Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ਇਜ਼ਰਾਇਲੀ ਹਮਲੇ 'ਚ ਮੌਤ ਤੋਂ ਬਾਅਦ ਔਰਤ ਦੀ ਹੋਈ ਡਿਲੀਵਰੀ, ਡਾਕਟਰਾਂ ਨੇ ਕੁੱਖ 'ਚੋਂ ਕੱਢੀ ਜਿ਼ੰਦਾ ਬੱਚੀਐਵਰੈਸਟ ਅਤੇ ਐੱਮਡੀਐੱਚ ਦੇ 4 ਮਸਾਲਿਆਂ 'ਤੇ ਹਾਂਗਕਾਂਗ 'ਚ ਪਾਬੰਦੀ, ਮਸਾਲਿਆਂ 'ਚ ਕੀਟਨਾਸ਼ਕ ਦੀ ਮਾਤਰਾ ਜਿ਼ਆਦਾਇਟਲੀ ’ਚ ਅੰਮਿ੍ਰਤਧਾਰੀ ਸਿੱਖ ’ਤੇ ਕ੍ਰਿਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ : ਐਡਵੋਕੇਟ ਧਾਮੀਮੁੱਖ ਸਕੱਤਰ ਨੇ ਕਣਕ ਦੀ ਖਰੀਦ ਦੇ ਪ੍ਰਬੰਧਾਂ ਅਤੇ ਮੌਸਮ ਨਾਲ ਹੋਏ ਖਰਾਬੇ ਦਾ ਜਾਇਜ਼ਾ ਲਿਆਚੀਨ 'ਚ ਭਾਰੀ ਮੀਂਹ ਦੀ ਚੇਤਾਵਨੀ, 12 ਕਰੋੜ ਲੋਕ ਹੋ ਸਕਦੇ ਹਨ ਪ੍ਰਭਾਵਿਤ, ਮੱਦਦ ਲਈ ਫੌਜ ਭੇਜੀਇਜ਼ਰਾਈਲ ਨੇ ਕਿਹਾ: ਫਲਸਤੀਨ ਨੂੰ ਸੰਯੁਕਤ ਰਾਸ਼ਟਰ 'ਚ ਲਿਆਉਣ ਦਾ ਮਤਲਬ ਅੱਤਵਾਦ ਨੂੰ ਪੁਰਸਕਾਰ ਦੇਣਾ ਸਿ਼ਵ ਸੈਨਾ ਊਧਵ ਧੜੇ ਨੂੰ ਚੋਣ ਕਮਿਸ਼ਨ ਦਾ ਨੋਟਿਸ: ਪ੍ਰਚਾਰ ਵਾਲੇ ਗੀਤ 'ਚੋਂ ਭਵਾਨੀ ਸ਼ਬਦ ਨੂੰ ਹਟਾਉਣ ਲਈ ਕਿਹਾ
 
ਮਨੋਰੰਜਨ

ਖੜਾਕ

July 17, 2019 10:00 AM

-ਵਿਪਨ ਗਿੱਲ
ਸ਼ਾਰਦਾ ਭਾਬੀ ਨੂੰ ਮਰਿਆਂ ਸੱਤ ਦਿਨ ਹੋ ਗਏ ਨੇ। ਇਹ ਪਿਛਲੇ ਐਤਵਾਰ ਦੀ ਗੱਲ ਹੈ।
ਮੈਂ ਨਾਸ਼ਤੇ ਦਾ ਕੰਮ ਨਿਪਟਾ ਕੇ ਥੋੜ੍ਹਾ ਜਿਹਾ ਆਰਾਮ ਕਰਨਾ ਜਾਂ ਇਉਂ ਕਹਿ ਲਉ, ਸੌਣਾ ਚਾਹੁੰਦੀ ਹਾਂ। ਪਿਛਲੇ ਹਫਤੇ ਤੋਂ ਉਨੀਂਦਰੇ ਨੇ ਮੇਰੀ ਮੱਤ ਮਾਰੀ ਹੋਈ ਹੈ। ਕੰਮ ਵਾਲੀ ਵੀ ਸਵੇਰ ਤੋਂ ਆਪਣੇ ਕੰਮਾਂ ਵਿੱਚ ਰੁੱਝੀ ਹੋਈ ਹੈ। ਸਭ ਤੋਂ ਪਹਿਲਾਂ ਉਸ ਨੇ ਕੱਪੜੇ ਧੋਤੇ, ਫਿਰ ਸਫਾਈ ਕਰ ਕੇ ਰਸੋਈ ਵਿੱਚ ਬਰਤਨ ਸਾਫ ਕਰ ਰਹੀ ਹੈ। ਮੈਂ ਉਸ ਨੂੰ ਸਮਝਾ ਕੇ ਕਹਿੰਦੀ ਹਾਂ, ‘ਦੇਖੀਂ ਖੜਾਕ ਨਾ ਕਰੀਂ ਬਹੁਤਾ, ਮੈਂ ਸੌਣ ਲੱਗੀ ਹਾਂ।'
‘ਅੱਛਾ ਭਾਬੀ,' ਉਹ ਨੀਵੀਂ ਪਾਈ ਕੰਮ ਕਰਦੀ ਹੋਈ ਮੇਰੀ ਗੱਲ ਦਾ ਜੁਆਬ ਦਿੰਦੀ ਹੈ।
‘ਭਾਬੀ' ਸ਼ਬਦ ਸੁਣ ਕੇ ਮੈਂ ਮਨ ਹੀ ਮਨ ਹੱਸਦੀ ਹਾਂ। ਕਿੱਦਾਂ ਹੈ, ਇਹ ਸਾਡੇ ਸ਼ਹਿਰ ਦਾ ਰਿਵਾਜ਼। ਮੇਰੇ ਜਲੰਧਰੀਏ ਪੇਕੇ ਇਸ ਨੂੰ ‘ਤੂੰ ਮੇਰੀ ਭਾਬੀ, ਮੈਂ ਤੇਰੀ ਭਾਬੀ’ ਕਹਿ ਕੇ ਮਖੌਲ ਉਡਾਉਂਦੇ ਹਨ। ਅਸਲ ਵਿੱਚ ਅੰਮ੍ਰਿਤਸਰ ਵਿੱਚ ਅਜੀਬ ਜਿਹਾ ਕਲਚਰ ਹੈ। ਬਜ਼ੁਰਗ ਔਰਤਾਂ ਨੂੰ ਛੱਡ ਕੇ ਸਾਰੀਆਂ ਔਰਤਾਂ ਆਪਣੇ ਆਸ-ਪਾਸ ਤੇ ਗਲੀ ਮੁਹੱਲੇ ਦੀਆਂ ਔਰਤਾਂ ਨੂੰ ਭਾਬੀ ਕਹਿ ਕੇ ਸੰਬੋਧਨ ਕਰਦੀਆਂ ਹਨ। ਇਥੋਂ ਤੱਕ ਕਿ ਕਈ ਕੰਮ ਵਾਲੀਆਂ ਵੀ ਆਪਣੀਆਂ ਮਾਲਕਣਾਂ ਨੂੰ ਭਾਬੀ ਕਹਿ ਦੇਂਦੀਆਂ ਹਨ। ਮੈਂ ਜਦੋਂ ਇਸ ਸ਼ਹਿਰ ਵਿੱਚ ਨਵੀਂ-ਨਵੀਂ ਵਿਆਹੀ ਆਈ ਸੀ ਤਾਂ ਮੈਨੂੰ ਹਾਸਾ ਆਉਂਦਾ ਸੀ, ਅੱਜ ਕੱਲ੍ਹ ਮੈਂ ਵੀ ਇਸ ‘ਭਾਬੀ ਕਲਚਰ' ਦਾ ਹਿੱਸਾ ਬਣ ਗਈ ਹਾਂ।
ਪਿਛਲੇ ਸੱਤ ਦਿਨਾਂ ਤੋਂ ਉਨੀਂਦਰਾ ਮੇਰੀਆਂ ਅੱਖਾਂ 'ਚ ਰੜਕ ਰਿਹਾ ਹੈ। ਰੋਜ਼ ਨੀਂਦ ਪੂਰੀ ਨਹੀਂ ਹੁੰਦੀ। ਸ਼ਾਇਦ ਮੈਂ ਸ਼ਾਰਦਾ ਭਾਬੀ ਦੀ ਮੌਤ ਦੇ ਸਦਮੇ ਤੋਂ ਬਾਹਰ ਨਹੀਂ ਨਿਕਲ ਸਕੀ। ਰਾਤ ਨੂੰ ਸੌਣ ਲਈ ਜਦੋਂ ਅੱਖਾਂ ਬੰਦ ਕਰਦੀ ਹਾਂ ਤਾਂ ਪਤਾ ਨਹੀਂ ਕਿਵੇਂ ਦਿਲ 'ਚੋਂ ਚੀਸ ਜਿਹੀ ਨਿਕਲਦੀਹੈ ਤੇ ਅੱਖਾਂ 'ਚੋਂ ਹੰਝੂ ਸਿੰਮਣ ਲੱਗ ਪੈਂਦੇ ਨੇ। ਸਿਰਹਾਣਾ ਗਿੱਲਾ ਹੋ ਜਾਂਦਾ ਹੈ। ਮੈਂ ਸਿਰਹਾਣੇ ਦਾ ਪਾਸਾ ਪਰਤਦੀ ਹਾਂ। ਹੌਲੀ-ਹੌਲੀ ਦੂਜਾ ਪਾਸਾ ਵੀ ਨਮ ਹੋ ਜਾਂਦਾ ਹੈ। ਸਕੂਲ ਵਿੱਚ ਸੁੱਤ-ਉਨੀਂਦੀ ਦੀ ਹਾਲਤ ਵਿੱਚ ਕਈ ਵਾਰ ਪਤਾ ਨਹੀਂ ਲੱਗਦਾ ਕਿ ਕੌਣ ਮੇਰੇ ਤੋਂ ਕੀ ਪੁੱਛਦਾ ਹੈ ਤੇ ਮੈਂ ਕੀ ਜਵਾਬ ਦਿੱਤਾ। ਮੈਂ ਇਸ ਸਥਿਤੀ 'ਚੋਂ ਨਿਕਲਣ ਲਈ ਨੀਂਦ ਦੀਆਂ ਗੋਲੀਆਂ ਤੇ ਕਈ ਦੇਸੀ ਟੋਟਕੇ ਅਜ਼ਮਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਕੋਈ ਜ਼ਿਆਦਾ ਅਸਰ ਨਹੀਂ ਹੋ ਰਿਹਾ। ਅੱਜ ਰੱਜ ਕੇ ਸੌਣਾ ਚਾਹੁੰਦੀ ਹਾਂ। ਬੈਡ 'ਤੇ ਲੰਮੀ ਪੈ ਕੇ ਪੋਲੀਆਂ ਜਿਹੀਆਂ ਅੱਖਾਂ ਬੰਦ ਕਰਦੀ ਹਾਂ। ਅੱਖਾਂ ਨੂੰ ਘੁੱਟ ਕੇ ਬੰਦ ਕਰਨੋਂ ਡਰਦੀ ਹਾਂ ਕਿ ਕਿਤੇ ਹੰਝੂ ਨਾ ਕਿਰ ਜਾਣ। ਕੰਮ ਵਾਲੀ ਦੇ ਹੱਥੋਂ ਸ਼ਾਇਦ ਕੋਈ ਚੀਜ਼ ਰਸੋਈ ਦੇ ਫਰਸ਼ 'ਤੇ ਡਿੱਗ ਪਈ। ਥੋੜ੍ਹਾ ਜਿਹਾ ਖੜਾਕ ਹੋਇਆ ਹੈ। ਮੇਰੀਆਂ ਅੱਖਾਂ ਖੁੱਲ੍ਹ ਜਾਂਦੀਆਂ ਹਨ। ਕੰਮ ਵਾਲੀ ਹੌਲੀ ਜਿਹੀ ਰਸੋਈ ਵਿੱਚੋਂ ਆ ਕੇ ਬੈਡਰੂਮ ਦਾ ਦਰਵਾਜ਼ਾ ਢੋਅ ਦਿੰਦੀ ਹੈ। ਮੈਂ ਫਿਰ ਅੱਖਾਂ ਬੰਦ ਕਰਕੇ ਸੌਣ ਦੀ ਕੋਸ਼ਿਸ਼ ਕਰਦੀ ਹਾਂ।
ਇਹ ਪਿਛਲੇ ਐਤਵਾਰ ਦੀ ਗੱਲ ਹੈ। ਐਤਵਾਰ ਨੂੰ ਘਰ ਵਿੱਚ ਕਿਸੇ ਨੂੰ ਵੀ ਉਠਣ ਦੀ ਕਾਹਲੀ ਨਹੀਂ ਹੁੰਦੀ। ਸਾਰੇ ਆਪੋ ਆਪਣੇ ਕਮਰਿਆਂ ਅੰਦਰ ਬਿਸਤਰਿਆਂ 'ਚ ਦੁਬਕੇ ਰਹਿੰਦੇ ਹਨ। ਮੈਂ ਅਖਬਾਰ ਆਉਣ ਦਾ ਅੰਦਾਜ਼ਾ ਲਾ ਕੇ ਸਾਢੇ ਕੁ ਸੱਤ ਵਜੇ ਬਾਹਰਲਾ ਗੇਟ ਖੋਲ੍ਹਣ ਗਈ ਸੀ। ਨਾਲ ਵਾਲੇ ਗੁਆਂਢੀਆਂ ਦੇ ਘਰੋਂ ਰੋਣ ਧੋਣ ਤੇ ਚੀਕ ਚਿਹਾੜੇ ਦੀਆਂ ਆਵਾਜ਼ਾਂ ਆ ਰਹੀਆਂ ਸਨ। ਮੈਨੂੰ ਯਾਦ ਆਇਆ ਕਿ ਕੁਝ ਚਿਰ ਪਹਿਲਾਂ ਮੈਨੂੰ ਰੋਣ ਦੀਆਂ ਆਵਾਜ਼ਾਂ ਸੁਣੀਆਂ ਸਨ ਤੇ ਮੈਂ ਇਹ ਸੋਚ ਕੇ ਕਿ ਸ਼ਾਇਦ ਪਿਛਲੀ ਗਲੀ ਵਿੱਚ ਕਿਸੇ ਦੇ ਘਰ ਕੁਝ ਵਾਪਰਿਆ ਹੋਵੇਗਾ, ਬਹੁਤਾ ਧਿਆਨ ਨਹੀਂ ਸੀ ਦਿੱਤਾ। ਮੈਂ ਗੇਟ ਦੇ ਬਾਹਰ ਖੜੇ ਇਕ ਮੁੰਡੇ ਨੂੰ ਪੁੱਛਦੀ ਹਾਂ।
‘ਕੀ ਹੋਇਆ, ਇਨ੍ਹਾਂ ਦੇ ਘਰ?'
‘ਸ਼ਾਰਦਾ ਆਂਟੀ ਪੂਰੇ ਹੋ ਗਏ। ਹਸਪਤਾਲੋਂ ਲੈ ਕੇ ਆਏ ਆਂ। ਦਿਲ ਦਾ ਦੌਰਾ ਪੈ ਗਿਆ ਸੀ ਉਨ੍ਹਾਂ ਨੂੰ,' ਮੁੰਡਾ ਮੇਰੇ ਚਿਹਰੇ ਵੱਲ ਦੇਖਦਾ ਹੋਇਆ ਜਵਾਬ ਦਿੰਦਾ ਹੈ।
ਮੈਂ ਕਾਹਲੀ ਨਾਲ ਘਰ ਦੇ ਅੰਦਰ ਆਉਂਦੀ ਹਾਂ। ਵਾਸ਼ ਬੇਸਿਨ ਤੋਂ ਮੂੰਹ ਧੋ ਕੇ ਗਿੱਲੇ ਹੱਥਾਂ ਨਾਲ ਵਾਲ ਸੁਆਰ ਕੇ ਘਰੋਂ ਨਿਕਲਦੀ ਹਾਂ। ਬਿਨਾਂ ਝਿਜਕ ਗੁਆਂਢੀਆਂ ਦਾ ਗੇਟ ਲੰਘ ਕੇ ਬਿਲਕੁਲ ਨਾਲ ਬਣੇ ਡਰਾਇੰਗ ਰੂਮ ਵਿੱਚ ਚਲੀ ਜਾਂਦੀ ਹਾਂ। ਡਰਾਇੰਗ ਰੂਮ ਵਿੱਚ ਭਾਬੀ ਦੀ ਮ੍ਰਿਤਕ ਦੇਹ ਜ਼ਮੀਨ 'ਤੇ ਪਈ ਹੈ। ਘਰ ਦੇ ਮੈਂਬਰ ਤੇ ਕੁਝ ਰਿਸ਼ਤੇਦਾਰ ਮ੍ਰਿਤਕ ਦੇਹ ਦੇ ਆਲੇ ਦੁਆਲੇ ਬੈਠੇ ਹਨ। ਮੈਂ ਹੌਲੀ ਜਿਹੀ ਮੂੰਹ ਵਾਲੇ ਪਾਸਿਉਂ ਚਾਦਰ ਚੁੱਕ ਕੇ ਭਾਬੀ ਦਾ ਚਿਹਰਾ ਦੇਖਦੀ ਹਾਂ। ਉਨ੍ਹਾਂ ਦਾ ਪੀਲਾ ਚਿਹਰਾ ਸ਼ਾਂਤੀ ਤੇ ਸਕੂਨ ਭਰਿਆ ਨਜ਼ਰ ਆਉਂਦਾ ਹੈ। ਮੇਰੇ ਅੰਦਰੋਂ ਇਕਦਮ ਗੁਬਾਰ ਜਿਹਾ ਬਣ ਕੇ ਫਟ ਜਾਂਦਾ ਹੈ ਤੇ ਮੈਂ ਉਚੀ-ਉਚੀ ਧਾਹਾਂ ਮਾਰ ਕੇ ਰੋਣ ਲੱਗਦੀ ਹਾਂ। ਮੇਰੀ ਆਵਾਜ਼ ਸੁਣ ਕੇ ਬੈਠੀਆਂ ਔਰਤਾਂ ਵਿੱਚੋਂ ਕੁਝ ਡੁਸਕਣ ਲੱਗ ਪੈਂਦੀਆਂ ਹਨ। ਇਕ ਔਰਤ ਮੈਨੂੰ ਉਠਾ ਕੇ ਪਿੱਛੇ ਕੰਧ ਨਾਲ ਲਿਜਾ ਕੇ ਬਿਠਾ ਦਿੰਦੀ ਹੈ। ਇਹ ਜਸਬੀਰ ਆਂਟੀ ਹੈ। ਉਹ ਪਾਣੀ ਪਿਲਾ ਰਹੇ ਮੁੰਡੇ ਨੂੰ ਇਸ਼ਾਰੇ ਨਾਲ ਸੱਦ ਮੈਨੂੰ ਪਾਣੀ ਪਿਆਉਂਦੀ ਹੈ। ਮੈਂ ਕੰਧ ਨਾਲ ਢੋਅ ਲਾ ਕੇ ਵਗਦੇ ਹੰਝੂਆਂ ਨੂੰ ਪੂੰਝ ਕੇ ਖੁਦ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦੀ ਹਾਂ। ਕੁਝ ਚਿਰ ਪਿੱਛੋਂ ਜਸਬੀਰ ਆਂਟੀ ਮੇਰਾ ਹੱਥ ਘੁੱਟ ਕੇ ਕੰਨ ਵਿੱਚ ਹੌਲੀ ਜਿਹੀ ਕੁਝ ਦੱਸਦੀ ਹੈ, ‘ਦਿਲ ਦਾ ਦੌਰਾ ਨਹੀਂ ਪਿਆ, ਇਹਨੇ ਕਮਲ ਨੇ ਹਾਰਪਿਕ ਪੀ ਲਿਆ ਸੀ। ਰਾਤੀਂ ਨੌਂ ਕੁ ਵਜੇ ਦੀ ਗੱਲ ਹੈ। ਸਾਰਾ ਅੰਦਰ ਸੜ ਗਿਆ ਸੀ ਇਹਦਾ। ਸਾਰੀ ਰਾਤ ਤੜਪਦੀ ਰਹੀ। ਸਵੇਰੇ ਚਾਰ ਕੁ ਵਜੇ ਮੁੱਕੀ ਆ। ਘਰ ਇਹ ਹੁਣੇ ਲਿਆਏ ਆ, ਥੋੜ੍ਹਾ ਚਿਰ ਪਹਿਲਾਂ।'
‘ਅੱਛਾ,' ਮੈਂ ਆਂਟੀ ਦੀ ਗੱਲ ਦਾ ਹੁੰਗਾਰਾ ਭਰਦੀ ਹਾਂ।
‘ਇਹ ਤਾਂ ਸੇਖੋਂ ਹਸਪਤਾਲ ਵਾਲਾ ਡਾਕਟਰ ਆਪਣੇ ਹਰਿੰਦਰ ਦਾ ਜਾਣੂ ਆ। ਪੁਲਸ ਕੇਸ ਬਣਨੋਂ ਬਚ ਗਿਆ। ਚੱਲ ਕੋਈ ਨਾ, ਆਪਾਂ ਸੋਚਿਆ ਕਿ ਵਿਚਾਰੇ ਕੋਰਟ ਕਚਹਿਰੀਆਂ 'ਚ ਰੁਲ ਜਾਣਗੇ,' ਜਸਬੀਰ ਆਂਟੀ ਮੈਨੂੰ ਸੰਕੇਤਾਂ ਵਿੱਚ ਸਾਰੀ ਘਟਨਾ ਦੱਸ ਦਿੰਦੀ ਹੈ।
ਡਰਾਇੰਗ ਰੂਮ ਰਿਸ਼ਤੇਦਾਰਾਂ ਨਾਲ ਭਰ ਗਿਆ ਹੈ। ਬਾਹਰ ਪੋਰਚ ਵਿੱਚ ਦਰੀਆਂ ਵਿਛਾ ਦਿੱਤੀਆਂ ਹਨ। ਸਸਕਾਰ ਦੀਆਂ ਤਿਆਰੀਆਂ ਹੋਣ ਲੱਗ ਪਈਆਂ ਹਨ। ਸ਼ਮਸ਼ਾਨਘਾਟ ਤੋਂ ਆਏ ਕਾਰਿੰਦੇ ਬਾਹਰ ਗੱਡੀ ਵਿੱਚ ਬੈਠੇ ਉਡੀਕ ਰਹੇ ਹਨ। ਮੈਂ ਹੌਲੀ ਜਿਹੀ ਉਠਦੀ ਹਾਂ। ਭੀੜ 'ਚੋਂ ਲੰਘਦੀ ਇਕ ਵਾਰ ਫਿਰ ਭਾਬੀ ਦੇ ਮੂੰਹ ਤੋਂ ਚਾਦਰ ਲਾਹ ਕੇ ਪੀਲਾ ਸਕੂਨ ਭਰਿਆ ਸ਼ਾਂਤ ਚਿਹਰਾ ਦੇਖਦੀ ਹਾਂ ਤੇ ਆਪਣੇ ਘਰ ਪਰਤ ਆਉਂਦੀ ਹਾਂ।
ਸ਼ਾਰਦਾ ਭਾਬੀ ਦੀ ਮੌਤ ਦੀ ਘਟਨਾ ਨੇ ਮੈਨੂੰ ਅਜੀਬ ਜਿਹੇ ਝੱਲ ਤੇ ਘੁੰਮਣਘੇਰੀਆਂ ਵਿੱਚ ਸੁੱਟ ਦਿੱਤਾ ਹੈ। ਉਸ ਨੇ ਪਹਿਲਾਂ ਵੀ ਦੋ ਵਾਰ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਕ ਵਾਰ ਉਸ ਨੇ ਫਾਹਾ ਲੈਣ ਦੀ ਕੋਸ਼ਿਸ਼ ਕੀਤੀ, ਪਰ ਐਨ ਮੌਕੇ 'ਤੇ ਲਾਹ ਲਿਆ ਗਿਆ ਤੇ ਫਿਰ ਇਕ ਵਾਰ ਉਸ ਨੇ ਆਪਣੀਆਂ ਨਸਾਂ ਨੂੰ ਬਲੇਡ ਨਾਲ ਵੱਢ ਸੁੱਟਿਆ ਸੀ। ਉਦੋਂ ਵੀ ਮੌਕੇ 'ਤੇ ਹਸਪਤਾਲ ਲੈ ਜਾਣ ਕਾਰਨ ਜਾਨ ਬਚ ਗਈ ਸੀ। ਭਾਬੀ ਦਾ ‘ਅੰਤਿਮ ਦਰਸ਼ਨ' ਵੇਲੇ ਦਾ ਸਕੂਨ ਭਰਿਆ ਚਿਹਰਾ ਮੇਰੇ ਮਨ ਵਿੱਚ ਉਕਰਿਆ ਹੋਇਆ ਹੈ।
ਸ਼ਹਿਰ ਦੇ ਦੱਖਣ ਵਾਲੇ ਪਾਸੇ ਇਸ ਪੌਸ਼ ਕਾਲੋਨੀ ਵਿੱਚ ਸਾਡੀ ਬਾਹਰਲੀ ਲੇਨ ਹੈ। ਇਸ ਲੇਨ ਵਿੱਚ ਕੁੱਲ ਵੀਹ ਘਰ ਹਨ। ਸਾਰੇ ਘਰਾਂ ਦੇ ਨਕਸ਼ੇ ਲਗਭਗ ਮਿਲਦੇ ਜੁਲਦੇ ਹਨ। ਸ਼ਾਰਦਾ ਭਾਬੀ ਦਾ ਬੈਡਰੂਮ ਤੇ ਮੇਰਾ ਬੈਡਰੂਮ ਬਿਲਕੁਲ ਨਾਲ-ਨਾਲ ਹਨ। ਦੋਵਾਂ ਵਿਚਕਾਰ ਸਿਰਫ ਚਾਰ ਇੰਚੀ ਕੰਧ ਦਾ ਪਰਦਾ ਹੈ।
ਭਾਬੀ ਦਾ ਪਤੀ ਰਵੀ ਐਕਸਾਈਜ਼ ਮਹਿਕਮੇ ਵਿੱਚ ਅਫਸਰ ਲੱਗਾ ਹੋਇਆ ਹੈ। ਉਹ ਬਹੁਤ ਹੀ ਗੁਸੈਲ ਸੁਭਾਅ ਦਾ ਬੰਦਾ ਹੈ। ਹਰ ਦੂਜੇ ਚੌਥੇ ਦਿਨ ਭਾਬੀ ਨਾਲ ਸਿਆਪਾ ਪਾ ਬਹਿੰਦਾ ਸੀ। ਉਸ ਵੇਲੇ ਚਾਰ ਇੰਚੀ ਕੰਧ ਦਾ ਪਰਦਾ ਬੇਪਰਦਾ ਹੋ ਜਾਂਦਾ ਸੀ। ਸ਼ੋਰ, ਤਕਰਾਰ ਤੇ ਕੁੱਟਮਾਰ ਦਾ ਖੜਾਕ ਮੇਰੇ ਕਮਰੇ ਵਿੱਚ ਸਾਫ ਸਪੱਸ਼ਟ ਸੁਣਾਈ ਦਿੰਦਾ ਸੀ। ਤਾਅਨੇ ਮਿਹਣੇ, ਗਾਲੀ ਗਲੋਚ ਇੰਝ ਸਾਫ ਸੁਣਾਈ ਦਿੰਦੇ ਸਨ, ਜਿਵੇਂ ਇਹ ਸਭ ਕੁਝ ਮੇਰੇ ਆਪਣੇ ਕਮਰੇ ਵਿੱਚ ਵਾਪਰ ਰਿਹਾ ਹੋਵੇ।
ਆਮ ਤੌਰ 'ਤੇ ਲੜਾਈ ਦੀ ਸ਼ੁਰੂਆਤ ਨੋਕ ਝੋਕ ਨਾਲ ਸ਼ੁਰੂ ਹੁੰਦੀ ਸੀ। ਫਿਰ ਰਵੀ ਦਾ ਉਚੀ-ਉਚੀ ਗਾਲ੍ਹਾਂ ਕੱਢਣਾਂ ਤੇ ਤਾਅਨੇ ਮਿਹਣੇ ਦੇਣਾ ਤੇ ਫਿਰ ਅਚਾਨਕ ਭਾਬੀ ਦੇ ਮੂੰਹੋਂ ਕੁਝ ਨਿਕਲ ਜਾਣ 'ਤੇ ਜੁਆਬ ਵਿੱਚ ਰਵੀ ਵੱਲੋਂ ਕੁੱਟਮਾਰ ਸ਼ੁਰੂ ਹੋ ਜਾਂਦੀ ਸੀ। ਫਿਰ ਭਾਬੀ ਤਰਲੇ ਮਿੰਨਤਾਂ ਕਰਕੇ ਰਵੀ ਨੂੰ ਮਨਾਉਂਦੀ ਤੇ ਅਖੀਰ ਗੱਲ ਰਵੀ ਵੱਲੋਂ ਹਿੰਸਕ ਢੰਗ ਨਾਲ ਹਵਸ ਮਿਟਾਉਣ ਪਿੱਛੋਂ ਮੁੱਕਦੀ। ਸਵੇਰੇ ਦੋਵੇਂ ਪਤੀ-ਪਤਨੀ ਕੰਮਾਂ 'ਤੇ ਇੰਝ ਤੁਰ ਪੈਂਦੇ, ਜਿਵੇਂ ਕੁਝ ਨਾ ਵਾਪਰਿਆ ਹੋਵੇ।
ਮੈਂ ਤੇ ਭਾਬੀ ਦੋਵੇਂ ਨੌਕਰੀ ਪੇਸ਼ਾ ਹੋਣ ਕਰਕੇ ਕਦੇ ਕਦਾਈਂ ਹੀ ਮਿਲਦੀਆਂ ਸੀ। ਕਦੇ-ਕਦੇ ਜਦੋਂ ਮੈਂ ਆਪਣੇ ਘਰ ਦੇ ਬਾਹਰ ਬਣੇ ਬਗੀਚੇ ਵਿੱਚ ਬੈਠੀ ਹੁੰਦੀ ਤਾਂ ਆਪਣੇ ਬਗੀਚੇ ਵਿੱਚ ਟਹਿਲ ਰਹੀ ਭਾਬੀ ਮੇਰੇ ਕੋਲ ਆ ਕੇ ਬੈਠ ਜਾਂਦੀ। ਅਸੀਂ ਬੱਚਿਆਂ ਤੇ ਆਪੋ ਆਪਣੇ ਕੰਮ-ਕਾਰਾਂ ਦੀਆਂ ਨਿੱਕੀਆਂ-ਨਿੱਕੀਆਂ ਗੱਲਾਂ ਕਰਦੀਆਂ। ਜੇ ਕਦੇ ਮੇਰੇ ਮੂੰਹੋਂ ਨਿਕਲ ਜਾਂਦਾ, ‘ਭਾਬੀ, ਰਵੀ ਵੀਰ ਦਾ ਕੀ ਹਾਲ ਆ,' ਤਾਂ ਭਾਬੀ ਇਕਦਮ ਚੁੱਪ ਕਰ ਜਾਂਦੀ, ਜਿਵੇਂ ਉਸ ਦੀ ਕੋਈ ਚੋਰੀ ਫੜੀ ਹੋਵੇ ਤੇ ਫਿਰ ਉਹ ਪੋਚਾ ਪਾਉਂਦੀ ਜਵਾਬ ਦਿੰਦੀ, ‘ਬੜੀ ਔਖੀ ਨੌਕਰੀ ਆ ਇਨ੍ਹਾਂ ਦੀ। ਕੰਮ ਦਾ ਬੜਾ ਬੋਝ ਆ ਅੱਜ ਕੱਲ੍ਹ। ਕੰਮ ਦੀ ਟੈਨਸ਼ਨ ਨਾਲ ਬੀ ਪੀ ਵਧ ਜਾਂਦੈ। ਬੜੀ ਜਲਦੀ ਗੁੱਸੇ ਵਿੱਚ ਆ ਜਾਂਦੇ ਆ। ਕੀ ਕਰਨ, ਨੌਕਰੀ ਇਹੋ ਜਿਹੀ ਹੈ।' ਭਾਬੀ ਕੋਈ ਬਹਾਨਾ ਬਣਾ ਕੇ ਖਿਸਕਣ ਦੀ ਕੋਸ਼ਿਸ਼ ਕਰਦੀ।
ਕਦੇ-ਕਦੇ ਮੈਂ ਸੋਚਦੀ ਹੋਈ ਰਵੀ ਤੇ ਭਾਬੀ ਦੀ ਤੁਲਨਾ ਕਰਨ ਲੱਗ ਪੈਂਦੀ। ਰਵੀ ਬਹੁਤ ਸ਼ੌਕੀਨ ਬੰਦਾ ਸੀ, ਅੱਪ-ਟੂ-ਡੇਟ, ਰੁਤਬੇ ਤੇ ਮਿਆਰ ਦਾ ਪੂਰਾ ਖਿਆਲ ਰੱਖਣ ਵਾਲਾ। ਇਸ ਦੇ ਉਲਟ ਭਾਬੀ ਬਿਲਕੁਲ ਸਾਧਾਰਨ ਜਿਹੀ ਔਰਤ ਸੀ। ਭਾਵੇਂ ਉਹ ਇਕ ਸਰਕਾਰੀ ਬੈਂਕ ਵਿੱਚ ਵਧੀਆ ਅਹੁਦੇ 'ਤੇ ਤਾਇਨਾਤ ਸੀ, ਪਰ ਭਾਬੀ ਦੀ ਸੱਸ ਚੰਚਲ ਆਂਟੀ ਦੇ ਕਹਿਣ ਮੁਤਾਬਕ ‘ਸਾਡੀ ਨੂੰਹ ਨੂੰ ਤਾਂ ਲਾਹੁਣ ਪਾਉਣ ਦਾ ਚੱਜ ਨੀ। ਇਹ ਰਿਸ਼ਤਾ ਤੇਰੇ ਅੰਕਲ ਦੀ ਦੋਸਤੀ ਕਰਕੇ ਹੋਇਆ ਸੀ। ਨਹੀਂ ਤਾਂ ਕਿੱਥੇ ਸਾਡੀ ਫੈਮਿਲੀ ਤੇ ਕਿੱਥੇ ਇਨ੍ਹਾਂ ਦੀ। ਕੋਈ ਮੁਕਾਬਲਾ ਥੋੜ੍ਹੀ ਆ।' ਚੰਚਲ ਆਂਟੀ ਦੀਆਂ ਗੱਲਾਂ ਸੁਣ ਕੇ ਮੈਨੂੰ ਖਿੱਝ ਜਿਹੀ ਆ ਜਾਂਦੀ ਸੀ। ਭਾਬੀ ਦੇ ਪੇਕਿਆਂ ਵੱਲੋਂ ਕੋਈ ਕਦੇ-ਕਦਾਈ ਹੀ ਆਉਂਦਾ ਸੀ।
ਭਾਬੀ ਦੇ ਕਮਰੇ ਵਿੱਚੋਂ ਅੱਜ ਕੱਲ੍ਹ ਵੀ ਕਦੇ-ਕਦੇ ਕੋਈ ਆਵਾਜ਼ ਸੁਣਦੀ ਹੈ। ਇਹ ਰੁਚੀ, ਚੰਚਲ ਆਂਟੀ ਜਾਂ ਰਵੀ ਦੀ ਹੁੰਦੀ ਹੈ। ਮੈਂ ਭਾਬੀ ਦੇ ਬੋਲਾਂ ਨੂੰ ਤਰਸ ਗਈ ਹਾਂ। ਉਹ ਬੋਲ, ਜੋ ਕਦੇ ਚੀਕਾਂ, ਤਰਲੇ-ਮਿੰਨਤਾਂ, ਹਟਕੋਰਿਆਂ ਦੇ ਰੂਪ ਵਿੱਚ ਹੁੰਦੇ ਸਨ। ਮੈਂ ਇਨ੍ਹਾਂ ਬੋਲਾਂ ਦੀ ਆਦੀ ਹੋ ਗਈ ਹਾਂ। ਕਦੇ-ਕਦੇ ਮੈਂ ਝੱਲਿਆਂ ਵਾਂਗ ਇਸ ਚਾਰ ਇੰਚੀ ਕੰਧ 'ਤੇ ਹੱਥਾਂ ਨਾਲ ਖੜਾਕ ਕਰਦੀ ਹਾਂ ਕਿ ਸ਼ਾਇਦ ਇਸ ਦੇ ਜੁਆਬ ਵਿੱਚ ਦੂਜੇ ਪਾਸਿਉਂ ਕੋਈ ਆਵਾਜ਼ ਆਵੇ।
ਆਪਣੇ ਆਪ ਨੂੰ ਮਾਰਨਾ ਏਨਾ ਸੌਖਾ ਨਹੀਂ ਹੁੰਦਾ। ਭਾਬੀ ਏਨੀ ਛੇਤੀ ਹੌਸਲਾ ਢਾਹੁਣ ਵਾਲੀ ਔਰਤ ਨਹੀਂ ਸੀ। ਉਸ ਨੇ ਮਰਨ ਤੋਂ ਪਹਿਲਾਂ ਹਰ ਉਸ ਬੰਦੇ ਦੇ ਮਨ 'ਤੇ ਖੜਾਕ ਕੀਤਾ ਹੋਵੇਗਾ, ਜਿਸ ਨੂੰ ਉਹ ਜਾਣਦੀ ਸੀ। ਰੁਚੀ ਦੀ ਪਸੰਦ ਦੇ ਸੈਂਡਵਿਚ ਬਣਾ ਕੇ ਫੜਾਉਂਦਿਆਂ ਹਲਕੀ ਜਿਹੀ ਥਪਕੀ ਉਸ ਦੀ ਗੱਲ੍ਹ 'ਤੇ ਮਾਰੀ ਹੋਵੇਗੀ। ਅਸ਼ੀਸ਼ ਦਾ ਮੱਥਾ ਚੁੰਮਦਿਆਂ ‘ਪੁਚ' ਦੀ ਆਵਾਜ਼ ਨਾਲ ਆਪਣੇ ਨਾਲ ਆਪਣੇ ਮਨ ਦੀ ਗੱਲ ਕਹਿ ਦਿੱਤੀ ਹੋਵੇਗੀ। ਚੰਚਲ ਆਂਟੀ ਦੇ ਪੈਰਾਂ ਦੀ ਮਾਲਿਸ਼ ਕਰਦਿਆਂ ਗਰਮ ਹੰਝੂਆਂ ਦਾ ਖੜਾਕ ਗੋਰੇ ਪੈਰਾਂ ਦੀਆਂ ਉਂਗਲਾਂ 'ਤੇ ਹੋਇਆ ਹੋਵੇਗਾ, ਪਰ ਸ਼ਾਇਦ ਉਨ੍ਹਾਂ ਨਹੀਂ ਸੁਣਿਆ।
ਤੇ ਮੈਂ ਜੋ ਭਾਬੀ ਦੇ ਲੜਾਈ ਝਗੜੇ, ਤਰਕਾਰਾਂ, ਤਰਲੇ ਮਿੰਨਤਾਂ, ਚੀਕਾਂ, ਹਉਕਿਆਂ, ਹਟਕੋਰਿਆਂ ਦੀ ਮੂਕ ਗਵਾਹ ਹਾਂ, ਮੈਂ ਸਭ ਤੋਂ ਵੱਡੀ ਗੁਨਾਹਗਾਰ ਹਾਂ। ਮੈਂ ਚੁੱਪਚਾਪ ਕੰਧ ਨਾਲ ਕੰਨ ਲਾ ਕੇ ਇਸ ਦਰਦਨਾਕ ਬਿਰਤਾਂਤ ਦੀ ਹਰ ਕੜੀ ਨੂੰ ਸੁਣਦੀ ਅਤੇ ਮਾਣਦੀ ਰਹੀ। ਜ਼ਰਾ ਕੁ ਆਵਾਜ਼ ਹੌਲੀ ਹੁੰਦੀ, ਮੈਂ ਕੰਧ ਨਾਲ ਕੰਨ ਨੂੰ ਜੋੜ ਲੈਂਦੀ। ਬਿੱਲੀ ਵਾਂਗ ਸੇਧ ਲਾ ਕੇ ਘਟਨਾਵਾਂ ਦੇ ਵਾਪਰਨ ਦੀ ਉਡੀਕ ਵਿੱਚ ਉਤਸੁਕ ਰਹਿੰਦੀ। ਤਰਤੀਬਵਾਰ ਅਗਲੀ ਘਟਨਾ ਵਾਪਰਨ ਦੀ ਉਡੀਕ ਕਰਦੀ ਤੇ ਅਖੀਰ ਦਿ੍ਰਸ਼ ਨੂੰ ਮਾਣਨ ਤੋਂ ਬਾਅਦ ਚੁੱਪਚਾਪ ਸੌਂ ਜਾਂਦੀ। ਅੱਜ ਸੋਚਦੀ ਹਾਂ ਕਿ ਇਸ ਤੇਜ਼ ਰਫਤਾਰ ਦੌੜਦੀ ਦੁਨੀਆ ਵਿੱਚ ਕਿੰਨਾ ਸ਼ੋਰ ਹੈ! ਅਸੀਂ ਦੂਜਿਆਂ ਦੀਆਂ ਚੀਕਾਂ ਤਕਲੀਫਾਂ ਨੂੰ ਨੱਪ ਕੇ ਦੌੜਦੇ ਜਾ ਰਹੇ ਹਾਂ। ਅਸੀਂ ਦੂਜਿਆਂ ਦੇ ਦੁੱਖ ਨੂੰ ਮਾਣ ਕੇ ਆਪਣੇ ਆਪ ਨੂੰ ਸੰਤੁਸ਼ਟ ਕਰਦੇ ਹਾਂ। ਸਾਡੇ ਇਨਸਾਨਾਂ ਦੇ ਮੂੰਹਾਂ ਤੋਂ ਇਹ ਦੰਭ ਦੇ ਮਖੌਟੇ ਕਦੋਂ ਉਤਰਨਗੇ।
ਸਾਡੇ ਸੀਨਿਆਂ 'ਚ ਧੜਕਦੀਆਂ ਧੜਕਣਾਂ ਦਾ ਸ਼ੋਰ ਲਗਾਤਾਰ ਖੜਾਕ ਕਰਦਾ ਹੈ। ਇਹ ਖੜਾਕ ਅੱਜ ਮੇਰੇ ਉਨੀਂਦਰੇ ਦਾ ਕਾਰਨ ਹੈ। ਇਹ ਹੌਲੀ-ਹੌਲੀ ਮੇਰੇ ਅੰਦਰ ਲਗਾਤਾਰ ਥਪਕੀਆਂ ਮਾਰਦਾ ਰਹਿੰਦਾ ਹੈ। ਇਸ ਦੀ ਆਵਾਜ਼ ਸੁਣ ਕੇ ਮੈਂ ਆਪਣੇ ਅੰਦਰੋਂ ਸ਼ਾਰਦਾ ਭਾਬੀ ਨੂੰ ਲੱਭਣ ਦੀ ਕੋਸ਼ਿਸ਼ ਕਰਦੀ ਹਾਂ।
...ਪਰ ਇਹ ਕੀ, ਸ਼ਾਰਦਾ ਭਾਬੀ ਦੇ ਨਕਸ਼ ਮੇਰੇ ਵਰਗੇ ਕਿਉਂ ਹੋ ਗਏ ਹਨ?
ਮੈਂ ਸ਼ੀਸ਼ੇ ਵਿੱਚ ਆਪਣਾ ਚਿਹਰਾ ਦੇਖ ਕੇ ਡਰ ਜਾਂਦੀ ਹਾਂ। ਇਹ ਕਿਹੋ ਜਿਹਾ ਖੜਾਕ ਹੈ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ