* ਏ ਐੱਸ ਆਈ ਅਤੇ ਹਵਾਲਦਾਰ ਸਸਪੈਂਡ
ਤਰਨ ਤਾਰਨ, 25 ਜੂਨ (ਪੋਸਟ ਬਿਊਰੋ)- ਲੁਧਿਆਣਾ ਦੀ ਜੇਲ੍ਹ ਵਿੱਚ ਬੰਦ ਇੱਕ ਕੈਦੀ ਨੂੰ ਸ੍ਰੀ ਮੁਕਤਸਰ ਸਾਹਿਬ ਦੀ ਅਦਾਲਤ ਵਿੱਚ ਲਿਜਾਂਦੇ ਹੋਏ ਸਰਹਾਲੀ ਪਿੰਡ ਨੇੜੇ ਨੈਸ਼ਨਲ ਹਾਈਵੇ 'ਤੇ ਇੱਕ ਢਾਬੇ ਕੋਲੋਂ ਉਸ ਦੇ ਸਾਥੀਆਂ ਨੇ ਪੁਲਸ ਨੂੰ ਫਿਲਮੀ ਅੰਦਾਜ਼ ਵਿੱਚ ਚਕਮਾ ਦੇ ਕੇ ਛੁਡਵਾ ਲਿਆ ਅਤੇ ਲੈ ਗਏ।
ਥਾਣਾ ਸਰਹਾਲੀ ਦੀ ਪੁਲਸ ਨੇ ਦੋ ਪੁਲਸ ਵਾਲਿਆਂ ਅਤੇ ਚਾਰ ਦੋਸ਼ੀਆਂ ਵਿਰੁੱਧ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਇੱਕ ਏ ਐੱਸ ਆਈ ਅਤੇ ਹਵਾਲਦਾਰ ਨੂੰ ਵਿਭਾਗ ਨੇ ਸਸਪੈਂਡ ਕਰ ਦਿੱਤਾ ਹੈ। ਪਤਾ ਲੱਗਾ ਹੈ ਕਿ ਜਗਬੀਰ ਸਿੰਘ ਪੁੱਤਰ ਸਰਬਜੀਤ ਸਿੰਘ ਪਿੰਡ ਦਾਸੂਵਾਲ ਥਾਣਾ ਵਲਟੋਹਾ ਜ਼ਿਲ੍ਹਾ ਤਰਨ ਤਾਰਨ ਕਾਫੀ ਸਮੇਂ ਤੋਂ ਲੁਧਿਆਣਾ ਜੇਲ੍ਹ ਵਿੱਚ ਬੰਦ ਸੀ। ਉਸ ਉੱਤੇ ਲਗਭਗ 10 ਕੇਸ ਦਰਜ ਹਨ, ਜਿਸ ਨੂੰ ਅਦਾਲਤ ਵਿੱਚ ਪੇਸ਼ ਕਰਨ ਲਿਜਾਇਆ ਗਿਆ ਸੀ। ਏ ਐੱਸ ਆਈ ਅਜਮੇਰ ਸਿੰਘ ਅਤੇ ਹਵਾਲਦਾਰ ਸੁਖਵਿੰਦਰ ਸਿੰਘ ਸਰਕਾਰੀ ਗੱਡੀ ਦੀ ਥਾਂ ਨਿੱਜੀ ਗੱਡੀ ਵਿੱਚ ਲੈ ਕੇ ਜਾ ਰਹੇ ਸਨ। ਕੈਦੀ ਨੇ ਪਹਿਲਾਂ ਫਰਾਰ ਹੋਣ ਦੀ ਯੋਜਨਾ ਬਣਾ ਰੱਖੀ ਸੀ, ਜਿਸ ਦਾ ਦੋਵਾਂ ਪੁਲਸ ਵਾਲਿਆਂ ਨੂੰ ਪਤਾ ਨਹੀਂ ਸੀ। ਕੈਦੀ ਜਗਬੀਰ ਸਿੰਘ ਤੇ ਦੋਵੇਂ ਪੁਲਸ ਵਾਲੇ ਸਵੇਰੇ ਅਦਾਲਤ ਵਿੱਚ ਪੇਸ਼ ਹੋਣ ਦੀ ਥਾਂ ਨਕੋਦਰ-ਮੋਗਾ ਵੱਲੋਂ ਹੁੰਦੇ ਹੋਏ ਹਰੀਕੇ ਦੇ ਬਾਅਦ ਸਰਹਾਲੀ ਪਿੰਡ ਨੇੜੇ ਨੈਸ਼ਨਲ ਹਾਈਵੇ ਉੱਤੇ ਇੱਕ ਢਾਬੇ 'ਤੇ ਪਹੁੰਚ ਗਏ ਤਾਂ ਕੈਦੀ ਨੇ ਆਪਣੀ ਗੱਡੀ ਇੱਕ ਢਾਬੇ 'ਤੇ ਰੋਕ ਕੇ ਖਾਣੇ ਦਾ ਆਰਡਰ ਦਿੱਤਾ। ਉਨ੍ਹਾਂ ਦਾ ਪਿੱਛਾ ਕਰ ਰਹੀ ਇੱਕ ਹੋਰ ਕਾਰ, ਜਿਸ ਵਿੱਚ ਦੋ ਵਿਅਕਤੀ ਸਨ, ਨੇ ਏ ਐੱਸ ਆਈ ਅਜਮੇਰ ਸਿੰਘ ਅਤੇ ਹਵਾਲਦਾਰ ਸੁਖਵਿੰਦਰ ਸਿੰਘ ਨੂੰ ਪਿਸਤੌਲ ਵਿਖਾ ਕੇ ਜਗਬੀਰ ਸਿੰਘ ਨੂੰ ਫਿਲਮੀ ਅੰਦਾਜ਼ ਵਿੱਚ ਛੁਡਵਾ ਲਿਆ ਅਤੇ ਲੈ ਕੇ ਫਰਾਰ ਹੋ ਗਏ। ਥਾਣਾ ਸਰਹਾਲੀ ਦੇ ਐੱਸ ਐੱਚ ਓ ਤਰਸੇਮ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਜ਼ਿਲ੍ਹੇ ਦੇ ਐੱਸ ਪੀ ਆਈ ਹਰਜੀਤ ਸਿੰਘ ਨੇ ਦੱਸਿਆ ਕਿ ਇਸ ਕੇਸ ਦੀ ਜਾਂਚ ਚੱਲ ਰਹੀ ਹੈ ਅਤੇ ਜਗਬੀਰ ਸਿੰਘ ਅਤੇ ਉਸ ਦੇ ਦੋ ਸਾਥੀਆਂ ਦੇ ਨਾਲ-ਨਾਲ ਏ ਐੱਸ ਆਈ ਅਤੇ ਹਵਾਲਦਾਰ ਵਿਰੁੱਧ ਥਾਣਾ ਸਰਹਾਲੀ ਵਿੱਚ ਕੇਸ ਦਰਜ ਕਰਨ ਪਿੱਛੋਂ ਏ ਐੱਸ ਆਈ ਅਤੇ ਹਵਾਲਦਾਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਡੀ ਐੱਸ ਪੀ (ਕਰਾਈਮ) ਲੁਧਿਆਣਾ ਅਨਿਲ ਕੁਮਾਰ ਕੋਹਲੀ ਨੇ ਸਰਹਾਲੀ ਥਾਣੇ ਵਿੱਚ ਇੱਕ ਏ ਐੱਸ ਆਈ, ਹੈੱਡਕਾਂਸਟੇਬਲ ਤੇ ਕਾਰ ਡਰਾਈਵਰ ਸਮੇਤ ਛੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਵਾ ਦਿੱਤਾ ਹੈ।