Welcome to Canadian Punjabi Post
Follow us on

11

December 2019
ਨਜਰਰੀਆ

..ਕਿਉਂਕਿ ਮੈਂ ਕੋਈ ਵੀ ਆਈ ਪੀ ਨਹੀਂ ਹਾਂ

July 15, 2019 11:24 AM

-ਨੈਨਸੀ
ਦੋਸਤੋ! ਮੈਂ ਕੋਈ ਵੀ ਆਈ ਪੀ ਨਹੀਂ ਹਾਂ, ਜਿਸ ਨੂੰ ਸਰਕਾਰੇ ਦਰਬਾਰੇ ਸਲਾਮਾਂ ਵੱਜਣ ਜਾਂ ਜਿਸ ਦੀ ਕਿਸੇ ਖਾਸ ਅਹੁਦੇ ਕਰਕੇ ਪਛਾਣ ਹੋਵੇ ਤੇ ਜਿਸ ਦਾ ਸਿੱਕਾ ਸਾਰੇ ਪਾਸੇ ਚੱਲਦਾ ਹੋਵੇ। ਮੈਂ ਉਹ ਵੀ ਨਹੀਂ ਜਿਸ ਦੀ ਇਕ ਫੋਨ ਕਾਲ 'ਤੇ ਕੰਮ ਹੋ ਜਾਂਦੇ ਹੋਣ ਅਤੇ ਜਿਸ ਨੂੰ ਕਦੀ ਕੰਮ ਕਰਾਉਣ ਲਈ ਲੰਮੀਆਂ ਕਤਾਰਾਂ ਵਿੱਚ ਨਾ ਲੱਗਣਾ ਪਿਆ ਹੋਵੇ। ਵੀ ਆਈ ਪੀ ਲੋਕ ਕੀ ਜਾਣਨ ਕਿ ਕਿਵੇਂ ਤਿੱਖੜ ਦੁਪਹਿਰ ਪਿੰਡੇ 'ਤੇ ਹੰਢਾਈਦੀ ਹੈ ਅਤੇ ਮੁੜ੍ਹਕੋ-ਮੁੜਕੀ ਹੋ ਕੇ ਕੰਮ ਕਰੀਦਾ ਹੈ? ਵੀ ਆਈ ਪੀ ਨੂੰ ਸੰਘਣੀ ਧੁੰਦ ਵਿੱਚ ਸਾਈਕਲ ਜਾਂ ਸਕਟੂਰ ਚਲਾ ਕੇ ਕੰਮ 'ਤੇ ਜਾਣ ਦਾ ਅਨੁਭਵ ਕਿੱਥੋਂ ਹੋ ਸਕਦਾ ਹੈ?
ਮੈਂ ਵੀ ਆਈ ਪੀ ਨਹੀਂ ਹਾਂ, ਮੈਂ ਤਾਂ ਅਧਿਆਪਕਾ ਹਾਂ ਜਿਸ ਦਾ ਭਾਵੇਂ ਪਹਿਲਾਂ ਰੁਤਬਾ ‘ਗੁਰੂ' ਜਾ ਹੁੰਦਾ ਸੀ, ਸਮੇਂ ਨੇ ਉਸ ਨੂੰ ਲਾਚਾਰ ਬਣਾ ਦਿੱਤਾ। ਅਧਿਆਪਕ ਨੂੰ ਸਮਾਜ ਸਿਰਜਕ ਵੀ ਕਿਹਾ ਜਾਂਦਾ ਹੈ, ਜਿਸ ਦਾ ਹਰ ਵਰਗ ਅਧਿਆਪਕ ਕੋਲੋਂ ਗਿਆਨ ਹਾਸਲ ਕਰਕੇ ਵੱਖ-ਵੱਖ ਅਹੁਦੇ ਹਾਸਲ ਕਰਦਾ ਹੈ। ਦੁਨੀਆ ਦੇ ਕਿਸੇ ਵੱਡੇ ਤੋਂ ਵੱਡੇ ਨੇਤਾ, ਅਧਿਕਾਰੀ ਜਾਂ ਕਿਸੇ ਹੋਰ ਮਾਅਰਕਾ ਮਾਰਨ ਵਾਲੇ ਦੀ ਕਾਮਯਾਬੀ ਪਿੱਛੇ ਉਸ ਦੇ ਅਧਿਆਪਕ ਦੀ ਮਿਹਨਤ ਸਭ ਤੋਂ ਹੁੰਦੀ ਹੈ। ਅਫਸੋਸ, ਅਕਸਰ ਸਮਾਜ ਵਿੱਚ ਅਧਿਆਪਕ ਨੂੰ ਉਹ ਮਾਣ ਨਹੀਂ ਦਿੱਤਾ ਜਾਂਦਾ, ਜਿਸ ਦਾ ਉਹ ਹੱਕਦਾਰ ਹੈ। ਕਈ ਵਾਰ ਤਾਂ ਆਪਣੇ ਆਪ 'ਤੇ ਲਾਚਾਰੀ ਮਹਿਸੂਸ ਹੰੁਦੀ ਹੈ ਅਤੇ ਉਹ ਖੁਦ 'ਤੇ ਝੂਰਦੇ ਹਨ ਕਿ ਉਨ੍ਹਾਂ ਨੇ ਅਧਿਆਪਕ ਬਣ ਕੇ ਕੀ ਖੱਟਿਆ?
ਮੈਂ ਗੱਲ ਕਰਨ ਜਾ ਰਹੀ ਹਾਂ ਆਪਣੇ ਸਰਕਾਰੀ ਮਿਡਲ ਸਕੂਲ ਬੁਰਜ ਅਰਾਈਆਂ ਦੀ। ਮੈਂ ਇਥੇ ਪਿਛਲੇ ਸੱਤ ਕੁ ਸਾਲਾਂ ਤੋਂ ਬੱਚਿਆਂ ਨੂੰ ਸਾਇੰਸ ਪੜ੍ਹਾ ਰਹੀ ਹਾਂ। ਆਪਣੇ ਸਕੂਲ 'ਚ ਹੋਏ ਇਕ ਕੌੜੇ ਅਨੁਭਵ ਨੂੰ ਮੈਂ ਤੁਹਾਡੇ ਨਾਲ ਸਾਂਝਾ ਕਰਨ ਲੱਗੀ ਹਾਂ। ਕੁਝ ਸਮਾਂ ਪਹਿਲਾਂ ਸਾਡੇ ਸਕੂਲ ਵਿੱਚ ਹਾਈ ਵੋਲਟੇਜ ਬਿਜਲੀ ਦੀ ਤਾਰ ਲਮਕ ਗਈ ਸੀ। ਜਦੋਂ ਮੇਰਾ ਧਿਆਨ ਉਧਰ ਗਿਆ ਤਾਂ ਮੈਂ ਉਸੇ ਵੇਲੇ ਬੱਚਿਆਂ ਨੂੰ ਸੁਚੇਤ ਕਰਦੇ ਹੋਏ ਕਿਹਾ ਕਿ ਉਧਰ ਬਿਲਕੁਲ ਨਾ ਜਾਇਓ ਕਿਉਂਕਿ ਇਹ ਜਾਨਲੇਵਾ ਸਾਬਤ ਹੋ ਸਕਦਾ ਹੈ। ਫਿਰ ਮੈਂ ਪਾਵਰਕਾਮ ਦੇ ਹੈਲਪਲਾਈਨ ਨੰਬਰ 1912 'ਤੇ ਸੰਪਰਕ ਕੀਤਾ। ਉਨ੍ਹਾਂ ਨੇ ਉਸੇ ਵੇਲੇ ਸਾਡੀ ਸ਼ਿਕਾਇਤ ਨੋਟ ਕਰ ਲਈ ਅਤੇ ਜਲਦੀ ਹੀ ਸਮੱਸਿਆ ਦੇ ਹੱਲ ਦਾ ਭਰੋਸਾ ਦਿੱਤਾ। ਮੈਂ ਬੜੀ ਖੁਸ਼ ਸਾਂ ਕਿ ਸਰਕਾਰ ਨੇ ਕਿੰਨੀ ਵਧੀਆ ਸਹੂਲਤ ਹਾਸਲ ਕਰਵਾਈ ਹੈ, ਇਕ ਕਾਲ ਉੱਤੇ ਸਮੱਸਿਆ ਦਾ ਹੱਲ ਹੋਇਆ ਸਮਝੋ। ਮੈਨੂੰ ਆਸ ਸੀ ਕਿ ਛੇਤੀ ਹੀ ਇਸ ਕਾਲ ਰੂਪੀ ਬਿਜਲੀ ਦੀ ਤਾਰ ਤੋਂ ਛੁਟਕਾਰਾ ਮਿਲ ਜਾਵੇਗਾ, ਪਰ ਇਹ ਖੁਸ਼ਫਹਿਮੀ ਛੇਤੀ ਹੀ ਦੂਰ ਹੋ ਗਈ, ਜਦੋਂ ਦੋ ਦਿਨ ਤੱਕ ਇਸ 'ਤੇ ਕੋਈ ਕਾਰਵਾਈ ਨਾ ਹੋਈ।
ਅਸੀਂ ਫਿਰ 1912 ਨੰਬਰ 'ਤੇ ਸੰਪਰਕ ਕੀਤਾ ਤੇ ਉਨ੍ਹਾਂ ਨੇ ਸਥਾਨਕ ਬਿਜਲੀਘਰ ਦੇ ਇਕ ਕਰਮਚਾਰੀ ਦਾ ਨੰਬਰ ਮੈਸੇਜ ਰਾਹੀਂ ਭੇਜ ਦਿੱਤਾ। ਜਦੋਂ ਉਸ ਨੰਬਰ 'ਤੇ ਸੰਪਰਕ ਕੀਤਾ ਗਿਆ ਤਾਂ ਉਸ ਨੇ ਅੱਗੋਂ ਹੋਰ ਦਾ ਨੰਬਰ ਦੇ ਦਿੱਤਾ। ਜਦੋਂ ਅੱਗੋਂ ਉਸ ਕਰਮਚਾਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਭਰੋਸਾ ਦਿੱਤਾ ਕਿ ਲਾਈਨਮੈਨ ਆ ਕੇ ਤਾਰ ਠੀਕ ਕਰ ਦੇਵੇਗਾ, ਤੁਸੀਂ ਫਿਕਰ ਨਾ ਕਰੋ। ਫਿਰ ਸਾਰੇ ਸਟਾਫ ਦੀਆਂ ਅੱਖਾਂ ਗੇਟ ਵੱਲ ਲੱਗ ਗਈਆਂ ਕਿ ਬਿਜਲੀ ਵਾਲਾ ਆਇਆ ਕਿ ਆਇਆ। ਉਹ ਦਿਨ ਵੀ ਲੰਘ ਗਿਆ, ਪਰ ਕੋਈ ਵੀ ਬਿਜਲੀ ਵਾਲਾ ਤਾਰ ਠੀਕ ਕਰਨ ਨਾ ਬਹੁੜਿਆ। ਅਖੀਰ ਛੁੱਟੀ ਹੋਣ 'ਤੇ ਅਸੀਂ ਨਿਰਾਸ਼ ਹੋਏ ਘਰਾਂ ਨੂੰ ਚਲੇ ਗਏ।
ਚਾਰ ਦਿਨ ਹੋ ਗਏ ਸਨ ਸਕੂਲ ਵਿੱਚ ਹਾਈ ਵੋਲਟੇਜ ਬਿਜਲੀ ਦੀ ਤਾਰ ਡਿੱਗੀ ਨੂੰ। ਮੈਂ ਅੰਦਰੋ-ਅੰਦਰੀ ਡਰ ਰਹੀ ਸਾਂ ਕਿ ਕਿਤੇ ਕੋਈ ਅਣਹੋਣੀ ਨਾ ਵਾਪਰ ਜਾਵੇ। ਕੁਝ ਦਿਨ ਪਹਿਲਾਂ ਮੇਰੇ ਮਾਮਾ ਜੀ ਬਿਜਲੀ ਦੀ ਤਾਰ ਦੀ ਲਪੇਟ ਵਿੱਚ ਆ ਕੇ ਜਾਨ ਗੁਆ ਚੁੱਕੇ ਸਨ। ਕਿਸੇ ਆਪਣੇ ਦੇ ਵਿਛੜਨ ਦਾ ਦਰਦ ਅਤੇ ਸਾਹਮਣੇ ਪਈ ਉਹ ਕਾਲ ਰੂਪੀ ਤਾਰ ਨੇ ਮੈਨੂੰ ਹੋਰ ਵੀ ਬੇਚੈਨ ਕਰ ਦਿੱਤਾ ਸੀ। ਖੈਰ! ਚੌਥੇ ਦਿਨ ਫਿਰ ਅਸੀਂ ਹਿੰਮਤ ਜਿਹੀ ਕਰਕੇ ਫੋਨ ਕਰਨ ਦਾ ਸਿਲਸਿਲਾ ਸ਼ੁਰੂ ਕੀਤਾ ਤਾਂ ਅੱਗੋਂ ਬਿਜਲੀਘਰ ਵਾਲੇ ਕਹਿੰਦੇ ਕਿ ਬੰਦਾ ਭੇਜ ਰਹੇ ਹਾਂ, ਪਰ ਉਸ ਦਿਨ ਵੀ ਕੋਈ ਨਾ ਆਇਆ।
ਉਸ ਦਿਨ ਮੈਨੂੰ ਦੋ ਕਾਰਨਾਂ ਕਰਕੇ ਆਪਣੇ ਆਪ 'ਤੇ ਬੜੀ ਲਾਚਾਰੀ ਮਹਿਸੂਸ ਹੋਈ। ਪਹਿਲੀ ਇਹ ਕਿ ਕਾਸ਼ ਕਿਤੇ ਇਹ ਕੰਮ ਮੈਂ ਸਿੱਖਿਆ ਹੁੰਦਾ ਤਾਂ ਆਪੇ ਬਿਜਲੀ ਦੀ ਤਾਰ ਠੀਕ ਕਰ ਲੈਂਦੀ। ਕਿਉਂ ਕਿਸੇ ਦੇ ਤਰਲੇ ਕਰਦੀ। ਇਹ ਕੰਮ ਕਰਨਾ ਬਿਜਲੀ ਵਾਲਿਆਂ ਦਾ ਫਰਜ਼ ਸੀ। ਇਸੇ ਦੀ ਉਨ੍ਹਾਂ ਨੂੰ ਸਰਕਾਰ ਵੱਲੋਂ ਤਨਖਾਹ ਮਿਲਦੀ ਹੈ। ਦੂਸਰਾ ਝੋਰਾ ਇਹ ਕਿ ਕਾਸ਼ ਮੈਂ ਵੀ ਕੋਈ ਵੀ ਆਈ ਪੀ ਹੁੰਦੀ ਤਾਂ ਮਿੰਟਾਂ ਸਕਿੰਟਾਂ ਵਿੱਚ ਇਕ ਫੋਨ ਕਾਲ 'ਤੇ ਹੀ ਇਹ ਕੰਮ ਹੋ ਜਾਣਾ ਸੀ।
ਅਖੀਰ ਵਾਹ ਪੇਸ਼ ਨਾ ਜਾਂਦੀ ਦੇਖ ਕੇ ਮੈਂ ਇਕ ਸਰਕਾਰੇ ਦਰਬਾਰੇ ਪਹੁੰਚ ਵਾਲੇ ਆਪਣੇ ਇਕ ਜਾਣਕਾਰ ਨੂੰ ਆਪਣੇ ਸਕੂਲ ਦੀ ਸਾਰੀ ਵਿਥਿਆ ਦੱਸੀ। ਮੈਂ ਸਕੂਲ ਦੇ ਬੱਚਿਆਂ ਦਾ ਵਾਸਤਾ ਪਾ ਕੇ ਉਨ੍ਹਾਂ ਨੂੰ ਇਹ ਮਸਲਾ ਹੱਲ ਕਰਵਾਉਣ ਦੀ ਬੇਨਤੀ ਕੀਤੀ। ਉਹ ਭਲੇਮਾਣਸ ਨੇ ਮਾਮਲੇ ਦੀ ਗੰਭੀਰਤਾ ਨੂੰ ਸਮਝਦਿਆਂ ਹੋਇਆਂ ਪਾਵਰਕਾਮ ਦੇ ਉਚ ਅਧਿਕਾਰੀਆਂ ਦੇ ਧਿਆਨ ਵਿੱਚ ਇਹ ਸਾਰਾ ਮਾਮਲਾ ਲਿਆਂਦਾ ਤੇ ਇਸ ਨੂੰ ਜਲਦ ਹੱਲ ਕਰਨ ਲਈ ਕਿਹਾ। ਫਿਰ ਕੀ ਸੀ, ਪੰਜ ਮਿੰਟਾਂ ਵਿੱਚ ਹੀ ਬਿਜਲੀ ਵਾਲੇ ਸਾਡੇ ਸਕੂਲ ਪਹੁੰਚ ਗਏ ਅਤੇ ਤਾਰ ਨੂੰ ਠੀਕ ਕਰ ਦਿੱਤਾ।
ਉਸ ਦਿਨ ਮੈਨੂੰ ਬੜਾ ਦੁੱਖ ਹੋਇਆ ਕਿ ਕੀ ਅਧਿਆਪਕ ਦੀ ਕੋਈ ਪਹੁੰਚ ਨਹੀਂ। ਇਕ ਆਮ ਵਿਅਕਤੀ ਚਾਹੇ ਮਰ ਜਾਵੇ, ਪਰ ਉਸ ਦੀ ਕਿਤੇ ਸੁਣਵਾਈ ਨਹੀਂ। ਕੀ ਇਹੋ ਸਾਡਾ ਨਿਜ਼ਾਮ ਹੈ। ਜੇ ਉਸ ਸਮੇਂ ਉਸ ਵੀ ਆਈ ਪੀ ਦਾ ਫੋਨ ਨਾ ਗਿਆ ਹੁੰਦਾ ਤਾਂ ਸ਼ਾਇਦ ਕਿਸੇ ਗਰੀਬ ਦਾ ਬੱਚਾ ਬਿਜਲੀ ਦੀ ਤਾਰ ਨਾਲ ਚਿੰਬੜ ਕੇ ਮਰ ਜਾਂਦਾ। ਮੈਂ ਅਤੇ ਮੇਰੇ ਸਾਥੀ ਅਧਿਆਪਕ ਇਸ ਗੱਲ 'ਤੇ ਹੋਰ ਵੀ ਮਾਯੂਸ ਸਾਂ ਕਿ ਅਸੀਂ ਚਾਰ ਦਿਨ ਤੋਂ ਟੱਕਰਾਂ ਮਾਰ ਰਹੇ ਸਾਂ ਪਰ ਸਾਡੀ ਕੋਈ ਸੁਣ ਹੀ ਨਹੀਂ ਸੀ ਰਿਹਾ। ਵੀ ਆਈ ਪੀ ਦੇ ਇਕ ਫੋਨ 'ਤੇ ਹੀ ਕੰਮ ਹੋ ਗਿਆ। ਉਸ ਦਿਨ ਅਹਿਸਾਸ ਹੋਇਆ ਕਿ ਮੈਂ ਭਲੇ ਹੀ ਅਧਿਆਪਕ ਹਾਂ ਪਰ ਵੀ ਆਈ ਪੀ ਨਹੀਂ ਹਾਂ ਮੈਂ।

Have something to say? Post your comment