Welcome to Canadian Punjabi Post
Follow us on

26

May 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਨਜਰਰੀਆ

ਤੇਰੀ ਕਣਕ ਦੀ ਰਾਖੀ ਮੁੰਡਿਆ..

October 10, 2018 07:58 AM

-ਇੰਦਰਜੀਤ ਭਲਿਆਣ
ਐਫ ਐਮ ਜਲੰਧਰ ਰੇਡੀਓ ਉਤੇ ਵੱਜ ਰਹੇ ਰਿਕਾਰਡ ਨੇ ਮੈਨੂੰ 50-55 ਸਾਲ ਪੁਰਾਣੇ ਅਤੀਤ ਨਾਲ ਲਿਜਾ ਖੜਾ ਕੀਤਾ। ਸ਼ਮਸ਼ਾਦ ਬੇਗਮ ਅਤੇ ਮੁਹੰਮਦ ਰਫੀ ਦੀ ਆਵਾਜ਼ ਵਿੱਚ ‘ਤੇਰੀ ਕਣਕ ਦੀ ਰਾਖੀ ਮੁੰਡਿਆ, ਹੁਣ ਮੈਂ ਨਾ ਬਹਿੰਦੀ’ ਗੀਤ ਗੂੰਜ ਰਿਹਾ ਸੀ। ਜੇ ਸੁਆਣੀ ਦੇ ਗੀਤ ਵਿਚਲੇ ਨਖਰੇ ਨੂੰ ਇਕ ਪਾਸੇ ਰੱਖ ਦੇਈਏ ਤਾਂ ਵੀ ਕਿਸਾਨ ਪਰਵਾਰਾਂ ਨੂੰ ਉਦੋਂ ਫਸਲਾਂ ਦੀ ਰਾਖੀ ਲਈ ਸਿਰ ਧੜ ਦੀ ਬਾਜ਼ੀ ਲਾਉਣੀ ਪੈਂਦੀ ਸੀ, ਖਾਸ ਕਰ ਕੇ ਸਾਉਣੀ ਦੀ ਫਸਲ ਮੱਕੀ ਨੂੰ ਪੰਛੀਆਂ ਤੋਂ ਬਚਾਉਣ ਦੇ ਲਈ ਸੌ ਹੀਲੇ ਕਰਨੇ ਪੈਂਦੇ ਸਨ। ਜ਼ਰਾ ਕੁ ਸੁਸਤੀ ਦਿਖਾਈ ਨਹੀਂ ਕਿ ਤੋਤਿਆਂ ਕਾਵਾਂ ਨੇ ਛੱਲੀਆਂ ਟੁੱਕੀਆਂ ਨਹੀਂ, ਤੇ ਟੁੱਕੀ ਛੱਲੀ ਨੂੰ ਚਿੜੀਆਂ ਤੇ ਗੁਟਾਰਾਂ ਫਿਰ ਨਹੀਂ ਸੀ ਛੱਡਦੀਆਂ।
ਸਾਡੇ ਪੂਰੇ ਇਲਾਕੇ ਵਿੱਚ ਉਦੋਂ ਮੱਕੀ ਦੀ ਖੇਤੀ ਕੀਤੀ ਜਾਂਦੀ ਸੀ। ਜਦੋਂ ਮੱਕੀ ਦੇ ਟਾਂਡੇ ਨੂੰ ਗੋਭ ਫੁੱਟਣ ਪਿੱਛੋਂ ਦੋਧੇ ਬਣਨ ਲੱਗਦੇ, ਖੇਤ ਵਿੱਚ ਮਣ੍ਹਾ ਪਾਉਣ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ। ਮਣ੍ਹਾ ਪਾਉਣ ਲਈ ਚਾਰ ਲੰਮੀਆਂ ਬੱਲੀਆਂ ਦੀ ਲੋੜ ਪੈਂਦੀ ਸੀ। ਮੱਕੀ ਦੇ ਖੇਤ ਦੇ ਵਿਚਾਲੇ ਜਾਂ ਹੋਰ ਸਹੀ ਥਾਂ ਚੁਣ ਕੇ ਅੰਦਾਜ਼ਨ ਛੇ ਗੁਣਾ ਚਾਰ ਫੁੱਟ ਦੂਰੀ ਦੇ ਹਿਸਾਬ ਨਾਲ ਘੱਟੋ-ਘੱਟ ਦੋ-ਦੋ ਫੁੱਟ ਡੂੰਘੇ ਚਾਰ ਟੋਏ ਪੁੱਟ ਕੇ ਬੱਲੀਆਂ ਉਨ੍ਹਾਂ ਵਿੱਚ ਖੜੀਆਂ ਕਰ ਦਿੱਤੀਆਂ ਜਾਂਦੀਆਂ ਤੇ ਚੌੜਾਈ ਵਾਲੇ ਪਾਸੇ 8-10 ਫੁੱਟ ਦੀ ਉਚਾਈ ਉੱਤੇ ਦੋ ਬੱਲੀਆਂ ਬੰਨ੍ਹ ਕੇ ਉਪਰ ਮੰਜਾ ਡਾਹ ਦਿੱਤਾ ਜਾਂਦਾ। ਧੁੱਪ ਤੋਂ ਬਚਣ ਲਈ ਉਪਰ ਚਾਦਰ ਜਾਂ ਪੱਲੀ ਪਾ ਲਈ ਜਾਂਦੀ। ਬੱਸ ਮਣ੍ਹਾ ਤਿਆਰ, ਤੇ ਸਮਝੋ ਡਿਉਟੀ ਸ਼ੁਰੂ। ਹਮਲਾਵਰ ਪੰਛੀਆਂ ਨੂੰ ਡਰਾਉਣ ਜਾਂ ਉਡਾਉਣ ਲਈ ਗੁਲੇਲ ਅਤੇ ਗੋਪੀਏ ਦੀ ਵਰਤੋਂ ਕੀਤੀ ਜਾਂਦੀ ਸੀ। ਗੋਪੀਏ ਵਿੱਚ ਮਿੱਟੀ ਦਾ ਡਲਾ ਰੱਖ ਕੇ ਇਸ ਦੀਆਂ ਤਣੀਆਂ ਨੂੰ ਫੜ ਕੇ ਤੇਜ਼ ਘੁਮਾਉਣ ਪਿੱਛੋਂ ਇਸ ਤਰ੍ਹਾਂ ਛੱਡਿਆ ਜਾਂਦਾ ਕਿ ਡਲਾ ਟਾਂਡਿਆਂ ਦੇ ਪੱਤਿਆਂ ਉਪਰ ਚੰਗਾ ਖੜਕਾ ਕਰਦਾ ਜਾਵੇ ਤੇ ਪੰਛੀ ਡਰ ਕੇ ਉਡ ਜਾਣ। ਮਣ੍ਹਾ ਉੱਤੇ ਬੈਠ ਕੇ ਰੋਟੀ ਖਾਣ ਤੇ ਲੱਸੀ ਪੀਣ ਦਾ ਆਪਣਾ ਹੀ ਆਨੰਦ ਹੁੰਦਾ ਸੀ। ਮੀਂਹ ਵਿੱਚ ਭਿੱਜਣ ਪਿੱਛੋਂ ਚਾਹ ਵੀ ਬੇਹੱਦ ਸੁਆਦ ਲੱਗਦੀ।
ਖੇਤਾਂ ਵਿੱਚ ਪਾਏ ਹੋਏ ਮਣ੍ਹਿਆਂ ਤੋਂ ਵੀ ਪੂਰਾ ਦਿਨ ਕਾਂ ਉਡਾਉਣ ਦੀਆਂ ਆਵਾਜ਼ਾਂ ਆਉਂਦੀਆਂ ਰਹਿੰਦੀਆਂ ਤੇ ਰਾਖੇ ਇਕ ਦੂਜੇ ਨੂੰ ਸੁਚੇਤ ਕਰਦੇ ਰਹਿੰਦੇ, ਪਰ ਕਾਂ ਕਿਉਂਕਿ ਚਲਾਕ ਪੰਛੀ ਹੈ, ਇਸ ਕਰਕੇ ਪਤਾ ਨਹੀਂ ਲੱਗਣ ਦਿੰਦਾ ਕਿ ਕਦੋਂ ਛੱਲੀ ਉਪਰ ਆ ਬਹਿੰਦਾ ਹੈ। ਪੰਦਰਾਂ ਕੁ ਦਿਨ ਕਾਵਾਂ ਦੀ ਸ਼ਾਮਤ ਆਈ ਰਹਿੰਦੀ। ਕਈ ਵਾਰ ਕਾਂ ਨੂੰ ਮਾਰ ਕੇ ਖੇਤ ਵਿੱਚ ਟੰਗ ਦਿੱਤਾ ਜਾਂਦਾ ਤਾਂ ਕਿ ਹੋਰ ਕਾਵਾਂ ਨੂੰ ਕੰਨ ਹੋ ਜਾਣ। ਵਿਰੋਧਤਾਈ ਦੇਖੋ ਕਿ ਇਸੇ ਪੰਛੀ ਨੂੰ ਕੁਝ ਦਿਨਾਂ ਬਾਅਦ ਸਰਾਧਾਂ ਦੌਰਾਨ ਰੋਟੀ ਨੂੰ ਖੀਰ ਕੜਾਹ ਨਾਲ ਲਬੇੜ ਕੇ ਪੋਲੀ ਪਾਈ ਜਾਂਦੀ ਸੀ।
ਅੱਜ ਸਮਾਂ ਬਦਲ ਚੁੱਕਾ ਹੈ, ਮੱਕੀ ਦੀ ਫਸਲ ਨੂੰ ਝੋਨੇ ਨੇ ਇਕ ਤਰ੍ਹਾਂ ਨਾਲ ਖਦੇੜ ਦਿੱਤਾ ਹੈ। ਮੱਕੀ ਦੇ ਨਾਲ-ਨਾਲ ਮਾਂਹ ਦੀ ਫਸਲ ਵੀ ਜਾਂਦੀ ਰਹੀ ਤੇ ਨਾਲ ਹੀ ਖਤਮ ਹੋ ਗਈਆਂ ਫੁੱਟਾਂ ਤੇ ਚਿੱਭੜਾਂ ਦੀਆਂ ਵੇਲਾਂ। ਜੋ ਵੀ ਹੋਵੇ, ਉਦੋਂ ਮੱਕੀ ਦੀ ਫਸਲ ਤੋਂ ਕਾਂ ਤੋਤੇ ਉਡਾਉਣਾ ਕੁੱਲਵਕਤੀ ਕੰਮ ਦੀ ਥਾਂ ਮੌਜ ਮੇਲੇ ਦੀ ਡਿਊਟੀ ਵੱਧ ਸੀ। ਬੇਸੁਰੇ ਹੀ ਸਹੀ, ਉਚੀ-ਉਚੀਆਂ ਹੇਕਾਂ ਲਾ ਕੇ ਲੋਕ-ਗੀਤ ਗਾਉਣ ਦਾ ਆਪਣਾ ਹੀ ਲੁਤਫ ਹੁੰਦਾ ਸੀ। ਨਾ ਕੋਈ ਸਰੋਤਾ, ਨਾ ਕੋਈ ਦਾਦ ਦੇਣ ਵਾਲਾ। ਇਕ ਮੁੱਕਿਆ ਤਾਂ ਅਗਲਾ ਗੀਤ ਸ਼ੁਰੂ, ਪਰ ਅੱਜ ਕੱਲ੍ਹ ਕਿਸਾਨਾਂ ਲਈ ਹਾਲਾਤ ਬੇਹੱਦ ਗੰਭੀਰ ਹਨ। ਆਵਾਰਾ ਪਸ਼ੂਆਂ ਅਤੇ ਜੰਗਲੀ ਜਾਨਵਰਾਂ ਨੇ ਕਿਸਾਨਾਂ ਦਾ ਨੱਕ ਵਿੱਚ ਦਮ ਕੀਤਾ ਹੋਇਆ ਹੈ। ਝੁੰਡਾਂ ਦੇ ਝੁੰਡ ਫਸਲਾਂ ਤਬਾਹ ਕਰਦੇ ਜਾਂਦੇ ਹਨ ਤੇ ਕਿਸਾਨ ਬੇਵੱਸ ਕਿਸਮਤ ਨੂੰ ਰੋਂਦਾ ਰਹਿੰਦਾ ਹੈ। ਨਹਿਰਾਂ ਨੇੜਲੇ ਖੇਤਰਾਂ ਵਿੱਚ ਜੰਗਲੀ ਸੂਰ ਤਬਾਹੀ ਮਚਾਉਂਦਾ ਹੈ। ਇਹ ਜਾਨਵਰ ਖੇਤਾਂ ਦੇ ਦੁਆਲੇ ਲਾਈ ਲੋਹੇ ਦੀ ਤਾਰ ਵਿੱਚੋਂ ਆਰਾਮ ਨਾਲ ਅੰਦਰ ਨਿਕਲ ਜਾਂਦਾ ਹੈ। ਅਜਿਹੇ ਇਲਾਕਿਆਂ ਵਿੱਚ ਬਾਂਦਰ ਵੀ ਤਬਾਹੀ ਕਰਨ ਲੱਗ ਪਏ ਹਨ। ਸਬਜ਼ੀਆਂ ਦੀਆਂ ਫਸਲਾਂ ਬਾਂਦਰਾਂ ਤੋਂ ਬਚਾਉਣਾ ਸੰਭਵ ਹੀ ਨਹੀਂ ਰਿਹਾ। ਸਾਨ੍ਹਾਂ ਦੇ ਹਮਲਾਵਰ ਰੁਖ਼ ਦੇ ਕਾਰਨ ਇਸ ਨੂੰ ਖੇਤ ਵਿੱਚੋਂ ਬਾਹਰ ਕੱਢਣਾ 'ਕੱਲੇ ਕਾਰੇ ਬੰਦੇ ਦੇ ਵੱਸ ਦਾ ਨਹੀਂ। ਜਾਨਵਰ ਹਿਤੈਸ਼ੀ ਗੈਰ ਸਰਕਾਰੀ ਸੰਸਥਾਵਾਂ ਨੇ ਪਸ਼ੂਆਂ ਦੇ ਹੱਕ ਵਿੱਚ ਮੁਹਿੰਮਾਂ ਵਿੱਢੀਆਂ ਹੋਈਆਂ ਹਨ ਤੇ ਅਜਿਹੇ ਜਾਨਵਰਾਂ ਦੇ ਹੱਕ ਵਿੱਚ ਨਿਯਮ ਬਣਵਾ ਲਏ ਹਨ। ਇਸ ਕਰਕੇ ਖੇਤਾਂ ਦੀ ਰਾਖੀ ਕਰਨਾ ਹੁਣ ਹੋਰ ਮੁਸ਼ਕਿਲ ਹੋ ਗਿਆ ਹੈ। ਖੇਤਾਂ ਦੁਆਲੇ ਕੰਡੇਦਾਰ ਤਾਰ ਨਾ ਲਉਣ ਕਾਰਨ ਫਸਲਾਂ ਦੀ ਤਬਾਹੀ ਰੁਕਣਾ ਸੰਭਵ ਨਹੀਂ। ਕਿਸਾਨ ਆਗੂ ਇਸ ਮੁੱਦੇ ਦੀ ਹਾਲ ਦੁਹਾਈ ਪਾਉਂਦੇ ਤਾਂ ਹਨ, ਪਰ ਗੱਲ ਕਿਸੇ ਤਣ ਪੱਤਣ ਨਹੀਂ ਲੱਗਦੀ। ਇਸ ਕਰਕੇ 'ਕੱਲਾ 'ਕੱਲਾ ਕਿਸਾਨ ਤਰਲੋਮੱਛੀ ਹੋ ਰਿਹਾ ਹੈ।
ਰੇਡੀਓ ਅਨਾਊਂਸਰ ਪੁਰਾਣੇ ਗੀਤਾਂ ਦਾ ਪ੍ਰੋਗਰਾਮ ਸਮਾਗਮ ਹੋਣ ਦਾ ਐਲਾਨ ਕਰਦੀ ਹੈ ਤਾਂ ਮੈਂ ਵੀ ‘ਖੇਤਾਂ ਤੋਂ ਘਰ' ਪਰਤ ਆਉਂਦਾ ਹਾਂ।

Have something to say? Post your comment