ਟੋਰਾਂਟੋ, 10 ਅਕਤੂਬਰ (ਪੋਸਟ ਬਿਊਰੋ) : ਅਮਰੀਕਾ ਦੇ ਟਰੇਡ ਨੁਮਾਇੰਦੇ ਰੌਬਰਟ ਲਾਈਥਜ਼ਰ ਨੇ ਮੰਗਲਵਾਰ ਨੂੰ ਕੈਨੇਡਾ ਦੀ ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਨਾਲ ਉਨ੍ਹਾਂ ਦੇ ਟੋਰਾਂਟੋ ਸਥਿਤ ਘਰ ਵਿੱਚ ਮੁਲਾਕਾਤ ਕੀਤੀ।
ਲਾਈਥਜ਼ਰ ਦੇ ਆਫਿਸ ਵੱਲੋਂ ਜਾਰੀ ਕੀਤੇ ਬਿਆਨ ਅਨੁਸਾਰ ਇੱਕ ਵਾਰੀ ਦੋਵੇਂ ਆਗੂ ਮੁੜ ਇਸ ਲਈ ਇੱਕਠੇ ਹੋਏ ਹਨ ਤਾਂ ਕਿ ਯੂਐਸ-ਮੈਕਸਿਕੋ-ਕੈਨੇਡਾ ਟਰੇਡ ਡੀਲ ਦੇ ਤਾਜ਼ਾ ਰੂਪ ਬਾਰੇ ਵਿਚਾਰ ਵਟਾਂਦਰਾ ਕੀਤਾ ਜਾ ਸਕੇ। ਬਿਆਨ ਵਿੱਚ ਇਹ ਵੀ ਆਖਿਆ ਗਿਆ ਕਿ ਉਨ੍ਹਾਂ ਨੇ ਫਰੀਲੈਂਡ ਤੇ ਉਨ੍ਹਾਂ ਦੇ ਪਰਿਵਾਰ ਨਾਲ ਇੱਕਠਿਆਂ ਡਿਨਰ ਵੀ ਕੀਤਾ।
ਜਿ਼ਕਰਯੋਗ ਹੈ ਕਿ ਅਜੇ ਕੁੱਝ ਹਫਤੇ ਪਹਿਲਾਂ ਹੀ ਸਪਸ਼ਟ ਤੌਰ ਉੱਤੇ ਫਰੀਲੈਂਡ ਬਾਰੇ ਗੱਲ ਕਰਦਿਆਂ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਇਹ ਆਖਿਆ ਸੀ ਕਿ ਅਸੀਂ (ਕੈਨੇਡਾ ਦੇ) ਬਹੁਤੇ ਨੁਮਾਇੰਦਿਆਂ ਨੂੰ ਪਸੰਦ ਨਹੀਂ ਕਰਦੇ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਹ ਮੀਟਿੰਗ ਵਿਗੜੇ ਹੋਏ ਸਬੰਧਾਂ ਉੱਤੇ ਮਲ੍ਹਮ ਲਾਉਣ ਲਈ ਵੀ ਉਚੇਚੇ ਤੌਰ ਉੱਤੇ ਰੱਖੀ ਗਈ ਹੋਵੇਗੀ।