Welcome to Canadian Punjabi Post
Follow us on

18

October 2019
ਸੰਪਾਦਕੀ

ਸ਼ਰਾਬ ਅਤੇ ਉਂਟੇਰੀਓ ਸਰਕਾਰ ਦੀ ਲੋਕ ਸੇਵਾ

July 09, 2019 08:57 AM

ਪੰਜਾਬੀ ਪੋਸਟ ਸੰਪਾਦਕੀ

ਟੋਰਾਂਟੋ ਦੀ ਚੀਫ਼ ਮੈਡੀਕਲ ਅਫ਼ਸਰ ਈਲੀਨ ਡੀ ਵਿੱਲਾ (Eileen de Villa) ਨੇ ਇੱਕ ਰਿਪੋਰਟ ਵਿੱਚ ਤਾੜਨਾ ਕੀਤੀ ਹੈ ਕਿ ਉਂਟੇਰੀਓ ਦੀ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਸ਼ਰਾਬ ਅਤੇ ਬੀਅਰ ਪੀਣ ਦੀ ਖੁੱਲ ਦੇਣ ਲਈ ਲਾਗੂ ਕੀਤੇ ਗਏ ਨਿਯਮ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਨਾਲ ਖਿਲਵਾੜ ਕਰਨ ਵਾਲੀ ਕਾਰਵਾਈ ਹੈ। ਟੋਰਾਂਟੋ ਸਿਟੀ ਨੂੰ ਲਿਖੀ ਆਪਣੀ ਰਿਪੋਰਟ ਵਿੱਚ ਡਾਕਟਰ ਈਲੀਨ ਦਾ ਕਹਿਣਾ ਹੈ ਕਿ ਜਦੋਂ ਸੁਬਹ-ਸਵੇਰੇ ਹੀ ਸ਼ਰਾਬ ਦੇ ਸ਼ੁਕੀਨ ਟੱਲੀ ਹੋਣ ਲੱਗ ਜਾਂਦੇ ਹਨ ਤਾਂ ਸ਼ਰਾਬ ਨਾਲ ਸਬੰਧਿਤ ਦੁਰਘਟਨਾਵਾਂ ਵਿੱਚ ਵਾਧਾ ਹੁੰਦਾ ਹੈ ਜਿਹਨਾਂ ਰੋਕਥਾਮ ਲਈ ਸਿਟੀ ਵੱਲੋਂ ਸੰਭਵ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਵਰਨਣਯੋਗ ਹੈ ਕਿ ਇਸ ਸਾਲ ਉਂਟੇਰੀਓ ਦੇ ਬੱਜਟ ਬਿੱਲ ਵਿੱਚ ਇੱਕ ਨੁਕਤਾ ਇਹ ਵੀ ਪਾਇਆ ਗਿਆ ਸੀ ਕਿ ਸ਼ਰਾਬ ਨੂੰ ਸਵੇਰੇ 9 ਵਜੇ ਤੋਂ ਅਗਲੇ ਦਿਨ ਸਵੇਰ 2 ਵਜੇ ਤੱਕ ਵੇਚਿਆ ਜਾ ਸਕਦਾ ਹੈ। ਕਿਉਂਕਿ ਨਵੇਂ ਸਾਲ ਦਾ ਦਾਰੂ ਦੇ ਰੰਗ ਵਿੱਚ ਚੜਨਾ ਹੀ ਕਾਫੀ ਨਹੀਂ ਹੁੰਦਾ ਸਗੋਂ ਇਸ ਰੰਗ ਦਾ ਅਸਰ ਕੁੱਝ ਜਿਆਦਾ ਦੇਰ ਤੱਕ ਬਣਿਆ ਰਹਿਣਾ ਚਾਹੀਦਾ ਹੈ, ਸੋ 31 ਦਸੰਬਰ ਨੂੰ ਤੁਸੀਂ ‘ਅੰਗੂਰ ਦੀ ਬੇਟੀ’ ਦਾ ਸਵੇਰੇ 9 ਵਜੇ ਤੋਂ ਅਗਲੇ ਦਿਨ 1 ਜਨਵਰੀ ਨੂੰ ਸਵੇਰੇ 3 ਵਜੇ ਤੱਕ ਸੇਵਨ ਕਰ ਸਕਦੇ ਹੋ।

ਵਰਨਣਯੋਗ ਹੈ ਕਿ ਕੁੱਝ ਸਮਾਂ ਪਹਿਲਾਂ ਟੋਰਾਂਟੋ ਸੈਂਟਰ ਫਾਰ ਐਡਿਕਸ਼ਨ ਐਂਡ ਮੈਂਟਲ ਹੈਲਥ ਅਤੇ ਯੂਨੀਵਰਸਿਟੀ ਆਫ ਵਿਕਟੋਰੀਆ ਵੱਲੋਂ ਸਾਂਝੇ ਰੂਪ ਵਿੱਚ ਇੱਕ ਸਟੱਡੀ ਕੀਤੀ ਸੀ। ਇਸ ਸਟੱਡੀ ਮੁਤਾਬਕ ਜਿੱਥੇ ਕਿਤੇ ਵੀ ਸ਼ਰਾਬ ਬਾਰੇ ਨੇਮਾਂ ਵਿੱਚ ਢਿੱਲ ਦਿੱਤੀ ਜਾਂਦੀ ਹੈ ਤਾਂ ਉਸਦਾ ਸਿੱਟਾ ਅਪਰਾਧਾਂ ਵਿੱਚ ਵਾਧਾ ਹੋਣ ਵਿੱਚ ਨਿਕਲਦਾ ਹੈ, ਜਿ਼ਆਦਾ ਲੋਕ ਹਸਪਤਾਲਾਂ ਵਿੱਚ ਭਰਤੀ ਹੁੰਦੇ ਹਨ ਅਤੇ ਲੋਕਾਂ ਦੀ ਜਾਨ ਨੂੰ ਖਤਰਾ ਬਣਦਾ ਹੈ। ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਜੌਰਨਲ (Canadian Medical Association Journal, CMAJ) ਨੇ ਕੱਲ ਜਾਰੀ ਇੱਕ ਰਿਪੋਰਟ ਵਿੱਚ ਉਸ ਸਿਧਾਂਤ ਨੂੰ ਗਲਤ ਦੱਸਿਆ ਹੈ ਕਿ ਘੱਟ ਮਾਤਰਾ ਵਿੱਚ ਸ਼ਰਾਬ ਪੀਣਾ ਸੁਰੱਖਿਅਤ ਅਤੇ ਸਿਹਤ ਲਈ ਲਾਭਦਾਇਕ ਹੁੰਦਾ ਹੈ। ਹਾਂਗਕਾਂਗ ਵਿੱਚ 10,400 ਅਤੇ ਅਮਰੀਕਾ ਵਿੱਚ 30,000 ਲੋਕਾਂ ਦੇ ਰਿਕਾਰਡ ਕੀਤੇ ਗਏ ਅਨੁਭਵਾਂ ਦਾ ਮੁਆਇਨਾ ਕਰਨ ਤੋਂ ਬਾਅਦ ਤਿਆਰ ਕੀਤੀ ਇਸ ਰਿਪੋਰਟ ਮੁਤਾਬਕ ਜਿਹੜੇ ਲੋਕ ਮੁੱਢ ਤੋਂ ਹੀ ਸ਼ਰਾਬ ਨਹੀਂ ਪੀਂਦੇ, ਉਹਨਾਂ ਦੀ ਮਾਨਸਿਕ ਸਿਹਤ ਸ਼ਰਾਬੀਆਂ ਨਾਲੋਂ ਹੀ ਨਹੀਂ ਸਗੋਂ ਘੱਟ ਮਾਤਰਾ ਵਿੱਚ ਸ਼ਰਾਬ ਪੀਣ ਵਾਲਿਆਂ ਨਾਲੋਂ ਵੀ ਬਿਹਤਰ ਹੁੰਦੀ ਹੈ।

Canadian Centre on Substance Use and Addition ਵੱਲੋਂ ਵੀ ਦਾਅਵਾ ਕੀਤਾ ਗਿਆ ਹੈ ਕਿ ਘੱਟ ਸ਼ਰਾਬ ਪੀਣ ਦੇ ਲਾਭਾਂ ਬਾਰੇ ਜੋ ਦਾਅਵੇ ਕੀਤੇ ਜਾਂਦੇ ਰਹੇ ਹਨ, ਵਰਤਮਾਨ ਵਿੱਚ ਉਹਨਾਂ ਦੀ ਸਾਰਥਕਤਾ ਖਤਮ ਹੁੰਦੀ ਜਾਂਦੀ ਹੈ। ਪਿਛਲੇ ਸਾਲ ਕੈਨੇਡਾ ਦੇ ਮੁੱਖ ਪਬਲਿਕ ਸਿਹਤ ਅਫ਼ਸਰ ਵੱਲੋਂ ਤਾੜਨਾ ਕੀਤੀ ਗਈ ਸੀ ਕਿ ਕੈਨੇਡੀਅਨਾਂ ਦੀ ਸ਼ਰਾਬ ਪੀਣ ਦੀ ਆਦਤ ਬੁਰੀ ਤੋਂ ਬਦਤਰ ਹੁੰਦੀ ਜਾ ਰਹੀ ਹੈ ਕਿਉਂਕਿ 15 ਸਾਲ ਤੋਂ 80 ਸਾਲ ਦੇ 80% ਕੈਨੇਡੀਅਨ ਸ਼ਰਾਬ ਪੀਂਦੇ ਹਨ।

ਬੇਸ਼ੱਕ ਵੱਖ 2 ਕਿਸਮ ਦੇ ਨਸਿ਼ਆਂ ਦੀ ਮਾਰ ਦਾ ਜਿ਼ਕਰ ਅਕਸਰ ਮੀਡੀਆ ਵਿੱਚ ਹੁੰਦਾ ਰਹਿੰਦਾ ਹੈ ਪਰ ਸ਼ਰਾਬ ਹਾਲੇ ਵੀ ‘ਕਮਰੇ ਵਿੱਚ ਖੜਾ ਉਹ ਹਾਥੀ’ ਹੈ ਜਿਸ ਸਾਹਮਣੇ ਬਾਕੀ ਨਸਿ਼ਆਂ ਦੇ ਕੱਦਕਾਠ ਚੂਹੇ ਸਮਾਨ ਹੀ ਹਨ। ਮਿਸਾਲ ਵਜੋਂ ਕੈਨੇਡੀਅਨ ਇਸਨਟੀਚਿਊਟ ਆਫ਼ ਹੈਲਥ ਇਨਫਰਮੇਸ਼ਨ ਵੱਲੋਂ ਇਕੱਤਰ ਅੰਕੜਿਆਂ ਮੁਤਾਬਕ ਕੈਨੇਡਾ ਵਿੱਚ ਰੋਜ਼ਾਨਾ 10 ਵਿਅਕਤੀ ਜਿ਼ਆਦਾ ਨਸ਼ਾ ਕਰਨ ਨਾਲ ‘ਰੱਬ ਜੀ’ ਨੂੰ ਪਿਆਰੇ ਹੁੰਦੇ ਹਨ ਜਿਹਨਾਂ ਵਿੱਚੋਂ 75% ਸ਼ਰਾਬ ਪੀ ਕੇ ਸਵਰਗ ਸਿਧਾਰਦੇ ਹਨ। ਹਸਪਤਾਲ ਤੋਂ ਬਾਹਰ ਭਾਵ ਘਰਾਂ ਵਿੱਚ ਨਸਿ਼ਆਂ ਨਾਲ ਮਰਨ ਵਾਲਿਆਂ ਦੇ ਅੰਕੜੇ ਇਸ ਸੰਸਥਾ ਕੋਲ ਵੀ ਉਪਲਬਧ ਨਹੀਂ ਹਨ।

ਇਹਨਾਂ ਤੱਥਾਂ ਦੇ ਸਨਮੁਖ ਪ੍ਰੋਵਿੰਸ਼ੀਅਲ ਸਰਕਾਰ ਨੂੰ ਚਾਹੀਦਾ ਹੈ ਕਿ ਸ਼ਰਾਬ ਬਾਰੇ ਬਹੁਤੀ ਢਿੱਲ ਵਰਤਣ ਦੀ ਨੀਤੀ ਦਾ ਮੁਲਾਂਕਣ ਕੀਤਾ ਜਾਵੇ। ਜਦੋਂ ਤੱਕ ਪ੍ਰੋਵਿੰਸ਼ੀਅਲ ਸਰਕਾਰ ਇਸ ਮੁੱਦੇ ਉੱਤੇ ਕੁੱਝ ਸਾਰਥਕ ਨਹੀਂ ਕਰਦੀ, ਵੱਖ 2 ਸ਼ਹਿਰਾਂ ਦੇ ਮੈਡੀਕਲ ਅਫ਼ਸਰਾਂ ਨੂੰ ਟੋਰਾਂਟੋ ਦੇ ਚੀਫ਼ ਮੈਡੀਕਲ ਅਫ਼ਸਰ ਤੋਂ ਸਿੱਖ ਕੇ ਆਪਣੀ ਰਾਏ ਸਿਟੀ ਹੁਕਮਰਾਨਾਂ ਨਾਲ ਸਾਂਝੀ ਕਰਨੀ ਚਾਹੀਦੀ ਹੈ। ਬਰੈਂਪਟਨ ਅਤੇ ਮਿਸੀਸਾਗਾ ਵਾਸੀਆਂ ਲਈ ਸਿਹਤ ਦੀ ਜੁੰਮੇਵਾਰੀ ਰੀਜਨ ਆਫ਼ ਪੀਲ ਕੋਲ ਹੈ ਜਿਸਦੇ ਮੈਡੀਕਲ ਅਫ਼ਸਰ ਨੂੰ ਇਸ ਮਾਮਲੇ ਵੱਲ ਵਿਸ਼ੇਸ਼ ਕਰਕੇ ਧਿਆਨ ਦੇਣ ਦੀ ਲੋੜ ਹੈ। ਖਾਸ ਕਰਕੇ ਇਸ ਤੱਥ ਦੇ ਸਨਮੁਖ ਕਿ ਪੀਲ ਰੀਜਨ ਦੇ ਕੁੱਝ ਖੇਤਰਾਂ ਖਾਸ ਕਰਕੇ ਬਰੈਂਪਟਨ ਵਿੱਚ ਕਈ ਐਲ ਸੀ ਬੀ ਓ ਅਜਿਹੇ ਹਨ ਜਿਹਨਾਂ ਦੀ ਸ਼ਰਾਬ ਦੀ ਵਿੱਕਰੀ ਕੈਨੇਡਾ ਭਰ ਵਿੱਚ ਸੱਭ ਤੋਂ ਵੱਧ ਹੈ।

Have something to say? Post your comment