ਲੰਡਨ, 10 ਅਕਤੂਬਰ (ਪੋਸਟ ਬਿਊਰੋ)- ਮਹਾਰਾਜਾ ਰਣਜੀਤ ਸਿੰਘ ਦੇ ਧਨੁਸ਼ ਅਤੇ ਤੀਰ ਰੱਖਣ ਲਈ ਬਣਿਆ ਕੀਮਤੀ ਸ਼ਾਹੀ ਤਰਕਸ਼ ਲੰਡਨ ਵਿਚ ਇਸ ਮਹੀਨੇ ਦੇ ਅੰਤ ਵਿਚ ਨਿਲਾਮ ਹੋਵੇਗਾ। ਭਾਰਤੀ ਖਜ਼ਾਨੇ ਦੀ ਇਹ ਅਮੁੱਲ ਵਿਰਾਸਤ ਮਖਮਲੀ ਕੱਪੜੇ ਵਿਚ ਲਿਪਟੀ ਅਤੇ ਚਮੜੇ ਦੀ ਪੱਟੀ ਨਾਲ ਕੱਸੀ ਹੈ। ਇਸ ਦੇ ਉਪਰ ਸੋਨੇ ਦੀ ਤਾਰ ਦੀ ਬੇਹੱਦ ਖ਼ੂਬਸੂਰਤ ਕਾਰੀਗਰੀ ਕੀਤੀ ਗਈ ਹੈ, ਜਿਸ ਦੇ ਸਮੇਤ ਨਿਲਾਮੀ ਕੀਤੀ ਜਾਣੀ ਹੈ।
ਬੋਹਮਾਸ ਦੀ ਇਸ ਨਿਲਾਮੀ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਰਾਣੀ ਜਿੰਦਾਂ ਦਾ ਕੀਮਤੀ ਪੰਨੇ ਤੇ ਮੋਤੀ ਦਾ ਹਾਰ ਵੀ ਨਿਲਾਮ ਹੋਵੇਗਾ। ਸ਼ੇਰੇ ਪੰਜਾਬ ਦੇ ਨਾਂ ਨਾਲ ਮਸ਼ਹੂਰ ਸਿੱਖ ਮਹਾਰਾਜਾ ਰਣਜੀਤ ਸਿੰਘ ਇਸ ਤਰਕਸ਼ ਦੀ ਵਰਤੋਂ ਜੰਗ ਵਿਚ ਨਹੀਂ ਕਰਦੇ ਸਨ, ਇਸ ਦੀ ਵਰਤੋਂ ਵਿਸ਼ੇਸ਼ ਸਮਾਰੋਹਾਂ ਵਿੱਚ ਕੀਤੀ ਜਾਂਦੀ ਸੀ। 23 ਅਕਤੂਬਰ ਨੂੰ ਬੋਹਮਾਸ ਅਤੇ ਇੰਡੀਅਨ ਆਰਟ ਸੇਲ ਵਿਚ ਹੋਣ ਵਾਲੀ ਇਸ ਨਿਲਾਮੀ `ਚ ਤਰਕਸ਼ ਦੀ ਅੰਦਾਜ਼ਨ ਕੀਮਤ 80 ਹਜ਼ਾਰ ਪੌਂਡ ਅਤੇ ਇਕ ਲੱਖ ਵੀਹ ਹਜ਼ਾਰ ਪੌਂਡ ਦੇ ਵਿਚਾਲੇ ਹੋਵੇਗੀ। ਬੋਹਮਾਸ ਵਿਚ ਭਾਰਤੀ ਤੇ ਇਸਲਾਮਿਕ ਕਲਾ ਦੇ ਮੁਖੀ ਓਲੀਵਰ ਵ੍ਹਾਈਟ ਨੇ ਦੱਸਿਆ ਕਿ ਇਹ ਆਕਰਸ਼ਕ ਕਲਾਕ੍ਰਿਤ ਲਾਹੌਰ ਦੇ ਖਜ਼ਾਨੇ ਤੋਂ ਆਈ ਹੈ ਤੇ ਇਸ ਦੇ ਸਾਰੇ ਦਸਤਾਵੇਜ਼ ਦੱਸਦੇ ਹਨ ਕਿ ਇਹ ਸਾਲ 1838 ਵਿਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਲਈ ਬਣਾਇਆ ਗਿਆ ਸੀ। ਉਨ੍ਹਾਂ ਮੁਤਾਬਕ ਇਹ ਲੱਗਦਾ ਹੈ ਕਿ ਇਸ ਦੀ ਵਰਤੋਂ ਬਹੁਤ ਘੱਟ ਹੋਈ ਹੈ। ਆਰਟ ਗੈਲਰੀ ਬੋਹਮਾਸ ਦੇ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਧਨੁਸ਼ ਵਿੱਦਿਆ ਦੀ ਸਿੱਖਾਂ ਦੀ ਫ਼ੌਜੀ ਸੱਭਿਆਚਾਰ ਵਿੱਚ ਅਹਿਮ ਭੂਮਿਕਾ ਸੀ।
ਕਿਹਾ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ 1838 ਵਿੱਚ ਆਪਣੇ ਸਭ ਤੋਂ ਵੱਡੇ ਪੁੱਤਰ ਅਤੇ ਵਾਰਸ ਖੜਕ ਸਿੰਘ ਦੇ ਵਿਆਹ `ਤੇ ਇਸ ਨੂੰ ਆਪਣੇ ਲਈ ਬਣਵਾਇਆ ਸੀ। ਉਸੇ ਸਾਲ ਇਕ ਫਰੈਂਚ ਕਲਾਕਾਰ ਅਲਫਰੈੱਡ ਡੀ ਡ੍ਰਾਕਸ ਨੇ ਇਸ ਨੂੰ ਫੜੇ ਹੋਏ ਮਹਾਰਾਜਾ ਦੀ ਪੇਂਟਿੰਗ ਵੀ ਬਣਾਈ ਸੀ, ਜੋ ਅੱਜ ਕੱਲ੍ਹ ਪੈਰਿਸ ਦੇ ਮਿਊਜ਼ੀਅਮ ਵਿਚ ਹੈ। ਮਹਾਰਾਜਾ ਰਣਜੀਤ ਸਿੰਘ ਦੀ ਮੌਤ 1839 ਵਿਚ ਹੋਈ ਤੇ ਉਸ ਪਿੱਛੋਂ ਪੰਜਾਬ ਦੀ ਅਸਥਿਰਤਾ ਦਾ ਲਾਭ ਉਠਾ ਕੇ ਈਸਟ ਇੰਡੀਆ ਕੰਪਨੀ ਨੇ ਜੰਗ ਜਿੱਤ ਲਈ। 1846 ਵਿੱਚ ਜੰਗ ਜਿੱਤਣ ਪਿੱਛੋਂ ਇਸ ਕੰਪਨੀ ਨੇ ਲਾਹੌਰ ਦੇ ਸ਼ਾਹੀ ਖਜ਼ਾਨੇ ਵਿਚ ਕੀਮਤੀ ਕੋਹਿਨੂਰ ਹੀਰੇ ਅਤੇ ਤਿਮੂਰ ਮਾਣਿਕ (ਰੂਬੀ) ਦੇ ਨਾਲ ਤਰਕਸ਼ ਵੀ ਰਖਵਾ ਦਿੱਤਾ ਸੀ। ਬਾਅਦ ਵਿਚ ਇਹ ਸਾਰਾ ਕੀਮਤੀ ਖਜ਼ਾਨਾ ਬ੍ਰਿਟਿਸ਼ ਅਫਸਰਾਂ ਨੇ ਇੰਗਲੈਂਡ ਦੀ ਮਹਾਰਾਣੀ ਵਿਕਟੋਰੀਆ ਲਈ ਭੇਟ ਵਜੋਂ ਲੰਡਨ ਭੇਜ ਦਿੱਤਾ ਸੀ। ਲਾਹੌਰ ਵਾਲੇ ਖਜ਼ਾਨੇ ਤੋਂ ਮਹਾਰਾਣੀ ਜਿੰਦਾਂ ਦਾ ਕੀਮਤੀ ਹਾਰ ਵੀ ਨਿਲਾਮ ਹੋਵੇਗਾ। ਬੇਹੱਦ ਖ਼ੂਬਸੂਰਤ ਅਤੇ ਫੈਸ਼ਨੇਬਲ ਮਹਾਰਾਣੀ ਜਿੰਦਾਂ ਦੇ ਪੰਨੇ ਅਤੇ ਮੋਤੀ ਦੇ ਇਸ ਹਾਰ ਦੀ ਕੀਮਤ ਵੀ 80 ਹਜ਼ਾਰ ਪੌਂਡ ਅਤੇ ਇਕ ਲੱਖ ਵੀਹ ਹਜ਼ਾਰ ਪੌਂਡ ਦੇ ਵਿਚਾਲੇ ਦੱਸੀ ਜਾਂਦੀ ਹੈ। ਜਿੰਦਾਂ ਉਹ ਰਾਣੀ ਸੀ, ਜਿਸ ਨੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਪਿੱਛੋਂ ਸਤੀ ਹੋਣਾ ਸਵੀਕਾਰ ਨਹੀਂ ਕੀਤਾ ਸੀ। ਆਪਣੇ ਪੰਜ ਸਾਲ ਦੇ ਪੁੱਤਰ ਦਲੀਪ ਸਿੰਘ ਨੂੰ ਸੱਤਾ ਦਿਵਾਉਣ ਲਈ 1843 `ਚ ਮਹਾਰਾਣੀ ਜਿੰਦਾਂ ਨੇ ਫ਼ੌਜ ਖੜ੍ਹੀ ਕਰ ਕੇ ਬ੍ਰਿਟਿਸ਼ ਫ਼ੌਜ ਦਾ ਟਾਕਰਾ ਕੀਤਾ, ਪ੍ਰੰਤੂ ਉਸ ਨੂੰ ਬੰਦੀ ਬਣਾ ਕੇ ਜੇਲ੍ਹ `ਚ ਸੁੱਟ ਦਿੱਤਾ ਗਿਆ। ਉਹ ਨੇਪਾਲ ਦੀ ਜੇਲ੍ਹ ਵਿਚੋਂ ਭੱਜ ਕੇ ਇੰਗਲੈਂਡ ਪੁੱਜ ਗਈ ਤੇ ਆਪਣੇ ਪੁੱਤਰ ਤੇ ਆਪਣੇ ਜ਼ੇਵਰਾਤ ਲੈਣ `ਚ ਸਫਲ ਹੋਈ। ਇਨ੍ਹਾਂ ਗਹਿਣਿਆਂ `ਚ ਉਨ੍ਹਾਂ ਦਾ ਨਿਲਾਮ ਹੋਣ ਵਾਲਾ ਨੈਕਲੈਸ ਵੀ ਸ਼ਾਮਿਲ ਹੈ।