Welcome to Canadian Punjabi Post
Follow us on

18

October 2019
ਅੰਤਰਰਾਸ਼ਟਰੀ

ਟਰੰਪ ਸਰਕਾਰ ਅਮਰੀਕਾ ਵਿੱਚ ਸ਼ਰਨਾਰਥੀਆਂ ਨੂੰ ਗ੍ਰਿਫਤਾਰ ਕਰਨ ਦੇ ਰਾਹ ਪਈ

July 12, 2019 08:40 AM

ਵਾਸ਼ਿੰਗਟਨ, 11 ਜੁਲਾਈ (ਪੋਸਟ ਬਿਊਰੋ)- ਅਮਰੀਕਾ ਵਿੱਚ ਨਾਜਾਇਜ਼ ਰਹਿੰਦੇ ਸ਼ਰਨਾਰਥੀਆਂ ਉੱਤੇ ਗ੍ਰਿਫਤਾਰੀ ਦੀ ਤਲਵਾਰ ਲਟਕ ਗਈ ਹੈ। ਟਰੰਪ ਪ੍ਰਸ਼ਾਸਨ ਅਜਿਹੇ ਲੋਕਾਂ ਨੂੰ ਗ੍ਰਿਫਤਾਰ ਕਰਨ ਲਈ ਦੇਸ਼ ਦੇ ਦਸ ਪ੍ਰਮੁੱਖ ਸ਼ਹਿਰਾਂ ਵਿੱਚ ਐਤਵਾਰ ਤੋਂ ਮੁਹਿੰਮ ਛੇੜਨ ਦੀ ਤਿਆਰੀ ਵਿੱਚ ਹੈ। ਉਹ ਮੈਕਸੀਕੋ ਵੱਲੋਂ ਅਮਰੀਕਾ ਵਿੱਚ ਦਾਖ਼ਲ ਹੋਏ ਸ਼ਰਨਾਰਥੀਆਂ ਉੱਤੇ ਪਹਿਲਾਂ ਹੀ ਸਖ਼ਤ ਰੁਖ਼ ਅਖ਼ਤਿਆਰ ਕਰ ਚੁੱਕਿਆ ਹੈ।
ਇਸ ਸੰਬੰਧ ਵਿੱਚ ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ ਦੇ ਅਫਸਰਾਂ ਨੇ ਕਿਹਾ ਕਿ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ (ਆਈ ਸੀ ਈ) ਏਜੰਸੀ ਸ਼ਰਨਾਰਥੀਆਂ ਦੇ ਟਿਕਾਣਿਆਂ ਉੱਤੇ ਛਾਪੇ ਮਾਰੇਗੀ ਤੇ ਮੁਹਿੰਮ ਵਿੱਚ ਫੜੇ ਜਾਣ ਵਾਲੇ ਪਰਿਵਾਰਾਂ ਨੂੰ ਟੈਕਸਾਸ ਤੇ ਪੈਨਸਿਲਵੇਨੀਆ ਵਿੱਚ ਬਣਾਏ ਹਿਰਾਸਤ ਕੇਂਦਰਾਂ ਵਿੱਚ ਰੱਖਿਆ ਜਾਵੇਗਾ। ਥਾਂ ਦੀ ਘਾਟ ਵਿੱਚ ਕੁਝ ਲੋਕਾਂ ਨੂੰ ਹੋਟਲ ਵਿੱਚ ਰੱਖਿਆ ਜਾ ਸਕਦਾ ਹੈ। ਆਈ ਸੀ ਈ ਦੇ ਬੁਲਾਰੇ ਮੈਥਿਊ ਬੋਰਕ ਨੇ ਦੱਸਿਆ ਕਿ ਏਜੰਸੀ ਦੇ ਅਧਿਕਾਰੀਆਂ ਦੀ ਸੁਰੱਖਿਆ ਦਾ ਧਿਆਨ ਰੱਖਦਿਆਂ ਮੁਹਿੰਮ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਜਾਵੇਗੀ। ਅਧਿਕਾਰੀਆਂ ਮੁਤਾਬਕ ਆਈ ਸੀ ਈ ਦੇ ਅਧਿਕਾਰੀ ਪਹਿਲਾਂ ਉਨ੍ਹਾਂ ਦੋ ਹਜ਼ਾਰ ਸ਼ਰਨਾਰਥੀਆਂ ਪਿੱਛੇ ਪੈਣਗੇ, ਜਿਨ੍ਹਾਂ ਨੂੰ ਜਲਾਵਤਨ ਕੀਤੇ ਜਾਣ ਦੇ ਹੁਕਮ ਜਾਰੀ ਹੋ ਚੁੱਕੇ ਹਨ। ਉਹ ਗ਼ੈਰ ਕਾਨੂੰਨੀ ਢੰਗ ਨਾਲ ਦੇਸ਼ ਵਿੱਚ ਰਹਿੰਦੇ ਹਨ। ਇਨ੍ਹਾਂ ਨੂੰ ਬੀਤੀ ਫਰਵਰੀ ਵਿੱਚ ਨੋਟਿਸ ਦੇ ਕੇ ਦੇਸ਼ ਛੱਡਣ ਨੂੰ ਕਿਹਾ ਗਿਆ ਸੀ। ਇਨ੍ਹਾਂ ਵਿੱਚੋਂ ਕੁਝ ਅਜਿਹੇ ਹਨ, ਜਿਹੜੇ ਅਦਾਲਤ ਵਿੱਚ ਪੇਸ਼ ਨਹੀਂ ਹੋਏ। ਇਸ ਲਈ ਉਨ੍ਹਾਂ ਨੂੰ ਜਲਾਵਤਨ ਕਰਨ ਦਾ ਹੁਕਮ ਜਾਰੀ ਹੋਇਆ ਸੀ। ਬੀਤੀ ਜੂਨ ਵਿੱਚ ਅਮਰੀਕਾ ਦੇ ਕਾਰਜਕਾਰੀ ਗ੍ਰਹਿ ਸੁਰੱਖਿਆ ਮੰਤਰੀ ਕੇਵਿਨ ਮੈਕਲੇਨਨ ਨੇ ਸ਼ਰਨਾਰਥੀਆਂ ਨੂੰ ਗ੍ਰਿਫਤਾਰ ਕਰਨ ਦੀ ਮੁਹਿੰਮ ਦਾ ਸਮਰਥਨ ਨਹੀਂ ਕੀਤਾ ਸੀ। ਉਨ੍ਹਾਂ ਨੇ ਆਈ ਸੀ ਈ ਦੇ ਡਾਇਰੈਕਟਰ ਮਾਰਕ ਮੋਰਗਨ ਨੂੰ ਮੁਹਿੰਮ ਰੱਦ ਕਰਨ ਲਈ ਕਿਹਾ ਸੀ। ਇਸ ਤੋਂ ਬਾਅਦ ਮੋਰਗਨ ਨੇ ਸਿੱਧਾ ਰਾਸ਼ਟਰਪਤੀ ਟਰੰਪ ਨਾਲ ਸੰਪਰਕ ਕੀਤਾ ਸੀ। ਅਮਰੀਕੀ ਅਧਿਕਾਰੀਆਂ ਨੇ ਇਸ ਸਾਲ ਮੈਕਸੀਕੋ ਨਾਲ ਲੱਗਦੀ ਦੱਖਣੀ ਸਰਹੱਦ ਉੱਤੇ ਕਰੀਬ ਛੇ ਲੱਖ 64 ਹਜ਼ਾਰ ਸ਼ਰਨਾਰਥੀ ਫੜੇ ਤੇ ਸਿਰਫ ਮਈ ਵਿੱਚ ਇਕ ਲੱਖ 44 ਹਜ਼ਾਰ ਸ਼ਰਨਾਰਥੀ ਫੜੇ ਗਏ ਸਨ। ਮਈ ਤੋਂ ਬਾਅਦ ਸ਼ਰਨਾਰਥੀਆਂ ਦੀ ਗਿਣਤੀ ਵਿੱਚ ਗਿਰਾਵਟ ਆਈ ਹੈ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ