰਦੁਆਰਾ ਨਾਨਕ ਪਿਆਓ ਤੋਂ ਆਰੰਭ ਕਰਨ ਦਾ ਐਲਾਨ ਕਰ ਦਿੱਤਾ ਹੈ। ਇੰਨਾ ਚਰਚਾਵਾਂ ਦੇ ਵਿਚਾਲੇ ਪਤਾ ਲੱਗਾ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ ਕੇ ਆਪਣੇ ਪਹਿਲੇ ਅਕਾਲੀ ਦਲ ਨੂੰ ਸਰਗਰਮ ਕਰਨ ਦੇ ਮੁੱਦੇ ਬਾਰੇ ਭਰੋਸੇਯੋਗ ਸਾਥੀਆਂ ਨਾਲ ਵਿਚਾਰ ਵਟਾਂਦਰਾ ਕਰ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਜਦੋਂ ਅਕਾਲੀ ਦਲ ਬਾਦਲ ਵਿੱਚ ਸ਼ਾਮਲ ਹੋਏ ਸੀ ਤਾਂ ਉਨ੍ਹਾਂ ਨੇ ਆਪਣਾ ਦਲ ਭੰਗ ਨਹੀਂ ਕੀਤਾ ਸੀ, ਉਸ ਨੂੰ ਆਪਣੇ ਨਾਲ ਹੀ ਬਾਦਲ ਦਲ 'ਚ ਸ਼ਾਮਲ ਕਰ ਲਿਆ ਸੀ, ਇਸ ਲਈ ਉਸ ਨੂੰ ਮੁੜ ਸੁਰਜੀਤ ਕਰਨ ਦੀ ਨਹੀਂ, ਸਗੋਂ ਬਾਦਲ ਦਲ ਤੋਂ ਮੁਕਤ ਕਰ ਕੇ ਸਰਗਰਮ ਕਰਨ ਦੀ ਲੋੜ ਹੈ। ਜੇ ਅਜਿਹਾ ਹੁੰਦਾ ਹੈ ਤਾਂ ਨਾ ਸਿਰਫ ਦਿੱਲੀ ਦੀ ਅਕਾਲੀ ਸਿਆਸਤ ਦੇ ਸਮੀਕਰਨਾਂ 'ਚ ਵੱਡਾ ਫੇਰਬਦਲ ਹੋਵੇਗਾ ਸਗੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵਿਚਲਾ ਸਮੀਕਰਨ ਬਦਲ ਜਾਵੇਗਾ ਅਤੇ ਇਸ ਸਮੀਕਰਨ ਦਾ ਬਦਲਣਾ ਕਮੇਟੀ ਦੇ ਪ੍ਰਧਾਨ ਸਿਰਸਾ ਲਈ ਹੀ ਨਹੀਂ ਸਗੋਂ ਅਕਾਲੀ ਦਲ ਬਾਦਲ ਲਈ ਵੀ ਕਈ ਚੁਣੌਤੀਆਂ ਨੂੰ ਜਨਮ ਦੇ ਦੇਵੇਗਾ।

 

Have something to say? Post your comment