Welcome to Canadian Punjabi Post
Follow us on

12

December 2019
ਨਜਰਰੀਆ

ਆ ਜਵਾਈਆ ਮੰਡੇ ਖਾਹ..

July 18, 2019 09:26 AM

-ਬਲਰਾਜ ਸਿੱਧੂ ਐਸ ਪੀ
ਦੇਸ਼ ਵਿੱਚ ਆਮ ਚੋਣਾਂ ਸਿਰੇ ਚੜ੍ਹ ਚੁੱਕੀਆਂ ਹਨ ਤੇ ਨਵੀਂ ਸਰਕਾਰ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਚੋਣਾਂ ਦੌਰਾਨ ਇਹ ਗੱਲ ਦੇਖਣ ਨੂੰ ਮਿਲੀ ਕਿ ਹਰੇਕ ਨੇਤਾ ਮੋਰਚਾ ਫਤਹਿ ਕਰਨ ਲਈ ਸਿਰਧੜ ਦੀ ਬਾਜ਼ੀ ਲਾਈ ਬੈਠਾ ਸੀ, ਪਰ ਜਿੱਤ ਹਾਰ ਕਈ ਨੁਕਤਿਆਂ 'ਤੇ ਨਿਰਭਰ ਕਰਦੀ ਹੈ। ਨੇਤਾਵਾਂ ਦੀ ਵੋਟਰਾਂ ਨਾਲ ਬੋਲਚਾਲ ਅਤੇ ਵਿਹਾਰ, ਉਨ੍ਹਾਂ ਦਾ ਨਿੱਜੀ ਕਿਰਦਾਰ, ਕੀਤੇ ਹੋਏ ਕੰਮ, ਇਲਾਕੇ ਦਾ ਵਿਕਾਸ, ਧਾਰਮਿਕ ਸਮਾਜਿਕ ਮੁੱਦੇ, ਉਪਲਬਧਤਾ ਅਤੇ ਦਿਆਨਤਦਾਰੀ ਆਦਿ ਕਈ ਕਾਰਨ ਹਨ ਜੋ ਸਿਆਸੀ ਹਵਾ ਦਾ ਰੁਖ਼ ਨਿਰਧਾਰਤ ਕਰਨ ਦਾ ਕਾਰਨ ਬਣਦੇ ਹਨ। ਕੁਝ ਕਰਮਯੋਗੀ ਨੇਤਾ ਜਨਤਾ ਵਿੱਚ ਐਨੇ ਹਰਮਨ ਪਿਆਰੇ ਹੁੰਦੇ ਹਨ ਕਿ ਹਲਕੇ ਵਿੱਚ ਗਏ ਬਿਨਾਂ ਜਿੱਤ ਜਾਂਦੇ ਹਨ ਤੇ ਕਈ ਐਨੇ ਬਦਨਾਮ ਹੁੰਦੇ ਹਨ ਕਿ ਹਰ ਨਵੀਂ ਚੋਣ ਵੇਲੇ ਨਵਾਂ ਹਲਕਾ ਲੱਭਦੇ ਹਨ। ਬਹੁਤੇ ਨੇਤਾ ਕਿਸੇ ਚੰਗੀ ਪਾਰਟੀ ਦੀ ਟਿਕਟ ਮਿਲਣ ਸਾਰ ਆਪਣੇ ਆਪ ਨੂੰ ਮੰਤਰੀ ਸਮਝਣ ਲੱਗ ਪੈਂਦੇ ਹਨ। ਧੌਣ ਵਿੱਚ ਕਿੱਲਾ ਫਸ ਜਾਂਦਾ ਹੈ, ਮੁੱਛਾਂ ਖੜ੍ਹੀਆਂ ਤੇ ਅੱਖਾਂ ਲਾਲ ਹੋ ਜਾਂਦੀਆਂ ਹਨ।
ਫੌਰਨ ਪ੍ਰੋਫੈਸ਼ਨਲ ਚਮਚਿਆਂ ਦੀ ਫੌਜ ਇਨ੍ਹਾਂ ਨੂੰ ਚਾਰੇ ਪਾਸਿਓਂ ਘੇਰ ਲੈਂਦੀ ਹੈ। ਪਿੱਛੇ ਜਿਹੇ ਹੋਈਆਂ ਚੋਣਾਂ ਵਿੱਚ ਇਕ ਨਵੀਂ ਸਿਆਸੀ ਪਾਰਟੀ ਦੀ ਜ਼ਰੂਰਤ ਤੋਂ ਜ਼ਿਆਦਾ ਹੀ ਚੜ੍ਹਾਈ ਹੋ ਗਈ। ਸਭ ਨੂੰ ਲੱਗਣ ਲੱਗਾ ਕਿ ਇਹ ਜ਼ਰੂਰ ਕੋਈ ਵੱਡਾ ਸਿਆਸੀ ਧਮਾਕਾ ਕਰਨਗੇ। ਇਲੈਕਸ਼ਨ ਦਾ ਰਿਜ਼ਲਟ ਆਉਣ ਤੋਂ ਪਹਿਲਾਂ ਹੀ ਉਸ ਪਾਰਟੀ ਦੇ ਲੀਡਰਾਂ ਦੇ ਦਿਮਾਗ ਸੱਤਵੇਂ ਅਸਮਾਨ 'ਤੇ ਪਹੁੰਚ ਗਏ। ਉਨ੍ਹਾਂ ਨੇ ਅਫਸਰਾਂ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ। ਜ਼ਿਲੇ ਦੇ ਸੀਨੀਅਰ ਅਧਿਕਾਰੀਆਂ ਤੱਕ ਦੇ ਫੋਨ ਉਨ੍ਹਾਂ ਦੇ ਪੀ ਏ ਪੰਜ-ਪੰਜ ਮਿੰਟ ਹੋਲਡ ਕਰਾਉਣ ਲੱਗ ਪਏ। ਉਨ੍ਹਾਂ ਦੇ ਵਰਕਰ ਦਿਨ ਰਾਤ ਕਾਊਂਟਿੰਗ ਸੈਂਟਰਾਂ 'ਤੇ ਵੋਟਾਂ ਵਾਲੀਆਂ ਮਸ਼ੀਨਾਂ ਦੀ ਰਾਖੀ ਵਾਸਤੇ ਡਟੇ ਰਹੇ। ਗਿਣਤੀ ਵਾਲੇ ਦਿਨ ਤਾਂ ਉਨ੍ਹਾਂ ਦੀ ਮੜਕ ਝੱਲੀ ਨਹੀਂ ਸੀ ਜਾਂਦੀ। ਸਮਰਥਕਾਂ ਦੇ ਵੱਡੇ ਲਾਮ ਲਸ਼ਕਰ ਸਮੇਤ ਉਹ ਪੁਲਸ ਨਾਕਿਆਂ ਤੋਂ ਇਸ ਤਰ੍ਹਾਂ ਘੂਰ-ਘੂਰ ਲੰਘਦੇ ਜਿਵੇਂ ਵਾਕਿਆ ਹੀ ਉਨ੍ਹਾਂ ਦੀ ਸਰਕਾਰ ਬਣ ਗਈ ਹੋਵੇ। ਜਿਉਂ-ਜਿਉਂ ਵੋਟਾਂ ਦੀ ਗਿਣਤੀ ਅੱਗੇ ਵਧਦੀ ਗਈ, ਉਨ੍ਹਾਂ ਦੀ ਫੂਕ ਨਿਕਲਦੀ ਗਈ। ਕਈ ਸ਼ਰਮਿੰਦੇ ਹੋਏ ਵਾਪਸ ਜਾਣ ਲੱਗਿਆਂ ਪੁਲਸ ਲਾਗੋਂ ਹਾਰੇ ਹੋਏ ਜੁਆਰੀਆਂ ਵਾਂਗ ਅੱਖ ਬਚਾ ਕੇ ਖਿਸਕੇ।
ਕੁਝ ਸਾਲ ਪਹਿਲਾਂ ਲੁਧਿਆਣੇ ਦੇ ਇਕ ਪੇਂਡੂ ਹਲਕੇ ਤੋਂ ਚਾਲੂ ਜਿਹੀ ਕਿਸਮ ਦਾ ਪਰ ਕਿਸਮਤ ਦਾ ਧਨੀ ਲੀਡਰ ਪਤਾ ਨਹੀਂ ਕਿਵੇਂ ਜੁਗਾੜ ਲਾ ਕੇ ਇਕ ਵੱਡੀ ਸਿਆਸੀ ਪਾਰਟੀ ਦੀ ਟਿਕਟ ਮੁੱਛ ਲਿਆਇਆ। ਉਸ ਨੇ ਦਿਨਾਂ ਵਿੱਚ ਹੀ ਚੋਣ ਪ੍ਰਚਾਰ ਪੂਰੇ ਜ਼ੋਰਾਂ ਨਾਲ ਮਘਾ ਦਿੱਤਾ। ਚਮਚਿਆਂ ਨੇ ਗੱਲਾਂ ਗੱਲਾਂ ਵਿੱਚ ਉਸ ਨੂੰ ਜਿਤਾ ਵੀ ਦਿੱਤਾ ਤੇ ਮੰਤਰੀ ਵੀ ਬਣਾ ਦਿੱਤਾ। ਉਹ ਸਮਝਣ ਲੱਗਾ ਕਿ ਸਾਰੇ ਜ਼ਿਲੇ ਵਿੱਚ ਉਸ ਦੇ ਮੁਕਾਬਲੇ ਦਾ ਹੋਰ ਕੋਈ ਲੀਡਰ ਨਹੀਂ ਹੈ ਅਤੇ ਸਰਕਾਰ ਬਣਨ ਤੋਂ ਬਾਅਦ ਪੂਰੇ ਜ਼ਿਲੇ ਵਿੱਚ ਉਸੇ ਦੀ ਹੀ ਚੱਲਣੀ ਹੈ।
ਜਿਸ ਪਾਰਟੀ ਵੱਲੋਂ ਉਹ ਚੋਣ ਲੜ ਰਿਹਾ ਸੀ, ਉਸ ਦੀ ਵੀ ਪੂਰੀ ਹਵਾ ਬਣੀ ਹੋਈ ਸੀ। ਇਲਾਕੇ ਦੇ ਅਫਸਰ ਵੀ ਮਾਹੌਲ ਵੇਖ ਕੇ ਪੋਸਟਿੰਗ ਕਰਾਉਣ ਬਚਾਉਣ ਲਈ ਉਸ ਦੇ ਅੱਗੇ ਪਿੱਛੇ ਘੁੰਮਣ ਲੱਗੇ। ਉਸ ਨੇ ਪਹਿਲਾਂ ਕਦੇ ਸਰਪੰਚੀ ਦੀ ਚੋਣ ਨਹੀਂ ਸੀ ਲੜੀ। ਐਨੀ ਤਵੱਜੋ ਮਿਲਦੀ ਵੇਖ ਕੇ ਥੋੜੇ੍ਹ ਪਾਣੀ ਦੀ ਮੱਛੀ ਵਾਂਗ ਜ਼ਿਆਦਾ ਹੀ ਤੜਫਣ ਲੱਗਾ। ਕੁਝ ਦਿਨਾਂ ਬਾਅਦ ਸੁੱਖੀਂ ਸਾਂਦੀ ਵੋਟਾਂ ਪੈ ਗਈਆਂ। ਅਗਲੇ ਦਿਨ ਉਹ ਨਿੱਸਲ ਹੋਇਆ ਘਰ ਬੈਠਾ ਇਲੈਕਸ਼ਨ ਦੀ ਥਕਾਨ ਲਾਹ ਰਿਹਾ ਸੀ ਕਿ ਉਸ ਦਾ ਇਕ ਖਾਸ ਵਰਕਰ, ਜੋ ਬਹੁਤ ਮੂੰਹ ਫੱਟ ਸੀ, ਉਸ ਨੂੰ ਮਿਲਣ ਗਿਆ। ਲੀਡਰ ਨੇ ਇੱਧਰ ਉਧਰ ਦੀਆਂ ਗੱਲਾਂ ਮਾਰਨ ਤੋਂ ਬਾਅਦ ਉਸ ਨਾਲ ਦਿਲ ਫੋਲਿਆ, ‘ਯਾਰ! ਇਹ ਸਰਕਾਰ ਚਲਾਉਣੀ ਬੜਾ ਔਖਾ ਕੰਮ ਆ। ਛੋਟੇ ਵੱਡੇ ਸਾਰੇ ਅਫਸਰ ਗੇੜੇ ਮਾਰੀ ਜਾਂਦੇ ਨੇ। ਬੰਦਾ ਕਿਸ ਨੂੰ ਡੀ ਸੀ ਲਾਵੇ, ਕਿਸ ਨੂੰ ਐਸ ਐਸ ਪੀ, ਕਿਸ ਨੂੰ ਡੀ ਐਸ ਪੀ, ਐਸ ਐਚ ਓ ਅਤੇ ਕਿਸ ਨੂੰ ਐਸ ਡੀ ਐਮ ਲਾਵੇ? ਇਨ੍ਹਾਂ ਨੇ ਸਿਫਾਰਸ਼ਾਂ ਪਾ-ਪਾ ਕੇ ਸਿਰ ਪੀੜ ਲਾ ਛੱਡੀ ਆ।' ਵਰਕਰ ਹੈਰਾਨ ਰਹਿ ਗਿਆ ਕਿ ਇਹ ਬੰਦਾ ਅਜੇ ਕੁਝ ਬਣਿਆਂ ਨਹੀਂ ਤੇ ਪੈਰ ਛੱਡ ਗਿਆ। ਉਹ ਚੁੱਪਚਾਪ ਕੰਨ ਵਲੇਟ ਕੇ ਵਾਪਸ ਚਲਦਾ ਬਣਿਆ। ਕੁਝ ਦਿਨਾਂ ਬਾਅਦ ਜਦੋਂ ਵੋਟਾਂ ਦੀ ਗਿਣਤੀ ਹੋਈ ਤਾਂ ਮੰਤਰੀ ਬਣਨ ਦਾ ਸੁਪਨਾ ਲਈ ਬੈਠੇ ਉਸ ਵਿਚਾਰੇ ਲੀਡਰ ਦੀ ਜ਼ਮਾਨਤ ਜ਼ਬਤ ਹੋ ਗਈ। ਸ਼ਰਮ ਦਾ ਮਾਰਿਆ ਕਈ ਦਿਨ ਮੂੰਹ ਛਿਪਾ ਕੇ ਘਰ ਲੁਕਿਆ ਰਿਹਾ। ਮੂੰਹ ਫੱਟ ਵਰਕਰ ਨੂੰ ਢਿੱਡ ਹੌਲਾ ਕਰਨ ਦਾ ਮੌਕਾ ਮਿਲ ਗਿਆ ਅਤੇ ਉਹ ਭਲਾਮਾਣਸ ਜਿਹਾ ਬਣ ਕੇ ਲੀਡਰ ਦੇ ਘਰ ਜਾ ਪਹੁੰਚਿਆ।
ਅਫਸੋਸ ਕਰਨ ਤੋਂ ਬਾਅਦ ਕਹਿਣ ਲੱਗਾ, ‘ਨੇਤਾ ਜੀ! ਇਕ ਗੱਲ ਮੰਨਣੀ ਪਊ ਕਿ ਰੱਬ ਜੋ ਵੀ ਕਰਦਾ, ਠੀਕ ਈ ਕਰਦਾ ਆ।' ਲੀਡਰ ਨੇ ਇਸ ਤਰ੍ਹਾਂ ਤ੍ਰਭਕ ਕੇ ਉਸ ਵੱਲ ਵੇਖਿਆ ਜਿਵੇਂ ਕਿਸੇ ਨੇ ਉਸ ਨੂੰ ਗਾਲ੍ਹ ਕੱਢੀ ਹੋਵੇ। ਉਹ ਕਹਿਣ ਲੱਗਾ, ‘ਇਹ ਕੀ ਕਹੀ ਜਾਨਾ ਤੂੰ? ਅਫਸੋਸ ਕਰਨ ਆਇਆਂ ਕਿ ਮੇਰੇ ਜ਼ਖਮਾਂ 'ਤੇ ਲੂਣ ਭੁੱਕਣ?' ਵਰਕਰ ਮਸਕੀਨ ਜਿਹਾ ਬਣ ਕੇ ਬੋਲਿਆ, ‘ਉਂ ਨੇਤਾ ਜੀ, ਤੁਸੀਂ ਸਮਝੇ ਨਹੀਂ। ਜੇ ਤੁਸੀਂ ਜਿੱਤ ਜਾਂਦੇ ਤਾਂ ਤੁਹਾਨੂੰ ਐਵੇਂ ਇਨ੍ਹਾਂ ਟੁੱਟੇ ਭੱਜੇ ਅਫਸਰਾਂ ਦੀਆਂ ਬਦਲੀਆਂ ਕਰਾਉਣ ਦੀ ਸਿਰਦਰਦੀ ਲੈਣੀ ਪੈਣੀ ਸੀ। ਕਦੇ ਕਿਸੇ ਦੇ ਸਿਫਾਰਸ਼ੀ ਨੇ ਨਰਾਜ਼ ਹੋ ਜਾਣਾ ਸੀ ਅਤੇ ਕਦੇ ਕਿਸੇ ਦੇ। ਕਦੇ ਚੰਡੀਗੜ੍ਹ ਭੱਜਦੇ ਤੇ ਕਦੇ ਦਿੱਲੀ। ਤੁਸੀਂ ਆਰਾਮ ਨਾਲ ਪੰਜ ਸਾਲ ਮੌਜਾਂ ਮਾਣੋ, ਕਿਸੇ ਚਪੜਾਸੀ ਨੇ ਨਹੀਂ ਆਉਣਾ ਤੁਹਾਡੇ ਕੋਲ ਬਦਲੀ ਕਰਾਉਣ ਲਈ। ਚੰਗਾ ਜੀ ਚੱਲਦੇ ਆਂ, ਰਾਮ ਸਿੰਘ ਨੂੰ ਵਧਾਈਆਂ ਦੇ ਆਈਏ ਸੀਟ ਜਿੱਤਣ ਦੀਆਂ।' ਲੀਡਰ ਸਮਝ ਗਿਆ ਕਿ ਇਹ ਜਾਣਬੁੱਝ ਕੇ ਭਿਉਂ-ਭਿਉਂ ਕੇ ਛਿੱਤਰ ਮਾਰ ਰਿਹਾ ਹੈ। ਉਹ ਕੁਝ ਕਹਿਣਾ ਚਾਹੁੰਦਾ ਹੋਇਆ ਵੀ ਕੁਝ ਨਾ ਕਹਿ ਸਕਿਆ।

Have something to say? Post your comment