Welcome to Canadian Punjabi Post
Follow us on

12

December 2019
ਨਜਰਰੀਆ

ਆਪਣਾ-ਆਪਣਾ ਅਧਿਕਾਰ

July 17, 2019 09:53 AM

-ਜਨਮੇਜਯ ਤਿਵਾੜੀ
ਕ੍ਰਿਕਟ ਦੇ ਮੌਸਮ ਦੀ ਤਰ੍ਹਾਂ ਗਰਮੀ ਦਾ ਮੌਸਮ ਚੱਲ ਰਿਹਾ ਹੈ। ਸਾਡੇ ਗੁਆਂਢੀ ਪੂਰੇ ਫਾਰਮ ਵਿੱਚ ਹਨ। ਜਦ ਦੇਖੋ, ਉਨ੍ਹਾਂ ਦੇ ਹੱਥ ਵਿੱਚ ਬੱਲੇ ਦੀ ਜਗ੍ਹਾ ਪਾਣੀ ਦੀ ਪਾਈਪ ਹੁੰਦੀ ਹੈ। ਚੌਕੇ-ਛੱਕੇ ਦੇ ਅੰਦਾਜ਼ ਵਿੱਚ ਕਦੇ ਜ਼ਮੀਨ 'ਤੇ, ਕਦੇ ਹਵਾ ਵਿੱਚ ਪਾਣੀ ਉਛਾਲਦੇ ਰਹਿੰਦੇ ਹਨ। ਦਿਨ ਵਿੱਚ ਦੋ ਵਾਰ ਪੂਰੇ ਘਰ ਨੂੰ ਇਸ਼ਨਾਨ ਕਰਵਾਉਂਦੇ ਹਨ। ਘਰ ਦੀ ਸੇਧ ਵਿੱਚ ਜਿੰਨੀ ਸੜਕ ਆਉਂਦੀ ਹੈ, ਉਸ ਨੂੰ ਵੀ ਪਿਆਸਾ ਨਹੀਂ ਰੱਖਦੇ। ਪੂਰੇ ਪਰਵਾਰ ਦੇ ਦੇਹ ਦੀ ਸਿੰਚਾਈ ਵੀ ਤਿੰਨ ਵਾਰ ਹੁੰਦੀ ਹੈ, ਕਦੇ ਪ੍ਰਵਾਹ ਵਿਧੀ ਨਾਲ ਅਤੇ ਕਦੇ ਝਰਨਾ ਵਿਧੀ ਨਾਲ। ਰੋਜ਼ ਹਜ਼ਾਰਾਂ ਲੀਟਰ ਪਾਣੀ ਦਾ ਦਾਨ ਹੁੰਦਾ ਹੈ ਉਨ੍ਹਾਂ ਦੇ ਹੱਥੋਂ। ਮੈਂ ਰੋਜ਼ ਉਨ੍ਹਾਂ ਦੀਆਂ ਹਰਕਤਾਂ ਦੇਖਦਾ ਹਾਂ। ਕਈ ਵਾਰ ਉਨ੍ਹਾਂ ਦੇ ਦਰਵਾਜ਼ੇ ਤੋਂ ਮੁੜਿਆ ਹਾਂ। ਅੱਜ ਬਿਜਲੀ ਗਾਇਬ ਹੈ। ਅਜਿਹੇ ਵਿੱਚ ਸਾਰਿਆਂ ਨੂੰ ਪਤਾ ਹੈ ਕਿ ਗੁੱਸਾ ਵੱਧ ਆਉਂਦਾ ਹੈ। ਮੈਂ ਇਸੇ ਗੁੱਸੇ ਵਿੱਚ ਉਨ੍ਹਾਂ ਦੇ ਘਰ ਚਲਾ ਗਿਆ। ਸਿਖਰ ਦੁਪਹਿਰੇ ਕਿਸੇ ਦਾ ਦਰਵਾਜ਼ਾ ਖੁਲ੍ਹਵਾਉਣਾ ਹਿਮਾਕਤ ਤੋਂ ਘੱਟ ਨਹੀਂ। ਉਹ ਅੱਖਾਂ ਤੋਂ ਅਗਨੀ ਬਾਣ ਦਾਗਦੇ ਹਨ। ਉਨ੍ਹਾਂ ਦੇ ਹਮਲੇ ਦੇ ਬਾਵਜੂਦ ਮੈਂ ਪਲਟਵਾਰ ਕਰਨ ਦੀ ਨਹੀਂ ਸੋਚਦਾ, ਸੱਚੇ ਗੁਆਂਢੀ ਵਾਂਗ ਝਿਜਕਦੇ ਹੋਏ ਬੋਲਦਾ ਹਾਂ, ‘ਗਰਮੀ ਬਹੁਤ ਹੈ। ਪਿਛਲੇ ਸਾਲ ਦਾ ਰਿਕਾਰਡ ਵੀ ਤੋੜ ਦੇਵੇਗੀ।’
‘ਇਹ ਕਹਿਣ ਦੇ ਲਈ ਤੁਸੀਂ ਧੁੱਪ ਨਾਲ ਵੀ ਪੰਗਾ ਲੈ ਲਿਆ।’ ਕਹਿੰਦੇ ਹੋਏ ਉਹ ਕੁਰਸੀ 'ਤੇ ਬੈਠ ਗਏ, ਹਾਲਾਂਕਿ ਮੈਨੂੰ ਬੈਠਣ ਲਈ ਨਹੀਂ ਕਿਹਾ, ਪਰ ਮੈਂ ਗੁਆਂਢੀ ਹੋਣ ਦੇ ਨਾਤੇ ਬੈਠ ਗਿਆ ਤੇ ਆਪਣੀ ਗੱਲ ਅੱਗੇ ਵਧਾਈ, ‘ਕਈ ਰਾਜਾਂ ਵਿੱਚ ਪੀਣ ਵਾਲੇ ਪਾਣੀ ਦੀ ਵੀ ਸਮੱਸਿਆ ਹੋ ਗਈ ਹੈ। ਲੋਕ ਦਰ-ਦਰ ਭਟਕ ਰਹੇ ਹਨ।’
‘ਅਸੀਂ ਕਰ ਕੀ ਸਕਦੇ ਹਾਂ, ਜੋ ਕਰਨਾ ਹੋਵੇਗਾ, ਸਰਕਾਰ ਕਰੇਗੀ।’ ਉਹ ਉਦਾਸੀ ਭਰੇ ਮਨ ਨਾਲ ਕਹਿੰਦੇ ਹਨ।
‘ਕਰ ਕਿਉਂ ਨਹੀਂ ਸਕਦੇ? ਪਾਣੀ ਬਰਬਾਦ ਕਰਨਾ ਸਾਨੂੰ ਸ਼ੋਭਾ ਦਿੰਦਾ ਹੈ?’ ਤੀਰ ਸਿੱਧਾ ਨਿਸ਼ਾਨੇ 'ਤੇ ਲੱਗਾ ਹੈ।
‘ਤੁਹਾਡੇ ਕਹਿਣ ਦਾ ਮਤਲਬ ਹੈ ਕਿ ਮੈਂ ਪਾਣੀ ਬਰਬਾਦ ਕਰਦਾ ਹਾਂ। ਕੀ ਆਪਣੇ ਹੱਕ ਦੀ ਵਰਤੋਂ ਕਰਨਾ ਬਰਬਾਦੀ ਹੈ?’ ਮੇਰੀਆਂ ਅੱਖਾਂ ਵਿੱਚ ਅੱਖਾਂ ਪਾਕੇ ਉਹ ਸਵਾਲ ਉਛਾਲ ਦਿੰਦੇ ਹਨ।
‘ਓ, ਨਹੀਂ ਜੀ, ਮੈਂ ਇਹ ਕਿਵੇਂ ਕਹਿ ਸਕਦਾ ਹਾਂ। ਮੈਂ ਤਾਂ ਇਹ ਕਹਿ ਰਿਹਾ ਹਾਂ ਕਿ ਕਿਤੇ ਕਿਸੇ ਪਿਆਸੇ ਨੂੰ ਦੇਖ ਕੇ ਸਾਨੂੰ ਵੀ ਥੋੜ੍ਹਾ..’।
‘ਥੋੜ੍ਹਾ ਕੀ, ਮੈਂ ਤੁਹਾਡੀ ਨੀਤ ਸਮਝਦਾ ਹਾਂ। ਅੱਜ ਤੱਕ ਤਾਂ ਕੁਝ ਨਹੀਂ ਕਰਦਾ ਸੀ, ਅੱਜ ਖੂਬ ਸੁੱਟਾਂਗਾ, ਜੋ ਕਰਨਾ ਹੈ ਕਰ ਲਓ।’
ਉਨ੍ਹਾਂ ਦੀ ਦਾਦਾਗਿਰੀ ਨਾਲ ਮੇਰੇ ਅੰਦਰ ਬੈਠਾ ਕ੍ਰੋਧ ਉਛਲ ਕੇ ਬਾਹਰ ਆ ਜਾਂਦਾ ਹੈ। ਕੁਝ ਸਮੇਂ ਬਾਅਦ ਮੈਂ ਥਾਣੇ ਵਿੱਚ ਹੁੰਦਾ ਹਾਂ। ਗੁਆਂਢੀ ਦੇ ਖਿਲਾਫ ਰਿਪੋਰਟ ਲਿਖਣ ਲਈ ਮੁਨਸ਼ੀ ਕੁਝ ਪੇਸ਼ਗੀ ਮੰਗਦਾ ਹੈ। ਅਪਰਾਧ ਗੁਆਂਢੀ ਕਰੇ ਤੇ ਜੁਰਮਾਨਾ ਮੈਨੂੰ ਭਰਨਾ ਪਵੇ। ਮੇਰੇ ਮਨ੍ਹਾ ਕਰਨ 'ਤੇ ਮੁਨਸ਼ੀ ਰਿਪੋਰਟ ਲਿਖਣ ਤੋਂ ਮਨ੍ਹਾ ਕਰ ਦਿੰਦਾ ਹੈ। ਇਥੋਂ ਨਿਕਲ ਕੇ ਮੈਂ ਜਲ ਸਪਲਾਈ ਵਿਭਾਗ ਦੇ ਦਫਤਰ ਜਾਂਦਾ ਹਾਂ। ਮੇਰੀਆਂ ਗੱਲਾਂ ਸੁਣਨ ਪਿੱਛੋਂ ਅਧਿਕਾਰੀ ਮੁਸਕਰਾਉਂਦਾ ਹੈ ਅਤੇ ਬੈਠਣ ਦਾ ਇਸ਼ਾਰਾ ਕਰ ਕੇ ਕਹਿੰਦਾ ਹੈ, ‘ਪੰਗੇ ਵਿੱਚ ਪੈਣ ਦੀ ਲੋੜ ਕੀ ਹੈ? ਉਨ੍ਹਾਂ ਨੂੰ ਪਾਣੀ ਸੁੱਟਣ ਦਿਓ, ਜੋ ਆਪਣਾ ਨਹੀਂ, ਉਸ 'ਤੇ ਕਿਉਂ ਹਾਏ-ਤੌਬਾ ਮਚਾਉਣੀ।’
ਇੰਨਾ ਕਹਿ ਕੇ ਅਧਿਕਾਰੀ ਫਾਈਲਾਂ ਵਿੱਚ ਨਜ਼ਰ ਗੱਡ ਦਿੰਦਾ ਹੈ ਅਤੇ ਮੈਂ ਬਾਹਰ ਨਿਕਲ ਆਉਂਦਾ ਹਾਂ। ਅੱਗੋਂ ਕੀ ਕਰਾਂ? ਤਦ ਇਲਾਕੇ ਦੇ ਨੇਤਾ ਦਾ ਖਿਆਲਾ ਆਉਂਦਾ ਹੈ। ਨੇਤਾ ਜੀ ਮੁਸਕਰਾਉਂਦੇ ਹੋਏ ਮੇਰਾ ਸਵਾਗਤ ਕਰਦੇ ਹਨ। ਮੈਂ ਵੀ ਦੇਰ ਨਾ ਲਾਉਂਦੇ ਹੋਏ ਸੰਖੇਪ ਵਿੱਚ ਸਾਰਾ ਕੁਝ ਦੱਸਦਾ ਹਾਂ। ਕੁਝ ਪਲ ਬਾਅਦ ਉਹ ਮੁਸਕਰਾਉਂਦੇ ਹੋਏ ਹੱਲ ਦੱਸਦੇ ਹਨ, ‘ਦੇਖੋ ਜੀ, ਮੇਰੇ ਲਈ ਦੋਵੇਂ ਬਰਾਬਰ ਹਨ। ਤੁਹਾਡੀ ਵੀ ਇੱਛਾ ਪੂਰੀ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਦੀ ਵੀ।’
ਇਥੇ ਵੀ ਨਿਰਾਸ਼ਾ ਹੱਥ ਲੱਗੀ ਤਾਂ ਅਖਬਾਰ ਦੇ ਦਫਤਰ 'ਤੇ ਨਜ਼ਰ ਜਾ ਟਿਕੀ। ਇਸ ਤੋਂ ਵਧੀਆ ਹੋਰ ਕੀ ਹੋਵੇਗਾ? ਸਾਰੀ ਗੱਲ ਵਿਸਥਾਰ ਨਾਲ ਦੱਸ ਕੇ ਘਰ ਮੁੜਦਾ ਹਾਂ। ਰਾਤ ਅੱਖਾਂ ਵਿੱਚ ਬੀਤ ਜਾਂਦੀ ਹੈ, ਕਿਉਂਕਿ ਮੈਨੂੰ ਸਵੇਰ ਦੀ ਉਡੀਕ ਹੈ। ਅਖਬਾਰ ਵਿੱਚ ਅੱਜ ਗੁਆਂਢੀ ਪੋਲ ਖੁੱਲ੍ਹੇਗੀ, ਪਰ ਅਖਬਾਰ 'ਤੇ ਨਜ਼ਰ ਪੈਂਦੇ ਹੀ ਅੱਖਾਂ ਜਾਮ ਹੋ ਗਈਆਂ, ਲਿਖਿਆ ਹੈ, ‘ਪਾਣੀ ਲਈ ਇੱਕ ਗੁਆਂਢੀ ਨੇ ਦੂਸਰੇ ਦਾ ਜੀਣਾ ਮੁਹਾਲ ਕੀਤਾ। ਗੱਲ ਤੂ-ਤੂ, ਮੈਂ ਮੈਂ ਤੋਂ ਅੱਗੇ ਵਧ ਕੇ ਹੱਥੋਪਾਈ ਤੱਕ ਪਹੁੰਚੀ।’ ਮੈਂ ਚੋਰ ਨਜ਼ਰਾਂ ਨਾਲ ਗੁਆਂਢੀ ਦੇ ਘਰ ਵੱਲ ਦੇਖਦਾਂ ਹਾਂ। ਇਹ ਕੀ! ਗੁਆਂਢੀ ਦੀ ਨਜ਼ਰ ਮੇਰੇ ਉਤੇ ਹੀ ਹੈ। ਉਨ੍ਹਾਂ ਦੇ ਹੱਥ ਵਿੱਚ ਅਖਬਾਰ ਹੈ ਅਤੇ ਦੂਸਰੇ ਹੱਥ ਵਿੱਚ ਪਾਣੀ ਦੀ ਪਾਈਪ। ਚਿਹਰੇ 'ਤੇ ਮੁਸਕਾਨ ਹੈ, ਠੀਕ ਉਸੇ ਤਰ੍ਹਾਂ ਦੀ ਜਿਸ ਤਰ੍ਹਾਂ ਦੀ ਪਾਰਲੀਮੈਂਟ ਵਿੱਚ ਸਰਕਾਰੀ ਬਿੱਲ 'ਤੇ ਰੋਕ ਲਾਉਣ ਦੇ ਬਾਅਦ ਵਿਰੋਧੀ ਧਿਰ ਦੇ ਚਿਹਰੇ 'ਤੇ ਹੁੰਦੀ ਹੈ।

Have something to say? Post your comment