Welcome to Canadian Punjabi Post
Follow us on

18

October 2019
ਅੰਤਰਰਾਸ਼ਟਰੀ

ਹਾਂਗਕਾਂਗ ਮਸਲੇ ਉੱਤੇ ਚੀਨ ਦਾ ਰੁਖ ਹੋਰ ਸਖਤ

June 26, 2019 08:17 AM

ਬੀਜਿੰਗ, 25 ਜੂਨ (ਪੋਸਟ ਬਿਊਰੋ)- ਚੀਨ ਨੇ ਕਿਹਾ ਹੈ ਕਿ ਉਹ ਇਸ ਹਫਤੇ ਹੋਣ ਜਾ ਰਹੀ ਜੀ-20 ਦੇਸ਼ਾਂ ਦੀ ਬੈਠਕ ਵਿੱਚ ਹਾਂਗਕਾਂਗ ਦੇ ਮਸਲੇ 'ਤੇ ਚਰਚਾ ਦੀ ਇਜਾਜ਼ਤ ਨਹੀਂ ਦੇਵੇਗਾ।
ਵਰਨਣ ਯੋਗ ਹੈ ਕਿ ਇੱਕ ਵਿਵਾਦਤ ਹਵਾਲਗੀ ਕਾਨੂੁੰਨ ਦੇ ਵਿਰੁੱਧ ਪਿੱਛੇ ਜਿਹੇ ਹਾਂਗਕਾਂਗ ਵਿੱਚ ਲੱਖਾਂ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਸੀ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਤੇ ਹੋਰ ਮੈਂਬਰ ਦੇਸ਼ਾਂ ਸਾਹਮਣੇ ਇਹ ਮੁੱਦਾ ਚੁੱਕਣ ਦੀ ਤਿਆਰੀ ਵਿੱਚ ਹਨ। ਜੀ-20 ਦੇਸ਼ਾਂ ਦਾ ਸੰਮੇਲਨ 27-28 ਜੂਨ ਨੂੰ ਜਾਪਾਨ ਦੇ ਓਸਾਕਾ ਵਿੱਚ ਹੋਵੇਗਾ। ਚੀਨ ਨੇ ਕਿਹਾ ਹੈ ਕਿ ਉਹ ਸੰਮੇਲਨ ਦੌਰਾਨ ਹਾਂਗਕਾਂਗ ਦਾ ਮੁੱਦਾ ਉਠਾਉਣ ਦੀ ਅਮਰੀਕਾ ਸਮੇਤ ਕਿਸੇ ਵੀ ਦੇਸ਼ ਦੀ ਕੋਸ਼ਿਸ਼ ਦਾ ਵਿਰੋਧ ਕਰੇਗਾ। ਚੀਨ ਦੇ ਸਹਾਇਕ ਵਿਦੇਸ਼ ਮੰਤਰੀ ਝਾਂਗ ਜੂਨ ਨੇ ਕਿਹਾ ਕਿ ਜੀ-20 ਕੌਮਾਂਤਰੀ ਆਰਥਿਕ ਮੁੱਦਿਆਂ 'ਤੇ ਚਰਚਾ ਦਾ ਮੰਚ ਹੈ। ਹਾਂਗਕਾਂਗ ਚੀਨ ਦਾ ਵਿਸ਼ੇਸ਼ ਖੇਤਰ ਹੈ ਤੇ ਕਿਸੇ ਵੀ ਦੂਜੇ ਦੇਸ਼ ਨੂੰ ਇਸ ਦੇ ਮਾਮਲੇ ਵਿੱਚ ਦਖਲ ਦਾ ਅਧਿਕਾਰ ਨਹੀਂ ਹੈ।
ਵਰਨਣ ਯੋਗ ਹੈ ਕਿ ਹਾਂਗਕਾਂਗ ਵਿੱਚ ਪਿਛਲੇ ਦਿਨੀਂ ਇੱਕ ਵਿਵਾਦ ਵਾਲਾ ਹਵਾਲਗੀ ਬਿੱਲ ਪੇਸ਼ ਕੀਤਾ ਗਿਆ ਸੀ। ਇਸ ਨਾਲ ਦੋਸ਼ੀਆਂ ਨੂੰ ਚੀਨ ਹਵਾਲੇ ਕਰਨ ਦੀ ਤਜਵੀਜ਼ ਸੀ। ਇਸ ਦੇ ਵਿਰੁੱਧ ਇਥੇ ਜ਼ਬਰਦਸਤ ਪ੍ਰਦਰਸ਼ਨ ਹੋਇਆ। ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਲਈ ਪੁਲਸ ਨੂੰ ਰਬੜ ਬੁਲਟ ਤੇ ਅੱਥਰੂ ਗੈਸ ਦੀ ਵਰਤੋਂ ਕਰਨੀ ਪਈ। ਉਨ੍ਹਾਂ ਉਤੇ ਪੁਲਸ ਦੀ ਕਾਰਵਾਈ ਦੀ ਕੌਮਾਂਤਰੀ ਮਨੁੱਖੀ ਅਧਿਕਾਰ ਗਰੁੱਪਾਂ ਨੇ ਆਲੋਚਨਾ ਕੀਤੀ ਸੀ। ਇਤਿਹਾਸਕ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਹਾਂਗਕਾਂਗ ਦੀ ਸਰਕਾਰ ਨੇ ਬਿੱਲ 'ਤੇ ਰੋਕ ਲਾ ਦਿੱਤੀ ਸੀ। ਹਾਂਗਕਾਂਗ ਦੀ ਲੀਡਰ ਕੈਰੀ ਲੈਮ ਨੇ ਇਸ ਮੁੱਦੇ ਉਤੇ ਕਿਸੇ ਵੀ ਤਰ੍ਹਾਂ ਦੀ ਚਰਚਾ ਨੂੰ ਅਣਮਿੱਥੇ ਸਮੇਂ ਲਈ ਰੋਕ ਦਿੱਤਾ ਹੈ। ਪ੍ਰਦਰਸ਼ਨਕਾਰੀ ਰਸਮੀ ਤੌਰ 'ਤੇ ਕਾਨੂੰਨ 'ਚ ਬਦਲਾਅ ਦੇ ਮਤੇ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ। ਕੁਝ ਪ੍ਰਦਰਸ਼ਨਕਾਰੀ ਲੈਮ ਦਾ ਅਸਤੀਫਾ ਵੀ ਚਾਹੁੰਦੇ ਹਨ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ