ਓਟਵਾ, 14 ਜੁਲਾਈ (ਪੋਸਟ ਬਿਊਰੋ) : ਫੈਡਰਲ ਰਿਕਾਰਡਜ਼ ਮੁਤਾਬਕ 2017 ਤੇ 2019 ਦਰਮਿਆਨ ਕੈਨੇਡੀਅਨ ਇੰਸਪੈਕਟਰਜ਼ ਨੇ 900 ਦੇ ਨੇੜੇ ਤੇੜੇ ਚੀਨ ਤੋਂ ਆਉਣ ਵਾਲੇ ਅਜਿਹੇ ਫੂਡ ਪ੍ਰੋਡਕਟਸ ਨੂੰ ਫੜ੍ਹਿਆ ਜਿਨ੍ਹਾਂ ਵਿੱਚ ਗਲਤ ਲੇਬਲ, ਅਨਿਸ਼ਚਿਤ ਐਲਰਜਨਜ਼ ਤੇ ਨੁਕਸਾਨਦਾਇਕ ਪਦਾਰਥ ਜਿਵੇਂ ਕਿ ਕੱਚ ਤੇ ਮੈਟਲ ਆਦਿ ਪਾਏ ਗਏ।
ਇਨ੍ਹਾਂ ਦਸਤਾਵੇਜ਼ਾਂ ਨੇ ਚੀਨ ਤੋਂ ਇੰਪੋਰਟ ਕੀਤੀ ਜਾਣ ਵਾਲੀ ਅਜਿਹੀ ਸਮੱਗਰੀ ਵੱਲ ਅਧਿਕਾਰੀਆਂ ਦਾ ਧਿਆਨ ਦਿਵਾਇਆ ਜਿਹੜੀ ਕੈਨੇਡੀਅਨ ਮਿਆਰਾਂ ਉੱਤੇ ਖਰੀ ਨਹੀਂ ਉਤਰਦੀ ਸੀ। ਇਸ ਦੌਰਾਨ ਅਜਿਹੀਆਂ ਗੰਮ ਬਾਲਜ਼ ਮਿਲੀਆਂ ਜਿਨ੍ਹਾਂ ਵਿੱਚੋਂ ਕੋਈ ਧਾਤ ਨਿਕਲੀ, ਤਿੰਨ ਮਿੰਟ ਦੇ ਚਾਓਮਿਨ ਵਿੱਚੋਂ ਜੀਵ-ਜੰਤ ਪਾਇਆ ਗਿਆ ਤੇ ਓਕਟੋਪਸ ਫੀਟ ਨੂੰ ਨਾ ਖਾਣ ਯੋਗ ਕਰਾਰ ਦਿੱਤਾ ਗਿਆ। ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਵੱਲੋਂ ਤਿਆਰ ਇਹ ਲਿਸਟ ਅਕਸੈੱਸ ਟੂ ਇਨਫਰਮੇਸ਼ਨ ਲਾਅ ਤਹਿਤ ਹਾਸਲ ਕੀਤੀ ਗਈ।
ਕੈਨੇਡਾ ਤੇ ਇਸ ਦੇ ਦੂਜੇ ਸੱਭ ਤੋਂ ਵੱਡੇ ਟਰੇਡਿੰਗ ਪਾਰਟਨਰ ਦਰਮਿਆਨ ਡਿਪਲੋਮੈਟਿਕ ਵਿਵਾਦ ਦੇ ਚੱਲਦਿਆਂ ਖੇਤੀਬਾੜੀ ਨਾਲ ਜੁੜੀਆਂ ਵਸਤਾਂ ਦੇ ਮੁਲਾਂਕਣ ਦਾ ਮੁੱਦਾ ਗਰਮਾਇਆ ਪਿਆ ਹੈ। ਦਸੰਬਰ ਵਿੱਚ ਜਦੋਂ ਤੋਂ ਹੁਆਵੇਈ ਦੀ ਐਗਜੈ਼ਕਟਿਵ ਮੈਂਗ ਵਾਨਜ਼ੋਊ ਨੂੰ ਵੈਨਕੂਵਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਤੇ ਉਸ ਤੋਂ ਬਾਅਦ ਜਾਸੂਸੀ ਦੇ ਦੋਸ਼ਾਂ ਵਿੱਚ ਦੋ ਕੈਨੇਡੀਅਨਾਂ ਨੂੰ ਚੀਨ ਵੱਲੋਂ ਨਜ਼ਰਬੰਦ ਕੀਤੇ ਜਾਣ ਤੋਂ ਬਾਅਦ ਤੋਂ ਹੀ ਦੋਵਾਂ ਦੇਸ਼ਾਂ ਵਿੱਚ ਪਾੜਾ ਵੱਧਦਾ ਜਾ ਰਿਹਾ ਹੈ।
ਕੰਜ਼ਰਵੇਟਿਵਾਂ ਵੱਲੋਂ ਸੱਤਾਧਾਰੀ ਲਿਬਰਲਾਂ ਉੱਤੇ ਦਬਾਅ ਪਾਇਆ ਜਾ ਰਿਹਾ ਹੈ ਕਿ ਜਦੋਂ ਗੱਲ ਚੀਨੀ ਇੰਪੋਰਟਸ ਦੀ ਹੋਵੇ ਤਾਂ ਉਦੋਂ ਸਖ਼ਤੀ ਨਾਲ ਕੰਮ ਲਿਆ ਜਾਵੇ। ਇੱਥੇ ਦੱਸਣਾ ਬਣਦਾ ਹੈ ਕਿ ਪਿਛਲੇ ਕੁੱਝ ਹਫਤਿਆਂ ਵਿੱਚ ਚੀਨ ਨੇ ਕੈਨੇਡਾ ਨੂੰ ਆਪਣੇ ਸਾਰੇ ਮੀਟ ਐਕਸਪੋਰਟ ਨੂੰ ਸਸਪੈਂਡ ਕਰਨ ਲਈ ਆਖਿਆ ਸੀ। ਅਜਿਹਾ ਚੀਨ ਦੇ ਕਸਟਮ ਇੰਸਪੈਕਟਰਜ਼ ਵੱਲੋਂ ਕੈਨੇਡੀਅਨ ਪੋਰਕ ਪ੍ਰੋਡਕਟਸ ਵਿੱਚ ਕਥਿਤ ਤੌਰ ਉੱਤੇ ਪਾਬੰਦੀਸ਼ੁਦਾ ਫੀਡ ਐਡਿਟਿਵ, ਜਿਸ ਨੂੰ ਰੈਕਟੋਪਾਮਾਈਨ ਆਖਿਆ ਜਾਂਦਾ ਹੈ, ਪਾਏ ਜਾਣ ਕਾਰਨ ਕੀਤਾ ਗਿਆ।
ਇਸ ਤੋਂ ਇਲਾਵਾ ਚੀਨੀ ਅਧਿਕਾਰੀਆਂ ਨੇ ਕੈਨੇਡੀਅਨ ਕੈਨੋਲਾ ਸੀਡਜ਼ ਦੇ ਇੰਪੋਰਟ ਉੱਤੇ ਵੀ ਰੋਕ ਲਾ ਦਿੱਤੀ। ਇਹ ਮੰਨਿਆ ਜਾ ਰਿਹਾ ਹੈ ਕਿ ਚੀਨ ਵੱਲੋਂ ਇਹ ਸਾਰਾ ਕੁੱਝ ਮੈਂਗ ਨੂੰ ਰਿਹਾਅ ਕਰਵਾਉਣ ਤੇ ਉਸ ਦੀ ਅਮਰੀਕਾ ਨੂੰ ਕੀਤੀ ਜਾਣ ਵਾਲੀ ਹਵਾਲਗੀ ਰੋਕਣ ਲਈ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਦੀ ਲਿਸਟ ਤੋਂ ਇਹ ਸਪਸ਼ਟ ਹੈ ਕਿ ਚੀਨ ਤੋਂ ਇੰਪੋਰਟ ਕੀਤੀ ਜਾਣ ਵਾਲੀ ਸਮੱਗਰੀ ਬਾਰੇ ਇੰਸਪੈਕਟਰਜ਼ ਪਹਿਲਾਂ ਵੀ ਕਈ ਵਾਰੀ ਚਿੰਤਾ ਪ੍ਰਗਟਾਅ ਚੁੱਕੇ ਹਨ। 2017 ਦੀ ਸ਼ੁਰੂਆਤ ਤੇ ਇਸ ਸਾਲ ਫਰਵਰੀ ਦੇ ਅੰਤ ਤੱਕ ਕੈਨੇਡੀਅਨ ਫੂਡ ਇੰਸਪੈਕਸਟ ਏਜੰਸੀ ਦੇ ਅਧਿਕਾਰੀਆਂ ਵੱਲੋਂ ਚੀਨ ਤੋਂ ਕੈਨੇਡਾ ਇੰਪੋਰਟ ਕੀਤੇ ਗਏ 889 ਫੂਡ ਪ੍ਰੋਡਕਸਟ ਜਾਂ ਫੂਡ ਇਨਗ੍ਰੇਡੀਐਂਟਸ ਵਿੱਚ ਕਈ ਤਰ੍ਹਾਂ ਦੀਆਂ ਦਿੱਕਤਾਂ ਪਾਈਆਂ ਗਈਆਂ। ਸੀਐਫਆਈਏ ਦੀ ਤਿਮਾਹੀ ਰਿਪੋਰਟ ਤੋਂ ਪਤਾ ਚੱਲਿਆ ਕਿ ਚੀਨ ਤੋਂ ਆਈਆਂ ਚਾਰ ਖੇਪਾਂ ਨੂੰ ਇਸ ਦੌਰਾਨ ਕੈਨੇਡਾ ਵਿੱਚ ਦਾਖਲ ਹੋਣ ਤੋਂ ਰੋਕਿਆ ਗਿਆ।