Welcome to Canadian Punjabi Post
Follow us on

29

March 2024
 
ਨਜਰਰੀਆ

ਯਾਦਾਂ ਵਿੱਚ ਰਹਿ ਗਿਆ ਹੋਲਾਂ ਵਾਲਾ ਬਚਪਨ

July 12, 2019 09:20 AM

-ਪ੍ਰਿੰਸੀਪਲ ਵਿਜੇ ਕੁਮਾਰ
ਮਾਂ ਦੇ ਪਿੰਡ ਰਹਿਣ ਕਾਰਨ ਉਸ ਨੂੰ ਮਿਲਿਆਂ ਕਈ ਕਈ ਦਿਨ ਲੰਘ ਜਾਂਦੇ ਹਨ। ਕੁਝ ਦਿਨ ਪਹਿਲਾਂ ਉਸ ਦਾ ਸੁਨੇਹਾ ਮਿਲਿਆ ਕਿ ਆ ਕੇ ਮਿਲ ਜਾਓ। ਸਭ ਤੋਂ ਵੱਡੀ ਭੈਣ ਤੇ ਤੀਜੇ ਨੰਬਰ ਦਾ ਭਰਾ ਵੀ ਮਾਂ ਨੂੰ ਮਿਲਣ ਆਏ ਹੋਏ ਸਨ। ਇੱਕ ਭੈਣ ਜੋ ਸਭ ਤੋਂ ਛੋਟੀ ਹੈ, ਉਸ ਨੂੰ ਛੱਡ ਕੇ ਸਭ ਦਾ ਇਕੱਠਾ ਹੋਣਾ ਇੱਕ ਸਬੱਬ ਸੀ। ਮਾਂ ਘਰ ਦੇ ਤੰਗ ਜਿਹੇ ਵਿਹੜੇ ਨਾਲ ਲੱਗਦੇ ਬਰਾਂਡੇ ਵਿੱਚ ਮੰਜੇ ਉਤੇ ਪਈ ਸੀ। ਮਾਂ ਦਾ ਪਿਛੋਕੜ ਉਸ ਪਿੰਡ ਤੋਂ ਹੈ ਜਿੱਥੇ ਜਿਮੀਂਦਾਰਾਂ ਦੀ ਗਿਣਤੀ ਵੱਧ ਸੀ। ਹੋਲਾਂ, ਬੇਰ, ਗੁੜ, ਝੋਨਾ, ਅਦਰਕ ਵਾਲੀ ਮੱਕੀ ਦੀ ਰੋਟੀ ਤੇ ਗੰਨੇ ਦਾ ਰਸ ਉਨ੍ਹਾਂ ਦੇ ਪਸੰਦੀਦਾ ਪਦਾਰਥ ਹਨ। ਹੋਲਾਂ ਦੇ ਦਿਨ ਸਨ। ਵੱਡੀ ਭੈਣ ਨੇ ਮਾਂ ਨਾਲ ਹੋਲਾਂ ਨਾਲ ਜੁੜੇ ਬਚਪਨ ਦੀ ਗੱਲ ਛੇੜ ਲਈ। ਸਾਨੂੰ ਸਭ ਨੂੰ ਘਰ ਦਾ ਉਹ ਕੱਚਾ ਵਿਹੜਾ ਯਾਦ ਆ ਗਿਆ, ਜਿੱਥੇ ਮਾਂ ਦੁਪਹਿਰ ਨੂੰ ਛੁੱਟੀ ਵਾਲੇ ਦਿਨ ਛੋਲੀਏ (ਟਾਟਾਂ) ਦੀਆਂ ਹੋਲਾਂ ਕਰਿਆ ਕਰਦੀ ਸੀ। ਸਾਡੇ ਪਿੰਡ ਵਿੱਚ ਮਕਾਨਾਂ ਦੀ ਗਿਣਤੀ ਘੱਟ ਤੇ ਖੇਤ ਵੱਧ ਸਨ। ਖੇਤਾਂ ਵਿੱਚ ਛੋਲੇ ਬੀਜੇ ਹੁੰਦੇ ਸਨ। ਜੇ ਖੇਤਾਂ ਵਿੱਚੋਂ ਕੋਈ ਚਰਾ ਜਾਂ ਦਸ ਵੀਹ ਬੁਚੜੀਆਂ ਛੋਲਿਆਂ ਦੀਆਂ ਪੁੱਟ ਵੀ ਲੈਂਦਾ ਤਾਂ ਜਿਮੀਂਦਾਰਾਂ ਨੂੰ ਉਸ ਦੀ ਕੋਈ ਪ੍ਰਵਾਹ ਨਹੀਂ ਹੁੰਦੀ ਸੀ।
ਮੈਂ ਤੇ ਮੇਰੀ ਭੈਣ, ਜਿਸ ਨਾਲ ਮੇਰਾ ਰਿਸ਼ਤਾ ਭੈਣ ਦਾ ਘੱਟ, ਦੋਸਤ ਵਾਲਾ ਜ਼ਿਆਦਾ ਸੀ, ਖੇਤਾਂ ਵਿੱਚੋਂ ਛੋਲੇ ਪੁੱਟ ਲਿਆਉਂਦੇ ਸਾਂ। ਮਾਂ ਛੁੱਟੀ ਵਾਲੇ ਦਿਨ ਘਰ ਦੇ ਵਿਹੜੇ ਵਿੱਚ ਅੱਗ ਮਘਾ ਕੇ ਛੋਲਿਆਂ ਨੂੰ ਅੱਗ ਵਿੱਚ ਸੁੱਟ ਦਿੰਦੀ ਸੀ। ਜਦੋਂ ਛੋਲਿਆਂ ਦੀਆਂ ਹੋਲਾਂ ਬਣ ਜਾਂਦੀਆਂ ਤਾਂ ਅਸੀਂ ਅੱਗ ਨੂੰ ਫੋਲ ਫੋਲ ਕੇ ਉਸ ਵਿੱਚੋਂ ਹੋਲਾਂ ਕੱਢ ਕੇ ਖਾਂਦੇ। ਅੱਗ ਫੋਲਦਿਆਂ ਦੇ ਸਾਡੀਆਂ ਉਂਗਲੀਆਂ ਦੇ ਪੋਟੇ ਸੜ ਜਾਣੇ। ਹੋਲਾਂ ਖਾਣ ਦੇ ਚਾਅ ਵਿੱਚ ਸਾਨੂੰ ਉਂਗਲੀਆਂ ਦੇ ਪੋਟੇ ਸੜਨ ਦਾ ਦੁੱਖ ਬਹੁਤਾ ਮਹਿਸੂਸ ਨਾ ਹੰੁਦਾ। ਜੇ ਕਿਸੇ ਦੇ ਹੱਥ ਜ਼ਿਆਲਾਂ ਹੋਲਾਂ ਆ ਜਾਣੀਆਂ ਤਾਂ ਉਸ ਨਾਲ ਸਾੜਾ ਹੋ ਜਾਂਦਾ। ਵੱਡੀ ਭੈਣ ਮੈਨੂੰ ਹੋਲਾਂ ਕੱਢ-ਕੱਢ ਦਿੰਦੀ। ਅੱਗ ਦੇ ਮਘਦਿਆਂ ਹੀ ਸਾਡੇ ਮਨ ਵਿੱਚ ਕਾਹਲ ਪੈਦਾ ਹੋ ਜਾਂਦੀ ਕਿ ਕਦੋਂ ਹੋਲਾਂ ਹੋਣ ਤੇ ਕਦੋਂ ਅਸੀਂ ਅੱਗ ਫੋਲਣਾ ਸ਼ੁਰੂ ਕਰੀਏ। ਅਸੀਂ ਝਾੜ ਨਾਲ ਲੱਗੇ ਛੋਲਿਆਂ ਨੂੰ ਟਾਟਾਂ ਵੀ ਕਹਿੰਦੇ। ਮਾਂ ਤੋਂ ਅੱਖ ਬਚਾ ਕੇ ਅਸੀਂ ਹੋਲਾਂ ਨਾਲ ਆਪਣੀਆਂ-ਆਪਣੀਆਂ ਜੇਬਾਂ ਭਰ ਲੈਂਦੇ। ਕੱਪੜੇ ਕਾਲੇ ਹੋਣ 'ਤੇ ਮਾਂ ਤੋਂ ਝਿੜਕਾਂ ਪੈਂਦੀਆਂ। ਕਦੇ ਕਦੇ ਮਾਂ ਸਾਡੇ ਨਾਲ ਬੈਠ ਕੇ ਅੱਗ ਵਿੱਚੋਂ ਹੋਲਾਂ ਕੱਢ-ਕੱਢ ਖਾਂਦੀ। ਉਹ ਸਾਡੇ ਨਾਲ ਆਪਣੇ ਬਚਪਨ ਦੀਆਂ ਯਾਦਾਂ ਸਾਂਝੀਆਂ ਕਰਦੀ ਦਸਦੀ ਕਿ ਪਿੰਡ ਦੇ ਹਰ ਖੇਤ ਵਿੱਚੋਂ ਛੋਲੇ, ਛੱਲੀਆਂ, ਗੰਨੇ ਤੇ ਮੂੰਗਫਲੀ ਪੁੱਟ ਲਿਆਉਂਦੀ ਸੀ ਤੇ ਉਨ੍ਹਾਂ ਨੂੰ ਕੋਈ ਕੁਝ ਨਹੀਂ ਕਹਿੰਦਾ ਸੀ। ਹੋਲਾਂ ਲੱਭਦੇ-ਲੱਭਦੇ ਅਸੀਂ ਇੱਕ ਦੂਜੇ ਨੂੰ ਛੇੜਨ ਲੱਗ ਪੈਂਦੇ। ਇੱਕ ਦੂਜੇ ਨਾਲ ਸ਼ਰਾਰਤਾਂ ਕਰਨ ਲੱਗ ਪੈਂਦੇ। ਇੱਕ ਦੂਜੇ ਦੇ ਮੂੰਹ 'ਤੇ ਕਾਲਖ ਲਾਉਣ ਲੱਗ ਪੈਂਦੇ। ਇੱਕ ਦੂਜੇ ਨਾਲ ਲੜਨ ਲੱਗ ਪੈਂਦੇ। ਫਿਰ ਮਾਂ ਤੋਂ ਝਿੜਕਾਂ ਪੈਣ ਦੀ ਨੌਬਤ ਆ ਜਾਣੀ। ਥੋੜ੍ਹੀ ਦੇਰ ਮਗਰੋਂ ਗਿਲਾ, ਸ਼ਿਕਵਾ ਦੂਰ ਹੋ ਜਾਂਦਾ। ਇੱਕ ਦੂਜੇ ਨੂੰ ਖਿਝਾਉਣ ਲਈ ਕਿਹਾ ਜਾਂਦਾ, ‘ਹੋਲਾਂ ਹੋਲਾਂ ਹੋਲਾਂ, ਤੇਰੀ ਮਾਂ ਗੁਆਚੀ, ਮੈਂ ਕਿਉਂ ਟੋਲਾਂ।’ ਕੋਈ ਕਹਿੰਦੇ, ‘ਹੋਲਾਂ ਹੋਲਾਂ ਹੋਲਾਂ, ਚਾਰ ਚੌਕੇ ਸੋਲ੍ਹਾਂ, ਕੱਢ ਮੇਰੀਆਂ ਹੋਲਾਂ।’
ਅੱਜਕੱਲ੍ਹ ਮਾਹੌਲ ਬਦਲਦਾ ਜਾ ਰਿਹਾ ਹੈ। ਖੇਤ ਘਟਦੇ ਜਾ ਰਹੇ ਹਨ, ਮਕਾਨ ਵਧਦੇ ਜਾ ਰਹੇ ਹਨ। ਖੇਤਾਂ ਦੀਆਂ ਕਾਲੋਨੀਆਂ ਬਣਦੀਆਂ ਜਾ ਰਹੀਆਂ ਹਨ। ਲੋਕ ਗਲੀਆਂ, ਮੁਹੱਲੇ ਛੱਡ ਕੇ ਖੇਤਾਂ ਵਿੱਚ ਆ ਕੇ ਵਸ ਰਹੇ ਹਨ। ਅਜੋਕੀ ਪੀੜ੍ਹੀ ਖੇਤੀਬਾੜੀ ਦੇ ਕੰਮ ਤੋਂ ਕਿਨਾਰਾ ਕਰਦੀ ਜਾ ਰਹੀ ਹੈ। ਉਹ ਟਾਈ, ਪੈਨ, ਕੁਰਸੀ ਅਤੇ ਘੰਟੀ ਵਾਲੀ ਨੌਕਰੀ ਨੂੰ ਤਰਜੀਹ ਦੇ ਰਹੀ ਹੈ। ਕਹੀ, ਦਾਤਰੀ ਨੌਜਵਾਨ ਪੀੜ੍ਹੀ ਦੇ ਹੱਥਾਂ ਵਿੱਚੋਂ ਨਿਕਲਦੀ ਜਾ ਰਹੀ ਹੈ। ਖੇਤਾਂ ਵਿੱਚੋਂ ਛੋਲਿਆਂ ਦੀ ਫਸਲ ਵਿਖਾਈ ਦੇਣੀ ਘੱਟ ਹੁੰਦੀ ਜਾ ਰਹੀ ਹੈ। ਸਾਡੇ ਬੱਚਿਆਂ ਨੂੰ ਕੀ ਪਤਾ ਕਿ ਹੋਲਾਂ ਕੀ ਹੁੰਦੀਆਂ ਹਨ? ਪਰਵਾਸੀ ਮਜ਼ਦੂਰ ਸਾਡੇ ਹਰ ਧੰਦੇ ਤੇ ਸਭਿਆਚਾਰ 'ਤੇ ਭਾਰੂ ਪੈਂਦੇ ਜਾ ਰਹੇ ਹਨ। ਅਸੀਂ ਕੇਵਲ ਨਾਂਅ ਦੇ ਹੀ ਪੰਜਾਬੀ ਰਹਿ ਗਏ ਹਾਂ। ਸਾਡੀ ਭਾਸ਼ਾ, ਸਾਡਾ ਪਹਿਰਾਵਾ, ਸਾਡਾ ਖਾਣ-ਪੀਣ ਤੇ ਸਾਡੇ ਵਿਚਾਰ ਦੂਜੇ ਸਭਿਆਚਾਰ ਤੋਂ ਪ੍ਰਭਾਵਤ ਹੁੰਦੇ ਜਾ ਰਹੇ ਹਨ। ਹੁਣ ਕੋਲਡ ਸਟੋਰਾਂ, ਫਰਿੱਜ਼ਾਂ ਤੇ ਬਰਫ ਵਿੱਚ ਲੱਗੇ ਛੋਲੇ ਦੁਕਾਨਾਂ 'ਤੇ ਵਿਕ ਰਹੇ ਹਨ। ਮੈਨੂੰ ਉਹ ਦਿਨ ਵੀ ਯਾਦ ਹਨ ਜਦੋਂ ਮਾਂ ਸਾਨੂੰ ਛੋਲਿਆਂ ਦੇ ਝਾੜ ਫੜਾ ਕੇ ਛੋਲੇ ਕੱਢਣ ਲਈ ਬਿਠਾ ਦਿੰਦੀ ਸੀ ਤੇ ਅਸੀਂ ਆਪਣੇ ਗਲੀ ਮੁਹੱਲਿਆਂ ਵਿੱਚ ਔਰਤਾਂ ਨੂੰ ਟਾਟਾਂ ਵਿੱਚੋਂ ਛੋਲੇ ਕੱਢਦੇ ਆਮ ਹੀ ਵੇਖਦੇ ਹੁੰਦੇ ਸਾਂ, ਪਰ ਹੁਣ ਇਹ ਸਾਰਾ ਕੁਝ ਬੀਤੇ ਸਮੇਂ ਦੀਆਂ ਯਾਦਾਂ ਬਣ ਕੇ ਰਹਿ ਗਈਆਂ ਹਨ।
ਝਾੜ ਵਿੱਚੋਂ ਛੋਲੇ ਕੱਢਦੇ ਹੋਏ ਵੀ ਅਸੀਂ ਮੂੰਹ ਮਾਰਦੇ ਰਹਿੰਦੇ ਸਾਂ। ਮਾਂ ਖਿੱਝ ਕੇ ਆਖਦੀ ‘‘ਨਾ ਅੱਜ ਮੈਂ ਸਬਜ਼ੀ ਆਪਣੇ ਸਿਰ ਦੀ ਬਣਾਵਾਂਗੀ? ਤੁਸੀਂ ਖਾ ਖਾ ਸਾਰੇ ਛੋਲੇ ਮੁਕਾ ਦੇਣੇ ਨੇ।” ਕਈ ਵਾਰ ਉਹ ਸਾਥੋਂ ਛੋਲਿਆਂ ਦੇ ਝਾੜ ਖੋਹ ਕੇ ਰੱਖ ਲੈਂਦੀ। ਮਾਂ ਦੀਆਂ ਉਨ੍ਹਾਂ ਝਿੜਕਾਂ ਵਿੱਚ ਵੱਖਰੀ ਤਰ੍ਹਾਂ ਦਾ ਲਗਾਅ ਤੇ ਮੋਹ ਹੁੰਦਾ ਸੀ। ਮਾਂ ਝਿੜਕਦੀ ਤਾਂ ਮੂੰਹ ਨਾਲ ਸੀ, ਪਰ ਉਸ ਦਾ ਮਨ ਮੱਖਣ ਵਰਗਾ ਹੰਦਾ ਸੀ। ਅੱਜ ਮਾਂ ਕੁਝ ਕਹਿਣ ਤੋਂ ਝਿਜਕਦੀ ਹੈ ਕਿਉਂਕਿ ਉਸ ਦੇ ਪੁੱਤਰ, ਨੂੰਹਾਂ 'ਤੇ ਨਿਰਭਰ ਹਨ। ਇਨ੍ਹਾਂ ਨੇ ਉਸ ਤੋਂ ਮਾਂ ਦੀਆਂ ਝਿੜਕਾਂ ਖੋਹ ਲਈਆਂ। ਉਦੋਂ ਮਾਂ ਦੀਆਂ ਝਿੜਕਾਂ ਦਾ ਗੁੱਸਾ ਲੱਗਦਾ ਸੀ, ਅੱਜ ਉਨ੍ਹਾਂ ਝਿੜਕਾਂ ਨੂੰ ਮਨ ਤਰਸਦੈ। ਦਿਲ ਕਰਦੈ ਕਿ ਉਹ ਬਚਪਨ ਮੁੜ ਆਵੇ। ਅਸੀਂ ਭੈਣ ਭਰਾ ਜਾ ਕੇ ਖੇਤਾਂ ਵਿੱਚੋਂ ਛੋਲੇ ਤੋੜੀਏ। ਹੋਲਾਂ ਕੱਢੀਏ, ਇੱਕ ਦੂਜੇ ਨਾਲ ਘੱਟ ਵੱਧ ਹੋਲਾਂ ਲਈ ਲੜੀਏ, ਪਰ ਸਭ ਕੁਝ ਜਾਣਦਿਆਂ ਵੀ ਕਿ ਬਚਪਨ ਨੇ ਮੁੜ ਨਹੀਂ ਆਉਣਾ, ਫਿਰ ਵੀ ਉਹ ਸਮਾਂ ਸਭ ਯਾਦਾਂ ਨੂੰ ਮੁੜ ਮੁੜ ਜਗਾਉਂਦਾ ਰਹਿੰਦਾ ਹੈ। ਆਉਣ ਵਾਲੀਆਂ ਪੀੜ੍ਹੀਆਂ ਨੂੰ ਕੀ ਪਤਾ ਹੋਵੇਗਾ ਕਿ ਹੋਲਾਂ, ਟਾਟਾਂ, ਧਾਨ, ਸੱਤੂ ਤੇ ਗੁੜ ਵਾਲੀ ਪਿੰਨੀ ਕੀ ਹੁੰਦੀ ਹੈ? ਇਹ ਸਭ ਕੁਝ ਸਾਡੀ ਵਿਰਾਸਤ ਤੋਂ ਮਨਫੀ ਹੁੰਦਾ ਜਾ ਰਿਹੈ। ਅਜੋਕੀ ਪੀੜ੍ਹੀ ਨੂੰ ਬੱਚਿਆਂ ਨੂੰ ਆਪਣੇ ਸਭਿਆਚਾਰ ਨਾਲ ਜੋੜਨਾ ਚਾਹੀਦਾ ਹੈ। ਆਪਣੀ ਵਿਰਾਸਤ ਨਾਲ ਜੁੜੇ ਰੰਗਾਂ ਦੀ ਉਨ੍ਹਾਂ ਨਾਲ ਸਾਂਝ ਪਾਉਣੀ ਚਾਹੀਦੀ ਹੈ। ਗੀਤਾਂ ਡੋਗਰਾ ਜੋ ਕਿ ਹਿੰਦੀ ਕਵਿੱਤਰੀ ਹੈ ਦੀ ਕਵਿਤਾ ਦੀਆਂ ਸਤਰਾਂ ਇਹ ਸੁਨੇਹਾ ਦਿੰਦੀਆਂ ਹਨ ਕਿ ਮਨੁੱਖ ਪੱਥਰ ਦਾ ਬਣਦਾ ਰਿਹੈ। ਉਸ ਦੀ ਅਗਲੀ ਪੀੜ੍ਹੀ ਉਸ ਤੋਂ ਭਾਵਨਾਤਮਕ ਤੌਰ 'ਤੇ ਟੁੱਟਦੀ ਜਾ ਰਹੀ ਹੈ। ਆਪਣੇ ਸਭਿਆਚਾਰ, ਵਿਰਾਸਤ, ਭਾਸ਼ਾ ਤੇ ਪਹਿਰਾਵੇ ਤੋਂ ਬਿਨਾਂ ਅਧੂਰਾ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ