Welcome to Canadian Punjabi Post
Follow us on

18

October 2019
ਸੰਪਾਦਕੀ

ਉਂਟੇਰੀਓ ਹੈਲਥ: ਟੈਕਸਟ ਮੈਸੇਜ ਦੁਆਰਾ ਹਸਪਤਾਲਾਂ ਵਿੱਚ ਹਾਲਵੇਅ ਸਮੱਸਿਆ ਤੋਂ ਛੁਟਕਾਰਾ?

June 26, 2019 07:15 AM

ਪੰਜਾਬੀ ਪੋਸਟ ਸੰਪਾਦਕੀ

ਉਂਟੇਰੀਓ ਵਿੱਚ ਸਿਹਤ ਸੰਭਾਲ ਵਿੱਚ ਸੁਧਾਰਾਂ ਅਤੇ ਹਸਪਤਾਲਾਂ ਦੇ ਹਾਲਵੇਆਂ ਵਿੱਚ ਮਰੀਜ਼ਾਂ ਲਈ ਬਣੀ ਸਥਿਤੀ ਦੇ ਰੋਗ ਨੂੰ ਖਤਮ ਕਰਨ ਵਾਸਤੇ ਸੁਝਾਅ ਦੇਣ ਲਈ ਬਣਾਈ ਗਈ ਕਾਉਂਸਲ ਦੀ ਦੂਜੀ ਰਿਪੋਰਟ ਪ੍ਰੀਮੀਅਰ ਡੱਗ ਫੋਰਡ ਲਈ ਇੱਕ ਚੰਗੀ ਖ਼ਬਰ ਹੈ। ਕਾਉਂਸਲ ਨੇ ਆਪਣੀ ਰਿਪੋਰਟ ਵਿੱਚ ਉਹ ਸਿਫਾਰਸ਼ਾਂ ਕੀਤੀਆਂ ਹਨ ਜਿਹੜੀਆਂ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਤੈਅ ਕੀਤੀ ਗਈ ਨੀਤੀ ਦੇ ਨੇੜੇ ਤੇੜੇ ਹੀ ਸਰਕਲ ਕੱਢ ਰਹੀਆਂ ਹਨ। ਕਾਉਂਸਲ ਵੱਲੋਂ ਪੇਸ਼ ਕੀਤੀਆਂ ਸਿਫ਼ਾਰਸ਼ਾਂ ਵਿੱਚ ਮਰੀਜ਼ਾਂ ਨੂੰ ਆਪਣੇ ਡਾਕਟਰੀ ਦਸਤਾਵੇਜ਼ ਫੋਨਾਂ ਜਾਂ ਕੰਪਿਊਟਰ ਉੱਤੇ ਸੁਰੱਖਿਅਤ ਐਪ (secure App ਜਿਵੇਂ ਕਿ ਬੈਂਕਾਂ ਨੇ ਚੈੱਕ ਆਦਿ ਜਮ੍ਹਾਂ ਕਰਨ ਲਈ ਹੁੰਦੀਆਂ ਹਨ) ਰਾਹੀਂ ਵੇਖਣ ਦੀ ਸਹੂਲਤ, ਸਿਹਤ ਸੰਭਾਲ ਪ੍ਰਦਾਨ ਕਰਨ ਵਾਲਿਆਂ ਡਾਕਟਰਾਂ, ਨਰਸਾਂ, ਫਰਮਾਸਿਸਟਾਂ ਆਦਿ ਨੂੰ ਆਪਣੀ ਸਥਿਤੀ ਬਾਰੇ ਫੋਨ ਤੋਂ ਟੈਕਸਟ ਮੈਸੇਜ ਭੇਜ ਸੱਕਣਾ ਅਤੇ ਸੁਪਰ-ਸਪੈਸ਼ਲਿਸਟ ਡਾਕਟਰਾਂ ਨਾਲ ਇੰਟਰਨੈੱਟ ਰਾਹੀਂ ਸਲਾਹ ਮਸ਼ਵਰੇ (virtual care) ਦੀ ਸਹੂਲਤ ਦਿੱਤਾ ਜਾਣਾ ਸ਼ਾਮਲ ਹੈ।

ਰਿਪੋਰਟ ਤਿਆਰ ਕਰਨ ਵਾਲੀ ਕਾਉਂਸਲ ਦੇ ਮੁਖੀ ਅਤੇ ਪ੍ਰੀਮੀਅਰ ਡੱਗ ਫੋਰਡ ਦੇ ਖਾਸਮਖਾਸ ਮਿੱਤਰ ਡਾਕਟਰ ਰੁਏਬੇਨ ਡੈਵਲਿਨ (Rueben Devlin) ਦਾ ਮੰਨਣਾ ਹੈ ਕਿ ਤਕਨਾਲੋਜੀ ਦੇ ਸੁਮੇਲ ਨਾਲ ਵੱਖੋ ਵੱਖਰੀਆਂ ਸਿਹਤ ਸੇਵਾਵਾਂ ਨੂੰ ਜੋੜਨ ਦੇ ਹਾਂ ਪੱਖੀ ਨਤੀਜੇ ਮਿਲਣਗੇ ਜਿਸ ਨਾਲ ਹਸਪਤਾਲਾਂ ਦੀਆਂ ਸੇਵਾਵਾਂ ਵਿੱਚ ਸੁਧਾਰ ਹੋਵੇਗਾ। ਵਰਨਣਯੋਗ ਹੈ ਕਿ ਉਂਟੇਰੀਓ ਭਰ ਵਿੱਚ ਹਰ ਰੋਜ਼ 1000 ਤੋਂ ਵੱਧ ਮਰੀਜ਼ਾਂ ਨੂੰ ਡਾਕਟਰਾਂ ਵੱਲੋਂ ਹਸਪਤਾਲਾਂ ਦੇ ਹਾਲਵੇਆਂ ਵਿੱਚ ਵੇਖਿਆ ਜਾਂਦਾ ਹੈ ਕਿਉਂਕਿ ਮਰੀਜ਼ਾਂ ਲਈ ਬੈਡਾਂ ਅਤੇ ਕਮਰਿਆਂ ਦੀ ਬੇਹੱਦ ਕਮੀ ਹੈ।

ਡਾਕਟਰ ਰੁਏਬੇਨ ਇਸ ਪੱਖ ਤੋਂ ਸਹੀ ਹੈ ਕਿ ਨਵੀਂ ਪੀੜੀ ਦੇ ਨੌਜਵਾਨਾਂ ਨੂੰ ਕਿਸੇ ਨਾਲ ਮੂੰਹੋਂ ਦੂਹੀਂ ਗੱਲ ਕਰਨ ਨਾਲੋਂ ਟੈਕਸਟ ਕਰਨਾ ਅਤੇ ਇੰਟਰਨੈੱਟ ਰਾਹੀਂ ਸੰਵਾਦ ਕਰਨਾ ਬਹੁਤ ਸੌਖਾ ਜਾਪਦਾ ਹੈ ਅਤੇ ਕਿਉਂ ਨਾ ਇਸ ਨਵੇਂ ਰੁਝਾਨ ਦਾ ਸਿਹਤ ਸੇਵਾਵਾਂ ਨੂੰ ਸੁਧਾਰਨ ਲਈ ਲਾਭ ਲਿਆ ਜਾਵੇ। ਇਹ ਤਰਕ ਨੌਜਵਾਨ ਪੀੜੀ ਲਈ ਸਹੀ ਬੈਠ ਸਕਦਾ ਹੈ ਪਰ ਕਈ ਅਜਿਹੇ ਵਰਗ ਹਨ ਜਿਹਨਾਂ ਵਾਸਤੇ ਤਕਨਾਲੋਜੀ ਦੀ ਵਰਤੋਂ ਹਾਲੇ ਵੀ ਇੱਕ ਚੁਣੌਤੀ ਹੈ। ਇਹਨਾਂ ਵਿੱਚ ਵੱਡੀ ਗਿਣਤੀ ਵਿੱਚ ਉਹ ਇੰਮੀਗਰਾਂਟ ਸ਼ਾਮਲ ਹਨ ਜਿਹੜੇ ਉਹਨਾਂ ਮੁਲਕਾਂ ਤੋਂ ਆਉਂਦੇ ਹਨ ਜਿੱਥੇ ਤਕਨਾਲੋਜੀ ਦੀ ਵਰਤੋਂ ਨਾਮਾਤਰ ਹੀ ਹੁੰਦੀ ਹੈ। ਇਵੇਂ ਹੀ ਸੀਨੀਅਰ ਹਨ ਜਿਹਨਾਂ ਵਾਸਤੇ ਬਜ਼ੁਰਗ ਉਮਰ ਵਿੱਚ ਤਕਨਾਲੋਜੀ ਨਾਲ ਮੱਥਾ ਮਾਰਨਾ ਔਖਾ ਹੀ ਨਹੀਂ ਸਗੋਂ ਨਾਮੁਮਕਿਨ ਹੀ ਹੁੰਦਾ ਹੈ। ਵੱਡੀ ਗਿਣਤੀ ਵਿੱਚ ਇੰਮੀਗਰਾਂਟ ਸੀਨੀਅਰਾਂ ਲਈ ਇੰਟਰਨੈੱਟ ਤਕਨਾਲੋਜੀ ਇੱਕ ਵੱਡੇ ਦੈਂਤ ਨਾਲੋਂ ਕਿਸੇ ਵੀ ਪੱਖੋਂ ਵੀ ਘੱਟ ਨਹੀਂ। ਪੀਲ ਰੀਜਨ ਵਿੱਚ ਸੀਨੀਅਰਾਂ ਦੀ ਗਿਣਤੀ ਵਿੱਚ 75% ਵਾਧਾ ਇੰਮੀਗਰਾਂਟ ਸੀਨੀਅਰਾਂ ਦੀ ਬਦੌਲਤ ਹੋ ਰਿਹਾ ਹੈ। ਇਹਨਾਂ ਵਿੱਚੋਂ ਕਿੰਨੇ ਕੁ ਹੋਣਗੇ ਜਿਹੜੇ ਤਕਨਾਲੋਜੀ ਨਾਲ ਆਪਣੀ ਸਿਹਤ ਦੀ ‘ਤਿੰਨ ਪੰਜ’ ਨੂੰ ਸਮਝ ਸਕੱਣਗੇ।

ਉਂਟੇਰੀਓ ਵਿੱਚ ਜਿਸ ਰਫਤਾਰ ਨਾਲ ਜਨਸੰਖਿਆ ਖਾਸਕਰਕੇ ਸੀਨੀਅਰਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ, ਸਿੱਟੇ ਵਜੋਂ ਸਿਹਤ ਸਿਸਟਮ ਉੱਤੇ ਬੋਝ ਵੱਧਣਾ ਸੁਭਾਵਕ ਹੈ ਜਿਸਦੇ ਹੱਲ ਵਾਸਤੇ ਨਵੇਂ ਤਰੀਕੇ ਇਜਾਦ ਕਰਨਾ ਸ਼ੌਕ ਨਹੀਂ ਸਗੋਂ ਮਜਬੂਰੀ ਹੈ। ਇਸ ਸਾਲ ਉਂਟੇਰੀਓ ਦਾ ਸਿਹਤ ਸੰਭਾਲ ਲਈ ਬਜੱਟ 63.5 ਬਿਲੀਅਨ ਡਾਲਰ ਰੱਖਿਆ ਗਿਆ ਸੀ ਜਿਸ ਵਿੱਚੋਂ 35% ਭਾਵ 22.4 ਬਿਲੀਅਨ ਡਾਲਰ ਹਸਪਤਾਲਾਂ ਦੀਆਂ ਸੇਵਾਵਾਂ ਉੱਤੇ, 25% (15.5 ਬਿਲੀਅਨ ਡਾਲਰ) ਡਾਕਟਰਾਂ ਖਾਸ ਕਰਕੇ ਫੈਮਲੀ ਡਾਕਟਰਾਂ ਦੀਆਂ ਫੀਸਾਂ ਉੱਤੇ ਖਰਚ ਹੋ ਜਾਵੇਗਾ। ਲੌਂਗ ਟਰਮ ਕੇਅਰ ਹੋਮਾਂ ਉੱਤੇ 4.6 ਬਿਲੀਅਨ ਡਾਲਰ ਖਰਚ ਹੋਣਗੇ। ਇਹ ਸਾਰੇ ਖਰਚੇ ਦੱਸਦੇ ਹਨ ਕਿ ਜੇ ਕੁੱਝ ਨਵਾਂ ਅਤੇ ਸਹੀ ਨਾ ਕੀਤਾ ਗਿਆ ਤਾਂ ਉਂਟੇਰੀਓ ਦਾ ਸਿਹਤ ਸਿਸਟਮ ਹੌਲੀ 2 ਜਰਜਰ ਹੋ ਕੇ ਆਪਣੇ ਭਾਰ ਥੱਲੇ ਖੁਦ ਹੀ ਢਹਿ ਜਾਵੇਗਾ।

C D Howe institute ਸਮੇਤ ਕਈ ਮਾਹਰਾਂ ਦਾ ਸੁਝਾਅ ਹੈ ਕਿ ਪਬਲਿਕ ਨੂੰ ਖੁੱਲ ਦਿੱਤੀ ਜਾਣੀ ਚਾਹੀਦੀ ਹੈ ਕਿ ਉਹ ਓਹਿੱਪ ਤੋਂ ਬਾਹਰ ਜਾ ਕੇ ਸਿਹਤ ਸੰਭਾਲ ਲਈ ਪ੍ਰਾਈਵੇਟ ਕਰਵੇਜ਼ ਖਰੀਦ ਸੱਕਣ। ਇਸ ਨਾਲ ਬੀਮਾ ਕੰਪਨੀਆਂ ਵੱਲੋਂ ਮੁਕਾਬਲੇ ਦੀ ਭਾਵਨਾ ਨਾਲ ਵਧੀਆਂ ਪਲਾਨ ਅਤੇ ਪ੍ਰਾਈਵੇਟ ਡਾਕਟਰਾਂ ਵੱਲੋਂ ਘੱਟ ਸਮੇਂ ਵਿੱਚ ਵਧੀਆਂ ਸੇਵਾਵਾਂ ਦੇਣਾ ਸੰਭਵ ਹੋ ਸਕਦਾ ਹੈ। ਸਿਹਤ ਸੁਧਾਰਾਂ ਬਾਰੇ ਬਣੀ ਕਾਉਂਸਲ ਵੱਲੋਂ ਹਾਲੇ ਹੋਰ ਵੀ ਰਿਪੋਰਟਾਂ ਜਾਰੀ ਕੀਤੀਆਂ ਜਾਣੀਆਂ ਹਨ ਜਿਸ ਕਾਰਣ ਆਸ ਰੱਖਣੀ ਚਾਹੀਦੀ ਹੈ ਕਿ ਅੰਤ ਨੂੰ ਇਹ ਪ੍ਰੋਵਿੰਸ ਦੇ ਭਲੇ ਲਈ ਕੁੱਝ ਕਰ ਗੁਜ਼ਰੇਗੀ। ਸੁਆਲ ਹੈ ਕਿ ਡੱਗ ਫੋਰਡ ਦੇ ਅਤਿ ਨਜ਼ਦੀਕੀ ਅਤੇ ਸਾਬਕਾ ਪ੍ਰੀਮੀਅਰ ਮਾਈਕ ਹੈਰਿਸ ਵੇਲੇ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਪ੍ਰਧਾਨ ਰਹਿ ਚੁੱਕੇ ਡਾਕਟਰ ਰੁਏਬੇਨ ਵੱਲੋਂ ਆਪਣੇ ਦੋਸਤ ਨਾਲ ਦੋਸਤਾਨਾ ਹੀ ਪੁਗਾਇਆ ਜਾਵੇਗਾ ਜਾਂ ਪ੍ਰੋਵਿੰਸ ਦੇ ਭਲੇ ਹਿੱਤ ਕੁੱਝ ਚੰਗਾ ਸੁਝਾਇਆ ਜਾਵੇਗਾ?

Have something to say? Post your comment