ਕੈਨੇਡਾ ਦੇ ਵਿਰੋਧੀ ਧਿਰ ਦੇ ਆਗੂ ਐਂਡ੍ਰਿਊ ਸ਼ੀਅਰ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਦੁਪਹਿਰ ਵੇਲੇ ਮੁਲਾਕਾਤ ਕੀਤੀ, ਜਿਸ 'ਚ ਕੈਨੇਡਾ ਤੇ ਪੰਜਾਬ ਦੇ ਦੋਪਾਸੜ ਸਬੰਧਾਂ ਨੂੰ ਮਜ਼ਬੂਤੀ ਦੇਣ ਦੇ ਵਿਸ਼ੇ 'ਤੇ ਚਰਚਾ ਕੀਤੀ ਗਈ।
ਐਂਡ੍ਰਿਊ ਨੇ ਪੰਜਾਬ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਵੱਲੋਂ ਆਯੋਜਿਤ ਰਾਤ ਦੇ ਖਾਣੇ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ, ਜਿਸ ਵਿਚ ਸੰਸਦ ਮੈਂਬਰ ਟਿਮ ਉਪਲ, ਸੰਸਦ ਮੈਂਬਰ ਬੌਬ ਸਰੋਆ ਅਤੇ ਹੋਰ ਵੀ ਸ਼ਾਮਲ ਹੋਏ। ਕੇਵਲ ਢਿੱਲੋਂ ਨੇ ਐਂਡ੍ਰਿਊ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਸਵਾਗਤ ਕਰਦਿਆਂ ਕਿਹਾ ਕਿ ਕੈਨੇਡਾ ਵਿਚ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਵੱਡੀ ਗਿਣਤੀ ਵਿਚ ਰੋਜ਼ਗਾਰ ਮਿਲਿਆ ਹੈ। ਪੰਜਾਬੀ ਵੱਡੀ ਗਿਣਤੀ ਵਿਚ ਕੈਨੇਡਾ 'ਚ ਵਸੇ ਹੋਏ ਹਨ।