Welcome to Canadian Punjabi Post
Follow us on

18

October 2019
ਨਜਰਰੀਆ

ਖਾਨ ਮਾਰਕੀਟ ਦਾ ਖੌਫ

July 11, 2019 03:03 PM

-ਗੌਰਵ
ਪਿੱਛੇ ਜਿਹੇ ਲੋਕ ਸਭਾ ਚੋਣਾਂ ਦੇ ਆਖਰੀ ਦੌਰ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਅਖਬਾਰ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਕਿ ਭਾਰਤੀ ਲੋਕਾਂ ਦੇ ਮਨਾਂ ਅੰਦਰ ਉਨ੍ਹਾਂ ਦਾ ਬਿੰਬ ਉਨ੍ਹਾਂ ਦੀ 45 ਸਾਲਾਂ ਦੀ ਤਪੱਸਿਆ ਨੇ ਬਣਾਇਆ ਹੈ, ਕਿਸੇ ‘ਖਾਨ ਮਾਰਕੀਟ ਗੈਂਗ' ਜਾਂ ‘ਲੁਟੀਅਨ ਸੱਭਿਆਚਾਰ' ਨੇ ਨਹੀਂ। ਇਹ ਦੋਵੇਂ ਸ਼ਬਦ ਰਾਜਧਾਨੀ ਦਿੱਲੀ ਦੇ ਦੋ ਬੇਹੱਦ ਚਰਚਿਤ ਇਲਾਕਿਆਂ ਦੇ ਨਾਂ ਹਨ, ਪਰ ਪ੍ਰਧਾਨ ਮੰਤਰੀ ਨੇ ਇਨ੍ਹਾਂ ਦੋ ਨਾਵਾਂ ਨੂੰ ਜਿਸ ਪ੍ਰਸੰਗ ਵਿੱਚ ਵਰਤਿਆ ਹੈ, ਉਸ ਨਾਲ ਇਨ੍ਹਾਂ ਥਾਵਾਂ ਦੇ ਵਾਸੀ ਜ਼ਰੂਰ ਹੈਰਾਨ ਹੋ ਗਏ ਹਨ।
ਲੁਟੀਅਨ ਦਿੱਲੀ, ਨਵੀਂ ਦਿੱਲੀ ਦਾ ਪੌਸ਼ ਇਲਾਕਾ ਹੈ। ਇਸ ਦਾ ਇਹ ਨਾਂ ਇਕ ਬ੍ਰਿਟਿਸ਼ ਆਰਕੀਟੈਕਟ ਇਡਵਿਨ ਲੁਟੀਅਨ ਨਾਂ ਉਤੇ ਪਿਆ ਹੈ, ਜਿਸ ਨੇ ਇਸ ਇਲਾਕੇ ਦਾ ਡਿਜ਼ਾਇਨ ਬਣਾਇਆ ਸੀ। ਇਸ ਵਿੱਚ ਐਮ ਪੀ, ਰਾਸ਼ਟਰਪਤੀ ਭਵਨ, ਸਕੱਤਰੇਤ, ਇਮਾਰਤ, ਸਿਆਸੀ ਪਾਰਟੀਆਂ ਦੇ ਮੁੱਖ ਦਫਤਰ ਹਨ। ਇਸ ਇਲਾਕੇ ਦੀ ਇਕ ਖਾਸ ਦਿਲਕਸ਼ ਥਾਂ ਲੁਟੀਅਨ ਬੰਗਲੋ ਜ਼ੋਨ ਹੈ। ਇਹ ਬੰਗਲੋ ਜ਼ੋਨ ਏਨਾ ਆਰਾਮਦੇਹ ਤੇ ਦਿਲਕਸ਼ ਹੈ ਕਿ ਸਿਆਸਤਦਾਨ ਇਥੇ ਬੰਗਲਾ ਲੈਣ ਨੂੰ ਤਰਸਦੇ ਹਨ। ਪ੍ਰਧਾਨ ਮੰਤਰੀ ਦੇ ਬਿਆਨ ਵਿੱਚ ਆਇਆ ‘ਲੁਟੀਅਨ ਸੱਭਿਆਚਾਰ' ਸ਼ਬਦ ਇਕ ਤਰ੍ਹਾਂ ਪੌਸ਼ ਸੱਭਿਆਚਾਰ ਨੂੰ ਦਰਸਾਉਂਦਾ ਹੈ। ਉਨ੍ਹਾਂ ਦੇ ਅਨੁਸਾਰ ਉਨ੍ਹਾਂ ਦੀ ਸਾਦੀ ਤੇ ਆਮ ਜੀਵਨ ਸ਼ੈਲੀ ਦੇਸ਼ ਦੀ ਬਹੁ ਗਿਣਤੀ ਦੀ ਜੀਵਨਸ਼ੈਲੀ ਦੀ ਪ੍ਰਤੀਨਿਧਤਾ ਕਰਦੀ ਹੈ। ਉਹ ਖੁਦ ਲੁਟੀਅਨ ਸੱਭਿਆਚਾਰ ਨਾਲ ਸਬੰਧ ਨਹੀਂ ਰੱਖਦੇ, ਆਪਣੀ ਇਸੇ ਹਰਮਨ ਪਿਆਰਤਾ ਕਾਰਨ ਉਹ ਲੁਟੀਅਨ ਸੱਭਿਆਚਾਰ ਨਾਲ ਸਬੰਧ ਰੱਖਣ ਵਾਲੀਆਂ ਹੋਰ ਸਿਆਸੀ ਧਿਰਾਂ ਦੀਆਂ ਅੱਖਾਂ ਵਿੱਚ ਰੜਕਦੇ ਹਨ।
‘ਲੁਟੀਅਨ ਦਿੱਲੀ’ ਦੇ ਨੇੜੇ ਖਾਨ ਮਾਰਕੀਟ ਇਲਾਕਾ ਹੈ। ਇਸ ਇਲਾਕੇ ਦਾ ਨਾਂ ਕਾਂਗਰਸੀ ਆਗੂ ਅਬਦੁਲ ਗੱਫਾਰ ਖਾਨ ਦੇ ਭਰਾ ਅਬਦੁਲ ਜੱਬਾਰ ਖਾਨ ਦੇ ਨਾਂ ਉਪਰ ਪਿਆ ਹੈ। ਦੇਸ਼ ਵੰਡ ਤੋਂ ਬਾਅਦ ਪਾਕਿਸਤਾਨ ਵਾਲੇ ਪਾਸਿਓਂ ਉਜੜ ਕੇ ਆਏ ਲੋਕਾਂ ਨੇ ਖਾਨ ਮਾਰਕੀਟ ਨੂੰ ਆਪਣੀ ਬਸਤੀ ਬਣਾਇਆ ਸੀ। ਕੋਈ ਸਮਾਂ ਸੀ, ਜਦੋਂ ਖਾਨ ਮਾਰਕੀਟ ਪ੍ਰਗਤੀਵਾਦੀ ਸਾਹਿਤਕਾਰਾਂ, ਕਲਾਕਾਰਾਂ ਤੇ ਸਿਆਸਤਦਾਨਾਂ ਦੀਆਂ ਸਿਆਸੀ ਸਰਗਰਮੀਆਂ ਲਈ ਜਾਣੀ ਜਾਂਦੀ ਸੀ। ਇਥੇ ਕੌਫੀ ਹਾਊਸ ਬੈਠਕਾਂ ਦਾ ਸਬੱਬ ਬਣਦੇ ਸਨ, ਪਰ ਅੱਜ ਕੱਲ੍ਹ ਸਭ ਬਦਲ ਗਿਆ ਹੈ। ਅੱਜ ਖਾਨ ਮਾਰਕੀਟ ਭਾਰਤ ਦਾ ਸਭ ਤੋਂ ਮਹਿੰਗਾ ਬਾਜ਼ਾਰ ਹੈ। ਇਹ ਪੌਸ਼ ਬਾਜ਼ਾਰ ਦੁਨੀਆ ਦੇ ਸਭ ਤੋਂ ਮਹਿੰਗੇ 25 ਬਾਜ਼ਾਰਾਂ ਵਿੱਚ ਵੀ ਸ਼ੁਮਾਰ ਹੈ। ਦੁਨੀਆ ਭਰ ਦੇ ਸਭ ਤੋਂ ਚਰਚਿਤ ਫੈਸ਼ਨ ਅਤੇ ਖਾਦ ਉਤਪਾਦ ਤੁਹਾਨੂੰ ਇਥੇ ਮਿਲ ਸਕਦੇ ਹਨ। ਉਦੋਂ ਦੇ ਕੌਫੀ ਹਾਊਸ ਅੱਜ ਮਹਿੰਗੇ ਰੇਸਤਰਾਂ ਅਤੇ ਕੈਫੇਟੇਰੀਆ ਵਿੱਚ ਬਦਲ ਚੁੱਕੇ ਹਨ। ਇਥੇ ਅੱਜ ਸਮਾਜਿਕ ਫਿਕਰਾਂ ਬਾਰੇ ਕੋਈ ਬਹਿਸ ਨਹੀਂ ਹੁੰਦੀ ਤੇ ਨਾ ਤਰੱਕੀ ਪਸੰਦ ਤੇ ਖੱਬੇ ਪੱਖੀ ਸੋਚ ਰੱਖਣ ਵਾਲੇ ਨੌਜਵਾਨ, ਲੇਖਕ, ਕਲਾਕਾਰ ਜਾਂ ਸਿਆਸਤਦਾਨ ਇਕੱਤਰ ਹੁੰਦੇ ਹਨ।
ਪ੍ਰਧਾਨ ਮੰਤਰੀ ਦੇ ਬਿਆਨ ਤੋਂ ਲੱਗਦਾ ਹੈ ਕਿ ਉਨ੍ਹਾਂ ਅਨੁਸਾਰ ਖਾਨ ਮਾਰਕੀਟ ਦੇ ਸਾਰੇ ਗਾਹਕ ਸ਼ਾਹੀ ਕਿਸਮ ਦੇ ਜਾਂ ਕੁਲੀਨ ਵਰਗ ਨਾਲ ਸਬੰਧਤ ਹਨ। ਇਹ ਉਦਾਰ ਪ੍ਰਵਿਰਤੀ ਜਾਂ ਪੱਛਮੀ ਜਿ਼ੰਦਗੀ ਵਿੱਚ ਪੂਰੀ ਤਰ੍ਹਾਂ ਢਲ ਚੁੱਕੇ ਲੋਕ ਹਨ। ਇਨ੍ਹਾਂ ਨੂੰ ਮੋਦੀ ਦੀ ਸਮਾਜ ਦੇ ਨਿਮਨ ਵਰਗ ਪੱਖੀ ਦਿਆਨਤਦਾਰੀ ਅਤੇ ਉਨ੍ਹਾਂ ਲਈ ਸ਼ੁਰੂ ਕੀਤੀਆਂ ਨੀਤੀਆਂ ਰਾਸ ਨਹੀਂ ਆਉਂਦੀਆਂ। ਇਸੇ ਲਈ ਪ੍ਰਧਾਨ ਮੰਤਰੀ ਨੇ ਇਹ ਬਿਆਨ ਦਿੱਤਾ ਕਿ ਉਨ੍ਹਾਂ ਦੇ ਬਿੰਬ ਨੂੰ ਖਾਨ ਮਾਰਕੀਟ ਗੈਂਗ ਭਾਵ ਕੁਲੀਨ ਵਰਗ ਨੇ ਨਹੀਂ ਬਣਾਇਆ, ਸਗੋਂ ਭਾਰਤ ਦੇ ਲੋਕਾਂ ਨੇ (ਨਿਮਨ ਵਰਗ) ਬਣਾਇਆ ਹੈ, ਜਿਸ ਦੀ ਉਨ੍ਹਾਂ ਪਿਛਲੇ 45 ਸਾਲਾਂ ਤੋਂ ਸੇਵਾ ਕੀਤੀ ਹੈ। ਇਥੇ ਸਵਾਲ ਪੈਦਾ ਹੁੰਦਾ ਹੈ ਕਿ ਉਨ੍ਹਾਂ ਖਾਨ ਮਾਰਕੀਟ ਵਿਚਲੇ ਮੱਧ ਵਰਗੀ ਵਪਾਰੀਆਂ ਤੇ ਗਾਹਕਾਂ ਨੂੰ ਨਜ਼ਰ ਅੰਦਾਜ਼ ਕਿਵੇਂ ਕਰ ਦਿੱਤਾ। ਕੀ ਖਾਨ ਮਾਰਕੀਟ ਦੇ ਵਪਾਰੀ ਅਤੇ ਗਾਹਕ ਮੋਦੀ ਦੇ ਵੋਟ ਬੈਂਕ ਦਾ ਹਿੱਸਾ ਨਹੀਂ ਹਨ। ਇਸ ਦੇ ਬਾਵਜੂਦ ਚੋਣਾਂ ਤੋਂ ਠੀਕ ਪਹਿਲਾਂ ਦਿੱਤਾ ਇਹ ਬਿਆਨ ਦੇਸ਼ ਦੇ ਬਾਕੀ ਨਿਮਨ ਵਰਗ ਦੀ ਹਮਾਇਤ ਹਾਸਲ ਕਰਨ ਦਾ ਹੱਥਕੰਡਾ ਵੀ ਹੋ ਸਕਦਾ ਹੈ।
ਪ੍ਰਧਾਨ ਮੰਤਰੀ ਦੀ ਇਸ ਵਿਵਾਦਿਤ ਅਤੇ ਅਜੀਬ ਟਿੱਪਣੀ ਤੋਂ ਬਾਅਦ ਲੁਟੀਅਨ ਇਲਾਕੇ ਤੇ ਖਾਨ ਮਾਰਕੀਟ ਨਾਲ ਜੁੜੇ ਲੋਕ ਹੈਰਾਨ ਹਨ। ਉਹ ਸਮਝ ਨਹੀਂ ਪਾ ਰਹੇ ਸਨ ਕਿ ਪ੍ਰਧਾਨ ਮੰਤਰੀ ਦਾ ਅਸਲ ਇਸ਼ਾਰਾ ਕਿਨ੍ਹਾਂ ਵੱਲ ਸੀ। ਬੇਸ਼ੱਕ ਲੁਟੀਅਨ ਸੱਭਿਆਚਾਰ ਤੇ ਖਾਨ ਮਾਰਕੀਟ ਗੈਂਗ ਦੇ ਅਰਥ ਵੱਖ-ਵੱਖ ਪ੍ਰਸੰਗਾਂ ਵਾਲੇ ਹੋਣ, ਪਰ ਪ੍ਰਧਾਨ ਮੰਤਰੀ ਨੇ ਆਪਣੀ ਬਿਆਨਬਾਜ਼ੀ ਵਿੱਚ ਇਨ੍ਹਾਂ ਨੂੰ ਇਕ ਦੱਸਿਆ ਹੈ। ਕਿਸੇ ਕਿਸਮ ਦੀ ਬੌਧਿਕ/ ਸਿਆਸੀ ਗਤੀਵਿਧੀ ਲਈ ਖਾਨ ਮਾਰਕੀਟ ਇਕ ਮੈਟਾਫਰ ਵਜੋਂ ਏਨਾ ਮਕਬੂਲ ਹੋ ਚੁੱਕਾ ਹੈ ਕਿ ਅੱਜ ਸਰਕਾਰੀ ਨੀਤੀਆਂ ਦਾ ਵਿਰੋਧ ਕਰਨ ਵਾਲੀ ਜਾਂ ਉਸ ਵਿੱਚ ਮੀਨ-ਮੇਖ ਕੱਢਣ ਵਾਲੀ ਹਰ ਧਿਰ ਨੂੰ ਖਾਨ ਮਾਰਕੀਟ ਗੈਂਗ ਦੀ ਉਪਾਧੀ ਦੇ ਦਿੱਤੀ ਜਾਂਦੀ ਹੈ। ਇਸ ਲਈ ਪ੍ਰਧਾਨ ਮੰਤਰੀ ਵੱਲੋਂ ਵਰਤੇ ‘ਖਾਨ ਮਾਰਕੀਟ ਗੈਂਗ' ਸ਼ਬਦ ਵਿੱਚ ਉਹ ਤਰੱਕੀ ਪਸੰਦ ਧਿਰਾਂ ਸ਼ਾਮਲ ਹਨ ਜੋ ਰਾਜਨੀਤਕ ਵਿਵਸਥਾ ਉਪਰ ਸਵਾਲ ਉਠਾਉਂਦੀਆਂ ਹਨ ਅਤੇ ਆਮ ਜਨਤਾ ਦੇ ਮਨ ਵਿੱਚ ਉਨ੍ਹਾਂ ਦਾ ਬਿੰਬ ਨੂੰ ਧੁੰਦਲਾ ਕਰਨ ਦੀ ਕੋਸ਼ਿਸ਼ ਵਿੱਚ ਲੱਗੀਆਂ ਰਹਿੰਦੀਆਂ ਹਨ। ਸੰਖੇਪ ਵਿੱਚ ਜੋ ਮੋਦੀ ਨੂੰ ਪਸੰਦ ਨਹੀਂ ਕਰਦਾ, ਉਹ ਲੁਟੀਅਨ ਜਾਂ ਖਾਨ ਮਾਰਕੀਟ ਗੈਂਗ ਦਾ ਵਾਸੀ ਹੈ।
ਨਰਿੰਦਰ ਮੋਦੀ ਭਾਰਤ ਦੇ ਪਹਿਲੇ ਸਿਆਸਤਦਾਨ ਨਹੀਂ, ਜਿਨ੍ਹਾਂ ਨੂੰ ਮਜਲਿਸਾਂ ਰੜਕੀਆਂ ਹਨ। ਇੰਡੀਅਨ ਕੌਫੀ ਹਾਊਸ ਕਿਸੇ ਸਮੇਂ ਦਿੱਲੀ ਦੀਆਂ ਸਭ ਤੋਂ ਚਰਚਿਤ ਥਾਵਾਂ ਵਿੱਚੋਂ ਇਕ ਹੁੰਦਾ ਸੀ। ਉਸ ਸਮੇਂ ਦੇ ਨਾਮਵਰ ਸਿਆਸਤਦਾਨ ਤੇ ਪੱਤਰਕਾਰ ਇਥੇ ਕੌਫੀ ਪੀਣ ਲਈ ਜੁੜਦੇ ਤੇ ਕੌਫੀ ਦੇ ਬਹਾਨੇ ਦੇਸ਼ ਦੀ ਵਿਵਸਥਾ ਉਪਰ ਘੰਟਿਆਂ ਬੱਧੀ ਗੱਲਾਂ/ ਬਹਿਸ ਕਰਦੇ ਸਨ। ਇਨ੍ਹਾਂ ਵਿੱਚ ਸਿਆਸਤਦਾਨ ਜੈ ਪ੍ਰਕਾਸ਼ ਨਰਾਇਣ ਤੇ ਰਾਮ ਮਨੋਹਰ ਲੋਹੀਆ ਅਤੇ ਚੰਦਰਸ਼ੇਖਰ ਜਿਹੇ ਆਗੂਆਂ ਦੇ ਨਾਂ ਸ਼ਾਮਲ ਸਨ, ਜੋ ਬਾਅਦ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਸਨ। ਇੰਡੀਅਨ ਕੌਫੀ ਹਾਊਸ ਤੋਂ ਬਿਨਾਂ ਦਿੱਲੀ ਦਾ ਯੂਨੀਵਰਸਿਟੀ ਕੌਫੀ ਹਾਊਸ ਵੀ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ। 1974 ਵਿੱਚ ਸੇਂਟ ਸਟੀਫਨ ਕਾਲਜ ਦੀ ਕੰਟੀਨ ਵਿੱਚ ਸਿਰਫ ਬੁਰਜੂਆ ਲੋਕ ਇਕੱਠੇ ਹੁੰਦੇ ਸਨ ਤੇ ਇਥੇ ਭੋਜਨ ਕਰਨਾ ਇਕ ਸਟੇਟਸ ਸਿੰਬਲ ਹੁੰਦਾ ਸੀ। ਬਹੁਤਿਆਂ ਨੂੰ ਉਨ੍ਹਾਂ ਦੀ ਜੇਬ ਉਥੇ ਜਾਣ ਦੀ ਖੁੱਲ੍ਹ ਨਹੀਂ ਸੀ ਦਿੰਦੀ। ਇਸ ਸੂਰਤ ਵਿੱਚ ਯੂਨੀਵਰਸਿਟੀ ਕੌਫੀ ਹਾਊਸ ਕਈ ਦਾਨਿਸ਼ਵਰਾਂ ਅਤੇ ਚਿੰਤਕਾਂ ਦਾ ਮੱਕਾ ਬਣ ਗਿਆ। ਇਥੇ ਸਮਕਾਲੀ ਹਾਲਾਤ ਉਪਰ ਹਰ ਤਰ੍ਹਾਂ ਦੀਆਂ ਬਹਿਸਾਂ ਹੁੰਦੀਆਂ ਸਨ। ਹੌਲੀ-ਹੌਲੀ ਇਹ ਗੱਲ ਸਰਕਾਰੀ ਕੰਨਾਂ ਤੱਕ ਪੁੱਜ ਗਈ ਕਿ ਇਹ ਕੌਫੀ ਹਾਊਸ ਇੰਦਰਾ ਸਰਕਾਰ ਖਿਲਾਫ ਰਣਨੀਤੀਆਂ ਘੜਦੇ ਹਨ। 1976 ਵਿੱਚ ਐਮਰਜੈਂਸੀ ਵੇਲੇ ਇਨ੍ਹਾਂ ਕੌਫੀ ਹਾਊਸਾਂ ਨੂੰ ਬੰਦ ਕਰ ਦਿੱਤਾ ਗਿਆ। ਬਹੁਤੇ ਬਹਿਸਬਾਜ਼ਾਂ ਨੂੰ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ। ਇਸ ਮਗਰੋਂ ਦੇਸ਼ ਭਰ ਵਿੱਚ ਕਈ ਕੌਫੀ ਤੇ ਟੀ ਹਾਊਸ ਬੰਦ ਕਰ ਦਿੱਤੇ ਗਏ। 1977 ਦੇ ਸ਼ੁਰੂ ਵਿੱਚ ਜਦੋਂ ਐਮਰਜੈਂਸੀ ਹਟੀ ਤਾਂ ਇਨ੍ਹਾਂ ਕੌਫੀ ਹਾਊਸਾਂ ਨੂੰ ਮੁੜ ਸ਼ੁਰੂ ਕੀਤਾ ਗਿਆ।
ਅੱਜ ਖਾਨ ਮਾਰਕੀਟ ਦੀਆਂ ਚਾਹ ਦੀਆਂ ਦੁਕਾਨਾਂ, ਯੂਨੀਵਰਸਿਟੀ ਕੌਫੀ ਹਾਊਸ, ਇੰਡੀਅਨ ਕੌਫੀ ਹਾਊਸ ਆਦਿ ਮਜਲਿਸਾਂ ਬੇਸ਼ੱਕ ਉਹ ਥਾਂ ਨਹੀਂ ਰੱਖਦੀਆਂ, ਫੇਰ ਵੀ ਸਰਕਾਰ ਨੂੰ ਅਵਚੇਤਨ ਪੱਧਰ 'ਤੇ ਇਨ੍ਹਾਂ ਮਜਲਿਸਾਂ ਤੋਂ ਡਰ ਲੱਗਦਾ ਹੈ। ਉਹ ਇਨ੍ਹਾਂ ਥਾਵਾਂ ਨੂੰ ਮਹੱਤਵ ਨਹੀਂ ਦੇਣਾ ਚਾਹੁੰਦੇ। ਕਈ ਸਾਲਾਂ ਤੋਂ ਖਾਨ ਮਾਰਕੀਟ ਟ੍ਰੈਫਿਕ ਅਤੇ ਪਾਰਕਿੰਗ ਕਰਨ ਦੀ ਸਮੱਸਿਆ ਨਾਲ ਜੂਝ ਰਹੀ ਹੈ। ਇਹ ਥਾਂ ਪ੍ਰਧਾਨ ਮੰਤਰੀ ਦੇ ਨਿਵਾਸ ਤੋਂ ਸਿਰਫ ਚਾਰ ਕਿਲੋਮੀਟਰ ਦੂਰ ਹੈ। ਇਸ ਤੋਂ ਬਿਨਾਂ ਇਥੋਂ ਦੀ ਇਕ ਹੋਰ ਵੱਡੀ ਸਮੱਸਿਆ ਅੱਗ ਦਾ ਖਤਰਾ ਹੈ। ਸਾਰੀ ਮਾਰਕੀਟ ਦਾ ਬਹੁਤਾ ਹਿੱਸਾ ਲੱਕੜ ਦਾ ਬਣਿਆ ਹੋਇਆ ਹੈ। ਮਹਿੰਗੇ ਰੇਸਤਰਾਂ ਤੇ ਦੁਕਾਨਾਂ ਵਾਲਿਆਂ ਨੇ ਆਪਣੇ ਪੱਧਰ 'ਤੇ ਅੱਗ ਦਾ ਇੰਤਜ਼ਾਮ ਕੀਤਾ ਹੋਇਆ ਹੈ, ਪਰ ਅੱਗ ਲੱਗਣ ਦੀ ਸੂਰਤ ਵਿੱਚ ਛੋਟੀਆਂ ਦੁਕਾਨਾਂ ਲਈ ਗੰਭੀਰ ਸਥਿਤੀ ਪੈਦਾ ਹੋ ਸਕਦੀ ਹੈ।
ਦੇਸ਼ ਵੰਡ ਦੌਰਾਨ ਅਬਦੁਲ ਜੱਬਾਰ ਖਾਨ ਨੇ ਪਾਕਿਸਤਾਨ ਵਾਲੇ ਪਾਸਿਓਂ ਉਜੜ ਕੇ ਆਏ ਮੁਸਲਿਮ ਵਪਾਰੀਆਂ ਨੂੰ ਖਾਨ ਮਾਰਕੀਟ ਕੋਲ ਵਸਣ ਵਿੱਚ ਮਦਦ ਕੀਤੀ। ਵਪਾਰੀਆਂ ਨੇ ਅਬਦੁਲ ਜੱਬਾਰ ਖਾਨ ਲਈ ਸਤਿਕਾਰ ਵਜੋਂ ਇਸ ਇਲਾਕੇ ਦਾ ਨਾਂ ਖਾਨ ਮਾਰਕੀਟ ਰੱਖ ਦਿੱਤਾ। ਖਾਨ ਮਾਰਕੀਟ ਦਾ ਨਾਂ ਬਦਲਣ ਦੀ ਮੰਗ ਮੀਡੀਆ ਲੰਮੇ ਸਮੇਂ ਤੋਂ ਚੱਲ ਰਹੀ ਹੈ ਜੋ ਕਿ ਪ੍ਰਧਾਨ ਮੰਤਰੀ ਦੇ ਬਿਆਨ ਤੋਂ ਬਾਅਦ ਹੋਰ ਤੇਜ਼ ਹੋ ਗਈ ਹੈ। ਮੌਜੂਦਾ ਸਰਕਾਰ ਮੁਸਲਿਮ ਨਾਵਾਂ ਵਾਲੀਆਂ ਸੜਕਾਂ ਅਤੇ ਸ਼ਹਿਰਾਂ ਦੇ ਨਾਂ ਬਦਲਣ ਵਿੱਚ ਵਧੇਰੇ ਰੁਚਿਤ ਰਹੀ ਹੈ। ਇਸ ਤਬਦੀਲੀ ਵਾਲੀ ਸਿਆਸਤ ਦਾ ਮੰਤਵ ਮੁਸਲਿਮ ਵਸੋਂ ਵਿੱਚ ਅਸਹਿਜ ਜਾਂ ਡਰ ਦੀ ਭਾਵਨਾ ਪੈਦਾ ਕਰਕੇ ਉਨ੍ਹਾਂ ਨੂੰ ਮੁੱਖ ਧਾਰਾ ਤੋਂ ਦੂਰ ਕਰਨਾ ਹੈ।
ਦੁਬਾਰਾ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਨਰਿੰਦਰ ਮੋਦੀ ਨੇ ਆਪਣੇ ਪਹਿਲੇ ਭਾਸ਼ਨ ਵਿੱਚ ਕਿਹਾ, ‘ਪਿਛਲੇ ਕੁਝ ਸਮੇਂ ਤੋਂ ਦੇਸ਼ ਵਿੱਚ ਘੱਟ ਗਿਣਤੀਆਂ ਇਕ ਕਾਲਪਨਿਕ ਡਰ ਦੇ ਪਰਛਾਵੇਂ ਵਿੱਚ ਜੀਉ ਰਹੀਆਂ ਹਨ। ਦੇਸ਼ ਦੇ ਸੰਪੂਰਨ ਵਿਕਾਸ ਲਈ ਉਨ੍ਹਾਂ ਨੂੰ ਨਾਲ ਲੈ ਕੇ ਚੱਲਣਾ ਜ਼ਰੂਰੀ ਹੈ।' ਇਸ ਬਿਆਨ ਵਿੱਚ ਉਨ੍ਹਾਂ ਨੇ ਮੁਸਲਮਾਨਾਂ ਦੀ ਥਾਂ ‘ਘੱਟ ਗਿਣਤੀ' ਸ਼ਬਦ ਵਰਤਿਆ ਤੇ ਦੂਜੀ ਗੱਲ ਉਨ੍ਹਾਂ ਇਹ ਸਪੱਸ਼ਟ ਨਹੀਂ ਕੀਤੀ ਕਿ ਡਰ ਦੇ ਪਰਛਾਵੇਂ ਪੈਦਾ ਹੋਣ ਦਾ ਕਾਰਨ ਉਨ੍ਹਾਂ ਦੀ ਆਪਣੀ ਪਾਰਟੀ ਸੀ ਜਾਂ ਕੋਈ ਹੋਰ ਧਿਰ। ਉਨ੍ਹਾਂ ਇਸ ਵਾਰ ‘ਸਬ ਕਾ ਸਾਥ, ਸਬ ਕਾ ਵਿਕਾਸ, ਸਬਕਾ ਵਿਸ਼ਵਾਸ' ਨਾਅਰਾ ਦੇ ਕੇ ਘੱਟ ਗਿਣਤੀਆਂ ਦੇ ਮਨਾਂ ਵਿੱਚ ਆਪਣੀ ਪਾਰਟੀ ਲਈ ਫੈਲੀ ਨਫਰਤ ਨੂੰ ਘੱਟ ਕਰਨ ਦਾ ਯਤਨ ਕੀਤਾ, ਪਰ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਉਹ ਆਪਣੀ ਕਹੀ ਗੱਲ ਨੂੰ ਅਮਲ ਵਿੱਚ ਕਿਵੇਂ ਲਿਆਉਂਦੇ ਹਨ। ਖਾਨ ਮਾਰਕੀਟ ਦੇ ਨਾਲ ਦੇਸ਼ ਦੀਆਂ ਹੋਰ ਮੁਸਲਿਮ ਥਾਵਾਂ ਤੇ ਮਜਲਿਸਾਂ ਦਾ ਨਾਂ ਬਦਲਣ ਦੀ ਬਜਾਏ ਉਨ੍ਹਾਂ ਦਾ ਸੰਸਥਾਗਤ ਵਿਕਾਸ ਵਧੇਰੇ ਜ਼ਰੂਰੀ ਹੈ। ਅਜਿਹਾ ਹੋਣ ਨਾਲ ਹੀ ‘ਸਬਕਾ ਵਿਸ਼ਵਾਸ' ਜਿੱਤਿਆ ਜਾ ਸਕਦਾ ਹੈ। ਜੇ ਪ੍ਰਧਾਨ ਮੰਤਰੀ ਇਸ ਇਲਾਕੇ ਵੱਲ ਗੰਭੀਰ ਹੋ ਕੇ ਧਿਆਨ ਦੇਣ ਤਾਂ ਫਿਰ ਉਨ੍ਹਾਂ ਨੂੰ ਖਾਨ ਮਾਰਕੀਟ ਕੋਈ ਗੈਂਗ ਜਾਂ ਬੇਗਾਨੀ ਮਹਿਸੂਸ ਨਹੀਂ ਹੋਵੇਗੀ। ਬਦਲੇ ਵਿੱਚ ਇਹ ਲੋਕ ਵੀ ਪ੍ਰਧਾਨ ਮੰਤਰੀ ਦਾ ਅਸਲ ਬਿੰਬ ਘੜ ਸਕਣਗੇ।

Have something to say? Post your comment