Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਨਜਰਰੀਆ

ਯੁੱਧ ਦੇ ਪ੍ਰਸੰਗ ਵਿੱਚ ਭਾਰਤੀ ਸਿਨਮਾ

July 12, 2019 09:21 AM

-ਡਾ. ਕੁਲਦੀਪ ਕੌਰ
ਦੂਜੇ ਸੰਸਾਰ ਯੁੱਧ 'ਤੇ ਆਧਾਰਿਤ ਜਰਮਨ, ਫਰਾਂਸ, ਰੂਸ, ਬ੍ਰਿਟੇਨ ਤੇ ਪੋਲੈਂਡ ਵਰਗੇ ਮੁਲਕਾਂ ਦੇ ਫਿਲਮਸਾਜ਼ਾਂ ਵੱਲੋਂ ਕਈ ਫਿਲਮਾਂ ਬਣਾਈਆਂ ਗਈਆਂ। ਇਨ੍ਹਾਂ 'ਤੇ ਆਧਾਰਿਤ ਆਪਣੇ ਅਧਿਐਨ ਵਿੱਚ ਪ੍ਰਸਿੱਧ ਕਲਾ ਚਿੰਤਕ ਪਾਲ ਵਰੀਲਿਊ ਸਿਨਮਾ, ਯੁੱਧ, ਪ੍ਰਾਪੇਗੰਡਾ, ਪ੍ਰਚਾਰ, ਮਿੱਥਾਂ, ਅਫਵਾਹਾਂ, ਝੂਠ, ਤੱਥਾਂ ਦੀ ਗਲਤ ਪੇਸ਼ਕਾਰੀ ਅਤੇ ਯੁੱਧ ਦੀ ਭਿਆਨਕਤਾ ਨੂੰ ‘ਰਾਸ਼ਟਰਵਾਦੀ ਉਨਮਾਦ' ਅਤੇ ‘ਸੂਰਮਾਗਤੀ ਦੀ ਭਾਵਨਾ' ਵਿੱਚ ਤਬਦੀਲ ਕਰਨ ਦੀ ਵਿਆਖਿਆ ਕਰਦਾ ਹੈ।
ਆਪਣੇ ਅਧਿਐਨ ਦੀ ਸ਼ੁਰੂਆਤ ਉਹ ਪਹਿਲੇ ਸੰਸਾਰ ਯੁੱਧ ਵਿੱਚ ਤਸਵੀਰਾਂ ਦੀ ਵਰਤੋਂ ਦੀ ਸਿਆਸਤ ਨਾਲ ਕਰਦਾ ਹੈ। ਉਸ ਅਨੁਸਾਰ ਪਹਿਲਾ ਸੰਸਾਰ ਯੁੱਧ ਇਕ ਤਰ੍ਹਾਂ ਮਨੁੱਖੀ ਸੱਭਿਅਤਾ ਦਾ ‘ਬੰਦਾ ਮਾਰੂ' ਮਸ਼ੀਨਰੀ ਨਾਲ ਪਹਿਲਾ ਪੇਚਾ ਸੀ, ਜਿਸ ਨੇ ‘ਜ਼ਖਮੀ ਕਰਕੇ ਛੱਡਣ', ‘ਦੁਸ਼ਮਣ ਨੂੰ ਸਿਆਸੀ ਕੈਦੀ ਬਣਾ ਲੈਣ' ਅਤੇ ‘ਸਮਝੌਤਾ ਕਰਕੇ ਮੁਆਫ ਕਰ ਦੇਣ' ਦੀਆਂ ਦਲੀਲਾਂ ਨੂੰ ਖੁੰਢਾ ਕਰ ਦਿੱਤਾ। ਇਸ ਯੁੱਧ ਦੀਆਂ ਮਨੋਵਿਗਿਆਨਕ ਤਕਲੀਫਾਂ, ਸੱਭਿਆਚਾਰਕ ਸਦਮਿਆਂ ਅਤੇ ਵਿਚਾਰਧਾਰਕ ਤ੍ਰਾਸਦੀਆਂ ਨੂੰ ਕਲਾ ਮਾਧਿਅਮਾਂ ਨੇ ਵੱਖੋ-ਵੱਖਰੇ ਪ੍ਰਸੰਗਾਂ ਵਿੱਚ ਪੇਸ਼ ਕੀਤਾ।
ਸਿਨਮਾ, ਕਵਿਤਾ, ਨਾਵਲ ਅਤੇ ਨਾਟਕ ਵਿੱਚ ਇਸ ਦੀਆਂ ਦੋ ਮੁੱਖ ਧਾਰਾਵਾਂ ਮਿਲਦੀਆਂ ਹਨ। ਪਹਿਲੀ ਧਾਰਾ ਯੁੱਧ ਨੂੰ ਘਟਨਾ ਜਾਂ ਤਤਕਾਲੀ ਹੋਣੀ ਵਜੋਂ ਸਿਰਜਣਾ ਸੀ ਜਿਸ ਦੀ ਮੁੱਖ ਉਦਾਹਰਨ ਜਰਮਨ ਛਾਇਆਵਾਦ ਹੈ। ਦੂਜੀ, ਯੁੱਧ ਨੂੰ ਵਰਤਾਰੇ ਵਜੋਂ ਸਮਝ ਕੇ ‘ਯੁੱਧ ਪੱਖੀ ਵਿਚਾਰਧਾਰਾ' 'ਤੇ ਹੀ ਪ੍ਰਸ਼ਨ ਖੜੇ ਕਰਨਾ ਸੀ। ਮੌਜੂਦਾ ਸਮਾਜਿਕ ਚਿੰਤਕ ਤੇ ਦਾਰਸ਼ਨਿਕ ਪਹਿਲੇ ਸੰਸਾਰ ਯੁੱਧ ਦੇ ਦੌਰ ਦੀ ਨਵ-ਚੇਤਨਾ, ਤਰਕ ਤੇ ਵਿਗਿਆਨਕ ਦਿ੍ਰਸ਼ਟੀਕੋਣ ਨੂੰ ਤਤਕਾਲੀ ਸਮਾਜਿਕ ਅਵਚੇਤਨ ਦੀ ਨਿਪੁੰਸਕਤਾ ਨਾਲ ਜੋੜਦਿਆਂ ਯੁੱਧ ਵਰਗੀ ਤ੍ਰਾਸਦੀ ਦੇ ‘ਮਨੋਰੰਜਕ ਸੱਭਿਆਚਾਰਕ ਉਤਪਾਤ' ਵਿੱਚ ਵਟ ਜਾਣ ਦੀ ਨਿਸ਼ਾਨਦੇਹੀ ਕਰਦੇ ਹਨ। ਇਸ ਸੱਭਿਆਚਾਰ ਦੀ ਮੂਲ ਪਛਾਣ ਇਹ ਹੈ ਕਿ ਇਹ ਸਮੂਹਿਕਤਾ, ਲਗਾਤਾਰਤਾ ਅਤੇ ਸਾਂਝੀਵਾਲਤਾ ਦੀ ਥਾਂ ਉਪਰਾਮਤਾ, ਖੰਡਿਤ ਮਨੋਵਿਗਿਆਨ ਅਤੇ ਜੜਾਂ ਨੂੰ ਭੁੱਲ ਕੇ ਜਾਂ ਅਣਗੌਲਿਆਂ ਕਰਕੇ ਜਿਊਣ ਦੀ ਜਾਂਚ ਸਿਖਾਉਂਦਾ ਹੈ। ਯੁੱਧ ਆਧਾਰਿਤ ਸਿਨਮਾ ਦੀ ਸਭ ਤੋਂ ਵੱਡੀ ‘ਖਾਸੀਅਤ' ਇਹ ਹੁੰਦੀ ਹੈ ਕਿ ਜਿਥੇ ਸਾਧਾਰਨ ਹਾਲਤ ਵਿੱਚ ਉਪਰੋਕਤ ਸੱਭਿਆਚਾਰਕ ਵਰਤਾਰੇ ਬਾਰੇ ਨਾਗਰਿਕ, ਸਟੇਟ ਤੋਂ ਜਵਾਬਦੇਹੀ ਮੰਗਦਾ ਹੈ, ‘ਯੁੱਧ' ਨੂੰ ‘ਅਸਾਧਾਰਨ' ਜਾਂ ‘ਐਮਰਜੈਂਸੀ' ਕਰਾਰ ਦੇ ਕੇ ਸਟੇਟ ਅਜਿਹੀ ਜਵਾਬਤਲਬੀ ਤੋਂ ਸਪੱਸ਼ਟ ਮੁੱਕਰ ਸਕਦਾ ਹੈ।
ਦੂਜੇ ਸੰਸਾਰ ਯੁੱਧ ਦੀਆਂ ਤਸਵੀਰਾਂ ਅਤੇ ਤੱਥਾਂ ਨੂੰ ਘੋਖਿਆ ਜਾਵੇ ਤਾਂ ਸਾਫ ਨਜ਼ਰ ਆਉਂਦਾ ਹੈ ਕਿ ਇਨ੍ਹਾਂ ਨੂੰ ਇੰਨੇ ਵੱਡੇ ਪੱਧਰ 'ਤੇ ‘ਰਾਸ਼ਟਰਵਾਦ', ‘ਦੇਸ਼ ਭਗਤੀ' ਅਤੇ ‘ਯੁੱਧ ਉਨਮਾਦ' ਦੀ ਸੰਰਚਨਾ ਕਰਨ ਲਈ ਵਰਤਿਆ ਜਾਣਾ ਤਦ ਹੀ ਸੰਭਵ ਹੋ ਸਕਿਆ, ਜੇ ਸਟੇਟ ਮਸ਼ੀਨਰੀ ਇਸ ‘ਪ੍ਰਾਪੇਗੰਡਾ ਮਿਸ਼ਨ' ਨੂੰ ਸਿੱਧੇ ਤੌਰ 'ਤੇ ਆਰਥਿਕ ਅਤੇ ਸਿਆਸੀ ਮਦਦ ਮੁਹੱਈਆ ਕਰ ਰਹੀ ਸੀ।
ਪਹਿਲਾ ਸੰਸਾਰ ਯੁੱਧ, ਯੁੱਧ ਦੇ ਮੈਦਾਨਾਂ ਦੀ ਥਾਂ ਫਿਲਮਾਂ ਵਾਲਿਆਂ ਦੇ ਦਫਤਰਾਂ ਤੇ ਪ੍ਰਾਪੇਗੰਡਾ ਸਮੂਹਾਂ ਵੱਲੋਂ ਲੜਿਆ ਗਿਆ। ਇਸ ਦੀ ਇਕ ਉਦਾਹਰਨ ਬਰਤਾਨਵੀ ਸਰਕਾਰ ਵੱਲੋਂ ਸਰਕਾਰੀ ਇਮਦਾਦ ਪ੍ਰਾਪਤ ‘ਵਾਰ ਪ੍ਰਾਪੇਗੰਡਾ ਬਿਊਰੋ' ਦੀ ਸਥਾਪਨਾ ਕਰਨਾ ਸੀ, ਜਿਸ ਨੇ 1915 ਵਿੱਚ ‘ਬ੍ਰਿਟੇਨ ਪ੍ਰਪੇਰਿੰਡ' ਦੇ ਨਾਮ ਨਾਲ ਪਹਿਲੀ ਫਿਲਮ ਰਿਲੀਜ਼ ਕੀਤੀ ਜਿਸ ਦਾ ਉਦੇਸ਼ ਵਿਰੋਧੀ ਮੁਲਕਾਂ ਅੱਗੇ ਆਪਣੀ ਸੈਨਿਕ ਸ਼ਕਤੀ ਦਾ ਪ੍ਰਦਰਸ਼ਨ ਕਰਨਾ ਸੀ। ਇਸ ਦਾ ਜਵਾਬ ਜਰਮਨਾਂ ਅਤੇ ਫਰਾਂਸ ਨੇ ਆਪੋ ਆਪਣੀਆਂ ਫਿਲਮਾਂ ਰਿਲੀਜ਼ ਕਰਕੇ ਦਿੱਤਾ। ਇਸ ਵਿੱਚ ਸਭ ਤੋਂ ਦਿਲਚਸਪ ਤੱਥ ਇਹ ਰਿਹਾ ਕਿ ਇਨ੍ਹਾਂ ਸਾਰੀਆਂ ਫਿਲਮਾਂ ਲਈ ਕੱਚਾ ਮਾਲ ਚਾਰ ਵੱਡੀਆਂ ਫਿਲਮ ਕੰਪਨੀਆਂ ਨੇ ਦਿੱਤਾ ਜਿਹੜੀਆਂ ਸਾਰੀਆਂ ਫਰਾਂਸ ਨਾਲ ਸਬੰਧਤ ਸਨ। ਕਈ ਵਾਰ ਇਕੋ ਫੋਟੋਗ੍ਰਾਫਰ ਦੀਆਂ ਖਿੱਚੀਆਂ ਤਸਵੀਰਾਂ ਚਾਰ-ਚਾਰ ਮੁਲਕਾਂ ਦੀਆਂ ਸਰਕਾਰਾਂ ਵੱਲੋਂ ਖਰੀਦੀਆਂ ਗਈਆਂ।
ਇਸ ਤੋਂ ਫਿਲਮ ਕੰਪਨੀਆਂ, ਯੁੱਧ ਅਤੇ ਪ੍ਰਾਪੇਗੰਡਾ ਦੇ ਆਪਸੀ ਸਬੰਧਾਂ ਨੂੰ ਆਸਾਨੀ ਨਾਲ ਸਮਝਿਆ ਜਾ ਸਕਦਾ ਹੈ। ਇਸ ਤੋਂ ਇਸ ਨੁਕਤੇ ਬਾਰੇ ਲੋੜੀਂਦੀ ਸਮਝ ਬਣਾਈ ਜਾ ਸਕਦੀ ਹੈ ਕਿ ਕਿਵੇਂ ਯੁੱਧ ਦੇ ਉਨਮਾਦੀ ਦੌਰ ਵਿੱਚ ਸਿਨਮਾ ਵਰਗੀ ਕਲਾ ਵੀ ਸੱਚ ਦੇ ਘੇਰਿਆਂ ਦੀ ਨਿਸ਼ਾਨਦੇਹੀ ਦੀ ਥਾਂ ਆਪਣੇ ਆਪ ਨੂੰ ਸਟੇਟ ਮਸ਼ੀਨਰੀ ਦਾ ਪੁਰਜਾ ਬਣਾਉਣ ਲਈ ਹਰ ਹੀਲਾ ਵਸੀਲਾ ਵਰਤਦੀ ਹੈ। ਇਸ ਵਿੱਚ ਕਿਵੇਂ ਨਸਲਵਾਦ, ਧਰਮ, ਜਮਾਤ, ਲਿੰਗ ਅਤੇ ਖੇਤਰ ਫਿਲਮ ਦੀ ਬਣਤਰ, ਬਿਰਤਾਂਤ ਅਤੇ ਕਥਾਨਕ ਨੂੰ ਪ੍ਰਭਾਵਿਤ ਕਰਦੇ ਹਨ।
ਇਸ ਪ੍ਰਸੰਗ ਵਿੱਚ ਭਾਰਤੀ ਸਿਨਮਾ ਨੇ ਪਿਛਲੇ ਸਮੇਂ ਵਿੱਚ ਵੱਖਰੀ ਮਿਸਾਲ ਪੈਦਾ ਕੀਤੀ ਹੈ। 1980 ਦੇ ਦਹਾਕੇ ਦੇ ਆਖਰੀ ਸਾਲਾਂ ਵਿੱਚ ਕਲਾ ਸਿਨਮਾ ਅੰਦੋਲਨ ਦੀ ਅਣਕਿਆਸੀ ‘ਮੌਤ' ਤੋਂ ਬਾਅਦ ਭਾਰਤੀ ਸਿਨਮਾ ਵਿੱਚ ਪੈਦਾ ਹੋਇਆ ਬੌਧਿਕ ਖਲਾਅ 1995-2000 ਤੱਕ ਆਉਂਦੇ-ਆਉਂਦੇ ਵਿਦੇਸ਼ੀ ਫਿਲਮਾਂ ਦੀ ਨਕਲ, ਖਪਤਕਾਰੀ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ, ਅਪਰਾਧਕ ਰੁਝਾਨ ਉਭਾਰਨ ਅਤੇ ‘ਸੰਸਕਾਰਾਂ' ਦੇ ਨਾਮ 'ਤੇ ਫੂਹੜਤਾ ਦੇ ਪ੍ਰਦਰਸ਼ਨ ਤੱਕ ਸੀਮਤ ਹੋ ਗਿਆ। ਇਹ ਜਾਣਨਾ ਤੇ ਸਮਝਣਾ ਘੱਟ ਦਿਲਚਸਪ ਨਹੀਂ ਕਿ ਜਿਉਂ-ਜਿਉਂ ਭਾਰਤ ਵਿੱਚ ਨਵ-ਉਦਾਰਵਾਦੀ, ਕਾਰਪੋਰੇਟ ਘਰਾਣਿਆਂ ਵੱਲੋਂ ਮੁਨਾਫਾ ਆਧਾਰਿਤ ਮੰਡੀਆਂ ਵਿੱਚ ਤਕਨੀਕੀ ਅਰਾਜਕਤਾ ਦਾ ਪਸਾਰ ਹੁੰਦਾ ਗਿਆ, ਟੀ ਵੀ, ਸਿਨਮਾ ਤੇ ਬਹੁਤ ਹੱਦ ਤੱਕ ਪ੍ਰਿੰਟ ਮੀਡੀਆ ਦਾ ਵੱਡਾ ਹਿੱਸਾ ਸਮਾਜਿਕ ਅਲਹਦਿਗੀ, ਬੌਧਿਕ ਹੀਣਤਾ ਅਤੇ ਵਿਚਾਰਧਾਰਕ ਖੱਸੀਪੁਣੇ ਦਾ ਸ਼ਿਕਾਰ ਹੁੰਦਾ ਗਿਆ। ਰਾਸ਼ਟਰਵਾਦ ਦੇ ਨਾਮ 'ਤੇ ਮਨੁੱਖੀ ਸਮਰੱਥਾ ਅਤੇ ਕਲਪਨਾ ਨੂੰ ‘ਦੁਸ਼ਮਣ' ਦੇਸ਼ ਵੱਲ ਸੇਧਿਤ ਕਰਨ ਦੀ ਮਨੋਵਿਗਿਆਨਕ ਸਿਆਸਤ ਕੀ ਹੋ ਸਕਦੀ ਹੈ? ਦੂਜੇ ਪਾਸੇ, ‘ਉਰੀ- ਦਿ ਸਰਜੀਕਲ ਸਟਰਾਈਕ' ਵਰਗੀ ਯੁੱਧ ਦਾ ਉਨਮਾਦ ਪੈਦਾ ਕਰਦੀ ਫਿਲਮ ਨੂੰ ਹਿੰਸਾ ਨੂੰ ਉਤਸ਼ਾਹਿਤ ਕਰਨ ਅਤੇ ਗਿਣ ਮਿੱਥ ਕੇ ਗੁਆਂਢੀ ਮੁਲਕ ਵਿਰੁੱਧ ਨਫਰਤ ਪੈਦਾ ਕਰਨ ਦਾ ਦੋਸ਼ੀ ਕਿਉਂ ਨਾ ਮੰਨਿਆ ਜਾਵੇ?
ਇਸ ਤੋਂ ਵੀ ਵੱਧ ਖਤਰਨਾਕ ਉਹ ‘ਸੰਸਕਾਰੀ' ਫਿਲਮਾਂ ਹਨ ਜਿਨ੍ਹਾਂ ਰਾਹੀਂ ਸਿਨਮਾ ਖੋਖਲੀਆਂ ਸਰਕਾਰੀ ਨੀਤੀਆਂ ਅਤੇ ਯੋਜਨਾਵਾਂ 'ਤੇ ਆਧਾਰਿਤ ਸਕਰੀਨ ਪਲੇਅ ਅਤੇ ਪਟਕਥਾਵਾਂ ਤਿਆਰ ਕਰ ਲੈਂਦਾ ਹੈ। ਮੌਜੂਦਾ ਸਰਕਾਰ ਦੀ ਸਭ ਤੋਂ ਵੱਡੀ ‘ਉਪਲੱਬਧੀ' ਇਸ ਰੂਪ ਵਿੱਚ ਜ਼ਰੂਰ ਦਰਜ ਕੀਤੀ ਜਾ ਸਕਦੀ ਹੈ ਕਿ ਇਸ ਨੇ ਜ਼ਮੀਨੀ ਪੱਧਰ 'ਤੇ ਮਨਰੇਗਾ, ਮਿੱਡ ਡੇ ਮੀਲ ਅਤੇ ਸ਼ਹਿਰੀ ਆਵਾਸ ਯੋਜਨਾਵਾਂ ਦਾ ਸੰਸਕਾਰੀ ਨਾਮਕਰਨ ਕੀਤਾ ਹੈ। ਹਕੀਕਤ ਇਹ ਹੈ ਕਿ ਸਿਨਮਾ ਦੇ ਅਕਸ਼ੈ ਕੁਮਾਰ, ਅਨੁਪਮ ਖੇਰ ਅਤੇ ਵਿਵੇਕ ਉਬਰਾਏ ਵਰਗੇ ਮਹਾਂਰਥੀ ਉਨ੍ਹਾਂ ਜੁਮਲਿਆਂ ਅਤੇ ਪ੍ਰਚਾਰ ਸਕੀਮਾਂ 'ਤੇ ਆਧਾਰਿਤ ਫਿਲਮਾਂ ਬਣਾ ਰਹੇ ਹਨ ਜਿਹੜੀਆਂ ਸਿਰਫ ਕਾਗਜ਼ਾਂ 'ਤੇ ਬਣੀਆਂ। ਮੋਦੀ ਸਰਕਾਰ ਦੀ ਨੋਟਬੰਦੀ, ਜੀ ਐਸ ਟੀ, ਸਮਾਰਟ ਸ਼ਹਿਰ, ਜਨ ਧਨ ਯੋਜਨਾ, ਹਰ ਘਰ ਬਿਜਲੀ, ਸਵੱਛ ਭਾਰਤ ਅਭਿਆਨ ਵਰਗੀਆਂ ਸਕੀਮਾਂ ਦੀ ਹਕੀਕਤ ਜਾਣੇ ਬਗੈਰ ਜਿਸ ਤਰ੍ਹਾਂ ਸਿਨਮਾ ਵਿੱਚ ਧੜਾਧੜ ਫਿਲਮਾਂ ਬਣੀਆਂ ਅਤੇ ਰਿਲੀਜ਼ ਹੋਈਆਂ ਹਨ, ਉਸ ਤੋਂ ਇਸ ਕਲਾ ਮਾਧਿਅਮ ਦੀ ਭਰੋਸੇਯੋਗਤਾ 'ਤੇ ਲਗਾਤਾਰ ਉਂਗਲ ਉਠ ਰਹੀ ਹੈ।
ਇਨ੍ਹਾਂ ਫਿਲਮਾਂ ਵਿੱਚ ਯੋਜਨਾਬੱਧ ਤਰੀਕੇ ਨਾਲ ਪ੍ਰੰਪਰਾਗਤ ਸੰਗੀਤ ਅਤੇ ਸੱਭਿਆਚਾਰ ਮਿੱਥਾਂ ਦੀ ਬਣਤਰ ਰਾਹੀਂ ਮੁਲਕ ਦੇ ਤਰਸਯੋਗ ਹਾਲਾਤ ਨੂੰ ਲਾਂਭੇ ਕਰਦੇ ਹੋਏ ਗੁਆਂਢੀ ਦੇਸ਼ਾਂ ਦੇ ਸੈਨਿਕਾਂ ਤੇ ਨਾਗਰਿਕਾਂ ਦੀ ਨੈਤਿਕਤਾ, ਕਿਰਦਾਰ ਤੇ ਸਿਆਸਤ ਨੂੰ ਮਜ਼ਾਕ ਅਤੇ ਘਟੀਆਪਣ ਤੱਕ ਮਹਿਦੂਦ ਕਰਨ ਦੀ ਕੋਸ਼ਿਸ਼ ਕੀਤੀ ਗਈ। ‘ਘਰ ਮੇਂ ਘੁਸ ਕੇ ਮਾਰੇਗੇਂ', ‘ਉਨ ਕੋ ਉਨ੍ਹੀਂ ਕੀ ਭਾਸ਼ਾ ਮੇਂ ਜਵਾਬ ਦੇਗੇਂ' ਵਰਗੇ ਤਰਕਹੀਣ ਨਾਅਰਿਆਂ ਦੀ ਭਾਸ਼ਾ ਇਨ੍ਹਾਂ ਫਿਲਮਾਂ ਦੇ ਦਿ੍ਰਸ਼ਾਂ ਤੋਂ ਨਿਕਲ ਕੇ ਜਿਵੇਂ ਪ੍ਰਧਾਨ ਮੰਤਰੀ ਦੀਆਂ ਰੈਲੀਆਂ ਵਿੱਚ ਪਹੁੰਚਦੀ ਹੈ, ਇਹ ਇਤਫਾਕ ਨਹੀਂ ਹੋ ਸਕਦਾ!
ਇਨ੍ਹਾਂ ਫਿਲਮਾਂ ਵਿੱਚ ਧਾਰਮਿਕ ਗ੍ਰੰਥਾਂ ਦੇ ਹਵਾਲਿਆਂ, ਇਤਿਹਾਸਕ ਘਟਨਾਵਾਂ ਅਤੇ ਦੋਵਾਂ ਮੁਲਕਾਂ ਦੀ ਆਪਸੀ ਸਹਿਹੋਂਦ ਦੀਆਂ ਸੰਭਾਵਨਾਵਾਂ ਨਾਲ ਜਿੰਨਾ ਬੇਦਰਦੀ ਨਾਲ ਖਿਲਵਾੜ ਕੀਤਾ ਗਿਆ ਹੈ, ਉਸ ਦਾ ਪ੍ਰਭਾਵ ਚਿਰ ਸਦੀਵੀ ਰਹੇਗਾ। ਇਨ੍ਹਾਂ ਫਿਲਮਾਂ ਨਾਲ ਸਬੰਧਤ ਨਿਰਮਾਤਾ ਨਿਰਦੇਸ਼ਕ ਭਾਵੇਂ ਇਸ ਦਾ ਤਤਕਾਲੀ ਸਿਆਸੀ ਅਤੇ ਆਰਥਿਕ ਫਾਇਦਾ ਵੀ ਚੁੱਕ ਲੈਣ, ਪਰ ਭਾਰਤੀ ਸਿਨਮਾ ਦੇ ਇਤਿਹਾਸ ਵਿੱਚ ਇਹ ਕਾਲੇ ਪੰਨਿਆਂ ਵਿੱਚ ਹੀ ਲਿਖਿਆ ਜਾਵੇਗਾ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ