Welcome to Canadian Punjabi Post
Follow us on

11

December 2019
ਨਜਰਰੀਆ

ਐ ਦਿਲ ਤੈਨੂੰ ਕਸਮ ਹੈ, ਹਿੰਮਤ ਨਾ ਹਾਰਨਾ..

July 16, 2019 09:19 AM

-ਮਹਿੰਦਰ ਸਿੰਘ ਦੁਸਾਂਝ
ਕਈ ਸਾਲ ਪਹਿਲਾਂ ਅਕਾਸ਼ਬਾਣੀ ਜਲੰਧਰ ਤੋਂ ਹਿੰਦੀ ਗੀਤ ਸੁਣੀਂਦਾ ਸੀ, ਜਿਸ ਦੀ ਪਹਿਲੀ ਸਤਰ ਸੀ; ‘ਐ ਦਿਲ ਤੁਝੇ ਕਸਮ ਹੈ, ਹਿੰਮਤ ਨਾ ਹਾਰਨਾ’। ਇਹ ਗੀਤ ਸੁਣ ਕੇ ਮਨ ਵਿੱਚ ਵਿਸ਼ਵਾਸ ਅਤੇ ਦਿ੍ਰੜ੍ਹਤਾ ਦਾ ਵਿਲੱਖਣ ਅਹਿਸਾਸ ਉਤਪੰਨ ਹੁੰਦਾ ਸੀ ਤੇ ਮਨ ਵਿੱਚ ਧਾਰਨਾ ਪੱਕੀ ਹੁੰਦੀ ਸੀ ਕਿ ਜ਼ਿੰਦਗੀ ਵਿੱਚ ਕਦੇ ਹਿੰਮਤ ਨਹੀਂ ਹਾਰਾਂਗੇ।
ਜ਼ਿੰਦਗੀ ਵਿੱਚ ਕਈ ਮੌਕੇ ਆਏ, ਜਦੋਂ ਹਿੰਮਤ ਨਾਲ ਅੱਗੇ ਵਧਦਿਆਂ ਨੂੰ ਹਾਲਾਤ ਨੇ ਅੱਖਾਂ ਵਿੱਚ ਭਰੇ ਅਣਗਿਣਤ ਖੂਬਸੂਰਤ ਸੁਫਨੇ ਠੋਕਰ ਮਾਰ ਕੇ ਜ਼ਿੰਦਗੀ ਦੇ ਮਾਰਗ ਵਿੱਚ ਬੁਰੀ ਤਰ੍ਹਾਂ ਖਿਲਾਰ ਦਿੱਤੇ ਸਨ। ਮੈਨੂੰ ਅੱਜ ਯਾਦ ਆ ਰਿਹਾ ਹੈ 1970 ਦਾ ਸਾਲ, ਜਦੋਂ ਮਈ ਮਹੀਨੇ ਸਾਡੇ ਖੇਤਾਂ ਵਿੱਚ ਕਾਮਿਆਂ ਦਾ ਪਰਵਾਰ ਕਣਕ ਦੀ ਵਾਢੀ ਕਰ ਰਿਹਾ ਸੀ। ਮੈਂ ਕਿਸੇ ਜ਼ਰੂਰੀ ਕੰਮ ਲਈ ਚੰਡੀਗੜ੍ਹ ਚਲੇ ਗਿਆ। ਦੂਜੇ ਦਿਨ ਵਾਪਸ ਮੁੜਿਆ ਤਾਂ ਆਪਣੇ ਇਲਾਕੇ ਦੇ ਪਿੰਡ ਗੁਣਾਚੌਰ ਵਿੱਚ ਖੇਤਾਂ ਵਿੱਚ ਵੱਢੀ ਪਈ ਲੋਕਾਂ ਦੀ ਕਣਕ ਖਿਲਰੀ ਪਈ ਦੇਖੀ ਤੇ ਅੱਗੇ ਰਾਹ ਵਿੱਚ ਖਿਲਰੀ ਕਣਕ ਦਾ ਹੋਰ ਮਾੜਾ ਹਾਲ ਦੇਖਿਆ। ਜਦੋਂ ਮੈਂ ਆਪਣੇ ਖੇਤਾਂ ਵਿੱਚ ਪਹੁੰਚਿਆ ਤਾਂ ਇਹ ਦੇਖ ਕੇ ਮਨ ਨੂੰ ਸਖਤ ਧੱਕਾ ਲੱਗਾ ਕਿ ਕਣਕ ਦੇ ਵੱਢ ਖਾਲੀ ਪਏ ਹਨ ਤੇ ਕਣਕ ਤੀਲਾ-ਤੀਲਾ ਹੋ ਕੇ ਪਤਾ ਨਹੀਂ ਕਿੱਥੇ ਚਲੀ ਗਈ ਸੀ। ਗੁਆਂਢੀ ਪਿੰਡੋਂ ਸਾਡੀ ਕਣਕ ਦੀ ਵਾਢੀ ਦਾ ਕੰਮ ਕਰਦਾ ਦਲੀਪਾ ਆਪਣੇ ਪਰਵਾਰ ਸਣੇ ਗੋਡਿਆਂ ਵਿੱਚ ਸਿਰ ਦੇ ਕੇ ਬੈਠਾ ਸੀ, ਮੈਂ ਉਸ ਨੂੰ ਬਾਹੋਂ ਫੜ ਕੇ ਉਠਾਇਆ ਅਤੇ ਕਿਹਾ: ਕੋਈ ਨ੍ਹੀਂ ਚੌਧਰੀ ਹਿੰਮਤ ਕਰ, ਤਕੜਾ ਹੋ! ਆਪਾਂ ਡੋਲਾਂਗੇ ਨਹੀਂ!!
ਦਲੀਪੇ ਨੇ ਵੇਦਨਾ ਭਰੇ ਲਹਿਜੇ ਵਿੱਚ ਦੱਸਿਆ; ਸਰਦਾਰ ਜੀ, ਅਸੀਂ ਸਾਰੀ ਕਣਕ ਵੱਢ ਕੇ ਭਰੀਆਂ ਬੰਨ੍ਹ ਦਿੱਤੀਆਂ ਤੇ ਚਾਅ ਨਾਲ ਭਰੀਆਂ ਦੀ ਗਿਣਤੀ ਵੀ ਕਰ ਲਈ, ਪਰ ਕੱਲ੍ਹ ਸ਼ਾਮ ਪੱਛੋਂ ਵੱਲੋਂ ਤੇਜ਼ ਹਨੇਰੀ ਆਈ, ਜਿਸ ਨੇ ਦੇਖਦਿਆਂ-ਦੇਖਦਿਆਂ ਭਰੀਆਂ ਖੇਤਾਂ ਵਿੱਚੋਂ ਚੁੱਕ ਕੇ ਦੂਰ ਸੁੱਟ ਦਿੱਤੀਆਂ। ਮੈਂ ਦਲੀਪੇ ਨੂੰ ਹੌਸਲਾ ਦੇ ਕੇ ਘਰ ਆਇਆ ਅਤੇ ਆਪਣੀ ਜੀਵਨ ਸਾਥਣ ਮਹਿੰਦਰ ਕੌਰ ਨੂੰ ਕਿਹਾ; ਅਫਸੋਸ ਹੈ ਕਣਕ ਲਈ ਆਪਣੀ ਸਾਰੀ ਕੀਤੀ ਕਰਾਈ ਮਿਹਨਤ ਅਜਾਈਂ ਚਲੀ ਗਈ। ਮੇਰੀ ਜੀਵਨ ਸਾਥਣ ਦੇ ਮੱਥੇ 'ਤੇ ਚਿੰਤਾ ਦੀ ਕੋਈ ਲਕੀਰ ਮੈਨੂੰ ਨਜ਼ਰ ਨਾ ਆਈ। ਉਹ ਵਿਸ਼ਵਾਸ ਨਾਲ ਬੋਲੀ ਕਿ ਸਰਦਾਰ ਜੀ, ਆਪਾਂ ਪਹਿਲਾਂ ਵਾਂਗ ਮਿਹਨਤ ਨਾਲ ਅੱਗੇ ਵਧਾਂਗੇ। ਉਹ ਮੈਨੂੰ ਚਾਹ ਪਾਣੀ ਛਕਾ ਕੇ ਮੇਰੇ ਨਾਲ ਖੇਤਾਂ ਵਿੱਚ ਆ ਕੇ ਦਲੀਪੇ ਨੂੰ ਕਹਿਣ ਲੱਗੀ ਕਿ ਤੂੰ ਕਿਉਂ ਫਿਕਰ ਕਰਦਾ ਹੈ। ਇਹ ਖੜੀ ਕਣਕ ਕੱਟ ਲੈ ਤੇ ਸਾਰੀ ਵੱਢੀ ਕਣਕ ਦੀਆਂ ਭਰੀਆਂ ਤੂੰ ਗਿਣੀਆਂ ਸਨ, ਗਿਣਤੀ ਦੇ ਹਿਸਾਬ ਜਿੰਨੀਆਂ ਬਣਦੀਆਂ ਹਨ ਲੈ ਜਾ। ਮੈਂ ਦਲੀਪੇ ਨੂੰ ਕਿਹਾ; ਤੂੰ ਆਪਣੀਆਂ ਭਰੀਆਂ ਰੱਖ ਲੈ ਤੇ ਜਿਹੜੀਆਂ ਵਧਣ, ਉਹ ਮੈਂ ਸੇਪੀ ਕਰਨ ਵਾਲੇ ਤਰਖਾਣ, ਲੁਹਾਰ ਤੇ ਲਾਗੀਆਂ ਨੂੰ ਦੇ ਦੇਣੀਆਂ ਹਨ।
ਇਸ ਤੋਂ ਬਾਅਦ ਸਾਉਣੀ ਦੀ ਫਸਲ ਬੀਜ ਕੇ ਅਸੀਂ ਪੂਰਾ ਸਮਾਂ ਲਾ ਕੇ ਮਿਹਨਤ ਕੀਤੀ ਤੇ ਮਿਹਨਤ ਨੂੰ ਫਲ ਵੀ ਭਰਪੂਰ ਪਿਆ। ਹਾੜ੍ਹੀ ਦੀ ਫਸਲ ਦੇ ਸਾਰੇ ਧੋਣੇ ਸਾਉਣੀ ਦੀ ਫਸਲ ਨੇ ਧੋ ਦਿੱਤੇ ਸਨ।
ਇਸ ਘਟਨਾ ਤੋਂ ਚਾਰ ਸਾਲ ਬਾਅਦ ਸੰਨ 1979 ਵਿੱਚ ਕੁਦਰਤ ਨੇ ਫਿਰ ਸਾਡੇ ਵਿਕਾਸ ਦਾ ਮਾਰਗ ਰੋਕ ਲਿਆ। ਇਸ ਸਾਲ ਵੀ ਮਈ ਵਿੱਚ ਖੇਤਾਂ ਅੰਦਰ ਭਰੀਆਂ ਵਿੱਚ ਬੱਝੀ ਕਣਕ ਦੀ ਸਾਰੀ ਫਸਲ ਪਈ ਸੀ ਤੇ ਜ਼ੋਰਦਾਰ ਮੀਂਹ ਵਰ੍ਹਨ ਲੱਗਿਆ। ਕਈ ਦਿਨ ਪਏ ਮੀਂਹ ਕਰਕੇ ਬੱਝੀ ਕਣਕ ਦੇ ਦਾਣੇ ਪੁੰਗਰਨ ਲੱਗ ਪਏ ਤੇ ਉਨ੍ਹਾਂ ਦਾ ਰੰਗ ਬਦਲ ਗਿਆ। ਮੀਂਹ ਹਟਣ 'ਤੇ ਅਸੀਂ ਭਰੀਆਂ ਖੋਲ੍ਹ ਕੇ ਕਣਕ ਸੁਕਾਉਣੀ ਸ਼ੁਰੂ ਕੀਤੀ। ਮੇਰੀ ਪਤਨੀ ਨੇ ਕਿਹਾ; ਸਰਦਾਰ ਜੀ ਮਜ਼ਦੂਰ ਲਾਉਣ ਦੀ ਕੋਈ ਲੋੜ ਨਹੀਂ, ਆਪਾਂ ਇਹ ਕੰਮ ਆਪੇ ਕਰ ਲਵਾਂਗੇ। ਹਫਤੇ ਭਰ ਵਿੱਚ ਅਸੀਂ ਕਣਕ ਸੁਕਾ ਕੇ ਕਣਕ ਕੱਢ ਲਈ। ਮੰਡੀ ਵਿੱਚ ਏਸ ਕਣਕ ਦੀ ਕੀਮਤ ਥੋੜ੍ਹੀ ਘੱਟ ਮਿਲੀ, ਪਰ ਕਣਕ ਵੇਚਣ ਵਿੱਚ ਸਾਨੂੰ ਮੁਸ਼ਕਿਲ ਨਾ ਆਈ। ਉਸ ਸਮੇਂ ਦੀ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਜਿਨ੍ਹਾਂ ਕਿਸਾਨਾਂ ਦੀ ਕਣਕ ਖੇਤਾਂ ਵਿੱਚ ਭਿੱਜ ਕੇ ਖਰਾਬ ਹੋਈ ਹੈ, ਉਨ੍ਹਾਂ ਨੂੰ ਨਗਦ ਮੁਆਵਜ਼ਾ ਦਿੱਤਾ ਜਾਵੇ ਤੇ ਘਰਾਂ 'ਚ ਵਰਤੋਂ ਲਈ ਸਾਫ ਕਣਕ ਵੀ ਦਿੱਤੀ ਜਾਵੇ।
ਇਕ ਦਿਨ ਨੰਬਰਦਾਰ ਤੇ ਚੌਕੀਦਾਰ ਨੂੰ ਨਾਲ ਲੈ ਕੇ ਗਿਰਦਾਵਰੀ ਕਰਨ ਪਟਵਾਰੀ ਆਇਆ ਤੇ ਉਸ ਨੇ ਕਣਕ ਦੇ ਖਰਾਬੇ ਵਾਲੇ ਰਕਬੇ ਬਾਰੇ ਪੁੱਛਿਆ। ਮੈਂ ਪਟਵਾਰੀ ਨੂੰ ਕਿਹਾ ਕਿ ਇਹ ਨੁਕਸਾਨ ਕੁਦਰਤ ਦੇ ਕਹਿਰ ਕਰਕੇ ਹੋਇਆ ਹੈ, ਅਸੀਂ ਮੁਆਵਜ਼ੇ ਕਲੇਮ ਨਹੀਂ ਕਰਾਂਗੇ। ਇਹ ਸੁਣ ਕੇ ਪਟਵਾਰੀ ਅਗਲੇ ਖੇਤ ਵੱਲ ਚਲਾ ਗਿਆ। ਸਾਡੇ ਸਾਹਮਣੇ ਪ੍ਰੇਸ਼ਾਨੀ ਇਹ ਸੀ ਕਿ ਸਾਰਾ ਸਾਲ ਖਰਾਬ ਕਣਕ ਦੇ ਆਟੇ ਦੀਆਂ ਰੋਟੀਆਂ ਨਹੀਂ ਸਨ ਖਾਧੀਆਂ ਜਾ ਸਕਦੀਆਂ। ਅਸੀਂ ਗੁਆਂਢੀ ਪਿੰਡ ਦੇ ਆਪਣੇ ਮਿੱਤਰ ਨੂੰ ਫੋਨ ਕੀਤਾ ਤਾਂ ਪਤਾ ਲੱਗਾ ਕੇ ਉਸ ਨੇ ਵਾਧੂ ਕਣਕ ਵੇਚ ਦਿੱਤੀ ਹੈ। ਅਸੀਂ ਅਜੇ ਸੋਚ ਹੀ ਰਹੇ ਸੀ ਕਿ ਦਰਵਾਜ਼ੇ ਤੋਂ ਆਵਾਜ਼ ਆਈ। ਮੈਂ ਬਾਹਰ ਗਿਆ ਤਾਂ ਰਿਕਸ਼ੇ ਵਾਲੇ ਨੇ ਕਿਹਾ ਕਿ ਸਰਦਾਰ ਜੀ ਆਹ ਆਟੇ ਦੀ ਬੋਰੀ ਲਹਾਓ। ਉਸ ਨੇ ਕਿਹਾ, ਇਹ ਮੁਕੰਦਪੁਰ ਤੋਂ ਭੀਮੇ ਨੇ ਭੇਜੀ ਹੈ। ਲਾਲੇ ਦਾ ਨਾਮ ਤਾਂ ਅਮਰਨਾਥ ਸੀ, ਪਰ ਉਹ ਭੀਮੇ ਦੇ ਨਾਂ ਨਾਲ ਮਸ਼ਹੂਰ ਸੀ। ਉਹ ਮੈਨੂੰ ਆਪਣਾ ਭਰਾ ਸਮਝਦਾ ਸੀ, ਸਾਡੇ ਪਿੰਡ ਜਗਤਪੁਰ ਦੇ ਨਾਲ ਮੁਕੰਦਪੁਰ ਕਸਬੇ 'ਚ ਉਸ ਦੀ ਆਟਾ ਚੱਕੀ ਤੇ ਲੋਹੇ ਦੀ ਦੁਕਾਨ ਸੀ। ਮੈਂ ਭੀਮੇ ਨੂੰ ਫੋਨ ਕਰਕੇ ਪੁੱਛਿਆ ਤਾਂ ਕਹਿਣ ਲੱਗਾ; ਤੁਸੀਂ ਸੁੱਕੀ ਕਣਕ ਲੈਣ ਲਈ ਚਾਹਲ ਕਲਾਂ ਪਰਮਜੀਤ ਨੂੰ ਫੋਨ ਕਰ ਰਹੇ ਸੀ, ਉਸ ਦੇ ਫੋਨ ਦੀ ਤਾਰ ਕਿਸੇ ਖੰਭੇ ਜਾਂ ਐਕਸਚੇਂਜ ਵਿੱਚ ਮੇਰੇ ਫੋਨ ਨੂੰ ਵੀ ਜੁੜ ਗਈ, ਮੈਂ ਫੋਨ ਸੁਣ ਲਿਆ ਤੇ ਉਸੇ ਵੇਲੇ ਆਟੇ ਦੀ ਬੋਰੀ ਭੇਜ ਦਿੱਤੀ। ਮੈਂ ਉਸ ਦਾ ਧੰਨਵਾਦ ਕੀਤਾ। ਸਾਡੀ ਮਿਹਨਤ ਤੇ ਲਗਨ ਕਰਕੇ ਖੇਤੀ ਨੇ ਜ਼ਿੰਦਗੀ ਦੀ ਕਿਸੇ ਲੋੜ ਵਿੱਚ ਕਦੇ ਥੁੜ੍ਹ ਨਹੀਂ ਆਉਣ ਦਿੱਤੀ। ਖੇਤੀ ਵਿੱਚ ਠੀਕ ਵਿਉਂਤਬੰਦੀ ਨਾਲ ਅਸੀਂ ਆਪਣੇ ਸੁਫਨਿਆਂ ਦੇ ਅਨੁਸਾਰ ਬਹੁਤ ਚਿਰ ਪਹਿਲਾਂ ਹੀ ਸਭ ਕੁਝ ਬਣਾ ਕੇ ਉਸਾਰ ਲਿਆ ਸੀ।
ਮਈ 1979 ਵਿੱਚ ਲੱਗੀ ਭਾਰੀ ਅਤੇ ਕਰੁੱਤੀ ਝੜੀ ਨੇ ਇਕੱਲੀ ਕਿਸਾਨਾਂ ਦੀ ਕਣਕ ਹੀ ਬਰਬਾਦ ਨਹੀਂ ਸੀ ਕੀਤੀ ਘਰਾਂ ਦੇ ਮਕਾਨਾਂ ਦਾ ਵੀ ਬਹੁਤ ਨੁਕਸਾਨ ਕੀਤਾ ਸੀ। ਅਸੀਂ ਭਾਵੇਂ ਆਪਣੀ ਲੋੜ ਅਨੁਸਾਰ ਆਪਣਾ ਖੁੱਲ੍ਹਾ ਡੁੱਲ੍ਹਾ ਤੇ ਪੱਕਾ ਘਰ ਬਣਾ ਲਿਆ, ਪਰ ਘਰ ਦੇ ਨਾਲ ਇਕ ਪਾਸੇ ਬਾਲਣ ਵਾਸਤ ਇਕ ਕੱਚੀ ਕੋਠੜੀ ਅਜੇ ਰੱਖੀ ਹੋਈ ਸੀ। ਇਸ ਕੋਠੜੀ ਦੀ ਕੱਚੀ ਕੰਧ ਮੀਂਹ ਦੇ ਨਾਲ ਡਿੱਗ ਪਈ। ਪੰਜਾਬ ਸਰਕਾਰ ਵੱਲੋਂ ਮਕਾਨਾਂ ਦੇ ਨੁਕਸਾਨ ਦੀ ਪੂਰਤੀ ਵਾਸਤੇ ਵੀ ਸਰਕਾਰੀ ਟੀਮ ਸਰਵੇ ਕਰਨ ਲਈ ਸਾਡੇ ਮੁਹੱਲੇ 'ਚ ਆਈ। ਮੈਂ ਘਰ ਨਹੀਂ ਸੀ, ਪਰ ਪਤਨੀ ਮਹਿੰਦਰ ਕੌਰ ਨੇ ਡਿੱਗੀ ਕੰਧ ਗੁਆਂਢੀ ਪਰਵਾਰ ਦੇ ਨਾਂ ਲਿਖਾ ਦਿੱਤੀ। ਮੈਂ ਆਇਆ ਤਾਂ ਕਹਿਣ ਲੱਗੀ; ਸਰਦਾਰ ਜੀ ਡਿੱਗੀ ਕੰਧ ਭਾਵੇਂ ਹੈ ਤਾਂ ਸਾਡੇ ਹੀ ਥਾਂ ਵਿੱਚ, ਸੀ, ਪਰ ਇਨ੍ਹਾਂ ਗੁਆਂਢੀਆਂ ਦੀ ਛੋਟੀ ਖੇਤੀ ਆ ਤੇ ਮਿਹਨਤੀ ਬੰਦੇ ਆ, ਮੈਂ ਕੰਧ ਉਨ੍ਹਾਂ ਦੇ ਨਾਂ ਲਿਖਾ ਦਿੱਤੀ। ਮੈਂ ਆਪਣੀ ਪਤਨੀ ਨੂੰ ਸਾਬਾਸ਼ ਦਿੱਤੀ ਤੇ ਕਿਹਾ; ਚੰਗਾ ਕੀਤਾ, ਤੂੰ ਸਾਡੇ ਕਿਸਾਨੀ ਖਾਨਦਾਨ ਦੀਆਂ ਰਵਾਇਤਾਂ ਨੂੰ ਅੱਗੇ ਤੋਰਿਆ ਹੈ।
ਇਉਂ ਗੁਆਂਢੀਆਂ ਨੂੰ ਢੱਠੀ ਕੰਧ ਦਾ ਮੁਆਵਜ਼ਾ ਮਿਲ ਗਿਆ ਤੇ ਪਿੱਛੋਂ ਅਸੀਂ ਆਪਣੇ ਖਰਚੇ ਨਾਲ ਪੱਕੀ ਤੇ ਨਵੀਂ ਕੰਧ ਬਣਾ ਕੇ ਗੁਆਂਢੀਆਂ ਨੂੰ ਪੇਸ਼ਕਸ਼ ਵੀ ਕੀਤੀ ਕਿ ਤੁਸੀਂ ਏਸ ਕੰਧ ਨਾਲ ਕੋਈ ਕਮਰਾ ਜਾਂ ਵਰਾਡਾਂ ਬਣਾਉਣਾ ਹੈ ਤਾਂ ਆਪਣੇ ਬਾਲੇ ਬਿਨਾ ਝਿਜਕ ਇਸ ਕੰਧ ਵਿੱਚ ਰੱਖ ਲੈਣਾ।

Have something to say? Post your comment