Welcome to Canadian Punjabi Post
Follow us on

18

October 2019
ਸੰਪਾਦਕੀ

ਮੋਹਰੀ ਹੋਣ ਦੇ ਬਾਵਜੂਦ ਫਾਡੀ ਬਣਦੇ ਜਾ ਰਹੇ ਕੰਜ਼ਰਵੇਟਿਵ-2

July 05, 2019 08:25 AM

ਪੰਜਾਬੀ ਪੋਸਟ ਸੰਪਾਦਕੀ

ਕੱਲ ਅਸੀਂ ਅਕਤੂਬਰ ਵਿੱਚ ਹੋਣ ਜਾ ਰਹੀਆਂ ਚੋਣਾਂ ਬਾਰੇ ਫੈਡਰਲ ਪੱਧਰ ਦੇ ਰੁਝਾਨਾਂ ਉੱਤੇ ਪੰਛੀ ਝਾਤ ਮਾਰਦੇ ਹੋਏ ਵੇਖਿਆ ਸੀ ਕਿ ਕਿਵੇਂ ਚੰਗੀ ਖਾਸੀ ਲੀਡ ਨੂੰ ਕੰਜ਼ਰਵੇਟਿਵ ਦਿਨੋਂ ਦਿਨ ਢਿੱਲੇ ਹੱਥਾਂ ਵਿੱਚ ਫੜੀ ਸਰੋਂ ਵਾਗੂੰ ਕੇਰਦੇ ਜਾ ਰਹੇ ਹਨ। ਜੇ ਇਸ ਰੁਝਾਨ ਨੂੰ ਅਸੀਂ ਉਂਟੇਰੀਓ ਦਾ ਲੈਂਜ਼ ਲਾ ਕੇ ਵੇਖਣ ਦੀ ਕੋਸਿ਼ਸ਼ ਕਰੀਏ ਤਾਂ ਕੰਜ਼ਰਵੇਟਿਵਾਂ ਲਈ ਤਸਵੀਰ ਹੋਰ ਵੀ ਧੁੰਦਲੀ ਬਣਦੀ ਜਾ ਰਹੀ ਹੈ। ਉਂਟੇਰੀਓ ਭਰ ਵਿੱਚ ਜੇ ਅੱਜ ਵੋਟਾਂ ਕਰਵਾਈਆਂ ਜਾਣ ਤਾਂ Calculated politics ਅਨੁਸਾਰ ਲਿਬਰਲਾਂ ਨੂੰ 36.9% ਵੋਟਰਾਂ ਦਾ ਸਮਰੱਥਨ ਮਿਲੇਗਾ ਜਦੋਂ ਕਿ ਕੰਜ਼ਰਵੇਟਿਵਾਂ ਦਾ ਗਰਾਫ 32.7% ਉੱਤੇ ਖੜਾ ਹੈ। ਵਰਨਣਯੋਗ ਹੈ ਕਿ ਮਾਰਚ 2019 ਤੋਂ ਬਾਅਦ ਕੰਜ਼ਰਵੇਟਿਵ ਸਾਰੇ ਸਰਵੇਖਣਾਂ ਵਿੱਚ ਅੱਗੇ ਚੱਲਦੇ ਆਏ ਹਨ ਪਰ ਮੱਧ ਜੂਨ ਵਿੱਚ ਆ ਕੇ ਅਚਾਨਕ ਹਾਲਾਤਾਂ ਨੇ ਅਜਿਹਾ ਚੱਕਰ ਲਿਆ ਹੈ ਕਿ ਕੰਜ਼ਰਵੇਟਿਵ ਪਿੱਛੇ ਜਾ ਡਿੱਗੇ ਹਨ।

ਬੀਤੇ ਦਿਨੀਂ ਪਬਲਿਕ ਸਕੁਐਰ ਰੀਸਰਚ ਵੱਲੋਂ ਕੀਤੇ ਗਏ ਇੱਕ ਸਰਵੇਖਣ ਦੇ ਨਤੀਜੇ ਦੱਸਦੇ ਹਨ ਕਿ ਬੇਸ਼ੱਕ ਮੂਲਵਾਸੀ ਵੋਟਰ ਲਿਬਰਲ ਪਾਰਟੀ ਨਾਲੋਂ ਟੁੱਟ ਕੇ ਹੋਰਾਂ ਖੇਮਿਆਂ ਵਿੱਚ ਸ਼ਾਮਲ ਹੋ ਰਹੇ ਹਨ ਪਰ ਪਰਵਾਸੀਆਂ ਵਿੱਚ ਹਾਲੇ ਵੀ ਲਿਬਰਲ ਪਾਰਟੀ ਲਈ ਆਕਰਸ਼ਣ ਬਣਿਆ ਹੋਇਆ ਹੈ। ਪਰਵਾਸੀਆਂ ਦੇ ਸੰਦਰਭ ਵਿੱਚ ਗਰੇਟਰ ਟੋਰਾਂਟੋ ਏਰੀਆ ਹੀ ਸੱਭ ਤੋਂ ਵੱਧ ਮਾਅਨੇ ਰੱਖਦਾ ਹੈ ਜਿੱਥੇ ਲਗਭੱਗ ਸਾਰੀਆਂ ਸੀਟਾਂ ਦਾ ਫੈਸਲਾ ਪਰਵਾਸੀ ਵੋਟਰਾਂ ਸਹਾਰੇ ਹੁੰਦਾ ਹੈ। ਸਮੁੱਚੇ ਗਰੇਟਰ ਟੋਰਾਂਟੋ ਏਰੀਆ ਵਿੱਚ ਇੱਕਾ ਦੁੱਕਾ ਰਾਈਡਿੰਗਾਂ ਨੂੰ ਛੱਡ ਕੇ ਅਜਿਹੀਆਂ ਰਾਈਡਿੰਗਾਂ ਲੱਭਣੀਆਂ ਔਖੀਆਂ ਹਨ ਜਿੱਥੇ ਕੰਜ਼ਰਵੇਟਿਵ ਮੂਹਰੇ ਚੱਲ ਰਹੇ ਹੋਣ।

ਜੇ ਪੀਲ ਰੀਜਨ ਦੀ ਗੱਲ ਕੀਤੀ ਜਾਵੇ ਤਾਂ ਸੱਭ ਤੋਂ ਪਹਿਲਾਂ ਖਿਆਲ ਬਰੈਂਪਟਨ ਈਸਟ ਵੱਲ ਜਾਂਦਾ ਹੈ ਜਿੱਥੇ ਜੀ ਟੀ ਏ ਵਿੱਚ ਸੱਭ ਤੋਂ ਵੱਧ ਗਿਣਤੀ ਵਿੱਚ ਪਰਵਾਸੀ ਵੋਟਰ, 70% ਦੇ ਕਰੀਬ ਵੱਸਦੇ ਹਨ। ਇਸ ਰਾਈਡਿੰਗ ਵਿੱਚ ਜੇ ਅੱਜ ਚੋਣਾਂ ਕਰਵਾ ਲਈਆਂ ਜਾਣ ਤਾਂ ਲਿਬਰਲ ਉਮੀਦਵਾਰ ਦੇ ਜਿੱਤਣ ਦੇ 43% ਚਾਂਨਸ ਹਨ ਜਦੋਂ ਕਿ ਕੰਜ਼ਰਵੇਟਿਵ ਉਮੀਦਵਾਰ ਨੂੰ ਸਿਰਫ਼ 23% ਵੋਟਾਂ ਮਿਲਣ ਦੀ ਆਸ ਹੈ। ਬਰੈਂਪਟਨ ਦੀਆਂ ਰਾਈਡਿੰਗਾਂ ਵਿੱਚੋਂ ਇਹੋ ਇੱਕ ਰਾਈਡਿੰਗ ਹੈ ਜਿੱਥੇ ‘ਐਨ ਡੀ ਪੀ’ ਵੀ ਕੰਜ਼ਰਵੇਟਿਵਾਂ ਦੇ 23% ਸਮਰੱਥਨ ਦੇ ਬਰਾਬਰ ਖੜੀ ਹੈ। ਇਸ ਰਾਈਡਿੰਗ ਤੋਂ ਐਨ ਡੀ ਪੀ ਲਈ ਉਮੀਦਵਾਰ ਸ਼ਰਨਜੀਤ ਚੀਮਾ ਦੇ ਹੋਣ ਦੀ ਚਰਚਾ ਹੈ ਜੋ ਕਿ ਇੱਕ ਲੇਬਰ ਮਸਲਿਆਂ ਦੇ ਮਾਹਰ ਵਕੀਲ ਹਨ। ਸ੍ਰੀ ਚੀਮਾ ਨੇ ਲੰਬੇ ਸਮੇਂ ਤੱਕ ਪਾਰਟੀ ਆਗੂ ਜਗਮੀਤ ਸਿੰਘ ਲਈ ਕੰਮ ਕੀਤਾ ਹੈ। ਹੁਣ ਵੇਖਣਾ ਹੋਵੇਗਾ ਕਿ ਜਗਮੀਤ ਸਿੰਘ ਵੱਲੋਂ ਸ਼ਰਨਜੀਤ ਚੀਮਾ ਨੂੰ ਕਿਹੋ ਜਿਹਾ ਸਮਰੱਥਨ ਦਿੱਤਾ ਜਾਵੇਗਾ। ਕੰਜ਼ਰਵੇਟਿਵ ਉਮੀਦਵਾਰ ਰੋਮਾਨਾ ਸਿੰਘ ਬੇਸ਼ੱਕ ਕਾਫੀ ਮਿਹਨਤ ਕਰ ਰਹੀ ਹੈ ਪਰ ਬਾਹਰੋਂ ਆਈ ਹੋਣ ਕਾਰਣ ਉਸ ਕੋਲ ਕਮਿਉਨਿਟੀ ਵਿੱਚ ਮਜ਼ਬੂਤ ਆਧਾਰ ਦੀ ਕਮੀ ਹੈ। ਲਿਬਰਲ ਨੌਮੀਨੇਸ਼ਨ ਹਾਲੇ ਹੋਣੀ ਬਾਕੀ ਹੈ ਪਰ ਚਰਚਾ ਹੈ ਕਿ ਇਸ ਰਾਈਡਿੰਗ ਤੋਂ ਕੈਨੇਡਾ ਦੇ ਜੰਮਪਲ ਅਤੇ ਉੱਚ ਸਿੱਖਿਆ ਪ੍ਰਾਪਤ ਉਮੀਦਵਾਰ ਦੇ ਅੱਗੇ ਆਉਣ ਦੀ ਚਰਚਾ ਹੈ ਜਿਸਦਾ ਕਮਿਉਨਿਟੀ ਵਿੱਚ ਕਾਫ਼ੀ ਚੰਗਾ ਅਸਰ ਰਸੂਖ ਹੈ।

ਬਰੈਂਪਟਨ ਵੈਸਟ ਵਿੱਚ ਵਰਤਮਾਨ ਲਿਬਰਲ ਐਮ ਪੀ ਕਮਲ ਖੈਹਰਾ ਨੂੰ ਮਿਲ ਰਹੇ 48% ਸਮਰੱਥਨ ਦੇ ਮੁਕਾਬਲੇ ਕੰਜ਼ਰਵੇਟਿਵ ਦੇ ਉਮੀਦਵਾਰ ਮੁਰਾਰੀਲਾਲ ਥਪਲਿਆਲ ਦਾ 30% ਉੱਤੇ ਹੋਣਾ ਤਸਵੀਰ ਨੂੰ ਕਿਸੇ ਹੱਦ ਤੱਕ ਖੁਦ ਹੀ ਬਿਆਨ ਕਰਦਾ ਹੈ। ਐਨ ਡੀ ਪੀ ਲਈ ਉਮੀਦਵਾਰ ਅਮਨਦੀਪ ਕੌਰ ਦਾ ਨਾਮ ਚਰਚਾ ਵਿੱਚ ਹੈ ਪਰ ਉਹ ਆਪਣਾ ਕਿੰਨਾ ਕੁ ਆਧਾਰ ਬਣਾ ਸਕੇਗੀ, ਇਸ ਬਾਰੇ ਹਾਲ ਦੀ ਘੜੀ ਆਖਣਾ ਮੁਸ਼ਕਲ ਹੈ। ਇਵੇਂ ਹੀ ਬਰੈਂਪਟਨ ਸਾਊਥ ਵਿੱਚ ਲਿਬਰਲ ਐਮ ਪੀ ਸੋਨੀਆ ਸਿੱਧੂ ਲਈ 44% ਦੇ ਮੁਕਾਬਲੇ ਕੰਜ਼ਰਵੇਟਿਵ ਰਮਨ ਬਰਾੜ ਲਈ ਅੱਜ ਮਿਲ ਰਹੇ 35% ਸਮਰੱਥਨ ਦੇ ਸਹਾਰੇ ਇਸ ਕਿਲੇ ਨੂੰ ਤੋੜਨਾ ਕਾਫੀ ਮੁਸ਼ਕਲ ਜੰਗ ਹੋਵੇਗੀ। ਬਰੈਂਪਟਨ ਸੈਂਟਰ ਵਿੱਚ ਰਾਮੇਸ਼ਵਰ ਸੰਘਾ ਐਮ ਪੀ ਲਈ 44% ਸਮਰੱਥਨ ਹੈ ਜਦੋਂ ਕਿ ਕੰਜ਼ਰਵੇਟਿਵ ਪਾਰਟੀ ਦੀ ਉਮੀਦਵਾਰ ਪਵਨਦੀਪ ਗੋਸਲ ਲਈ ਅੱਜ ਦੇ ਦਿਨ ਸਮਰੱਥਨ 31% ਹੈ। ਮੁੱਕਦੀ ਗੱਲ ਇਹ ਕਿ ਬਰੈਂਪਟਨ ਦੀ ਸਿਰਫ਼ ਬਰੈਂਪਟਨ ਨੌਰਥ ਰਾਈਡਿੰਗ ਹੀ ਅਜਿਹੀ ਹੈ ਜਿੱਥੇ ਕੰਜ਼ਰਵੇਟਿਵ ਉਮੀਦਵਾਰ ਅਰਪਣ ਖੰਨਾ (34%) ਵੱਲੋਂ ਲਿਬਰਲ ਐਮ ਪੀ ਰੂਬੀ ਸਹੋਤਾ (39%) ਨੂੰ ਸਖ਼ਤ ਮੁਕਾਬਲਾ ਦਿੱਤੇ ਜਾਣ ਦੀ ਉਮੀਦਵਾਰ ਹੈ। ਇਸਦਾ ਇੱਕ ਵੱਡਾ ਕਾਰਣ ਅਰਪਣ ਖੰਨਾ ਦਾ ਖੁਦ ਇੱਕ ਹਿੰਮਤੀ ਅਤੇ ਸਿਆਸਤ ਪੱਖੋਂ ਹੰਢਿਆ ਵਰਤਿਆ ਆਗੂ ਹੋਣਾ ਹੈ। ਉਹ ‘ਜੋ ਪਾਰਟੀ ਦਾ ਸਟੈਂਡ ਉਹੀ ਮੇਰਾ ਸਟੈਂਡ’ ਵਰਗੀਆਂ ਗੱਲਾਂ ਕਰਨ ਵਾਲਾ ਨਹੀਂ ਸਗੋਂ ਮਸਲਿਆਂ ਨੂੰ ਸਮਝ ਕੇ ਦਲੀਲ ਦੇਣ ਦੇ ਕਾਬਲ ਹੈ।

ਐਨ ਡੀ ਪੀ ਨੇ ਜਿਹੜੇ ਚਾਰ ਉਮੀਦਵਾਰ ਬਰੈਂਪਟਨ ਈਸਟ (ਸ਼ਰਨਜੀਤ ਚੀਮਾ), ਬਰੈਂਪਟਨ ਸਾਊਥ (ਮੈਂਡੀ ਬਰਾੜ), ਅਤੇ ਬਰੈਂਪਟਨ ਵੈਸਟ ਤੋਂ ਅਮਨਦੀਪ ਕੌਰ ਐਲਾਨੇ ਹਨ ਉਹਨਾਂ ਨੂੰ ਕਰਮਵਾਰ 23%, 10%, ਅਤੇ 12% ਸਮਰੱਥਨ ਹਾਸਲ ਹੈ। ਬਰੈਂਪਟਨ ਨੌਰਥ ਅਤੇ ਸੈਂਟਰ ਤੋਂ ਐਨ ਡੀ ਪੀ ਉਮੀਦਵਾਰ ਕੋਣ ਹੋਵੇਗਾ, ਇਸ ਬਾਰੇ ਹਾਲੇ ਕੋਈ ਪਤਾ ਨਹੀਂ ਹੈ। ਐਨ ਡੀ ਪੀ ਵੱਲੋਂ ਉਮੀਦਵਾਰਾਂ ਨੂੰ ਨੌਮੀਨੇਟ ਕਰਨ ਵਿੱਚ ਹੋਰ ਰਹੀ ਦੇਰੀ ਉਹਨਾਂ ਨੂੰ ਹਰ ਦਿਨ ਮਹਿੰਗੀ ਪੈਂਦੀ ਜਾ ਰਹੀ ਹੈ।

ਇਹ ਸੋਚਣ ਵਾਲੀ ਗੱਲ ਹੈ ਕਿ ਮਿਸੀਸਾਗਾ ਮਾਲਟਨ ਤੋਂ ਲਿਬਰਲ ਐਮ ਪੀ ਨਵਦੀਪ ਬੈਂਸ ਨੂੰ ਮਿਲ ਰਹੇ 50% ਵੋਟਰਾਂ ਦੇ ਸਮਰੱਥਨ ਨੂੰ ਕੰਜ਼ਰਵੇਟਿਵ ਉਮੀਦਵਾਰ ਟੌਮ ਵਰਗੀਜ਼ 26% ਨਾਲ ਕਿੰਨਾ ਕੁ ਮੁਕਾਬਲਾ ਦੇ ਸਕੇਗਾ। ਹਾਂ, ਜੇ ਮਿਸੀਸਾਗਾ ਸਟਰੀਟਸਵਿੱਲ ਵਿੱਚ ਅੱਜ ਵਾਲੇ ਹਾਲਾਤ ਰਹੇ ਤਾਂ ਲਿਬਰਲ ਐਮ ਪੀ ਗਗਨ ਸਿਕੰਦ ਦਾ ਸਿੰਘਾਸਣ ਹਿੱਲ ਸਕਦਾ ਹੈ। ਗਗਨ ਸਿੰਕਦ ਨੂੰ 38% ਵੋਟਾਂ ਮਿਲਦੀਆਂ ਵਿਖਾਈ ਦੇਂਦੀਆਂ ਹਨ ਜਦੋਂ ਕਿ ਕੰਜ਼ਰਵੇਟਿਵ ਉਮੀਦਵਾਰ ਗੈਧਾ ਐਮ ਮੇਲੇਕ (Gadha M Melek) 41% ਵੋਟਰਾਂ ਨਾਲ ਅੱਗੇ ਚੱਲਦੀ ਵਿਖਾਈ ਦੇਂਦੀ ਹੈ। ਜਾਪਦਾ ਹੈ ਕਿ ਗਗਨ ਸਿਕੰਦ ਨੂੰ ਇਕਰਾ ਖਾਲਿਦ ਦੇ ਮੋਸ਼ਨ ਉੱਤੇ ਚੁੱਪ ਰਹਿਣਾ ਮੰਹਿਗਾ ਸਾਬਤ ਹੋ ਸਕਦਾ ਹੈ।

ਸੀ ਬੀ ਸੀ ਪੋਲ ਟਰੈਕਟ ਤੋਂ ਲਏ ਗਏ ਇਹ ਰੁਝਾਨ ਕਈਆਂ ਨੂੰ ਹਕੀਕਤ ਨਾਲੋਂ ਵੱਖਰੇ ਜਾਪ ਸਕਦੇ ਹਨ। ਪਰ ਪਿਛਲੇ ਸਾਲ ਹੋਈਆਂ ਪ੍ਰੋਵਿੰਸ਼ੀਅਲ ਚੋਣਾਂ ਸਾਨੂੰ ਸਾਰਿਆਂ ਨੂੰ ਚੇਤੇ ਹਨ ਜਦੋਂ ਚੰਗੀ ਭਲੀ ਲਹਿਰ ਦੇ ਬਾਵਜੂਦ ਕੰਜ਼ਰਵੇਟਵਾਂ ਨੇ ਬਰੈਂਪਟਨ ਦੀਆਂ ਤਿੰਨ ਸੀਟਾਂ ਐਨ ਡੀ ਪੀ ਹੱਥ ਸਪੁਰਦ ਕਰ ਦਿੱਤੀਆਂ ਸਨ ਕਿਉਂਕਿ ਪਾਰਟੀ ਪਬਲਿਕ ਵਿੱਚ ਆਧਾਰ ਮਜ਼ਬੂਤ ਨਹੀਂ ਸੀ ਬਣਾ ਸਕੀ। ਇਹ ਸੁਆਲ ਕੰਜ਼ਰਵੇਟਿਵਾਂ ਸਾਹਮਣੇ ਉਸ ਵੇਲੇ ਵੀ ਸੀ ਅਤੇ ਅੱਜ ਵੀ ਹੈ ਕਿ ਕਮਿਉਨਿਟੀ ਵਿੱਚ ਅਸਰਦਾਰ ਰਸੂਖ ਤੋਂ ਬਿਨਾ ਕਿਵੇਂ ਅੱਗੇ ਨਿਕਲ ਸੱਕਣਗੇ।

Have something to say? Post your comment