Welcome to Canadian Punjabi Post
Follow us on

12

December 2019
ਨਜਰਰੀਆ

ਮੇਲਾ ਛਪਾਰ ਲੱਗਦਾ..

July 17, 2019 09:54 AM

-ਡਾ. ਨਾਹਰ ਸਿੰਘ
ਛਪਾਰ ਦੇ ਮੇਲੇ ਦੀਆਂ ਉਡਦੀਆਂ ਧੂੜਾਂ ਵਿੱਚ ਇਕ ਪਾਸੇ ਢੋਲਾਂ ਦੀ ਕੜਕੁੱਟ ਵਿੱਚ ਲੋਕ ਮਾੜੀ ਉਤੇ ਮਿੱਟੀ ਕੱਢਦੇ, ਗੁੱਗਾ ਪੀਰ ਧਿਆਉਂਦੇ ਹਨ, ਦੂਜੇ ਪਾਸੇ ਹਿਣਕਦੇ ਟੱਟੂਆਂ ਤੇ ਮਿਆਂਕਦੀਆਂ ਬੱਕਰੀਆਂ ਦੇ ਇੱਜੜਾਂ ਵਿਚਾਲੇ ਜੁੜੇ ਇਕੱਠ ਵਿੱਚ ਟੇਢੀਆਂ ਪੱਗਾਂ ਤੇ ਲਮਕਦੇ ਲੜਾਂ ਵਾਲੇ ਮਲਵਈ ਗੱਭਰੂਆਂ ਦੀ ਢਾਣੀ ਜੁੜੀ ਨਜ਼ਰ ਆਉਂਦੀ ਹੈ। ਢੋਲਕ ਦੀ ਤਾਲ 'ਤੇ ਖੜਕਦੇ ਚਿਮਟਿਆਂ, ਖੜਤਾਲਾਂ, ਸੱਪਾਂ ਤੇ ਘੁੰਗਰੂਆਂ ਵਿੱਚੋਂ ਉਭਰਦੀ ਇਕ ਉਚੀ ਸੁਰ ਸਾਰੇ ਦਾਇਰੇ ਨੂੰ ਕੀਲ ਲੈਂਦੀ ਹੈ:
ਸੱਚੇ ਰੱਬ ਨੂੰ ਯਾਦ ਕਰਾਂ, ਮੈਂ ਮਗਰੋਂ ਕਲਮ ਉਠਾਈ
ਮੇਲੇ ਉਤੇ ਆ ਕੇ ਵੀਰ ਨੇ, ਰਚਨਾ ਖੂਬ ਲਗਾਈ
ਭਗਤੂ ਸਿੰਘਾ ਤੂੰ ਬੋਲੀ ਤੋੜ ਦੇ, ਸੱਚ ਦੀ ਬਾਤ ਸੁਣਾਈ
ਰਚਨਾ ਦੋ ਘੜੀਆਂ, ਸੁਣ ਕੇ ਖਾਲਸਿਆ ਜਾਈਂ..
ਇਸ ਮੇਲੇ ਵਿੱਚ ਦੂਰ ਦਰੇਡੇ ਪਿੰਡਾਂ ਤੋਂ ਚੱਲ ਕੇ ਆਈਆਂ ਚੋਬਰਾਂ ਦੀਆਂ ਟੋਲੀਆਂ ਉਤਸ਼ਾਹ ਨਾਲ ਸ਼ਾਮਲ ਹੁੰਦੀਆਂ ਹਨ। ਮੇਲੇ ਵਿੱਚ ਜੁੜੇ ਲੋਕ ਗੀਤਕਾਰ, ਲੋਕਾਂ ਦੀ ਮਾਨਸਿਕ ਤੇ ਭਾਵੁਕ ਭੁੱਖ ਨੂੰ ਤਿ੍ਰਪਤ ਕਰਨ ਵਾਲੇ ‘ਸ਼ੌਕੀਆਂ ਕਲਾਕਾਰ' ਹਨ। ‘ਸੁਣ ਗਿਣ ਕੇ ਹੀ ਪਾਈਏ ਬੋਲੀਆਂ, ਸਭ ਦਾ ਜੀ ਪਰਚਾਈਏ' ਇਨ੍ਹਾਂ ਦਾ ਰੰਗ ਹੁੰਦਾ ਹੈ। ਮੇਲੇ ਵਿੱਚ ਇਹ ਢਾਣੀਆਂ ਚੱਲਦੀਆਂ ਫਿਰਦੀਆਂ ਨਾਲੋਂ-ਨਾਲ ਬੋਲੀਆਂ ਪਾਉਂਦੀਆਂ ਜਾਂਦੀਆਂ ਹਨ। ਕਿਧਰੇ-ਕਿਧਰੇ ਇਹ ਟਿਕ ਕੇ ਮੇਲਾ ਵੇਖਣ ਲਈ ਅਖਾੜਾ ਜਮਾ ਲੈਂਦੀਆਂ ਹਨ। ਇਕ ਮੰਡਲ ਵਿੱਚ ਦੋ ਤਿੰਨ ਢੋਲਕ ਵਾਲੇ, ਸੱਤ ਅੱਠ ਸੱਪਾਂ ਵਾਲੇ, ਇਕ ਜਾਂ ਦੋ-ਦੋ ਬੁਘਦੂ ਵਜਾਉਣ ਵਾਲੇ, ਚਿਮਟੇ ਤੇ ਖੜਤਾਲਾਂ ਵਜਾਉਣ ਵਾਲਿਆਂ ਤੋਂ ਇਲਾਵਾ ਕਈ-ਕਈ ਬੋਲੀਕਾਰ ਹੁੰਦੇ ਹਨ। ਜਥੇ ਦਾ ਮੋਹਰੀ ਬੋਲੀ ਪਾਉਣ ਵਾਲਾ ਗਾਇਕ ਹੁੰਦਾ ਹੈ। ਇਕ ਜਣਾ ਹੱਥ ਵਿੱਚ ਸੋਟੀ ਜਾਂ ਰੁਮਾਲ ਫੜ ਕੇ ਗੋਲ ਘੇਰਾ ਫਿਰ ਅੰਦਰ-ਅੰਦਰ ਤੁਰਿਆ ਜਾਂਦਾ ਬੋਲੀ ਉਚਾਰਦਾ ਹੈ। ਤੋੜੇ ਉਤੇ ਆ ਕੇ ਸਾਰੇ ਜਣੇ ਸਾਰ ਬੋਲੀ ਚੁੱਕਦੇ ਤੇ ਅੰਤਲੇ ਬੋਲ ਨੂੰ ਦੁਹਰਾਉਂਦੇ ਹਨ। ਬੋਲੀ ਕਿਧਰੇ ਸ਼ੁਰੂ ਹੁੰਦੀ ਹੈ ਤੇ ਕਿਧਰੇ ਜਾ ਮੁੱਕਦੀ ਹੈ, ਪਰ ਬੋਲੀ ਦਾ ਤੋੜਾ (ਅੰਤਲੀ ਤੁਕ) ਬੜਾ ਕਰਾਰਾ ਤੇ ਕੜਾਕੇਦਾਰ ਹੁੰਦਾ ਹੈ। ਬੋਲੀਆਂ ਪਾਉਣ ਦੀ ਮਾਲੀ ਉਹ ਗਾਇਕ ਜਿੱਤਦਾ ਹੈ ਜੋ ਮੌਕੇ ਅਨੁਸਾਰ ਬੋਲੀ ਜੋੜੇ, ਵੱਧ ਤੋਂ ਵਧ ਲੰਮੀ ਲਿਜਾਏ ਅਤੇ ਤੋੜੇ ਨੂੰ ਵੱਧ ਤੋਂ ਵੱਧ ਖੜਕਵਾਂ, ਕੜਾਕੇਦਾਰ ਤੇ ਮੜਾਕੇਦਾਰ ਬਣਾ ਕੇ ਸੁੱਟੇ:
ਖੂਹ, ਭੱਠੀ ਤੇ ਦਰਵਾਜਾ, ਤਿੰਨ ਥਾਉਂ ਆਸ਼ਕ ਬਹਿੰਦੇ
ਛੜੇ ਵਿਚਾਰੇ ਰੋਂਦੇ ਫਿਰਦੇ, ਮਾਲ ਜਿਨ੍ਹਾਂ ਦਾ ਲੈ ਗੇ
ਬਖਤੌਰ ਜੱਟਾ ਇਕ ਉਮਰ ਨਿਆਣੀ, ਤੈਨੂੰ ਮਾਮਲੇ ਪੈ ਗੇ
ਲੋਟਣ ਸੰਤੋ ਦੇ, ਵੱਡੇ ਪਲੰਘ ਤੇ ਰਹਿਗੇ..
ਢਾਣੀ ਦਾ ਹਰ ਬੋਲੀਕਾਰ ‘ਪਰਮੇਸ਼ਰ' ਦਾ ਨਾਂ ਲੈ ਕੇ ਗਿੱਧੇ ਵਿੱਚ ਪ੍ਰਵੇਸ਼ ਕਰਦਾ ਹੈ, ਪਰ ਕੁਝ ਬੋਲੀਆਂ ਬਾਅਦ ਹੀ ਇਹ ਬੋਲੀਕਾਰ ਆਪਣੇ ਦਿਲ ਦੀਆਂ ਘੁੰਡੀਆਂ ਖੋਲ੍ਹ ਦਿੰਦੇ ਹਨ। ਫਿਰ ਹਰ ਕੋਈ ਰੱਜ ਕੇ ਦਿਲ ਦਾ ਗੁੱਭਾਟ ਕੱਢਦਾ ਹੈ।
ਜਦੋਂ ਅਖਾੜਾ ਖੂਬ ਮਘ ਪੈਂਦਾ ਹੈ ਤਾਂ ਤੱਤੀਆਂ, ਬੋਲੀਆਂ ਦੀ ਮੋੜਵੀਂ ਵਾਛੜ ਸ਼ੁਰੂ ਹੁੰਦੀ ਹੈ। ਬੋਲੀਕਾਰ ਆਪਸ 'ਚ ਭਿੜ ਪੈਂਦੇ ਹਨ। ਇਕ ਬੋਲੀਕਾਰ ਵੱਲੋਂ ਦੂਜੇ ਨੂੰ ਗਾਲ੍ਹ ਤੱਕ ਕੱਢ ਲੈਣ ਦੀ ਖੁੱਲ੍ਹ ਵੀ ਇਨ੍ਹਾਂ ਦੇ ‘ਕੋਡ ਆਫ ਕੰਡਕਟ' ਦੇ ਅੰਦਰ ਆ ਜਾਂਦੀ ਹੈ। ਬੋਲੀਆਂ ਵਿੱਚ ਸੁਆਲਾਂ ਜੁਆਬਾਂ ਦਾ ਸਿਲਸਿਲਾ ‘ਰੱਬ ਦੇ ਨਾਨਕੇ' ਪੁੱਛਣ ਉੱਤੇ ਸ਼ੁਰੂ ਹੁੰਦਾ ਹੈ ਅਤੇ ‘ਮੇਰੀ ਬੋਲੀ ਦਾ ਮੋੜ ਕਰੀਂ ਅਣਜਾਣਾ', ‘ਨਾਲ ਭਣੋਈਆ ਦੇ ਕਾਹਤੇ ਲੈ ਲਿਆ ਪੰਗਾ' ਉਤੇ ਜਾ ਮੁੱਕਦਾ ਹੈ।
ਢਾਣੀਆਂ ਦੀ ਇਹ ਖੁਰ ਰਹੀ ਪ੍ਰੰਪਰਾ ਗੁਰੂ ਚੇਲੇ ਦੀ ਰੀਤ ਅਨੁਸਾਰ ਹਾਲੇ ਵੀ ਪਤਲੀ-ਪਤਲੀ ਚਲੀ ਆ ਰਹੀ ਹੈ। ‘ਬਹਿ ਕੇ ਬਾਬੇ ਤੋਂ ਸਿੱਖਦਾ ਬੋਲੀਆਂ ਪੋਤਾ' ਵੀ ਰਵਾਇਤ ਅਨੁਸਾਰ ਇਹ ਬੋਲੀਆਂ ਸ਼ੌਕ ਨਾਲ ਸਿੱਖੀਆਂ ਤੇ ਵਿਉਂਤਾਂ ਨਾਲ ਜੋੜੀਆਂ ਜਾਂਦੀਆਂ ਹਨ। ਮਾਲਵੇ ਦੇ ਮਸ਼ਹੂਰ ਬੋਲੀਕਾਰਾਂ ਵਿੱਚੋਂ ‘ਕਰਤਾਰਾ ਲੋਪੋਵਾਲਾ' ਤੇ ਬਖਤੌਰ ਸਿੰਘ (ਚਹਿਲ ਖੇੜੀ) ਪ੍ਰਸਿੱਧ ਰਹੇ ਹਨ। ਅਜੋਕੇ ਬੋਲੀਕਾਰਾਂ ਵਿੱਚੋਂ ਪਿੰਡ ਕੱਟੂ ਦਾ ਭਗਤੂ, ਸੰਘੇੜੇ ਦਾ ਪਾਲ ਭੁੱਲਰ, ਫੱਲ੍ਹੇਵਾਲ ਦਾ ਬਲਬੀਰਾ, ਸਿਆੜ ਦਾ ਬਚਨਾ, ਮਹਿਮਾ ਸਵਾਈ ਦਾ ਲਛਮਣ, ਬਰਵਾਲੀ ਖੁਰਦ ਦਾ ਪਿੱਤਰ, ਢੁੱਡੀਕਿਆਂ ਦਾ ਕੂੜਾ ਹਰਮਨ ਪਿਆਰੇ ਹਨ। ਇਹ ਬੋਲੀਕਾਰ ਆਪਣੀ ਬੋਲੀ ਤੇ ਆਪਣੇ ਪਿੰਡ ਜੁਟ ਜਾਂ ਟੋਲੀ ਦੀ ਮੋਹਰ ਨਾਲ ਵੱਖਰੀ ਪਛਾਣ ਕਾਇਮ ਕਰਦੇ ਹਨ:
ਤਾਰਾ ਸਿੰਘ ਦਾ ਪਿੰਡ ਬਦੇਸ਼ੇ
ਛਿਪਦੀ ਕੰਨੀ ਦਾ ਪਾਸਾ,
ਬੀਜੇ ਮੰੂਗਫਲੀ ਸਾਡਾ ਵੀਰਨੋ ਲਾਕਾ..
ਲਛਮਣ ਸਿੰਘਾ ਜੋੜੇ ਬੋਲੀਆਂ
ਰੱਖ ਕੇ ਕੱਢਣ ਸਿਰ੍ਹਾਣੇ,
ਸੋਹਣੀ ਤੂੰ ਲੱਗਦੀ ਰੋਜ਼ ਬਦਲਦੀ ਬਾਣੇ..
ਗਿੱਧੇ ਦੇ ਅੰਤ ਵਿੱਚ ਸੰਗਤਾਂ ਤੋਂ ਵੱਧ ਘੱਟ ਬੋਲ ਦੀ ਭੁੱਲ ਬਖਸ਼ਾਈ ਜਾਂਦੀ ਹੈ ਤੇ ‘ਜਿਉਂਦੇ ਰਹੇ ਤਾਂ ਫੇਰ ਮਿਲਾਂਗੇ' ਦੀ ਕਾਮਨਾ ਕੀਤੀ ਜਾਂਦੀ ਹੈ। ‘ਸਤਿਗੁਰ ਯਾਦ ਕਰੋ ਭੋਗ ਗਿੱਧੇ ਦਾ ਪਾਈਏ' ਦੀ ਪ੍ਰਵਾਨਤ ਰੂੜ੍ਹੀ ਉਤੇ ਗਿੱਧੇ ਦੀ ਸਮਾਪਤੀ ਦੀ ਰਸਮ ਕੀਤੀ ਜਾਂਦੀ ਹੈ ਤੇ ਨਾਲ ਹੀ ਦਾਸ ਆਪਣਾ ਅਤਾ ਪਤਾ ਦੱਸ ਦਿੰਦਾ ਹੈ:
ਅੱਖਰਾਂ ਦੀ ਨਾ ਸਾਰ ਦਾਸ ਨੂੰ,
ਅਨਪੜ੍ਹ ਜਮ੍ਹਾਂ ਕਹਾਈਏ,
ਫੱਲ੍ਹੇਵਾਲ ਪਿੰਡ ਨਾਊਂ ਬਲਬੀਰਾ,
ਜੋੜ ਬੋਲੀਆਂ ਪਾਈਏ।
ਜੇ ਕੋਈ ਗਲਤੀ ਰਹੀ ਕਥਾ ਮੇਂ
ਸੰਗਤਾਂ ਤੋਂ ਭੁੱਲ ਬਖਸ਼ਾਈਏ
ਸੰਗਤਾਂ ਦੇ ਚਰਨਾਂ ਦੀ
ਚੱਕ ਧੂੜ ਮੱਥੇ ਨਾਲ ਲਾਈਏ
ਸਤਿਗੁਰ ਯਾਦ ਕਰੋ, ਭੋਗ ਗਿੱਧੇ ਦਾ ਪਾਈਏ..
ਇਸ ਤਰ੍ਹਾਂ ਮਲਵਈ ਬੋਲੀਕਾਰ ਆਪਣੀ ਲੋਕ ਪ੍ਰੰਪਰਾ ਵਿੱਚ ਆਪਣਾ ਨਿੱਜੀ ਯੋਗਦਾਨ ਪਾ ਕੇ ਉਸ ਨੂੰ ਸਰਬ ਸਾਂਝੀ ਬਣਾਉਂਦਾ ਹੋਇਆ ਉਸੇ ਅੱਗੇ ਆਪਣਾ ਸਿਰ ਝੁਕਾ ਦਿੰਦਾ ਹੈ। ਕਿੰਨੇ ਨਿਮਰ ਨੇ ਇਹ ਲੋਕ, ਜੋ ਨਿੱਜੀ ਪ੍ਰਤਿਭਾ ਨੂੰ ਸਭ ਦੀ ਪ੍ਰਤਿਭਾ ਵਿੱਚ ਸਮੋ ਕੇ ਸਿਰਜਨਾ ਦੇ ਇਸ ਵਹਿਣ ਨੂੰ ਅੱਗੇ ਤੋਰਦੇ ਜਾਂਦੇ ਹਨ।
ਪੰਜਾਬ ਦੇ ਭਰੇ ਮੇਲਿਆਂ ਦੀਆਂ ਵਿਛੜ ਗਈਆਂ ਰੌਣਕਾਂ ਦੀ ਇੱਕ ਉਦਾਸ ਜਿਹੀ ਝਲਕ ਮਿਲ ਜਾਂਦੀ ਹੈ ਮੰਡੀ ਅਹਿਮਦਗੜ੍ਹ ਨਾਲ ਲੱਗਦੇ ਛਪਾਰ ਦੇ ਮੇਲੇ ਵਿੱਚ। ਇਹ ਮੇਲਾ ਗੁੱਗੇ ਦੀ ਮਾੜੀ ਉਤੇ ਆਨੰਦ ਚੌਦਸ 'ਤੇ ਸ਼ੁਰੂ ਹੋ ਕੇ ਤਿੰਨ ਦਿਨ ਰਹਿੰਦਾ ਹੈ। ਇਸ 'ਤੇ ਪਹਿਲਾਂ ਦਿਨ ‘ਚੌਕੀਆਂ' ਭਰਨ ਦਾ ਹੁੰਦਾ ਹੈ ਜਿਹੜਾ ਸਿਰਫ ਔਰਤ ਅਤੇ ਨਿਆਣਿਆਂ ਲਈ ਰਾਖਵਾਂ ਹੁੰਦਾ ਹੈ। ਆਨੰਤ ਚੌਦਸ ਵਾਲੀ ਦੁਪਹਿਰ ਚਾਰੇ ਚੁਫੇਰਿਉਂ ਲੋਕ ਵਹੀਰਾਂ ਘੱਤੀਂ ਆਉਂਦੇ ਹਨ, ਜਿਨ੍ਹਾਂ ਵਿੱਚ ਬਹੁਤੀ ਗਿਣਤੀ ਕਾਮਿਆਂ ਤੇ ਸੀਰੀਆਂ ਦੀ ਹੁੰਦੀ ਹੈ। ਇਹ ਮੇਲਾ ਸੱਚ ਮੁੱਚ ‘ਮੇਲਾ ਮੇਲੀਆਂ ਦਾਅ ਤੇ ਗੰਗੂ ਤੇਲੀਆਂ' ਦਾ ਨਜ਼ਰ ਆਉਂਦਾ ਹੈ। ਸੜਕ ਦੀ ਤਿਕੋਨ ਉਤੇ ਵਿੱਛਿਆ ਮੇਲਾ ਭੇੜ ਦਾ ਵਗਦਾ ਦਰਿਆ ਜਾਪਦਾ ਹੈ। ਉਚੀ ਮਾੜੀ ਉਤੇ ਢੋਲਾਂ ਦੀ ਕੜਕੁੱਟ ਵਿੱਚ ਲੋਕ ਮਿੱਟੀ ਕੱਢਦੇ ਹਨ। ਗੁੱਗੇ ਦੇ ਭਗਤ ਹਾਲੋ ਹਾਲ ਪੁਕਾਰਦੇ ਮੋਢਿਆਂ ਨੂੰ ਸੰਗਤਾਂ ਨਾਲ ਭੰਨਦੇ ਹਨ। ਚੜ੍ਹਦੇ ਵਾਲੇ ਪਾਸੇ ਖਾਲੀ ਖੇਤਾਂ ਵਿੱਚ ਵਪਾਰੀ ਨਵੀਆਂ ਖਰੀਦੀਆਂ ਬੱਕਰੀਆਂ ਨੂੰ ਕੰਨਾਂ ਤੋਂ ਘਸੀਟਦੇ ਨਜ਼ਰ ਆਉਂਦੇ ਹਨ। ਘੁਮਾਰ ਦੇ ਰੇੜ੍ਹਿਆਂ ਨਾਲ ਬੰਨ੍ਹੇ ਹੋਏ ਖੋਤੇ ਤੇ ਖੱਚਰਾਂ ਖਰਮਸਤੀ ਭਰੀ ਸੁਰ ਵਿੱਚ ਹਵਾਂਕਦੇ ਹਨ। ਸਰਕਸਾਂ, ਚੰਡੋਲਾਂ ਤੇ ਮੁਨਿਆਰੀ ਵਾਲੇ ਖੂਬ ਹੱਥ ਰੰਗਦੇ ਹਨ। ਸਿਕਲੀਗਰ ਵੈਦ ਥਾਂ-ਥਾਂ ਆਪਣਾ ਮਜ੍ਹਮਾ ਲਾ ਕੇ ਬੈਠੇ ਨਜ਼ਰ ਆਉਂਦੇ ਹਨ। ਪੱਟਾਂ 'ਤੇ ਮੋਰਨੀਆਂ ਪਾਉਣ ਵਾਲਾ ਵੀ ਕੋਈ ਨਾ ਕੋਈ ਲੱਭ ਪੈਂਦਾ ਹੈ।
ਮੇਲੇ ਦੇ ਛਿਪਦੇ ਪਾਸੇ ਰਾਜਨੀਤਕ ਪਾਰਟੀਆਂ ਦੀਆਂ ਸਟੇਜਾਂ ਉਤੇ ਜੋਸ਼ੀਲੇ ਭਾਸ਼ਨਾਂ ਦੇ ਨਾਲ-ਨਾਲ ਢਾਡੀ ਵਾਰਾਂ ਤੇ ਤੂੰਬੀਆਂ ਨਾਲ ਗੌਣ ਵਾਲੇ ਚੰਗਾ ਰੰਗ ਬੰਨ੍ਹਦੇ ਹਨ। ਪਿਛਲੇ ਕੁਝ ਸਾਲਾਂ ਤੋਂ ‘ਭਾਰਤੀ ਕਿਸਾਨ ਯੂਨੀਅਨ' ਦੇ ਪੰਡਾਲ ਵਿੱਚ ਸਭ ਤੋਂ ਵੱਧ ਭੀੜ ਜੁੜਨ ਲੱਗ ਪਈ ਹੈ। ਪੰਜਾਬ ਸਿਹਤ ਵਿਭਾਗ ਵਾਲੇ ਇਸ ਮੌਕੇ ਦਾ ਲਾਹਾ ਨਸਬੰਦੀ ਕੈਂਪ ਲਾ ਕੇ ਖੱਟਦੇ ਹਨ। ਖੇਤੀਬਾੜੀ ਦੇ ਸੰਦ ਬਣਾਉਣ ਵਾਲੇ ਆਪੋ-ਆਪਣੀਆਂ ਨੁਮਾਇਸ਼ਾਂ ਲਾਉਂਦੇ ਤੇ ਕਦੇ-ਕਦੇ ਖੇਤੀਬਾੜੀ ਯੂਨੀਵਰਸਿਟੀ ਵਾਲੇ ਵੀ ਪਹੁੰਚ ਜਾਂਦੇ ਹਨ। ਚੰਨ ਚਾਨਣੀ ਰਾਤ ਵਿੱਚ ਚਿੱਟੇ ਸਮ੍ਹਲਿਆਂ ਵਾਲੇ ਆਪਣਾ ਗੌਣ ਲਾਉਂਦੇ ਹਨ ਜਿਹੜੇ ਅਲਗੋਜੇ ਤੋਂ ਇਕਤਾਰੇ ਉਤੇ ਗੋਲ ਦਾਇਰੇ ਵਿੱਚ ਘੁੰਮ ਕੇ ਗਾਉਂਦੇ ਹਨ- ‘ਕਲੈ੍ਹਰੀਆ ਮੋਰਾ ਵੇ, ਮੈਂ ਨਾ ਤੇਰੇ ਰਹਿੰਦੀ।'
ਬਜ਼ੁਰਗਾਂ ਦੇ ਛੋਟੇ ਜਿਹੇ ਇਕੱਠ ਵਾਲਾ ਇਹ ਅਖਾੜਾ ਬੱਕਰੀਆਂ ਤੇ ਖੋਤਿਆਂ ਵਾਲੇ ਪਾਸੇ ਇਕ ਨੁੱਕਰ ਜਿਹੀ ਵਿੱਚ ਲੱਗਦਾ ਹੈ, ਜਿਹੜਾ ਪੰਜਾਬ ਦੀ ਇਸ ਬੀਤ ਚੁੱਕੀ ਗਾਇਕੀ ਦੀ ਗਰੀਬੜੀ ਹਾਲਤ ਦੀ ਦੱਸ ਪਾਉਂਦਾ ਹੈ। ਇਸ ਮੇਲੇ ਦੀ ਖਾਸ ਵਿਸ਼ੇਸ਼ਤਾ ਹੈ, ਇਥੇ ਆਉਂਦੀਆਂ ਚੋਬਰਾਂ ਦੀਆਂ ਗਿੱਧੇ ਦੀਆਂ ਢਾਣੀਆਂ, ਖਾਸ ਕਰਕੇ ਬੋਲੀਆਂ ਪਾਉਣ ਦੇ ਸ਼ੌਕੀ ਦੂਰੋ-ਦੂਰੋ ਆਉਂਦੇ ਹਨ, ਜਿਹੜੇ ‘ਕਰਾਰੀ ਚਾਹ' ਪੀ ਕੇ ਅਖਾੜੇ ਵਿੱਚ ਕੁੱਦ ਪੈਂਦੇ ਹਨ:
ਆਰੀ-ਆਰੀ-ਆਰੀ
ਮੇਲਾ ਛਪਾਰ ਲੱਗਦਾ
ਜਿਹੜਾ ਲੱਗਦਾ ਜਗਤ 'ਤੇ ਭਾਰੀ
ਮੈਂ ਤਾਂ ਮੇਲੇ ਵਿੱਚ ਆ ਗਿਆ
ਕਰਕੇ ਖੂਬ ਤਿਆਰੀ
ਲੋਹਟ ਬੱਧੀ ਮੈਂ ਸਾਈਕਲ ਖੜ੍ਹਾ ਤਾ
ਉਥੇ ਬੈਠ ਗਿਆ ਲਾਰੀ

Have something to say? Post your comment