Welcome to Canadian Punjabi Post
Follow us on

11

December 2019
ਨਜਰਰੀਆ

ਕਵੀਸ਼ਰੀ ਦਾ ਬਾਪੂ ਪਾਰਸ

July 17, 2019 09:54 AM

-ਹਰਦੀਪ ਕੌਰ
ਮਾਲਵੇ ਵਿੱਚ ਹੀ ਨਹੀਂ, ਪੂਰੇ ਪੰਜਾਬ ਵਿੱਚ ਖੁਸ਼ੀਆਂ ਦੇ ਮੌਕਿਆਂ, ਧਾਰਮਿਕ ਸਮਾਗਮਾਂ, ਮੇਲਿਆਂ, ਛਿੰਝਾਂ, ਇਕੱਠਾ ਤੇ ਡੇਰਿਆਂ ਵਿੱਚ ਕਵੀਸ਼ਰੀ ਗਾਉਣ ਦੀ ਅਮੀਰ ਪ੍ਰੰਪਰਾ ਹੈ। ਕਵੀਸ਼ਰੀ ਉਚੀ ਹੇਕ ਵਿੱਚ ਗਾਈ ਜਾਣ ਕਰ ਕੇ ਲੋਕ-ਮਨ ਦੀ ਤਿ੍ਰਪਤੀ ਦਾ ਸਾਧਨ ਬਣੀ, ਜਿਸ ਨੇ ਲੋਕਾਂ ਦੇ ਮਨਾਂ ਅੰਦਰ ਸੁਹਜ ਰਸ ਪੈਦਾ ਕੀਤਾ। ਚੰਗਾ ਕਵੀਸ਼ਰ ਉਹ ਹੀ ਮੰਨਿਆ ਜਾਂਦਾ ਹੈ, ਜੋ ਆਪ ਲਿਖਦਾ ਅਤੇ ਆਪ ਹੀ ਗਾਉਂਦਾ ਹੈ। ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਇਸ ਵਿਲੱਖਣਤਾ ਤੇ ਵਿਸ਼ੇਸ਼ਤਾ ਦਾ ਧਾਰਨੀ ਬਣਦਾ ਹੈ। ਇਸ ਕਵੀਸ਼ਰ ਤੇ ਕਿੱਸਾਕਾਰ ਦਾ ਜਨਮ 28 ਜੂਨ 1916 ਨੂੰ ਪਿੰਡ ਮਹਿਰਾਜ ਆਪਣੇ ਨਾਨਕੇ ਘਰ ਹੋਇਆ ਸੀ। ਪਾਰਸ ਨੇ ਪਿੰਡ ਦੇ ਡੇਰੇ ਦੇ ਮਹੰਤ ਕ੍ਰਿਸ਼ਨਾ ਨੰਦ ਤੋਂ ਗੁਰਮੁਖੀ ਦਾ ਗਿਆਨ ਪ੍ਰਾਪਤ ਕੀਤਾ। ਘਰ ਵਿੱਚ ਦਾਦੇ ਵੱਲੋਂ ਸੰਭਾਲੇ ਹੋਏ ਕਿੱਸਿਆਂ ਨੂੰ ਪੜ੍ਹ ਕੇ ਉਸ ਦੇ ਮਨ ਵਿੱਚ ਤੁਕਬੰਦੀ ਨੂੰ ਜੋੜਨ ਦੀ ਚੇਟਕ ਪੈਦਾ ਹੋਈ। ਫਿਰ ਉਸ ਨੇ ਆਪਣੀ ਕਵੀਸ਼ਰੀ ਤੇ ਕਿੱਸਾਕਾਰੀ ਦੀ ਕਲਾ ਰਾਹੀਂ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਵਿਕਾਸ ਲਈ ਵਿਸ਼ੇਸ਼ ਯੋਗਦਾਨ ਪਾਇਆ। ਸਾਹਿਤ ਦੀ ਇਸ ਵੰਨਗੀ ਦੇ ਸੰਬੰਧ ਵਿੱਚ ਦਿੱਤੇ ਵਡਮੁੱਲੇ ਯੋਗਦਾਨ ਸਦਕਾ ਪਾਰਸ ਨੂੰ ਭਾਸ਼ਾ ਵਿਭਾਗ, ਪੰਜਾਬ ਵੱਲੋਂ 1985 ਦੌਰਾਨ ‘ਸ਼੍ਰੋਮਣੀ ਕਵੀਸ਼ਰ' ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਪਾਰਸ ਨੇ ਸਾਧਾਰਨ ਲੋਕਾਂ ਦੇ ਸਮਾਜਿਕ, ਆਰਥਿਕ, ਧਾਰਮਿਕ ਤੇ ਸੱਭਿਆਚਾਰਕ ਵਰਤਾਰਿਆਂ ਦੀ ਤਸਵੀਰ ਨੂੰ ਕਵੀਸ਼ਰੀ ਰਾਹੀਂ ਪੇਸ਼ ਕੀਤਾ ਹੈ। ਉਸ ਨੇ ਲੰਮਾ ਸਮਾਂ ਕਵੀਸ਼ਰੀ ਦੀ ਸੇਵਾ ਕਰਦਿਆਂ ਆਪਣੀ ਕਾਵਿ ਰਚਨਾ ਵਿੱਚੋਂ ਨਵੇਂ-ਨਵੇਂ ਤਜਰਬੇ ਕਰਦਿਆਂ ਸਰੋਤਿਆਂ ਨੂੰ ਪ੍ਰਭਾਵਿਤ ਕੀਤਾ। ਲੰਮਾ ਸਮਾਂ ਉਸ ਨੇ ਮੋਹਨ ਸਿੰਘ ਰੋਡੇ ਨਾਲ ਰਲ ਕੇ ਕਵੀਸ਼ਰੀ ਕੀਤੀ ਤੇ ਫਿਰ ਵੱਖਰਾ ਜੱਥਾ ਬਣਾ ਕੇ ਰਣਜੀਤ ਸਿੰਘ ਸਿੱਧਵਾਂ ਤੇ ਚੰਦ ਸਿੰਘ ਜੰਡੀ ਨਾਲ ਮਿਲ ਕੇ ਕਵੀਸ਼ਰੀ ਰਾਹੀਂ ਲੋਕਾਂ ਦੀ ਸੇਵਾ ਕੀਤੀ। ਕਰਨੈਲ ਸਿੰਘ ਸਟੇਜ ਦਾ ਧਨੀ ਅਤੇ ਬੋਲ ਸੱਭਿਆਚਾਰ ਦਾ ਮਾਹਰ ਸੀ। ਉਸ ਦਾ ਭਾਸ਼ਨ ਬਹੁਤ ਸਰਲ, ਸਪੱਸ਼ਟ ਤੇ ਰੌਚਕ ਹੁੰਦਾ ਸੀ, ਜਿਸ ਨੂੰ ਸੁਣ ਕੇ ਸਰੋਤਿਆਂ ਦੇ ਚਿਹਰਿਆਂ 'ਤੇ ਰੌਣਕਾਂ ਆ ਜਾਂਦੀਆਂ ਸਨ। ਉਹ ਆਪਣੀਆਂ ਕਈ ਰਚਨਾਵਾਂ ਨੂੰ ਨਾਟਕੀ ਅੰਦਾਜ਼ ਵਿੱਚ ਵੀ ਪੇਸ਼ ਕਰਦਾ ਸੀ। ਪਾਰਸ ਵਿਆਹ ਸ਼ਾਦੀ, ਖੁਸ਼ੀ ਭਰੇ ਮਾਹੌਲ ਜਾਂ ਅਖਾੜਿਆਂ ਵਿੱਚ ਸਰੋਤਿਆਂ ਦੀ ਰੁਚੀ ਨੂੰ ਧਿਆਨ ਵਿੱਚ ਰੱਖਦਿਆਂ ਆਪਣੇ ਬਹੁ-ਚਰਚਿਤ ਫੁਟਕਲ ਛੰਦ ਇਸ ਤਰ੍ਹਾਂ ਪੇਸ਼ ਕਰਦਾ ਸੀ:
ਲੱਗਦੇ ਰਹਿਣ ਖੁਸ਼ੀ ਦੇ ਮੇਲੇ, ਮਿਲਦੀਆਂ ਰਹਿਣ ਵਧਾਈਆਂ
ਹੈ ਆਉਣ ਜਾਣ ਬਣਿਆ, ਦੁਨੀਆ ਚਹੁੰ ਕੁ ਦਿਨਾਂ ਦਾ ਮੇਲਾ
ਜੱਗ ਜੰਕਸ਼ਨ ਰੇਲਾਂ ਦਾ, ਗੱਡੀ ਇਕ ਆਵੇ ਇਕ ਜਾਵੇ
ਉਹ ਕਵੀਸ਼ਰੀ ਨੂੰ ਗੁਰਦੁਆਰਿਆਂ ਦੀਆਂ ਧਾਰਮਿਕ ਸਟੇਜਾਂ ਅਤੇ ਪਿੰਡਾਂ ਦੇ ਅਖਾੜਿਆਂ ਤੋਂ ਲੈ ਕੇ ਰੇਡੀਓ ਪ੍ਰਸਾਰਨ ਅਤੇ ਰਿਕਾਰਡਾਂ ਤੱਕ ਲੈ ਕੇ ਜਾਣ ਵਾਲਾ ਪਹਿਲਾ ਕਵੀਸ਼ਰ ਹੈ, ਕਿਉਂਕਿ ਇਸ ਤੋਂ ਪਹਿਲਾਂ ਕਵੀਸ਼ਰ ਮੇਲਿਆਂ, ਵਿਆਹਾਂ, ਮਰਨਿਆਂ ਤੇ ਹੋਰ ਇਕੱਠਾਂ ਜਾਂ ਪਿੰਡ-ਪਿੰਡ ਘੁੰਮਦੇ ਆਪਣੀ ਕਲਾ ਦਾ ਪ੍ਰਗਟਾਵਾ ਕਰਦੇ ਸਨ। ਜਦੋਂ ਪਾਰਸ ਨੇ ਧਾਰਮਿਕ ਅਤੇ ਇਤਿਹਾਸਕ ਕਾਵਿ ਰਚਨਾ ਆਰੰਭ ਕੀਤੀ ਤਾਂ ਉਸ ਦੀ ਕਲਾਕਾਰੀ ਸਹਿਜ ਰੂਪ ਵਿੱਚ ਗੁਰਦੁਆਰਿਆਂ ਤੱਕ ਪਹੁੰਚ ਗਈ। ਫਿਰ ਉਸ ਨੇ ਧਾਰਮਿਕ ਰਚਨਾ ‘ਛੋਟੇ ਸਾਹਿਬਜ਼ਾਦੇ' ਸਰੋਤਿਆਂ ਦੇ ਸਨਮੁਖ ਕੀਤੀ:
ਕਿਉਂ ਫੜੀ ਸਿਪਾਹੀਆਂ ਨੇ
ਭੈਣੋਂ ਇਹ ਹੰਸਾਂ ਦੀ ਜੋੜੀ।
ਉਸ ਨੇ ਆਪਣੀ ਸਾਰੀ ਉਮਰ ਕਵੀਸ਼ਰੀ ਨੂੰ ਸਮਰਪਿਤ ਕੀਤੀ ਤੇ ਲਿਖਣ ਦੀ ਪ੍ਰੰਪਰਾ ਨੂੰ ਆਪਣੇ ਅੰਤ ਤੱਕ ਜਾਰੀ ਰੱਖਿਆ। ਉਸ ਦੀ ਕਵਿਤਾ ਲੋਕ ਭਾਵੀ ਹੋਣ ਕਰਕੇ ਲੋਕ ਪੱਖੀ ਵਿਚਾਰਾਂ ਨੂੰ ਆਪਣੀਆਂ ਰਚਨਾਵਾਂ ਦਾ ਵਿਸ਼ਾ ਬਣਾਇਆ ਹੈ। ਉਸ ਨੇ ਦੇਸ਼ ਪਿਆਰ ਦੇ ਕਿੱਸਿਆਂ ਵਿੱਚ ਉਨ੍ਹਾਂ ਆਜ਼ਾਦੀ ਸੰਗਰਾਮੀਆਂ ਨੂੰ ਪੇਸ਼ ਕੀਤਾ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਅੰਦੋਲਨ ਵਿੱਚ ਆਪਣੇ ਪ੍ਰਾਣਾਂ ਦੀ ਅਹੂਤੀ ਦਿੱਤੀ। ਇਨ੍ਹਾਂ ਵਿੱਚ ਬਹੁ ਚਰਚਿਤ ਕਿੱਸੇ ‘ਬਾਗੀ ਸੁਭਾਸ਼', ‘ਸ਼ਹੀਦ ਸੇਵਾ ਸਿੰਘ ਠੀਕਰੀਵਾਲਾ' ਅਤੇ ‘ਸ਼ਹੀਦ ਭਗਤ ਸਿੰਘ' ਦੀਆਂ ਰਚਨਾਵਾਂ ਨੂੰ ਕਲਮਬੱਧ ਕੀਤਾ। ਪਾਰਸ ਦੀ ਕਵਿਤਾ ਜਿਥੇ ਦੇਸ਼ ਪਿਆਰ ਦੇ ਰੰਗ ਵਿੱਚ ਰੰਗੀ ਹੋਈ ਹੈ, ਉਥੇ ਸਮਾਜਿਕ ਸਰੋਕਾਰਾਂ ਨੂੰ ਫੁਟਕਲ ਕਵਿਤਾਵਾਂ ਰਾਹੀਂ ਪੇਸ਼ ਕਰਦੀ ਹੈ।
ਇਸ਼ਕੀਆਂ ਕਿੱਸਿਆਂ ਵਿੱਚ ‘ਹੀਰ ਰਾਂਝਾ' ‘ਮਿਰਜ਼ਾ ਸਾਹਿਬਾਂ', ਅਤੇ ਲਘੂ ਆਕਾਰ ਦੀਆਂ ਰਚਨਾਵਾਂ ਵਿੱਚ ‘ਸੋਹਣੀ ਮਹੀਂਵਾਲ', ‘ਸੱਸੀ ਪੁੰਨੂ', ‘ਸੀਰੀ ਫਰਿਹਾਦ', ‘ਰੁਮਾਂਟਿਕ ਕਿੱਸਾ ‘ਦਹੂਦ ਬਾਦਸ਼ਾਹ', ਸਦਾਚਾਰਕ ਕਿੱਸਿਆਂ ਵਿੱਚ ‘ਕੌਲਾਂ ਭਗਤਣੀ' ਅਤੇ ਪੂਰਨ ਭਗਤ', ਪੌਰਾਣਿਕ ਕਿੱਸਿਆਂ ਵਿੱਚ ‘ਤਾਰਾ ਰਾਣੀ' ਅਤੇ ‘ਸਰਵਣ ਪੁੱਤਰ' ਸ਼ਾਮਲ ਹਨ। ਇਸ ਤੋਂ ਇਲਾਵਾ ਪਾਰਸ ਨੇ ਸੂਰਮਗਤੀ ਨਾਲ ਸਬੰਧਤ ਰਚਨਾਵਾਂ ਨੂੰ ਅੰਕਿਤ ਕੀਤਾ। ਕਰਨੈਲ ਸਿੰਘ ਪਾਰਸ ਨੇ ਸਿੱਖ ਇਤਿਹਾਸ ਨਾਲ ਸਬੰਧਤ ਘਟਨਾਵਾਂ ਨੂੰ ਸਾਕਿਆਂ ਅਤੇ ਪ੍ਰਸੰਗਾਂ ਦੇ ਰੂਪ ਵਿੱਚ ਪੇਸ਼ ਕੀਤਾ, ਜਿਹੜੀਆਂ ਅੱਜ ਵੀ ਹਰਮਨ ਪਿਆਰੀਆਂ ਹਨ। ਪਾਰਸ ਦੇ ਪ੍ਰਸਿੱਧ ਪ੍ਰਸੰਗਾਂ ਵਿੱਚ ‘ਗੁਰੂ ਅਰਜਨ ਦੇਵ ਜੀ', ‘ਗੁਰੂ ਹਰਗੋਬਿੰਦ ਜੀ', ‘ਗੁਰੂ ਗੋਬਿੰਦ ਸਿੰਘ', ‘ਹਰੀ ਸਿੰਘ ਨਲਵਾ', ‘ਨਨਕਾਣਾ ਸਾਹਿਬ' ਅਤੇ ‘ਮੱਸਾ ਰੰਗੜ' ਆਦਿ ਹਨ। ‘ਬੰਦਾ ਸਿੰਘ ਬਹਾਦਰ' ਦੇ ਸਾਕੇ ਵਿੱਚ ਉਹ ਬੰਦਾ ਸਿੰਘ ਬਹਾਦਰ ਦੇ ਮੁਗਲਾਂ ਪ੍ਰਤੀ ਵਿਰੋਧ ਨੂੰ ਬਿਆਨਦਾ ਹੈ। ‘ਜੰਗ ਚਮਕੌਰ' ਵਿੱਚ ਅਜੀਤ ਸਿੰਘ ਦਾ ਜੰਗ 'ਚ ਜੂਝਣ ਲਈ ਕਹਿਣਾ ਤੇ ਪਿਤਾ ਗੁਰੂ ਗੋਬਿੰਦ ਸਿੰਘ ਤੋਂ ਆਗਿਆ ਲੈ ਕੇ ਜੰਗ ਵਿੱਚ ਜਾਣ ਦੇ ਵੇਰਵੇ ਨੂੰ ਬਿਆਨ ਕੀਤਾ ਹੈ:
ਆਗਿਆ ਸਿੰਘ ਅਜੀਤ ਨੇ, ਸਤਿਗੁਰ ਤੋਂ ਮੰਗੀ
ਫੜ ਕੇ ਤੇ ਤਲਵਾਰ ਸੀ, ਹੱਥ ਸੱਜੇ ਨੰਗੀ..।
‘ਪੰਜ ਪਿਆਰੇ' ਦੇ ਪ੍ਰਸੰਗ ਵਿੱਚ ਪਾਰਸ ਨੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਪੰਜ ਪਿਆਰਿਆਂ ਤੋਂ ਸ਼ੀਸ਼ ਮੰਗਣ ਦੀ ਅਪੀਲ ਕੀਤੀ ਗਈ ਹੈ:
ਤਿੰਨ ਸਿੱਖਾਂ ਸਿਰ ਦੇ ਦਿੱਤੇ ਆ ਵਿੱਚ ਆਨੰਦਾਂ
ਤੰਬੂ 'ਚੋਂ ਮੁੱਖ ਕੱਢਿਆ ਕੱਠਿਆਂ ਸੌ ਚੰਦਾਂ..।
‘ਸਾਕਾ ਨਨਕਾਣਾ ਸਾਹਿਬ' ਵਿੱਚ ਉਸ ਨੇ ਨਰਾਇਣ ਦਾਸ ਵੱਲੋਂ ਨਨਕਾਣਾ ਸਾਹਿਬ ਵਿੱਚ ਉਸ ਦੇ ਕਾਰੇ ਨੂੰ ਬਿਆਨ ਕੀਤਾ ਹੈ। ‘ਮੱਸਾ ਰੰਘੜ' ਪ੍ਰਸੰਗ ਵਿੱਚ ਮੱਸਾ ਰੰਘੜ ਤੇ ਸਿੱਖਾਂ ਦੀ ਟੱਕਰ ਦਾ ਜ਼ਿਕਰ ਕੀਤਾ ਹੈ, ਜਿਸ ਵਿੱਚ ਮੱਸਾ ਸਿੱਖਾਂ ਦਾ ਕਤਲੇਆਮ ਕਰਕੇ ਦਰਬਾਰ ਸਾਹਿਬ ਵਿੱਚ ਹੁੱਕਾ ਪੀਂਦਾ ਹੈ। ਫੁਟਕਲ ਕਵੀਸ਼ਰੀ ਵਿੱਚ ਉਸ ਨੇ ਵੰਨ ਸੁਵੰਨੇ ਵਿਸ਼ਿਆਂ ਨੂੰ ਅਪਣਾਇਆ ਹੈ। ਪਾਰਸ ਪਿੰਡ ਦਾ ਵਾਸੀ ਹੋਣ ਕਰਕੇ ਲੋਕ ਜੀਵਨ ਦੀਆਂ ਹਰ ਪ੍ਰਸਥਿਤੀਆਂ ਨੂੰ ਨੇੜਿਓ ਜਾਣਨ ਵਾਲਾ ਕਵੀਸ਼ਰ ਸੀ। ਉਸ ਦੀਆਂ ਕਵਿਤਾਵਾਂ ਦਾ ਸਬੰਧ ਲੋਕ ਪੱਧਰ ਦੀ ਮਾਨਸਿਕਤਾ ਨਾਲ ਜੁੜਿਆ ਹੋਇਆ ਸੀ ਤੇ ਇਸ ਕਰਕੇ ਉਸ ਨੇ ਸਥਾਨਕ ਭਾਸ਼ਾ ਨੂੰ ਆਪਣੇ ਕਾਵਿ ਦਾ ਵਾਹਨ ਬਣਾਇਆ ਹੈ। ਉਸ ਨੇ ਆਪਣੀਆਂ ਰਚਨਾਵਾਂ ਵਿੱਚ ਫਾਰਸੀ, ਹਿੰਦੀ, ਉਰਦੂ ਅਤੇ ਅੰਗਰੇਜ਼ੀ ਸ਼ਬਦਾਵਲੀ ਅਤੇ ਕੇਂਦਰੀ ਪੰਜਾਬੀ ਵਰਤੀ ਹੈ। ਉਸ ਨੇ ਆਪਣੀਆਂ ਰਚਨਾਵਾਂ ਵਿੱਚ ਅਖਾਣਾਂ ਅਤੇ ਮੁਹਾਵਰਿਆਂ ਨੂੰ ਵੀ ਭਾਸ਼ਾਈ ਗੁਣ ਵਜੋਂ ਅਪਣਾਇਆ ਤੇ ਆਪਣੀ ਸ਼ਬਦਾਵਲੀ ਸਰਲ ਰੱਖਣ ਦਾ ਯਤਨ ਕੀਤਾ ਹੈ। ਪਾਰਸ ਦੀ ਕਾਵਿ ਰਚਨਾ ਛੰਦਾਂ ਬੰਦੀ 'ਤੇ ਆਧਾਰਿਤ ਹੈ। ਪੇਂਡੂ ਵਰਗ ਨਾਲ ਜੁੜਿਆ ਹੋਣ ਕਰਕੇ ਪਾਰਸ ਦੀ ਰਚਨਾ ਕਿਰਸਾਨੀ ਜੀਵਨ ਦੇ ਨੇੜੇ ਹੈ, ਜਿਸ ਦੇ ਬਹੁਤੇ ਅਲੰਕਾਰ ਕਿਰਸਾਨੀ ਜੀਵਨ ਵਿੱਚੋਂ ਹਨ। ਇਸ ਤੋਂ ਸਾਫ ਹੈ ਕਿ ਕਰਨੈਲ ਸਿੰਘ ਪਾਰਸ ਆਪਣੀਆਂ ਕਾਵਿ ਰਚਨਾਵਾਂ ਵਿੱਚ ਮਲਵਈ ਉਪ-ਭਾਸ਼ਾ ਦੀ ਸ਼ਬਦਾਵਲੀ ਦੇ ਵਿਸ਼ਾਲ ਭੰਡਾਰ ਸਦਕਾ ਪੰਜਾਬੀ ਕਵੀਸ਼ਰੀ ਤੇ ਕਿੱਸਾਕਾਰੀ ਵਿੱਚ ਸਫਲ ਹੋਇਆ। ਉਸ ਕੋਲ ਸ਼ਬਦਾਵਲੀ ਤੇ ਮੁਹਾਵਰਿਆਂ ਦਾ ਅਮੁੱਕ ਖਜ਼ਾਨਾ ਹੋਣ ਕਾਰਨ ਸਭ ਤਰ੍ਹਾਂ ਦੇ ਵਿਸ਼ੇ ਉਸ ਦੀ ਪਕੜ ਵਿੱਚ ਸਨ। ਜਿਥੇ ਉਸ ਨੇ ਦੇਸ਼ ਭਗਤੀ, ਇਤਿਹਾਸਕ, ਧਾਰਮਿਕ, ਵਿਸ਼ੇ ਕਲਮਬੱਧ ਕੀਤੇ, ਉਥੇ ਸਮਾਜ ਨਾਲ ਸਬੰਧਤ ਵਿਭਿੰਨ ਪ੍ਰਕਾਰ ਦੇ ਵਿਸ਼ਿਆਂ ਨੂੰ ਆਪਣੀ ਕਵੀਸ਼ਰੀ ਤੇ ਕਿੱਸਿਆਂ ਰਾਹੀਂ ਪੇਸ਼ ਕਰਕੇ ਸ਼੍ਰੋਮਣੀ ਰੁਤਬਾ ਪ੍ਰਾਪਤ ਕੀਤਾ। ਫੁਟਕਲ ਕਵੀਸ਼ਰੀ ਵਿੱਚ ਉਸ ਨੇ ਸਮਕਾਲੀ ਸਮਾਜਿਕ ਯਥਾਰਥ ਦੀਆਂ ਹਕੀਕਤਾਂ, ਆਪਣੇ ਆਲੇ ਦੁਆਲੇ ਦੱਬੇ ਕੁਚਲੇ ਲੋਕਾਂ ਦੀਆਂ ਤੰਗੀਆਂ, ਤੁਰਸੀਆਂ, ਮਜਬੂਰੀਆਂ ਨਾਲ ਭਰੀ ਜ਼ਿੰਦਗੀ ਨੂੰ ਕਵੀਸ਼ਰੀ ਤੇ ਕਿੱਸਾਕਾਰੀ ਦਾ ਵਿਸ਼ਾ ਬਣਾਇਆ। ਪਾਰਸ ਭਾਵੇਂ ਰੱਬ ਨੂੰ ਨਹੀਂ ਸੀ ਮੰਨਦਾ, ਪਰ ਸਦਾ ਲੋਕਾਂ ਲਈ ਅਰਦਾਸ ਏਹੀ ਕਰਦਾ ਸੀ:
ਹੋਵੇ ਹੇ ਪਰਮਾਤਮਾ, ਦੁਸ਼ਮਣ ਦਾ ਵੀ ਭਲਾ
ਟਲੇ ਗੁਆਂਢੀ ਤੋਂ ਸਦਾ, ਕੋਹਾਂ ਦੂਰ ਬਲਾ
ਰੱਖੀਂ ਮਰਦਿਆਂ ਤੱਕ ਤੂੰ, ਸਭ ਦੀ ਉਜਲੀ ਪੱਤ
ਤੇਰੇ ਭਾਣੇ ਦਾਤਿਆ, ਸੁਖੀ ਵਸੇ ਸਰਬੱਤ
ਪ੍ਰਸਿੱਧ ਗਾਇਕ, ਕਵੀ, ਲੇਖਕ, ਉਘੇ ਸਿਆਸਤਦਾਨ ਪੈਦਾ ਕਰਨ ਵਾਲਾ ਸ਼੍ਰੋਮਣੀ ਕਵੀਸ਼ਰ ਤੇ ਕਿੱਸਾਕਾਰ ਕਰਨੈਲ ਸਿੰਘ ਪਾਰਸ ਭਾਵੇਂ 28 ਫਰਵਰੀ 2009 ਨੂੰ ਇਸ ਸੰਸਾਰ ਤੋਂ ਚਲਾ ਗਿਆ, ਪਰ ਉਨ੍ਹਾਂ ਦੀਆਂ ਰਚਨਾਵਾਂ ਲੋਕ ਮਨਾਂ ਵਿੱਚ ਅੱਜ ਵੀ ਜਿਉਂਦੀਆਂ ਹਨ।

Have something to say? Post your comment