ਓਨਟਾਰੀਓ, 15 ਜੁਲਾਈ (ਪੋਸਟ ਬਿਊਰੋ) : ਐਲਗੌਂਕੁਇਨ ਪਾਰਕ ਵਿੱਚ ਆਖਰੀ ਵਾਰੀ ਵੀਰਵਾਰ ਨੂੰ ਨਜ਼ਰ ਆਈਆਂ ਦੋ 16 ਸਾਲਾ ਲੜਕੀਆਂ, ਜੋ ਲਾਪਤਾ ਹੋ ਗਈਆਂ ਸਨ, ਸੁਰੱਖਿਅਤ ਮਿਲ ਗਈਆਂ ਹਨ ਤੇ ਉਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਵੀ ਮਿਲਾ ਦਿੱਤਾ ਗਿਆ ਹੈ। ਇਹ ਜਾਣਕਾਰੀ ਪੁਲਿਸ ਨੇ ਸੋਮਵਾਰ ਨੂੰ ਦਿੱਤੀ।
ਅਧਿਕਾਰੀਆਂ ਨੇ ਦੱਸਿਆ ਕਿ ਓਪੀਪੀ ਦੀ ਸੂਹੀਆ ਕੁੱਤਿਆਂ ਦੀ ਯੂਨਿਟ ਦੀ ਮਦਦ ਨਾਲ ਦੋਵੇਂ ਲੜਕੀਆਂ ਦੁਪਹਿਰ ਵੇਲੇ ਉਸ ਥਾਂ ਤੋਂ 1.5 ਕੁ ਕਿਲੋਮੀਟਰ ਦੀ ਦੂਰੀ ਉੱਤੇ ਮਿਲ ਗਈਆਂ, ਜਿੱਥੇ ਉਨ੍ਹਾਂ ਨੂੰ ਆਖਰੀ ਵਾਰੀ ਵੇਖਿਆ ਗਿਆ ਸੀ। ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੇ ਬੁਲਾਰੇ ਬਿੱਲ ਡਿਕਸਨ ਨੇ ਆਖਿਆ ਕਿ ਇਸ ਤੋਂ ਵਧੀਆ ਹੋਰ ਕਿਹੜੀ ਖਬਰ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਲੜਕੀਆਂ ਦੀ ਤਬੀਅਤ ਬਿਲਕੁਲ ਠੀਕ ਸੀ।
ਜਿ਼ਕਰਯੋਗ ਹੈ ਕਿ ਕਿਚਨਰ, ਓਨਟਾਰੀਓ ਦੀਆਂ ਮਾਰਟਾ ਮਾਲੇਕ ਤੇ ਮਾਇਆ ਮਿਰੋਟਾ ਨੂੰ ਐਲਗੌਂਕੁਇਨ ਪ੍ਰੋਵਿੰਸ਼ੀਅਲ ਪਾਰਕ ਤੋਂ ਲੱਭਣ ਲਈ ਪੁਲਿਸ ਹੈਲੀਕਾਪਟਰ, ਸੂਹੀਆ ਕੁੱਤਿਆਂ ਤੇ ਨੈਚੂਰਲ ਰਿਸੋਰਸਿਜ਼ ਐਂਡ ਫੌਰੈਸਟਰੀ ਮੰਤਰਾਲੇ ਦੇ ਜਹਾਜ਼ ਦੀ ਮਦਦ ਵੀ ਲਈ ਗਈ। ਬਿੱਲ ਡਿੱਕਸਨ ਨੇ ਆਖਿਆ ਕਿ ਉਨ੍ਹਾਂ ਕੋਲ ਟੈਂਟ ਵੀ ਸੀ ਤੇ ਕਈ ਦਿਨਾਂ ਵਾਸਤੇ ਖਾਣਾ ਵੀ ਸੀ। ਇਸ ਤੋਂ ਇਲਾਵਾ ਦੋਵਾਂ ਲੜਕੀਆਂ ਨੂੰ ਕੈਂਪਿੰਗ ਦਾ ਕਾਫੀ ਤਜਰਬਾ ਸੀ।