Welcome to Canadian Punjabi Post
Follow us on

18

October 2019
ਅੰਤਰਰਾਸ਼ਟਰੀ

ਭਾਰਤ ਵੱਲੋਂ ਦੁੱਤੀ ਚੰਦ ਨੇ ਵਰਲਡ ਯੂਨੀਵਰਸਿਟੀ ਖੇਡਾਂ ਦਾ ਸੋਨ ਤਮਗਾ ਜਿੱਤਿਆ

July 12, 2019 08:46 AM

ਨਿਪੋਲੀ, 11 ਜੁਲਾਈ (ਪੋਸਟ ਬਿਊਰੋ)- ਰਾਸ਼ਟਰੀ ਰਿਕਾਰਡਧਾਰੀ ਦੁੱਤੀ ਚੰਦ ਵਿਸ਼ਵ ਯੂਨੀਵਰਸਿਟੀ ਖੇਡਾਂ ਵਿੱਚ 100 ਮੀਟਰ ਦੌੜ ਵਿੱਚ ਸੋਨ ਤਮਗਾ ਜਿੱਤ ਕੇ ਇਨ੍ਹਾਂ ਖੇਡਾਂ ਵਿੱਚ ਅੱਵਲ ਰਹਿਣ ਵਾਲੀ ਪਹਿਲੀ ਭਾਰਤੀ ਮਹਿਲਾ ਟ੍ਰੈਕ ਅਤੇ ਫੀਲਡ ਖਿਡਾਰੀ ਬਣ ਗਈ ਹੈ। ਦੁੱਤੀ ਚੰਦ ਨੇ 11.32 ਸਕਿੰਟ ਦਾ ਸਮਾਂ ਲੈਂਦੇ ਹੋਏ ਇਹ ਦੌੜ ਪੂਰੀ ਕੀਤੀ। ਚੌਥੀ ਲਾਈਨ ਵਿੱਚ ਦੌੜਦੀ ਹੋਈ ਦੁੱਤੀ ਚੰਦ ਅੱਠ ਖਿਡਾਰੀਆਂ ਵਿੱਚ ਪਹਿਲੇ ਨੰਬਰ 'ਤੇ ਰਹੀ। ਸਵਿੱਟਜ਼ਰਲੈਂਡ ਦੀ ਡੇਲ ਪੋਂਟੇ (11.33 ਸਕਿੰਟ) ਦੂਸਰੇ ਸਥਾਨ 'ਤੇ ਰਹੀ, ਜਦੋਂ ਕਿ ਜਰਮਨੀ ਦੀ ਲਿਸਾ ਕਵਾਯੀ ਨੇ 11.39 ਸਮਾਂ ਲੈਂਦੇ ਹੋਏ ਕਾਂਸੀ ਦਾ ਤਮਗਾ ਜਿੱਤਿਆ। ਉੜੀਸਾ ਦੇ ਦੁੱਤੀ ਵਿਸ਼ਵ ਪੱਧਰੀ ਮੁਕਾਬਲੇ ਵਿੱਚ ਸੋਨ ਤਮਗਾ ਜਿੱਤਣ ਵਾਲੀ ਹਿਮਾ ਦਾਸ ਤੋਂ ਬਾਅਦ ਦੂਸਰੀ ਭਾਰਤੀ ਅਥਲੀਟ ਬਣ ਗਈ ਹੈ। ਹਿਮਾ ਦਾਸ ਨੇ ਪਿਛਲੇ ਸਾਲ ਵਿਸ਼ਵ ਜੂਨੀਅਨ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ 400 ਮੀਟਰ ਵਿੱਚ ਸੋਨੇ ਦਾ ਤਮਗਾ ਜਿੱਤਿਆ ਸੀ।
ਏਸ਼ੀਆਈ ਖੇਡਾਂ 2018 ਵਿੱਚ ਦੁੱਤੀ ਨੇ 100 ਅਤੇ 200 ਮੀਟਰ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਸੀ। ਉਹ ਯੂਨੀਵਰਸਿਟੀ ਖੇਡਾਂ ਵਿੱਚ ਸੋਨ ਤਮਗਾ ਜਿੱਤਣ ਵਾਲੀ ਦੂਸਰੀ ਭਾਰਤੀ ਖਿਡਾਰੀ ਬਣੀ ਹੈ। ਉਸ ਤੋਂ ਪਹਿਲਾਂ ਇੰਦਰਜੀਤ ਸਿੰਘ ਨੇ 2015 ਵਿੱਚ ਪੁਰਸ਼ਾਂ ਦੇ ਸ਼ਾਟਪੁੱਟ ਦਾ ਸੋਨ ਤਮਗਾ ਜਿੱਤਿਆ ਸੀ। ਹਾਲ ਹੀ ਵਿੱਚ ਸਮਲਿੰਗੀ ਰਿਸ਼ਤੇ ਵਿੱਚ ਹੋਣ ਦੀ ਗੱਲ ਕਬੂਲਣ ਵਾਲੀ ਦੁੱਤੀ ਨੇ ਜਿੱਤ ਤੋਂ ਬਾਅਦ ਕਿਹਾ ਕਿ ਮੈਨੂੰ ਥੱਲੇ ਸੁੱਟਣ ਦੀ ਕੋਸ਼ਿਸ਼ ਕਰੋ, ਪਰ ਮੈਂ ਮਜ਼ਬੂਤੀ ਨਾਲ ਵਾਪਸੀ ਕਰਾਂਗੀ। ਉਸ ਨੇ ਕਿਹਾ ਕਿ ਕਈ ਸਾਲਾਂ ਦੀ ਮਿਹਨਤ ਨਾਲ ਮੈਂ ਇਹ ਸੋਨ ਤਮਗਾ ਜਿੱਤਿਆ। ਇਸ ਤੋਂ ਪਹਿਲਾਂ ਉਸ ਨੇ 11.41 ਸਕਿੰਟਾ ਦ ਸਮਾਂ ਕੱਢ ਕੇ ਫਾਈਨਲ ਲਈ ਕੁਆਲੀਫਾਈ ਕੀਤਾ ਸੀ। ਦੁੱਤੀ ਨੂੰ ਅਜੇ ਸਤੰਬਰ-ਅਕਤੂਬਰ ਵਿੱਚ ਦੋਹਾ ਵਿੱਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਲਈ ਕੁਆਲੀਫਾਈ ਕਰਨਾ ਹੈ।
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦੁੱਤੀ ਨੂੰ ਟਵਿੱਟਰ 'ਤੇ ਵਧਾਈ ਦਿੰਦੇ ਹੋਏ ਕਿਹਾ ਕਿ ਯੂਨੀਵਰਸਿਟੀ ਖੇਡਾਂ ਵਿੱਚ 100 ਮੀਟਰ ਦੌੜ ਜਿੱਤਣ 'ਤੇ ਦੁੱਤੀ ਨੂੰ ਵਧਾਈ। ਉਨ੍ਹਾਂ ਨੇ ਕਿਹਾ ਕਿ ਇਹ ਭਾਰਤ ਦਾ ਇਨ੍ਹਾਂ ਖੇਡਾਂ ਵਿੱਚ ਪਹਿਲਾ ਸੋਨ ਤਮਗਾ ਹੈ ਅਤੇ ਇਸ ਪ੍ਰਦਰਸ਼ਨ ਨੂੰ ਓਲੰਪਿਕ ਵਿੱਚ ਬਰਕਰਾਰ ਰੱਖਿਓ। ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਤੀ ਚੰਦ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਭਾਰਤ ਨੂੰ ਤੁਹਾਡੇ 'ਤੇ ਮਾਣ ਹੈ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ