Welcome to Canadian Punjabi Post
Follow us on

11

December 2019
ਨਜਰਰੀਆ

ਸਾਈਕਲ ਚੋਰ..

July 16, 2019 09:20 AM

-ਸੁਖਮਿੰਦਰ ਸਿੰਘ ਸੇਖੋਂ
ਅਜੇ ਮੈਂ ਸਕੂਲ ਪੜ੍ਹਦਾ ਸੀ ਕਿ ਆਪਣੀ ਮਾਂ ਕੋਲ ਮੰਗ ਕਰਨ ਲੱਗਦਾ-ਪਾਪਾ ਜੀ ਨੂੰ ਕਹੋ, ਮੈਨੂੰ ਸੈਕਲ ਲੈ ਕੇ ਦੇਣ। ਮੇਰੀ ਬੀਬੀ ਮੈਨੂੰ ਕਹਿੰਦੀ-ਆਪਣੇ ਪਾਪੇ ਨੂੰ ਆਪ ਆਖ, ਕਹਿੰਦਿਆਂ ਸੰਗ ਲੱਗਦੀ ਐ? ਮੈਨੂੰ ਸੰਗ ਤਾਂ ਨਹੀਂ ਸੀ ਲੱਗਦੀ, ਪਰ ਰੋਅਬਦਾਰ ਬਾਪ ਤੋਂ ਡਰ ਜ਼ਰੂਰ ਲੱਗਦਾ ਸੀ।
ਕਾਲਜ ਜਾਣ 'ਤੇ ਮੇਰੀ ਮੰਗ ਉਨ੍ਹਾਂ ਪੂਰੀ ਕਰ ਦਿੱਤੀ ਅਤੇ ਮੇਰੇ ਹੱਥਾਂ ਵਿੱਚ ਨਵਾਂ ਹੀਰੋ ਸਾਈਕਲ ਆ ਗਿਆ। ਮੈਂ ਹੀਰੋ ਸਾਈਕਲ 'ਤੇ ਚੜ੍ਹਿਆ ਆਪਣੇ ਆਪ ਨੂੰ ਹੀਰੋ ਸਮਝਣ ਲੱਗਾ ਸੀ। ਪਹਿਲਾਂ ਮੈਂ ਪਿਤਾ ਜੀ ਦੇ ਪੁਰਾਣੇ ਜਿਹੇ ਸਾਈਕਲ 'ਤੇ ਘਰ ਦੇ ਨਿੱਕੇ ਮੋਟੇ ਕੰਮ ਕਰ ਦਿੰਦਾ ਸੀ, ਫਿਰ ਨਵਾਂ ਸਾਈਕਲ ਆਉਣ 'ਤੇ ਮੇਰੀ ਜ਼ਿੰਮੇਵਾਰੀ ਵਿੱਚ ਵਾਧਾ ਹੋ ਗਿਆ। ਇਨ੍ਹਾਂ ਕੰਮਾਂ ਵਿੱਚੋਂ ਇਕ ਕੰਮ ਹੁੰਦਾ ਸੀ ਆਟਾ ਪਿਸਾਈ। ਨਾਭੇ ਸਾਡੀ ਗਲੀ ਦੇ ਬਾਹਰਵਾਰ ਪਾਂਡੂਸਰ ਮੁਹੱਲੇ ਵਿੱਚ ਲੀਲਾ ਰਾਮ ਦੀ ਚੱਕੀ ਹੁੰਦੀ ਸੀ, ਅੱਜ ਵੀ ਹੈ..। ਇਕ ਦਿਨ ਚੱਕੀ ਤੇ ਆਟਾ ਪਿਹਾਉਣ ਗਿਆ। ਓਥੇ ਉਸ ਦਿਨ ਕਾਫੀ ਭੀੜ ਸੀ। ਮੇਰਾ ਨੰਬਰ ਦੂਰ ਸੀ। ਮਨ ਕਾਹਲਾ ਪੈਣ ਲੱਗਾ, ਉਸ ਦਿਨ ਸ਼ਾਮ ਦੀ ਗੇਮ ਤੋਂ ਬਾਅਦ ਸਿਨੇਮਾ ਹਾਲ ਵਿੱਚ ਨਵੀਂ ਫਿਲਮ ਜੋ ਦੇਖਣ ਜਾਣਾ ਸੀ..।
ਖੈਰ! ਮੇਰਾ ਨੰਬਰ ਆਇਆ ਤੇ ਮੇਰੀ ਦਾਣਿਆਂ ਵਾਲੀ ਬੋਰੀ ਮਸ਼ੀਨ 'ਤੇ ਚੜ੍ਹ ਗਈ, ਕੁਝ ਤਸੱਲੀ ਸੀ ਪਰ ਆਟਾ ਪੀਹਣ ਵਾਲੇ ਮਜ਼ਦੂਰ 'ਤੇ ਖਿੱਝ ਆ ਰਹੀ ਸੀ ਕਿ ਉਸ ਦੀ ਮਸ਼ੀਨ ਹੌਲੀ-ਹੌਲੀ ਕਿਉਂ ਚੱਲਦੀ ਹੈ। ਦਰਅਸਲ ਇਹ ਮੇਰੇ ਮਨ ਦਾ ਵਹਿਮ ਸੀ, ਤੇ ਮੇਰੀ ਕਾਹਲ ਦਾ ਕਾਰਨ ਵੀ, ਪਰ ਜਦੋਂ ਮੇਰੇ ਵਾਲੀ ਬੋਰੀ ਦੀ ਪਿਹਾਈ ਹੋਈ ਤਾਂ ਮੈਥੋਂ ਕਾਹਲੀ-ਕਾਹਲੀ ਬੋਰੀ ਦਾ ਸੇਬਾ ਬੇਨ੍ਹਣਾ ਔਖਾ ਹੋ ਰਿਹਾ ਸੀ। ਮਜ਼ਦੂਰ ਨੂੰ ਰੁੱਝਿਆ ਦੇਖ ਲੀਲਾ ਰਾਮ ਆਪਣੀ ਸੀਟ ਤੋਂ ਉਠਿਆ ਤੇ ਹੱਸਦਿਆਂ ਮੈਨੂੰ ਮੋਢਿਆਂ ਤੋਂ ਪਿਛਾਂਹ ਕਰਦਾ ਬੋਲਿਆ, ਰਹਿਣ ਦਿਓ ਕਾਕਾ ਜੀ..। ਤੇ ਉਸ ਬੋਰੀ ਦਾ ਮੂੰਹ ਬੰਨ੍ਹ ਦਿੱਤਾ।
ਬੋਰੀ ਰਖਵਾਉਣ ਬਾਹਰ ਸਾਈਕਲ ਵੱਲ ਗਿਆ, ਪਰ ਬਾਹਰ ਆ ਕੇ ਦੇਖਿਆ ਤਾਂ ਮੇਰਾ ਸਾਈਕਲ ਕਿਤੇ ਦਿਖਾਈ ਨਹੀਂ ਸੀ ਦੇ ਰਿਹਾ। ਜੇਬ ਵਿੱਚ ਹੱਥ ਮਾਰਿਆ, ਚਾਬੀ ਵੀ ਜੇਬ ਵਿੱਚ ਨਹੀਂ ਸੀ। ਜਦੋਂ ਪੁੱਛ ਪੜਤਾਲ ਤੋਂ ਬਾਅਦ ਸਾਈਕਲ ਦਾ ਪਤਾ ਨਾ ਲੱਗਾ ਤਾਂ ਸਮਝਣ ਵਿੱਚ ਦੇਰ ਨਾ ਲੱਗੀ ਕਿ ਸਾਈਕਲ ਚੋਰੀ ਹੋ ਗਿਆ ਹੈ।
ਗੇਮ ਅਤੇ ਸਿਨੇਮਾ ਜਾਣ ਦੇ ਪ੍ਰੋਗਰਾਮ 'ਤੇ ਪਾਣੀ ਫਿਰ ਗਿਆ ਸੀ, ਸਗੋਂ ਬਿਪਤਾ ਇਹ ਕਿ ਘਰ ਵਾਲਿਆਂ ਨੂੰ ਕਿਸ ਮੂੰਹ ਨਾਲ ਇਹ ਖਬਰ ਦੱਸਾਂਗਾ। ਗੁੱਸੇਖੋਰ ਬਾਪ ਮੇਰਾ ਲਹੂ ਹੀ ਪੀ ਜਾਵੇਗਾ..। ਲੀਲਾ ਰਾਮ ਤੇ ਉਥੇ ਖੜੇ ਹੋਰ ਲੋਕ ਸਾਰੀ ਹਾਲਤ ਤਾੜ ਗਏ, ਉਹ ਮੈਨੂੰ ਹੌਸਲਾ ਦੇਣ ਲੱਗੇ- ਕੋਈ ਨੀ ਕਾਕਾ ਜੀ, ਮਿਲ ਜੂਗਾ, ਕੋਈ ਗਲਤੀ ਨਾਲ ਲੈ ਗਿਆ ਹੋਣੈ, ਲੇਕਿਨ ਨਹੀਂ, ਸਾਈਕਲ ਸੱਚਮੁੱਚ ਕੋਈ ਚੋਰ ਲੈ ਗਿਆ ਸੀ।
ਲੀਲਾ ਰਾਮ ਨੇ ਕਿਸੇ ਨੂੰ ਕਹਿ ਕੇ ਕਿਸੇ ਦੇ ਸਕੂਟਰ 'ਤੇ ਮੇਰਾ ਆਟਾ ਮੇਰੇ ਘਰ ਪਹੁੰਚਿਆ। ਘਰ ਪਹੁੰਚ ਕੇ ਪਹਿਲਾਂ ਮੇਰੀ ਮਾਂ ਨੇ ਝਿੜਕਿਆ ਤੇ ਵੱਡੀ ਭੈਣ ਵੀ ਕਹਿਣ ਲੱਗੀ- ਜਿੰਦਾ ਨੀ ਸੀ ਲਾ ਹੁੰਦਾ..। ਬਾਪ ਦੇ ਗੁੱਸੇ ਦੀ ਮਾਰ ਅੱਡ ਝੱਲਣੀ ਪਈ। ਰਾਤ ਨੂੰ ਰੋਟੀ ਦੀ ਗਰਾਹੀ ਅੰਦਰ ਲੰਘਣੀ ਮੁਸ਼ਕਿਲ ਹੋ ਰਹੀ ਸੀ। ਅੱਧੀ ਰਾਤ ਸੋਚਦਿਆਂ, ਤੜਫਦਿਆਂ ਲੰਘ ਗਈ, ਉਏ ਕਮਬਖਤ! ਇੰਨੀ ਲਾਪਰਵਾਹੀ। ਜਿੰਦਾ ਈ ਲਾਉਣਾ ਭੁੱਲ ਗਿਆ। ਸਵੇਰੇ ਮੇਰਾ ਸਰੀਰ ਬੇਜਾਨ ਸੀ, ਪਰ ਤਕੜਾ ਹੋ ਕੇ ਉਠਿਆ। ਛੁੱਟੀ ਹੋਣ ਕਰਕੇ ਪੜ੍ਹਨ ਜਾਂ ਖੇਡਣ ਤੋਂ ਬਿਨਾ ਹੋਰ ਕੋਈ ਕੰਮ ਨਹੀਂ ਸੀ, ਪਰ ਇਨ੍ਹਾਂ ਕੰਮਾਂ ਨੂੰ ਵੱਢੀ ਰੂਹ ਨਹੀਂ ਸੀ ਮੰਨ ਰਹੀ। ਘਰ ਦੱਸੇ ਬਿਨਾ ਪੈਦਲ ਬਾਹਰ ਨਿਕਲ ਗਿਆ। ਗਲੀ ਵਿੱਚੋਂ ਨਿਕਲ ਕੇ ਬਾਜ਼ਾਰ ਅਤੇ ਫਿਰ ਇਕ ਥਾਂ ਜਾ ਕੇ ਖਲੋ ਗਿਆ। ਰਾਤ ਨੂੰ ਬੇਚੈਨ ਮਨ ਵਿੱਚ ਸੋਚੇ ਫੁਰਨੇ ਨੂੰ ਅੰਜਾਮ ਦੇਣ ਲਈ ਸ਼ਹਿਰ ਦੀ ਵੱਡੀ ਦੁਕਾਨ ਦੇ ਬਾਹਰ ਜਾ ਕੇ ਖੜਾ ਹੋ ਗਿਆ। ਮੇਰਾ ਸਾਈਕਲ ਕੋਈ ਚੁਰਾ ਕੇ ਲੈ ਗਿਆ, ਮੈਂ ਅੱਜ ਕਿਸੇ ਦਾ ਸਾਈਕਲ ਚੁੱਕ ਕੇ ਲੈ ਜਾਵਾਂਗਾ..! ਮੈਂ ਉਥੇ ਖੜੇ ਕਿੰਨੇ ਹੀ ਸਾਈਕਲਾਂ ਦਾ ਜਾਇਜ਼ਾ ਲੈਣ ਲੱਗਾ। ਤਕਰੀਬਨ ਸਾਰਿਆਂ ਨੂੰ ਜਿੰਦਰੇ ਲੱਗੇ ਸਨ, ਪਰ ਦੋ ਕੁ ਸਾਈਕਲ ਖੁੱਲ੍ਹੇ ਸਨ। ਉਂਜ, ਖੁੱਲ੍ਹੇ ਸਾਈਕਲ ਦੇਖ ਕੇ ਮਨ ਬਹੁਤਾ ਖੁਸ਼ ਨਾ ਹੋਇਆ, ਪੁਰਾਣੇ ਸਨ। ਫਿਰ ਵੀ ਚੋਰ ਅੱਖਾਂ ਨਾਲ ਆਲੇ ਦੁਆਲੇ ਤੱਕਦਿਆਂ ਇਕ ਸਾਈਕਲ ਦੀ ਕਾਠੀ ਨੂੰ ਹੱਥ ਪਾ ਲਿਆ।
ਅਜੇ ਪੈਡਲ ਮਾਰ ਕੇ ਕਾਠੀ 'ਤੇ ਚੜ੍ਹਨ ਲੱਗਾ ਸਾਂ ਕਿ ਅੱਖਾਂ ਸਾਹਮਣੇ ਗਿਆਨੀ ਰਾਮ ਸਿੰਘ ਦਾ ਚਿਹਰਾ ਆ ਗਿਆ, ਨਾਲੇ ਉਸ ਦਾ ਰਟਾਇਆ ਸਬਕ, ਕਿ ਕਿਸੇ ਦੀ ਚੀਜ਼ ਨਹੀਂ ਚੁਰਾਉਣੀ ਚਾਹੀਦੀ, ਚੋਰੀ ਕਰਨਾ ਪਾਪ ਹੁੰਦਾ ਹੈ। ਗਿਆਨੀ ਜੀ ਦਾ ਚਿਹਰਾ ਵਾਰ-ਵਾਰ ਅੱਖਾਂ ਸਾਹਵੇ ਆ ਰਿਹਾ ਸੀ ਤੇ ਇਹ ਸ਼ਬਦ ਲਗਾਤਾਰ ਮੇਰੇ ਅੰਦਰ ਗੂੰਜਣ ਲੱਗੇ ਸਨ, ਕਿਸੇ ਦੀ ਚੀਜ਼ ਨਹੀਂ ਚੁਰਾਉਣੀ ਚਾਹੀਦੀ, ਚੋਰੀ ਕਰਨਾ ਪਾਪ ਹੁੰਦਾ ਹੈ..।
ਇੰਨਾ ਸੋਚਦਿਆਂ ਘਰ ਪਰਤਣ ਲੱਗਾ। ਮੇਰਾ ਨਵਾਂ ਸਾਈਕਲ ਚੋਰੀ ਕਰਨ ਵਾਲਾ ਬੇਸ਼ੱਕ ਕਦੇ ਨਾ ਫੜਿਆ ਗਿਆ, ਪਰ ਮੇਰੀ ਅੰਤਰ ਆਤਮਾ ਦੀ ਆਵਾਜ਼ ਨੇ ਮੈਨੂੰ ਜ਼ਰੂਰ ਸਾਈਕਲ ਚੋਰ ਦੇ ਦੋਸ਼ ਤੋਂ ਬਚਾ ਲਿਆ ਸੀ। ਮੇਰਾ ਸਾਈਕਲ ਭਾਵੇਂ ਕੋਈ ਚੁਰਾ ਕੇ ਲੈ ਗਿਆ ਸੀ, ਪਰ ਕਿਸੇ ਹੋਰ ਦਾ ਸਾਈਕਲ ਜੇ ਉਸ ਦਿਨ ਚੋਰੀ ਕਰ ਲੈਂਦਾ ਤਾਂ ਮੇਰੀ ਅੰਤਰ ਆਤਮਾ ਮੈਨੂੰ ਸਦਾ ਲਾਹਨਤ ਪਾਉਂਦੀ ਰਹਿੰਦੀ- ਸਾਈਕਲ ਚੋਰ!

 

Have something to say? Post your comment