Welcome to Canadian Punjabi Post
Follow us on

12

December 2019
ਨਜਰਰੀਆ

ਅੱਜ ਕੱਲ੍ਹ ਕੀਹਣੇ ਪੁੱਛਣੀ ਜਿੰਦੀ ਘੋੜੀ..

July 18, 2019 09:26 AM

-ਸੁਪਿੰਦਰ ਸਿੰਘ ਰਾਣਾ
ਪਿਛਲੇ ਸਾਲ ਪਤਨੀ ਨੇ ਮਾਂ ਦੀ ਪੇਟੀ ਘਰ ਵਿੱਚ ਕੰਮ ਕਰਨ ਵਾਲੀ ਨੂੰ ਚੁਕਾ ਦਿੱਤੀ। ਮਸਾਲਾ ਕੁੱਟਣ ਵਾਲਾ ਮਾਮ ਜਿਸਤਾ, ਆਚਾਰ ਕੱਟਣ ਵਾਲਾ ਦਾਤਰ (ਟੋਕਾ) ਤੇ ਸੇਵੀਆਂ ਵੱਟਣ ਵਾਲੀ ਜਿੰਦੀ, ਜਿਸ ਨੂੰ ਜੈਂਡੀ ਜਾਂ ਘੋੜੀ ਵੀ ਆਖਦੇ ਨੇ, ਦੀ ਵਾਰੀ ਸੀ। ਮੈਨੂੰ ਜਾਪਦਾ ਸੀ ਕਿ ਇਹ ਚੀਜ਼ਾਂ ਬਹੁਤ ਘੱਟ ਥਾਂ ਘੇਰਦੀਆਂ ਹਨ ਤੇ ਪਈਆਂ ਕਿਸੇ ਨੂੰ ਕੀ ਕਹਿੰਦੀਆਂ ਨੇ। ਕਦੇ ਵੇਲੇ ਕੁਵੇਲੇ ਕੰਮ ਆ ਜਾਣਗੀਆਂ। ਇਨ੍ਹਾਂ ਨੂੰ ਦੇਖ ਕੇ ਪੁਰਾਣੇ ਸਮੇਂ ਦੀ ਯਾਦ ਆ ਜਾਂਦੀ ਸੀ। ਦੇਖਣ ਨੂੰ ਤਾਂ ਇਹ ਚੀਜ਼ਾਂ ਅੱਜ ਦੀ ਪੀੜ੍ਹੀ ਨੂੰ ਸ਼ਾਇਦ ਫਜ਼ੂਲ ਹੀ ਜਾਪਦੀਆਂ ਹੋਣ, ਪਰ ਇਹ ਕਿਸੇ ਵੇਲੇ ਸਾਂਝ ਦਾ ਪ੍ਰਤੀਕ ਸਨ।
ਤਾਇਆ ਜੀ ਰੇਲਵੇ ਵਿਭਾਗ ਦੀ ਨੌਕਰੀ ਕਰਦੇ ਸਨ। ਉਹ ਨੌਕਰੀ ਦੌਰਾਨ ਮਾਮ ਜਿਸਤਾ ਬਣਾ ਕੇ ਲਿਆਏ। ਘਰ ਵਿੱਚ ਜਦੋਂ ਵੀ ਮਸਾਲਾ ਕੁੱਟਣਾ ਹੋਵੇ, ਮਿਰਚਾਂ ਕੁੱਟਣੀਆਂ ਹੋਣ ਜਾਂ ਹੋਰ ਕੁਝ ਤਾਂ ਇਸ ਦੀ ਲੋੜ ਪੈਂਦੀ ਸੀ। ਇਹ ਸਾਡੇ ਘਰ ਤੱਕ ਹੀ ਸੀਮਤ ਨਹੀਂ ਸੀ, ਸਗੋਂ ਗੁਆਂਢੀ ਵੀ ਇਸ ਦੀ ਵਰਤੋਂ ਕਰਦੇ ਸਨ। ਦੂਜੇ ਘਰੋਂ ਆਉਣ ਉਤੇ ਮਾਂ ਨੇ ਸਾਫ ਸਫਾਈ ਕਰਕੇ ਫੇਰ ਇਸ ਨੂੰ ਬਣਦੀ ਥਾਂ 'ਤੇ ਰੱਖ ਦੇਣਾ। ਗਰਮੀਆਂ ਵਿੱਚ ਅੰਬੀਆਂ ਦਾ ਆਚਾਰ ਬਣਾਉਣ ਵੇਲੇ ਦਾਤਰ ਦੀ ਲੋੜ ਪੈਂਦੀ ਸੀ। ਇਸ ਨਾਲ ਵੀ ਕਈ ਘਰਾਂ ਦਾ ਸਬੰਧ ਜੁੜਿਆ ਸੀ। ਇਨ੍ਹਾਂ ਦੋਵਾਂ ਚੀਜ਼ਾਂ ਨੂੰ ਵਰਤਣ ਵੇਲੇ ਬੱਚਿਆਂ ਤੋਂ ਦੂਰ ਰੱਖਿਆ ਜਾਂਦਾ ਸੀ ਤਾਂ ਜੋ ਕੋਈ ਨਿਆਣਾ ਸੱਟ ਫੇਟ ਨਾ ਖਾ ਲਵੇ। ਜਿੰਦੀ ਦੀ ਜਦੋਂ ਵਾਰੀ ਆਉਂਦੀ ਤਾਂ ਨਿਆਣੇ ਜਿਥੇ ਖੇਡ ਕਟਾਰੀਆਂ ਕਰਦੇ ਸਨ, ਉਥੇ ਵੱਡਿਆਂ ਨਾਲ ਕੰਮ ਵਿੱਚ ਹੱਥ ਵੀ ਵਟਾਈ ਜਾਂਦੇ ਸਨ।
ਮੈਨੂੰ ਯਾਦ ਹੈ, ਜਦੋਂ ਅਸੀਂ ਆਪਣੇ ਘਰ ਵਿੱਚ ਸੇਵੀਆਂ ਵੱਟਣ ਦੀ ਤਿਆਰੀ ਕਰਦੇ ਤਾਂ ਤਿੰਨੋਂ ਭੈਣ ਭਰਾ ਭੱਜ-ਭੱਜ ਕੇ ਆਪਣੀ ਮਾਂ ਨਾਲ ਕੰਮ ਕਰਾਉਣ ਲੱਗ ਜਾਂਦੇ ਸਾਂ। ਸਭ ਨੂੰ ਸੇਵੀਆਂ ਵੱਟਣ ਦਾ ਚਾਅ ਹੁੰਦਾ ਸੀ। ਮਾਂ ਨੇ ਜਿਸ ਦਿਨ ਸਾਡੀ ਸਕੂਲ ਤੋਂ ਛੁੱਟੀ ਹੋਣੀ, ਉਸ ਦਿਨ ਅਜਿਹਾ ਕੰਮ ਕਰਨ ਲੱਗ ਜਾਣਾ। ਅਸੀਂ ਪਹਿਲਾਂ ਮੰਜੇ ਦੀ ਬਾਹੀ ਉਤੇ ਸੇਵੀਆਂ ਵੱਟਣ ਵਾਲੀ ਮਸ਼ੀਨ ਨੂੰ ਕੱਸ ਲੈਂਦੇ। ਸ਼ਾਇਦ ਬਾਹੀ 'ਤੇ ਜਿੰਦੇ ਵਾਂਗ ਕੱਸੀ ਜਾਣ ਕਰਕੇ ਇਸ ਨੂੰ ਜਿੰਦੀ ਦਾ ਨਾਮ ਦਿੱਤਾ ਹੋਵੇ। ਇੰਜ ਹੀ ਮੰਜੇ ਉਤੇ ਬੈਠ ਕੇ ਜਦੋਂ ਦੋਵੇਂ ਪਾਸੇ ਲੱਤਾਂ ਕਰਕੇ ਇਸ ਨੂੰ ਚਲਾਉਂਦੇ ਹੋਣਗੇ ਤਾਂ ਘੋੜੀ ਦੀ ਸਵਾਰੀ ਕਰਨ ਵੇਲੇ ਹੱਥ ਵਿੱਚ ਲਗਾਮ ਫੜੀ ਦਾ ਅਹਿਸਾਸ ਹੋਣ ਕਾਰਨ ਇਸ ਨੂੰ ਕੁੁਝ ਇਲਾਕਿਆਂ ਵਿੱਚ ਘੋੜੀ ਕਹਿੰਦੇ ਹੋਣਗੇ।
ਦੋ ਮੰਜਿਆਂ ਨੂੰ ਪੁੱਠੇ ਕਰਕੇ ਉਨ੍ਹਾਂ ਦੇ ਪਾਵਿਆਂ ਨੂੰ ਰੱਸੀਆਂ ਬੰਨ੍ਹ ਦੇਣੀਆਂ। ਮੰਜਿਆਂ ਵਿੱਚ ਚਾਦਰਾਂ ਵਿਛਾ ਦੇਣੀਆਂ ਤਾਂ ਜੋ ਸੇਵੀਆਂ ਸੁੱਕ ਕੇ ਉਨ੍ਹਾਂ 'ਤੇ ਡਿੱਗ ਪੈਣ। ਇੰਨੇ ਨੂੰ ਮਾਂ ਨੇ ਆਟਾ ਛਾਣ ਕੇ ਗੁੰਨ੍ਹ ਲੈਣਾ। ਪਰਾਤ ਵਿੱਚ ਗੁੰਨ੍ਹਿਆ ਤੇ ਸੁੱਕਾ ਆਟਾ ਦੋਵੇਂ ਹੀ ਰੱਖ ਲੈਣੇ। ਜਿੰਦੀ ਵਿੱਚ ਆਟੇ ਦਾ ਪਹਿਲ ਪੇੜਾ ਪਾਉਣ ਤੋਂ ਪਹਿਲਾਂ ਮਾਂ ਨੇ ਪਰਮਾਤਮਾ ਨੂੰ ਯਾਦ ਕਰਨਾ ਤੇ ਮਗਰੋਂ ਸਰ੍ਹੋਂ ਦਾ ਤੇਲ ਲਾ ਕੇ ਪੇੜਾ ਪਾ ਦੇਣਾ। ਸਾਨੂੰ ਮਸ਼ੀਨ ਦਾ ਹੈਂਡਲ ਘੁੰਮਾਉਣ ਲਈ ਆਖਣਾ। ਨਾਲ ਹੀ ਵੇਲਣਾ ਰੱਖਿਆ ਹੁੰਦਾ ਸੀ। ਮਸ਼ੀਨ ਵਿੱਚ ਆਟਾ ਧੱਕਣ ਲਈ ਵੇਲਣੇ ਦੀ ਲੋੜ ਪੈਂਦੀ ਸੀ। ਜਦੋਂ ਸੇਵੀਆਂ ਹੇਠਾਂ ਰੱਖੀ ਪਰਾਤ ਕੋਲ ਜਾਣੀਆਂ ਤਾਂ ਮਾਂ ਨੇ ਤੋੜ ਕੇ ਸਾਨੂੰ ਫੜਾ ਦੇਣੀਆਂ। ਅਸੀਂ ਭੱਜ ਕੇ ਗਿੱਲੀਆਂ ਸੇਵੀਆਂ ਮੰਜੇ ਨੂੰ ਬੰਨ੍ਹੀਆਂ ਰੱਸੀਆਂ 'ਤੇ ਪਾ ਦੇਣੀਆਂ। ਇਹ ਕੰਮ ਕਈ ਘੰਟੇ ਚੱਲਦਾ ਰਹਿਣਾ। ਕਈ ਸੇਵੀਆਂ ਮੰਜੇ 'ਤੇ ਪਾਉਣ ਤੋਂ ਪਹਿਲਾਂ ਟੁੱਟ ਕੇ ਹੇਠਾਂ ਡਿੱਗ ਪੈਣੀਆਂ। ਮਾਂ ਨੇ ਕਈ ਵਾਰ ਆਪ ਸੇਵੀਆਂ ਤੋੜ ਕੇ ਪਾਉਣੀਆਂ ਤੇ ਸਾਨੂੰ ਸਮਝਾਉਣਾ ਕਿ ਇੰਜ ਪਾਈਦੀਆਂ ਨੇ।
ਅਸੀਂ ਜਿੰਦੀ ਦੇ ਹੈਂਡਲ ਨੂੰ ਵਾਰੀ-ਵਾਰੀ ਘੁਮਾਈ ਜਾਣਾ। ਕਈ ਵਾਰ ਦੋ ਤਿੰਨ ਦਿਨ ਜਦੋਂ ਵੀ ਸਮਾਂ ਮਿਲਦਾ ਅਸੀਂ ਸੇਵੀਆਂ ਵੱਟੀ ਜਾਣਾ। ਜਿਥੇ ਅਜਿਹਾ ਕੰਮ ਕਰਨ ਨਾਲ ਸਰੀਰ ਦੀ ਕਸਰਤ ਹੁੰਦੀ, ਉਥੇ ਮਿਲ ਕੇ ਖੇਡਣ ਦਾ ਵੀ ਆਨੰਦ ਆਉਂਦਾ ਸੀ। ਮਾਂ ਪਹਿਲਾਂ ਘੜੇ 'ਤੇ ਸੇਵੀਆਂ ਵੱਟਿਆ ਕਰਦੀ ਸੀ। ਅਸੀਂ ਵੀ ਕਦੇ ਕਦਾਈਂ ਹੱਥ ਵਟਾ ਦਿੰਦੇ ਹੁੰਦੇ ਸਾਂ, ਪਰ ਜਿਸ ਦਿਨ ਦੀ ਪਿਤਾ ਜੀ ਨੇ ਘਰੇ ਸੇਵੀਆਂ ਵੱਟਣ ਵਾਲੀ ਮਸ਼ੀਨ ਲਿਆਂਦੀ ਤਾਂ ਮਾਂ ਨੇ ਸੁੱਖ ਦਾ ਸਾਹ ਲਿਆ ਸੀ। ਫੇਰ ਮਾਂ ਨੇ ਸੁੱਕੀਆਂ ਸੇਵੀਆਂ ਨੂੰ ਕੜਾਹੀ ਵਿੱਚ ਭੁੰਨ ਲੈਣਾ। ਸਰਦੀਆਂ 'ਚ ਜ਼ੁਕਾਮ ਜਾਂ ਬੁਖਾਰ ਹੋਣ ਉੱਤੇ ਮਾਂ ਨੇ ਗੁੜ ਵਾਲੀਆਂ ਸੇਵੀਆਂ ਲੌਂਗ, ਵੱਡੀਆਂ ਇਲਾਇਚੀਆਂ ਤੇ ਦੇਸੀ ਘੀ ਪਾ ਕੇ ਬਣਾ ਕੇ ਦੇਣੀਆਂ ਤੇ ਸਿਰ ਮੂੁੰਹ ਢਕ ਕੇ ਖੇਸੀ ਜਾਂ ਰਜਾਈ ਲੈ ਕੇ ਪੈਣ ਦੀ ਸਲਾਹ ਦੇਣੀ। ਥੋੜ੍ਹੀ ਦੇਰ ਬਾਅਦ ਪਿਆਂ ਨੂੰ ਪਸੀਨਾ ਆ ਜਾਣਾ ਤੇ ਜ਼ੁਕਾਮ ਤੇ ਬੁਖਾਰ ਦਾ ਨਾਮੋਂ ਨਿਸ਼ਾਨ ਨਾ ਰਹਿਣਾ। ਜਦੋਂ ਕਿਸੇ ਮਹਿਮਾਨ ਨੇ ਘਰ ਆਉਣਾ ਤਾਂ ਸੇਵੀਆਂ ਬਣਾ ਲੈਣੀਆਂ।
ਜਿੰਦੀ ਨੇੜਲੇ ਘਰਾਂ ਵਿੱਚ ਜਾਂਦੀ ਸੀ। ਕਈ ਵਾਰ ਨੇੜੇ ਰਹਿੰਦੀਆਂ ਮਾਸੀਆਂ, ਮਾਮੀਆਂ ਪਹਿਲਾਂ ਆਪ ਸੇਵੀਆਂ ਵੱਟ ਲੈਂਦੀਆਂ ਸਨ ਤੇ ਸਾਡੀ ਵਾਰੀ ਮਗਰੋਂ ਆਉਂਦੀ। ਉਨ੍ਹਾਂ ਦਿਨਾਂ ਵਿੱਚ ਇਕ ਦੂਜੇ ਤੋਂ ਚੀਜ਼ਾਂ ਲੈਣ ਦੇਣ ਦਾ ਵਿਹਾਰ ਚੱਲਦਾ ਰਹਿੰਦਾ ਸੀ। ਜੇ ਕਿਸੇ ਨੇ ਸਾਗ ਬਣਾਉਣਾ ਤਾਂ ਕਈ ਘਰਾਂ ਵਿੱਚ ਕੌਲੀ-ਕੌਲੀ ਪਹੁੰਚਾ ਦੇਣੀ। ਮੱਝ ਸੂਣ 'ਤੇ ਕਈ-ਕਈ ਦਿਨ ਬੌਲ੍ਹੀ ਬਣਾ ਕੇ ਖਾਈ ਜਾਣੀ। ਇਕ ਚੀਜ਼ ਨਾਲ ਇਕ ਪਰਵਾਰ ਹੀ ਨਹੀਂ, ਕਈ ਘਰਾਂ ਦੇ ਜੀਅ ਡੰਗ ਸਾਰਦੇ ਸਨ। ਪ੍ਰਾਹੁਣਾ ਕਿਸੇ ਇਕ ਘਰ ਦਾ ਹੋਣਾ ਤੇ ਮਾਣ ਆਦਰ ਸਾਰੇ ਘਰਾਂ ਵਿੱਚ ਬਰਾਬਰ ਮਿਲਦਾ ਸੀ। ਇਹ ਸਭ ਬੀਤੇ ਦੀਆਂ ਗੱਲਾਂ ਬਣ ਕੇ ਰਹਿ ਗਈਆਂ। ਜਦੋਂ ਅਸੀਂ ਸ਼ਹਿਰ ਵਿੱਚ ਆ ਗਏ ਤਾਂ ਕਈ ਸਾਲ ਸੇਵੀਆਂ ਇਥੇ ਵੀ ਵਟਦੇ ਰਹੇ। ਪਹਿਲਾਂ ਘਰੋਂ ਲੱਕੜ ਦੇ ਮੰਜੇ ਗਾਇਬ ਹੋਏ। ਅਸੀਂ ਘਰ ਵਿੱਚ ਮੇਜ਼ 'ਤੇ ਜਿੰਦੀ ਨੂੰ ਕਈ ਛੋਟੀਆਂ-ਛੋਟੀਆਂ ਲੱਕੜਾਂ ਦੇ ਸਹਾਰੇ ਕੱਸ ਲੈਣਾ ਤੇ ਸੇਵੀਆਂ ਵੱਟੀ ਜਾਣਾ। ਅੱਜ ਕੱਲ੍ਹ ਜਦੋਂ ਬਾਜ਼ਾਰੂ ਮੈਦੇ ਵਾਲੀਆਂ ਸੇਵੀਆਂ ਖਾਂਦੇ ਹਾਂ ਤਾਂ ਮਨ ਆਪਮੁਹਾਰੇ ਕਹਿ ਉਠਦਾ ਹੈ ਕਿ ਮਿੱਤਰਾ, ਜਦੋਂ ਆਟੇ ਵਾਲੀਆਂ ਸੇਵੀਆਂ ਹੀ ਨਾ ਰਹੀਆਂ ਤਾਂ ਜਿੰਦੀ ਘੋੜੀ ਕੀਹਨੇ ਪੁੱਛਣੀ ਹੈ। ਜਦੋਂ ਹਸਪਤਾਲਾਂ ਵਿੱਚ ਮਰੀਜ਼ਾਂ ਦੀਆਂ ਕਤਾਰਾਂ ਦਿਸਦੀਆਂ ਨੇ ਤਾਂ ਸਿਆਣਿਆਂ ਦਾ ਕਿਹਾ ਯਾਦ ਆਉਂਦਾ ਹੈ ਕਿ ਨਾ ਪਹਿਲਾਂ ਆਲੇ ਸਰੀਰ ਰਹੇ, ਨਾ ਖੁਰਾਕਾਂ ਤੇ ਨਾ ਹੀ ਲੋਕ।

Have something to say? Post your comment