Welcome to Canadian Punjabi Post
Follow us on

19

August 2019
ਬ੍ਰੈਕਿੰਗ ਖ਼ਬਰਾਂ :
ਟੋਰਾਂਟੋ/ਜੀਟੀਏ

ਪੀ. ਸੀ. ਐੱਚ. ਐੱਸ. ਦੇ ਸਾਰੇ ਸੀਨੀਅਰਜ਼ ਗਰੁੱਪਾਂ ਨੇ 'ਨਿਆਗਰਾ ਆਨ ਦ ਲੇਕ' ਦਾ ਟੂਰ ਲਾਇਆ

July 18, 2019 09:44 AM

ਬਰੈਂਪਟਨ, (ਡਾ. ਝੰਡ) -ਪੰਜਾਬੀ ਕਮਿਊਨਿਟੀ ਹੈੱਲਥ ਸਰਵਿਸਿਜ਼ (ਪੀ.ਸੀ.ਐੱਚ.ਐੱਸ.) ਪੰਜਾਬੀ ਕਮਿਊਨਿਟੀ ਦੀ ਭਲਾਈ ਲਈ ਇਕ ਵਿਕਾਸ ਪ੍ਰਾਜੈੱਕਟ ਹੈ ਜੋ ਇਸ ਦੇ ਸੀ.ਈ.ਓ ਬਲਦੇਵ ਸਿੰਘ ਮੁੱਟਾ ਦੀ ਅਗਵਾਈ ਵਿਚ 1990 ਵਿਚ ਹੋਂਦ ਵਿਚ ਆਇਆ। ਪਿਛਲੇ ਦੋ ਦਹਾਕਿਆਂ ਤੋਂ ਇਹ ਭਲਾਈ ਸੰਸਥਾ ਇਕ ਨਾੱਟ-ਫ਼ਾਰ-ਪਰਾਫਿ਼ਟ, ਚੈਰੀਟੇਬਲ, ਐਕਰੀਡਾਈਟਿਡ ਅਤੇ ਹੈੱਲਥ ਸਰਵਿਸਿਜ਼ ਪ੍ਰੋਵਾਈਡਰ ਵਜੋਂ ਬਾਖ਼ੂਬੀ ਕੰਮ ਕਰ ਰਹੀ ਹੈ। ਇਸ ਦੇ ਮੁੱਖ-ਉਦੇਸ਼ਂਾਂ ਵਿੱਚ ਲੋਕਾਂ ਦੇ ਨਿੱਜੀ, ਪਰਿਵਾਰਿਕ ਅਤੇ ਕਮਿਊਨਿਟੀ ਦੇ ਜੀਵਨ-ਪੱਧਰ ਵਿਚ ਸੁਧਾਰ ਕਰਨਾ ਹੈ ਅਤੇ ਇਸ ਦੀ ਪੂਰਤੀ ਲਈ ਇਹ ਕਈ ਤਰ੍ਹਾਂ ਦੇ ਪ੍ਰੋਗਰਾਮ ਚਲਾ ਰਹੀ ਹੈ ਜਿਨ੍ਹਾਂ ਵਿਚ ਇਸ ਦੇ 50 ਸੰਨੀਮੈਡੋ ਬੁਲੇਵਾਰਡ ਸਥਿਤ ਹੈੱਡ-ਕੁਆਰਟਰ ਤੋਂ ਇਲਾਵਾ ਮਿਸੀਸਾਗਾ, ਮਾਲਟਨ ਤੇ ਕੈਲਾਡਨ ਵਿਚ ਚਾਰ ਹੋਰ ਲੋਕੇਸ਼ਨਾਂ ਉੱਪਰ ਸੀਨੀਅਰਜ਼ ਦੀ ਭਲਾਈ ਲਈ ਕਈ ਵੱਖ-ਵੱਖ ਗਰੁੱਪ ਵੀ ਲਗਾਤਾਰ ਚਲਾਏ ਜਾ ਰਹੇ ਹਨ ਜਿਨ੍ਹਾਂ ਦੀਆਂ ਹਫ਼ਤਾਵਾਰੀ-ਇਕੱਤਰਤਾਵਾਂ ਵਿਚ ਵੱਖ-ਵੱਖ ਸਰਗ਼ਮੀਆਂ ਚੱਲਦੀਆਂ ਰਹਿੰਦੀਆਂ ਹਨ।
ਇਨ੍ਹਾਂ ਸਰਗ਼ਮੀਆਂ ਤਹਿਤ ਹੀ ਲੰਘੇ ਸ਼ੁੱਕਰਵਾਰ 12 ਜੁਲਾਈ ਨੂੰ ਪੀ.ਸੀ.ਐੱਚ.ਐੱਸ. ਦੀ ਮੈਨੇਜਮੈਂਟ ਵੱਲੋਂ ਇਸ ਦੇ ਸਾਰੇ ਗਰੁੱਪਾਂ ਦੇ ਮੈਂਬਰਾਂ ਦਾ ਸਮੂਹਿਕ ਰੂਪ ਵਿਚ ਪੰਜ ਵੱਡੀਆਂ ਚਾਰਟਰਡ ਏ.ਸੀ. ਬੱਸਾਂ ਵਿਚ ਨਿਆਗਰਾ ਸ਼ਹਿਰ ਅਤੇ ਇਸ ਦੀ ਮਸ਼ਹੂਰ 'ਨਿਆਗਰ ਆਨ ਦ ਲੇਕ' ਦਾ ਟੂਰ ਲਗਾਇਆ ਗਿਆ। ਸਾਰੇ ਗਰੁੱਪਾਂ ਨੂੰ ਮਿਲਾ ਕੇ ਮੈਂਬਰਾਂ ਦੀ ਗਿਣਤੀ 250 ਦੇ ਕਰੀਬ ਹੋ ਗਈ। ਸਾਰੇ ਮੈਂਬਰ ਸਵੇਰੇ 8.30 ਵਜੇ 50 ਸੰਨੀਮੀਡੋ ਬੁਲੇਵਾਰਡ ਦੀ ਪਾਰਕਿੰਗ ਵਿਚ ਇਕੱਠੇ ਹੋਣੇ ਸ਼ੁਰੂ ਹੋ ਗਏ ਜਿੱਥੇ ੳਪਰੋਕਤ ਪੰਜ ਚਾਰਟਰਡ ਬੱਸਾਂ ਉਨ੍ਹਾਂ ਦਾ ਇੰਤਜ਼ਾਰ ਕਰ ਰਹੀਆਂ ਸਨ। ਵੱਖ-ਵੱਖ ਗਰੁੱਪਾਂ ਦੇ ਇੰਚਾਰਜਾਂ ਵੱਲੋਂ ਸਾਰੇ ਮੈਂਬਰਾਂ ਦੀ ਬਾਕਾਇਦਾ ਹਾਜ਼ਰੀ ਲਗਾ ਕੇ ਉਨ੍ਹਾਂ ਨੂੰ ਹਲਕੇ ਬਰੇਕਫ਼ਾਸਟ ਦੇ ਪੈਕਟ ਅਤੇ ਪਾਣੀ ਦੀਆਂ ਬੋਤਲਾਂ ਦੇ ਕੇ ਉਨ੍ਹਾਂ ਨੂੰ ਅਲਾਟ ਕੀਤੀਆਂ ਗਈਆਂ ਬੱਸਾਂ ਵਿਚ ਬੈਠਣ ਲਈ ਕਿਹਾ ਗਿਆ। ਸਵਾ ਨੌਂ ਵਜੇ ਸਾਰੇ ਮੈਂਬਰ ਬੱਸਾਂ ਵਿਚ ਆਪੋ ਆਪਣੀਆਂ ਸੀਟਾਂ ਉੱਪਰ ਬੈਠ ਗਏ ਅਤੇ 9.30 ਬੱਸਾਂ ਦੇ ਕਾਫ਼ਲੇ ਨੇ ਨਿਆਗਰਾ ਵੱਲ ਆਪਣਾ ਰੁਖ਼ ਕਰ ਲਿਆ।
ਨਿਆਗਰਾ ਸ਼ਹਿਰ ਵਿਚ ਦਾਖ਼ਲ ਹੋਣ ਤੋਂ ਪਹਿਲਾਂ ਹੀ ਨਿਰਧਾਰਤ ਪ੍ਰੋਗਰਾਮ ਅਨੁਸਾਰ ਇਨ੍ਹਾਂ ਬੱਸਾਂ ਨੇ ਨਿਆਗਰਾ ਲੇਕ ਅਤੇ ਨਹਿਰ ਦੇ ਉੱਪਰ ਬਣੇ ਉੱਚੇ-ਪੁਲ਼ ਤੋਂ ਲੰਘ ਕੇ ਸ਼ਹਿਰ ਤੋਂ ਬਾਹਰਵਾਰ ਅੰਗੂਰਾਂ ਦੇ ਬਾਗ਼ਾਂ ਵੱਲ ਜਾਣ ਵਾਲਾ ਰਾਹ ਫੜ੍ਹਿਆ ਅਤੇ ਮੈਂਬਰਾਂ ਨੂੰ ਕਈ ਮੀਲਾਂ ਦੇ ਘੇਰੇ ਵਿਚ ਫ਼ੈਲੇ ਇਨ੍ਹਾਂ ਬਾਗ਼ਾਂ ਦੇ ਮਨਮੋਹਕ ਦ੍ਰਿਸ਼ ਵਿਖਾਉਣ ਦਾ ਮੌਕਾ ਪ੍ਰਦਾਨ ਕੀਤਾ। ਮੀਲਾਂ ਲੰਮੀਆਂ ਕਤਾਰਾਂ ਵਿਚ ਲੋਹੇ ਦੀਆਂ ਤਾਰਾਂ ਉੱਪਰ ਚੜ੍ਹੀਆਂ ਅੰਗੂਰਾਂ ਦੀਆਂ ਵੇਲਾਂ ਅਦਭੁੱਤ ਨਜ਼ਾਰਾ ਪੇਸ਼ ਕਰ ਰਹੀਆਂ ਸਨ। ਕਈ ਥਾਈਂ ਇਨ੍ਹਾਂ 'ਬਾਗ਼ਾਂ ਦੇ ਮਾਲੀ' ਲੰਮੇ-ਲੰੇਮੇਂ ਦਸਤਿਆਂ ਵਾਲੀਆਂ 'ਮਗੂੜੀਆਂ' ਵਰਗੇ ਸੰਦਾਂ ਨਾਲ ਅੰਗੂਰਾਂ ਦੀਆਂ ਵੇਲਾਂ ਦੇ ਆਲੇ-ਦੁਆਲੇ ਗੋਡੀ ਕਰ ਰਹੇ ਸਨ ਅਤੇ ਕਈ ਜਗ੍ਹਾ ਇਨ੍ਹਾਂ ਵੇਲਾਂ ਨੂੰ ਸਵੈ-ਚਾਲਕ ਫੁਹਾਰਿਆਂ ਨਾਲ ਪਾਣੀ ਦਿੱਤਾ ਜਾ ਰਿਹਾ ਸੀ। ਇਨ੍ਹਾਂ ਬਾਗ਼ਾਂ ਵਿਚ ਜਾਣ ਵਾਲੀ ਸੜਕ ਦੇ ਦੋਹੀਂ ਬੰਨੀਂ ਕਈ ਥਾਵਾਂ 'ਤੇ ਅੰਗੂਰਾਂ ਦੀ ਸ਼ਰਾਬ (ਵਾਈਨ) ਬਨਾਉਣ ਵਾਲੀਆਂ 'ਵਾਈਨਰੀਆਂ' ਮੌਜੂਦ ਸਨ। ਬੱਸ ਦੇ ਚਾਲਕ ਨੇ ਦੱਸਿਆ ਕਿ ਇਨ੍ਹਾਂ ਵਾਈਨਰੀਆਂ ਵਿਚ 20-25 ਡਾਲਰ ਵਾਲੀ ਆਮ ਵਾਈਨ ਤੋਂ ਲੈ ਕੇ 500 ਡਾਲਰ ਪ੍ਰਤੀ ਬੋਤਲ ਵਾ਼ਲੀ ‘ਐਕਸਪੋਰਟ ਕਵਾਲਿਟੀ ਵਾਈਨ’ ਵੀ ਤਿਆਰ ਹੁੰਦੀ ਹੈ। ਦੁਪਹਿਰ ਦੇ ਬਾਰਾਂ ਕੁ ਵਜੇ ਬੱਸਾਂ ਨਿਰਧਾਰਤ ਪਾਰਕਿੰਗ ਵਿਚ ਪਹੁੰਚ ਗਈਆਂ ਅਤੇ ਉੱਥੋਂ ਬਹੁਤੇ ਮੈਂਬਰ ਪੈਦਲ ਤੁਰ ਕੇ ਅਤੇ ਕਈ ਸਿਟੀ ਸ਼ਟਲ ਬੱਸਾਂ ਵਿਚ ਸਵਾਰ ਹੋ ਕੇ 'ਨਿਆਗਰਾ ਆਨ ਦ ਲੇਕ' ਦੇ ਕੰਢੇ ਬਣੇ ਖ਼ੂਬਸੂਰਤ ਪਾਰਕ ਵਿਚ ਪਹੁੰਚ ਗਏ ਜਿਹੜਾ ਕਿ ਨਿਆਗਰਾ ਲੇਕ ਦੇ ਨਾਲ-ਨਾਲ ਕਾਫ਼ੀ ਲੰਬਾਈ ਵਿਚ ਫ਼ੈਲਿਆ ਹੋਇਆ ਹੈ। ਮੈਂਬਰਾਂ ਦੀ ਦਿਲਚਸਪੀ ਲਈ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਪੰਜ ਕੁ ਵਜੇ ਦੇ ਕਰੀਬ ਇੱਥੇ ਮਾਲ-ਅਸਬਾਬ ਵਾਲਾ ਜਹਾਜ਼ ਆਏਗਾ ਪਰ ਇਹ ਆਉਂਦਾ-ਆਉਂਦਾ ਮਸੀਂ ਛੇ ਕੁ ਵਜੇ ਹੀ ਆਇਆ। ਦੂਰੋਂ ਦਿਖਾਈ ਦਿੰਦਾ ਹੋਇਆ ਹੌਲੀ-ਹੌਲੀ 'ਜੂੰ-ਚਾਲੇ' ਤੁਰਦਿਆਂ ਹੋਇਆਂ ਇਸ ਜਹਾਜ਼ ਨੇ ਆਪਣੇ 'ਅੱਡੇ' 'ਤੇ ਪਹੁੰਚਣ ਲਈ ਅੱਧੇ ਘੰਟੇ ਤੋਂ ਵੀ ਵਧੇਰੇ ਸਮਾਂ ਲਗਾ ਦਿੱਤਾ। ਇੱਥੇ ਆ ਕੇ ਕੁਝ ਮਿੰਟਾਂ ਬਾਅਦ ਹੀ ਇਹ ਪਾਣੀ ਵਿਚ ਨੀਵਾਂ ਹੋਣ ਲੱਗ ਪਿਆ, ਜਿਵੇਂ ਇਹ ਹੇਠਾਂ ਧਰਤੀ ਦੇ ਅੰਦਰ ਜਾ ਰਿਹਾ ਹੋਵੇ ਅਤੇ ਹੌਲੀ-ਹੌਲੀ ਇਸ ਦਾ ਤਿੰਨ-ਚੌਥਾਈ ਹਿੱਸਾ ਜ਼ਮੀਨੀ-ਤਲ ਤੋਂ ਥੱਲੇ ਚਲਾ ਵੀ ਗਿਆ। ਤਕਨੀਕੀ ਪੱਖੋਂ ਅਜਿਹਾ ਇਸ ਤੋਂ ਅਗਲੇ ਪਾਸੇ ਇਸ 'ਨਹਿਰ' ਦੇ ਪਾਣੀ ਦੇ ਪੱਧਰ ਦੇ ਨੀਵਾਂ ਹੋਣ ਕਰਕੇ ਕੀਤਾ ਜਾਂਦਾ ਹੈ। ਨਿਆਗਰਾ ਲੇਕ ਵੱਲੋਂ ਆਉਣ ਵਾਲੇ ਪਾਣੀ ਨੂੰ ਰੋਕਣ ਲਈ ਇਸ ਨਹਿਰ ਦੇ ਅਗਲੇ ਪਾਸੇ ਬੰਦ ਕੀਤੇ 'ਗੇਟ' ਖੋਲ੍ਹ ਦਿੱਤੇ ਜਾਂਦੇ ਹਨ ਅਤੇ ਕੁਝ ਮਿੰਟਾਂ ਵਿਚ ਹੀ ਇਸ ਵਿਚ ਪਾਣੀ ਦਾ ਲੈਵਲ ਨੀਵਾਂ ਹੋ ਕੇ ਨਿਆਗਰਾ ਨਹਿਰ ਦੇ ਬਰਾਬਰ ਹੋ ਜਾਂਦਾ ਹੈ। ਅਗਲਾ ਜਹਾਜ਼ ਆਉਣ ਤੋਂ ਪਹਿਲਾਂ ਇਸ ਮਸਨੂਈ ਨਹਿਰ ਨੂੰ ਨਿਆਗਰਾ ਲੇਕ ਵਾਲੇ ਬੰਨੇ ਵਾਲਾ ਗੇਟ ਖੋਲ੍ਹ ਕੇ ਉਸ ਪਾਸਿਉਂ ਆਉਣ ਵਾਲੇ ਪਾਣੀ ਨਾਲ ਫਿਰ ਭਰ ਲਿਆ ਜਾਂਦਾ ਹੈ। ਸਮੁੰਦਰੀ ਜਹਾਜ਼ ਦਾ ਇਹ 'ਨਜ਼ਾਰਾ' ਨੇੜਿਉਂ ਤੱਕਣ ਤੋਂ ਬਾਅਦ ਸਾਰੇ ਮੈਂਬਰ ਆਪੋ-ਆਪਣੀ ਬੱਸਾਂ ਵਿਚ ਬੈਠ ਗਏ ਅਤੇ ਸ਼ਾਮ ਨੂੰ ਸਾਢੇ ਕੁ ਸੱਤ ਵਜੇ ਆਪਣੇ ਟਿਕਾਣੇ 'ਤੇ ਵਾਪਸ ਪਹੁੰਚੇ।

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਸੰਜੂ ਗੁਪਤਾ ਨੇ 'ਫ਼ਰਗੂਸ ਹਾਈਲੈਂਡ ਗੇਮਜ਼ ' ਦੀ 10 ਕਿਲੋਮੀਟਰ ਦੌੜ ਵਿਚ ਭਾਗ ਲਿਆ
ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਵੱਲੋਂਂ ਟੋਬਰ ਮਰੀ ਆਈਲੈਂਡ ਦਾ ਸਫ਼ਲ ਟੂਰ
ਰਾਈਜਿ਼ੰਗ ਸਟਾਰਜ਼ 25 ਅਗਸਤ ਨੂੰ
ਇਕ ਸ਼ਾਮ ‘ਪਾਤਰ’ ਦੇ ਨਾਮ, 17 ਅਗਸਤ ਨੂੰ ‘ਰੋਜ਼ ਥੀਏਟਰ’ ਵਿਚ
ਪੇਟੈਂਟ ਮੈਡੀਸੀਨ ਰੈਗੂਲੇਸ਼ਨਾਂ ਵਿਚ ਤਬਦੀਲੀਆਂ ਦਾ ਐਲਾਨ ਕਰਕੇ ਲਿਬਰਲ ਸਰਕਾਰ ਨੇ ਨੈਸ਼ਨਲ ਫ਼ਾਰਮਾਕੇਅਰ ਪ੍ਰੋਗਰਾਮ ਦੀ ਨੀਂਹ ਰੱਖੀ : ਰੂਬੀ ਸਹੋਤਾ
ਦਵਾਈਆਂ ਦੀਆਂ ਕੀਮਤਾਂ ਘਟਾਉਣ ਲਈ ਹੈਲਥ ਕੈਨੇਡਾ ਨੇ ਐਲਾਨੇ ਨਵੇਂ ਨਿਯਮ
ਮੈਂਟਲ ਹੈਲਥ ਤੇ ਹੋਮ ਕੇਅਰ ਲਈ ਫੰਡਾਂ ਵਾਸਤੇ ਐਂਡਰਿਊ ਸ਼ੀਅਰ ਤੇ ਕੰਜ਼ਰਵੇਟਿਵਾਂ ਨੇ ਦਿੱਤੀ ਗਾਰੰਟੀ
ਤੀਜ ਮੇਲਾ ਇਸ ਸ਼ਨਿੱਚਰਵਾਰ ਨੂੰ
ਮੋਰੋ ਪਾਰਕ ਸੀਨੀਅਰਜ਼ ਕਲੱਬ ਵੱਲੋਂ ਕੈਨੇਡਾ ਡੇਅ ਪ੍ਰੋਗਰਾਮ ਦਾ ਆਯੋਜਨ
ਸੁਰਜੀਤ ਪਾਤਰ 17 ਅਗਸਤ ਨੂੰ ਆਪਣੀਆਂ ਕਾਵਿ-ਰਚਨਾਵਾਂ ਦੀ ਛਹਿਬਰ ਲਗਾਉਣਗੇ