Welcome to Canadian Punjabi Post
Follow us on

18

October 2019
ਨਜਰਰੀਆ

ਸਾਡੇ ਮਨੋਰੰਜਨ ਕੇਂਦਰ

July 11, 2019 03:01 PM

-ਬਲਦੇਵ ਸਿੰਘ (ਸੜਕਨਾਮਾ)
ਕਲਕੱਤਾ ਮਹਾਂਨਗਰ ਵਿੱਚ ਜਦੋਂ ਟੈਕਸੀ ਚਲਾਉਂਦਿਆਂ ਅੱਕ ਥੱਕ ਜਾਣਾ ਜਾਂ ਘੰਟਾ ਡੇਢ ਘੰਟਾ ਕੋਈ ਸਵਾਰੀ ਨਾ ਮਿਲਦੀ ਤਾਂ ਸਰੀਰ ਅਤੇ ਦਿਮਾਗ ਨੂੰ ਰੀ-ਚਾਰਜ ਕਰਨ ਲਈ ਅਸੀਂ (ਡਰਾਈਵਰ) ਪੰਜਾਬੀ ਢਾਬਿਆਂ 'ਤੇ ਆ ਰੁਕਦੇ ਸਾਂ। ਇਨ੍ਹਾਂ ਢਾਬਿਆਂ ਜਾਂ ਫੁੱਟਪਾਥਾਂ 'ਤੇ ਬਣੇ ਖੋਖੇ ਨੁਮਾ ਹੋਟਲਾਂ 'ਤੇ ਕਿਸੇ ਵਿਆਹ ਉਪਰ ਇਕੱਠੀਆਂ ਹੋਈਆਂ ਵੰਨ ਸੁਵੰਨੀਆਂ ਮੇਲਣਾਂ ਵਾਂਗ ਹਰ ਰੰਗ ਦੇ ਡਰਾਈਵਰਾਂ/ ਮਾਲਕਾਂ ਦੀਆਂ ਮਹਿਫਲਾਂ ਲੱਗੀਆਂ ਰਹਿੰਦੀਆਂ ਸਨ। ਕੋਈ ਮਿਲੀਆਂ ਸਵਾਰੀਆਂ ਦੇ ਕਿੱਸੇ ਸੁਣਾਉਂਦਾ, ਕੋਈ ਗੱਡੀ ਦੇ ਟਾਇਰਾਂ ਨੂੰ ਸਾਬਣ ਲਾ ਕੇ ਧੋਂਦਾ, ਕੋਈ ਭਾੜਾ ਮਾਰ ਕੇ ਭੱਜੀ ਸਵਾਰੀ ਨੂੰ ਗਾਲ੍ਹਾਂ ਦੇ ਰਿਹਾ ਹੁੰਦਾ, ਕੋਈ ਮੰਦੇ ਬਾਜ਼ਾਰ ਦਾ ਝੋਰਾ ਕਰਦਾ। ਕਿਸੇ ਡਰਾਈਵਰ ਦਾ ਟਰੈਫਿਕ ਵਾਲੇ ਨੇ ਚਲਾਨ ਕੱਟ ਦਿੱਤਾ ਹੁੰਦਾ। ਕੋਈ ਕਲਕੱਤੇ ਦੇ ਵਧ ਰਹੇ ਟਰੈਫਿਕ ਤੋਂ ਦੁਖੀ ਹੁੰਦਾ। ਕਿਸੇ ਦੀ ਟੈਕਸੀ ਦਾ ਗੇਅਰ ਖਰਾਬ ਹੁੰਦਾ ਤੇ ਕੋਈ ਹੈਡ ਲਾਈਟ ਤੁੜਵਾ ਕੇ ਆਇਆ ਹੁੰਦਾ। ਸਭ ਆਪਣੀ-ਆਪਣੀ ਭੜਾਸ ਕੱਢਦੇ।
‘ਬਾਈ ਜੀ, ਏਅਰ ਪੋਰਟ ਤੋਂ 15 ਕੁ ਕਿਲੋ ਦੀ ਮੇਮ ਮਿਲੀ, ਗੱਡੀ ਉਡਦੀ ਆਵੇ। ਪੈਸੇ ਵੀ ਵਾਧੂ ਸਿੱਟ ਗੀ, ਨਾਲੇ ਥੈਂਕ ਯੂ, ਥੈਂਕ ਯੂ ਕਹਿੰਦੀ।'
‘ਮੇਰੇ ਆਲੀ (ਗੱਡੀ) ਨੇ ਤਾਂ ਰੈਡ ਰੋਡ ਵਿੱਚ ਗੇਅਰ ਦੇ ਜੜਾਕੇ ਪਾ 'ਤੇ, ਖਿੱਚ ਕੇ ਲਿਆਂਦੀ, ਹੁਣ ਆਇਐਂ ਠੀਕ ਕਰਾ ਕੇ..।'
‘ਮੇਰੀ ਤਾਂ ਸਵਾਰੀ ਭੱਜਗੀ ਅੱਜ, ਨਿਊ ਮਾਰਕੀਟ 'ਚ ਗੁੰਮ ਹੋ ਗੀ ਘੰਟਾ ਉਡੀਕਿਆ..।'
‘ਬਿਹਾਲੇ ਆਲਾ ‘ਸੱਪ' ਅੱਜ ਖਿਦਰਪੁਰ ਬਰਨਡ ਚੁੱਕੀ ਖੜਾ ਸੀ।'
‘ਓਹਦੇ ਪਲੱਗ ਈ ਸ਼ਾਟ ਹੋਏ ਰਹਿੰਦੇ ਆਂ।'
ਸਾਡਾ ਡਰਾਈਵਰ ਭਾਈਚਾਰਾ ਏਦਾਂ ਦੀਆਂ ਗੱਲਾਂ ਕਰਕੇ ਮਨ ਹੌਲਾ ਹੁੰਦਾ। ਡਰਾਈਵਰਾਂ ਦੇ ਨਾਮ ਪਤਾ ਨਹੀਂ ਕਿੱਥੋਂ ਕੱਢ ਕੇ ਲਿਆਉਂਦਾ। ਇਨ੍ਹਾਂ ਸਾਹਮਣੇ ਭਾਈ ਕਾਨ੍ਹ ਸਿੰਘ ਨਾਭਾ ਦਾ ਮਹਾਨ ਕੋਸ਼ ਵੀ ਫਿੱਕਾ ਪੈ ਜਾਂਦੈ। ਕੋਈ ‘ਪਗਲਾ', ਕੋਈ ‘ਸਿੱਧਰਾ', ਕੋਈ ‘ਗੰਢੇ ਖਾਣਾ', ਕੋਈ ‘ਸੱਪ', ਕੋਈ ‘ਦੁਖੀਆ', ਕੋਈ ‘ਡੇਂਜਰ', ਕੋਈ ‘ਤੂਤੜ' ਹੋਰ ਵੀ ਬਥੇਰੇ ਅਜਿਹੇ ਨਾਮ ਹਨ। ਕਿਸੇ ਨੂੰ ‘ਚੱਕਾ', ‘ਕਿਸੇ ਨੂੰ ‘ਜੱਕਾ', ਕਿਸੇ ਨੂੰ ‘ਬੈਟਰੀ', ਕਿਸੇ ਨੂੰ ‘ਪਾਨਾ' ਕਹਿੰਦੇ।
ਇਕ ਦਿਨ ਦੁਪਹਿਰ ਵੇਲੇ ਕੋਈ ਸਵਾਰੀ ਨਾ ਮਿਲਦੀ ਵੇਖ ਕੇ ਮੈਂ ਅਜਿਹੇ ਇਕ ਢਾਬੇ ਉਪਰ ਆ ਰੁੁਕਿਆ। ਕੁਝ ਡਰਾਈਵਰ ਜਗਰਾਵਾਂ ਵੱਲ ਦੇ ਇਕ ਡਰਾਈਵਰ ‘ਠੇਠਰ' ਨੂੰ ਘੇਰੀਂ ਬੈਠੇ ਸਨ। ਇਕ ਚੁੱਕਦਾ ਸੀ, ਦੂਸਰਾ ਧਰਦਾ ਸੀ। ਚਖਮਖੀਆਂ ਵਿੱਚ ਉਹ ਆਪਣੇ ਕਿੱਤੇ ਦੀ ਸਾਰੀ ਕੁੜੱਤਣ ਵਿਸਾਰੀ ਬੈਠੇ ਸਨ। ‘ਫੇਰ ਕੁੜਮਾ, ਦੱਸਦਾ ਨੀਂ ਤੂੰ, ਮੁੰਡੇ ਦੀ ਮਾਂ ਪਿੱਛੋਂ ਆ ਰਹੀ ਹੈ ਕਿ ਨਹੀਂ?' ਇਕ ਡਰਾਈਵਰ ਨੇ ਠੇਠਰ ਦੇ ਮੋਢੇ ਉਪਰ ਧੱਫਾ ਮਾਰਦਿਆਂ ਪੁੱਛਿਆ।
ਠੇਠਰ ਦੀ 60 ਕੁ ਸਾਲਾਂ ਦੀ ਉਮਰ ਸੀ। ਨਸਵਾਰ ਲੈਣ ਦੀ ਆਦਤ ਸੀ ਤੇ ਗਲੇ 'ਚੋਂ ਗੁਣਗੁਣੀ ਜਿਹੀ ਆਵਾਜ਼ ਨਿਕਲਦੀ ਸੀ। ਉਮਰ ਵਿੱਚ ਭਾਵੇਂ ਉਹ ਸਾਰਿਆਂ ਨਾਲੋਂ ਵੱਡਾ ਸੀ, ਤਾਂ ਵੀ ਮੰਡ੍ਹੀਰ ਉਸ ਨੂੰ ਸਾਲੀਆਂ 'ਚ ਜੀਜਾ ਬਣਾਈ ਰੱਖਦੀ ਸੀ। ਜਦੋਂ ਸਾਰੇ ਖਹਿੜੇ ਪਏ ਰਹੇ ਤਾਂ ਠੇਠਰ ਨੇ ਸ਼ਰਤ ਰੱਖੀ-‘ਪਹਿਲਾਂ ਚਾਹ ਪਿਆਓ, ਫੇਰ ਦੱਸੂੰ।'
ਇਕ ਨੇ ਝੱਟ ਆਪਣਾ ਗਲਾਸ ਫੜਾ ਕੇ ਕਿਹਾ, ‘ਲੈ ਚਾਹ ਵੀ ਪੀਈ ਚੱਲ ਤੇ ਦੱਸੀ ਵੀ ਚੱਲ।'
‘ਪਹਿਲਾਂ ਮੈਨੂੰ ਇਉਂ ਦੱਸੋ, ਉਸ ਨੂੰ ਏਥੇ ਲਿਆ ਕੇ ਮੈਂ ਓਹਦੀ ਧਾਰ ਕੱਢਣੀ ਐ..?'
ਠੇਠਰ ਨੇ ਜਿਰਾਹ ਕੀਤੀ। ‘ਲੈ ਵਾਹ ਓਏ ਤੇਰੇ ਡੈਡੀ ਠੇਠਰਾ, ਕਮਲਾ ਐਂ ਤੂੰ ਤਾਂ। ਵੀਹ ਫੈਦੇ ਐ, ਜੇ ਤੀਵੀਂ ਏਥੇ ਹੋਵੇ, ਧਾਰ ਕੱਢਣ ਵਾਲੀ ਕਿਹੜੀ ਗੱਲ ਐ।'
ਸਾਰੇ ਲਾਚੜੇ ਉਸ ਨੂੰ ਲਾਡ ਨਾਲ ਕਦੇ ਡੈਡੀ, ਕਦੇ ਠੇਠਰ, ਕਦੇ ਠੇਠਰ ਡੈਡੀ ਕਹਿ ਕੇ ਛੇੜਦੇ ਸਨ।
‘ਧਾਰ ਕੱਢਣ ਤੋਂ ਤਾਂ ਸਾਡਾ ਰੌਲਾ ਪਿਆ ਸੀ।' ਠੇਠਰ ਬੋਲਿਆ।
‘ਕਾਹਦਾ ਰੌਲਾ?' ਕਈ ਇਕੱਠੇ ਬੋਲੇ।
‘ਅਸੀਂ ਲੜ ਪਏ ਸੀ।' ਠੇਠਰ ਬੋਲਿਆ।
‘ਧਾਰ ਕੱਢਣ ਤੋਂ ਕਿਉਂ ਲੜ ਪਏ ਬਈ ਡੈਡੀ?'
‘ਇਕ ਦਿਨ ਥੋਡੀ ਬੇਬੇ ਆਂਹਦੀ ਧਾਰ ਕੱਢ ਲੀਂ, ਮੇਰਾ ਚਿੱਤ ਨੀਂ ਠੀਕ। ਮੈਂ ਕਿਹਾਂ ਮੈਥੋਂ ਧਾਰ ਕੱਢੀ ਨੀਂ ਜਾਣੀ, ਮੇਰਾ ਮੂੰਹ ਦੁਖਦਾਂ। ਮੈਨੂੰ ਕਹਿੰਦੀ ਥੋਡੀ ਬੇਬੇ, ਧਾਰ ਤਾਂ ਤੈਂ ਹੱਥਾਂ ਨਾਲ ਕੱਢਣੀ ਐਂ ਜਾਂ ਮੂੰਹ ਨਾਲ?' ਮੈਂ ਕਿਹਾ, ‘ਸਿੱਧਰੀਏ ਜੇ ਮੱਝ ਲੱਤ ਚੁੱਕ ਗਈ ਤਾਂ ਮੈਂ ਬੁਸ਼ੰਕਰ ਕਾਹਦੇ ਨਾਲ ਮਾਰੂੰਗਾ? ਤੇ ਫੇਰ ਅਸੀਂ ਲੜ ਪੇ।'
ਚੁਫੇਰੇ ਡਰਾਈਵਰਾਂ ਦਾ ਹਾਸਾ ਖਿੱਲਰ ਗਿਆ।
‘ਵਾਹ ਓਏ ਤੇਰੇ ਠੇਠਰਾ ਡੈਡੀ, ਤੂੰ ਤਾਂ ਬਲਾਂ ਕੁੱਤੀ ਚੀਜ਼ ਐ।' ਇਕ ਨੇ ਠੇਠਰ ਨੂੰ ਥਾਪੀ ਦਿੱਤੀ।
‘ਬਸ ਐ ਈ ਸਾਡਾ ਰੌਲਾ ਪੈ ਜਾਂਦਾ ਸੀ।’ ਠੇਠਰ ਪੂਰੇ ਜਲੌਅ ਵਿੱਚ ਸੀ।
‘ਐਤਕੀਂ ਜਦੋਂ ਮੈਂ ਸਿਆਲਾਂ ਨੂੰ ਗਿਆ ਸੀ ਨਾ ਪਿੰਡ, ਥੋਡੀ ਬੇਬੇ ਦੇ ਗੋਡਿਆਂ 'ਤੇ ਮਲਣ ਨੂੰ ਦਵਾਈ ਲੈ ਗਿਆ ਸੀ। ਆਂਹਦੀ ਰਹਿੰਦੀ ਸੀ ਗੋਡੇ ਦੁੱਖਦੇ ਐਂ। ਮੈਂ ਕਿਹਾ, ਦਵਾਈ ਮਲ ਕੇ ਗੋਡਿਆਂ 'ਤੇ ਰਜਾਈ ਲੈ ਲੀਂ। ਥੋੜ੍ਹੇ ਦੇਰ ਕਹਿੰਦੀ ਮੇਰੇ ਤਾਂ ਗੋਡਿਆਂ 'ਚੋਂ ਚੰਗਿਆੜੇ ਨਿਕਲੀਂ ਜਾਂਦੇ ਐਂ। ਮੈਂ ਕਿਹਾ, ਦੇਖੀਂ ਕਿਤੇ ਰਜਾਈ ਨੂੰ ਅੱਗ ਨਾ ਲਾ ਲਈ। ਫੇਰ ਲੜ ਪਈ।'
ਸਾਰੇ ਫੇਰ ਹੱਸ ਪਏ। ਮਚਲਾ ਹੋਇਆ ਠੇਠਰ ਗਿੱਚੀ ਖੁਰਕਣ ਲੱਗ ਪਿਆ।
‘ਚੱਲ ਕੋਈ ਨੀਂ ਤੂੰ ਬੇਬੇ ਨੂੰ ਮੰਗਾ ਏਥੇ। ਰੋਟੀ ਗਰਮ ਮਿਲਿਆ ਕਰੂ। ਜਦੋਂ ਟੈਕਸੀ ਚਲਾ ਕੇ ਥੱਕਿਆ ਹੋਇਆ ਘਰ ਜਾਏਂਗਾ, ਨਹਾਉਣ ਨੂੰ ਗਰਮ ਪਾਣੀ ਮਿਲਿਆ ਕਰੂ, ਡੈਡੀ ਬੇਬੇ ਤੇਰੀਆਂ ਲੱਤਾਂ ਘੁੱਟਿਆ ਕਰੂ। ਤੇਰੀ ਉਮਰ ਵਧ ਜੂ।' ਇਕ ਨੇ ਸੂਈ ਫੇਰ ਪਹਿਲਾਂ ਵਾਲੀ ਥਾਂ ਉਪਰ ਲਿਆ ਧਰੀ।
‘ਹਾਲਾਂ, ਮੇਰੀ ਉਮਰ ਵੀ ਵਧ ਜੂ?' ਠੇਠਰ ਨੇ ਹੈਰਾਨ ਹੋ ਕੇ ਪੁੱਛਿਆ।
‘ਹਾਂ ਡੈਡੀ, ਪੱਕੀ ਗੱਲ।' ਇਕ ਸਾਰਿਆਂ ਨਾਲੋਂ ਅੱਗੇ ਹੋ ਕੇ ਬੋਲਿਆ ਤੇ ਪੋਲਾ ਜਿਹਾ ਉਸ ਦੀ ਦਾੜ੍ਹੀ ਨੂੰ ਪਲੋਸਿਆ।
‘ਫੇਰ ਐਂ ਕਰ ਸ਼ੇਰਾ, ਚਾਰ ਕੁ ਦਿਨ ਆਪਣੀ ਬੇਬੇ ਨੂੰ ਛੱਡ ਜਾ, ਪਰਤਿਆ ਲਈਏ, ਫੇਰ ਮੈਂ ਪਿੰਡੋਂ ਉਹਨੂੰ ਵੀ..।' ਗੱਲ ਅਜੇ ਠੇਠਰ ਤੋਂ ਪੂਰੀ ਨਹੀਂ ਹੋਈ, ਇਕ ਨੇ ਚਾਂਭਲ ਕੇ ਬੈਠੇ ਬਿਠਾਏ ਠੇਠਰ ਨੂੰ ਚੁੱਕ ਕੇ ਗੇੜਾ ਦੇ ਦਿੱਤਾ। ‘ਢਿੰਬਰੀ ਫਿੱਟ ਕਰਤੀ, ਵਾਹ ਓਏ ਤੇਰੇ ਡੈਡੀ, ਸਦਕੇ ਓਏ ਤੇਰੇ ਡੈਡੀ।'
‘ਓਏ ਕੰਜਰਾ, ਤੂੰ ਤਾਂ ਮੈਨੂੰ ਰਾਕਟ ਬਣਾਈ ਫਿਰਦੈ।' ਠੇਠਰ ਨੇ ਝੂਠਾ ਜਿਹਾ ਰੌਲਾ ਪਾਇਆ। ਡਰਾਈਵਰ ਤਾੜੀਆਂ ਮਾਰ-ਮਾਰ ਹੱਸਦੇ ਰਹੇ।
ਇਉਂ ਅਸੀਂ ਹੌਲੇ ਫੁੱਲ ਹੋਏ ਹੋਟਲ ਤੋਂ ਸੌਂਫ ਦੇ ਦਾਣੇ ਮੂੰਹ ਵਿੱਚ ਚੱਬਦੇ ਹੋਏ ਬਾਕੀ ਦਿਨ ਭਰ ਦੀ ਮੁਸ਼ੱਕਤ ਲਈ ਆਪਣੇ-ਆਪਣੇ ਸਟੇਰਿੰਗਾਂ 'ਤੇ ਜਾ ਬੈਠਦੇ।

Have something to say? Post your comment