ਫਿਰੋਜ਼ਪੁਰ, 16 ਜੁਲਾਈ (ਪੋਸਟ ਬਿਊਰੋ)- ਫਿਰੋਜ਼ਪੁਰ ਸ਼ਹਿਰ ਤੋਂ ਭਾਜਪਾ ਦੇ ਸਾਬਕਾ ਵਿਧਾਇਕ ਅਤੇ ਭਾਜਪਾ ਕਿਸਾਨ ਸੈਲ ਦੇ ਸਾਬਕਾ ਸੂਬਾ ਪ੍ਰਧਾਨ ਸੁਖਪਾਲ ਸਿੰਘ ਨੰਨੂ ਨੂੰ ਨਵ-ਵਿਆਹੁਤਾ ਦੇ ਅਗਵਾ ਦੇ ਕੇਸ 'ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੱਡੀ ਰਾਹਤ ਦਿੰਦੇ ਹੋਏ ਗ੍ਰਿਫਤਾਰੀ 'ਤੇ ਰੋਕ ਲਾ ਦਿੱਤੀ ਹੈ। ਵਰਨਣ ਯੋਗ ਹੈ ਕਿ ਫਿਰੋਜ਼ਪੁਰ ਦੀ ਸੈਸ਼ਨ ਕੋਰਟ ਨੇ ਸੁਖਪਾਲ ਸਿੰਘ ਨੰਨੂ ਦੀ ਪੇਸ਼ਗੀ ਜ਼ਮਾਨਤ ਇਕ ਜੁਲਾਈ ਨੂੰ ਰੱਦ ਕਰ ਦਿੱਤੀ ਸੀ।
ਥਾਣਾ ਆਰਿਫ ਕੇ ਵਿਖੇ ਦਰਜ ਕੇਸ 'ਚ ਮੁੱਦਈ ਸਤਨਾਮ ਸਿੰਘ ਪੁੱਤਰ ਸੁਖਵਿੰਦਰ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਸ਼ਾਦੀ ਨਵਪ੍ਰੀਤ ਕੌਰ ਪੁੱਤਰੀ ਸੁਖਵੰਤ ਸਿੰਘ ਵਾਸੀ ਚੱਕਵਾਲੀਆ ਥਾਣਾ ਖੇਮਕਰਨ ਜ਼ਿਲਾ ਤਰਨ ਤਾਰਨ ਨਾਲ ਛੇ ਅਪ੍ਰੈਲ 2019 ਨੂੰ ਹੋਈ ਸੀ। ਸਤਨਾਮ ਸਿੰਘ ਦੇ ਅਨੁਸਾਰ 24 ਅਪ੍ਰੈਲ ਨੂੰ ਉਹ ਕਣਕ ਵੇਚਣ ਮੰਡੀ ਗਿਆ ਸੀ ਤੇ ਦੇਰ ਰਾਤ ਘਰ ਆ ਕੇ ਵੇਖਿਆ ਤਾਂ ਉਸ ਦੀ ਵਿਆਹੁਤਾ ਨਵਪ੍ਰੀਤ ਕੌਰ ਲਾਪਤਾ ਸੀ। ਬਾਅਦ ਵਿੱਚ ਪਤਾ ਲੱਗਿਆ ਕਿ ਸਾਬਕਾ ਵਿਧਾਇਕ ਸੁਖਪਾਲ ਸਿੰਘ ਨੰਨੂ ਨਵਪ੍ਰੀਤ ਕੌਰ ਦੇ ਸੰਪਰਕ 'ਚ ਸੀ ਅਤੇ ਪੁਲਸ ਨੇ ਤਫਤੀਸ਼ ਉਪਰੰਤ ਨੰਨੂ ਨੂੰ ਨਵਪ੍ਰੀਤ ਕੌਰ ਦੇ ਅਗਵਾ ਮਾਮਲੇ 'ਚ ਨਾਮਜ਼ਦ ਕਰ ਲਿਆ। ਹਾਈ ਕੋਰਟ 'ਚ ਪਾਈ ਅਰਜ਼ੀ 'ਚ ਸੁਖਪਾਲ ਸਿੰਘ ਨੰਨੂ ਨੇ ਦਰਜ ਕੇਸ ਨੂੰ ਸਿਆਸੀ ਦੁਸ਼ਮਣੀ ਕਰ ਕੇ ਝੂਠਾ ਦੱਸਿਆ। ਇਸ ਦੀ ਸੁਣਵਾਈ ਕਰਦੇ ਹੋਏ ਜਸਟਿਸ ਹਰੀ ਪਾਲ ਵਰਮਾ ਦੀ ਅਦਾਲਤ ਨੇ ਅੰਮ੍ਰਿਤ ਆਦੇਸ਼ ਦਿੰਦੇ ਹੋਏ ਨੰਨੂ ਦੀ ਗ੍ਰਿਫਤਾਰੀ 'ਤੇ ਰੋਕ ਲਾਉਂਦੇ ਹੋਏ ਪੁਲਸ ਨੂੰ ਸਹਿਯੋਗ ਕਰਨ ਦਾ ਹੁਕਮ ਦੇ ਕੇ ਅਗਲੀ ਸੁਣਵਾਈ 25 ਜੁਲਾਈ 'ਤੇ ਰੱਖੀ ਹੈ।