ਗੜ੍ਹਸ਼ੰਕਰ, 24 ਜੂਨ (ਪੋਸਟ ਬਿਊਰੋ)- ਅਸ਼ਲੀਲ ਫਿਲਮ ਬਣਾ ਕੇ ਇੰਟਰਨੈੱਟ 'ਤੇ ਪਾਉਣ ਦੀ ਧਮਕੀ ਨਾਲ ਲੋਕਾਂ ਕੋਲੋਂ ਪੈਸੇ ਵਸੂਲਣ ਵਾਲੇ ਇੱਕ ਗਿਰੋਹ ਦੀਆਂ ਦੋ ਔਰਤਾਂ ਸਮੇਤ ਪੰਜ ਜਣਿਆਂ ਵਿਰੁੱਧ ਪੁਲਸ ਨੇ ਪਰਚਾ ਦਰਜ ਕੀਤਾ ਹੈ। ਇਸ ਕੇਸ ਵਿੱਚ ਦੋ ਔਰਤਾਂ ਗ੍ਰਿਫਤਾਰ ਕੀਤੀਆਂ ਗਈਆਂ ਅਤੇ ਬਾਕੀ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਕੱਲ੍ਹ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਡੀ ਐੱਸ ਪੀ ਸਤੀਸ਼ ਕੁਮਾਰ ਨੇ ਦੱਸਿਆ ਕਿ ਪਿੰਡ ਭੱਜਲਾਂ ਦੇ ਸੇਵਾ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਹ ਬੰਗਾ ਰੋਡ ਉੱਤੇ ਪਿੰਡ ਡਘਾਮ ਜਾ ਰਿਹਾ ਸੀ ਕਿ ਰਾਹ ਵਿੱਚ ਇੱਕ ਲੜਕੀ ਨੇ ਉਸ ਦਾ ਮੋਟਰ ਸਾਈਕਲ ਰੁਕਵਾਇਆ ਅਤੇ ਸਿਹਤ ਖਰਾਬ ਦਾ ਬਹਾਨਾ ਲਾ ਕੇ ਉਸ ਨੂੰ ਡਘਾਮ ਪਿੰਡ ਉਸ ਦੇ ਰਿਸ਼ਤੇਦਾਰਾਂ ਕੋਲ ਛੱਡਣ ਲਈ ਕਿਹਾ। ਉਸ ਨੇ ਉਸ ਲੜਕੀ ਨੂੰ ਪਿੰਡ ਪੁਚਾਇਆ ਤਾਂ ਲੜਕੀ ਨੇ ਉਸ ਨੂੰ ਘਰ ਆਉਣ ਨੂੰ ਕਿਹਾ ਅਤੇ ਇਸੇ ਦੌਰਾਨ ਘਰ ਵਿਚ ਪਹਿਲਾਂ ਤੋਂ ਬੈਠੇ ਦੋ ਵਿਅਕਤੀਆਂ ਨੇ ਉਸ ਨੂੰ ਫੜ ਲਿਆ ਤੇ ਉਸ ਦੇ ਕੱਪੜੇ ਜਬਰੀ ਉਤਾਰਨੇ ਸ਼ੁਰੂ ਕਰ ਦਿੱਤੇ ਅਤੇ ਸਾਰੇ ਉਸ ਦੀ ਇੱਕ ਲੜਕੀ ਨਾਲ ਅਸ਼ਲੀਲ ਵੀਡੀਓ ਬਣਾਉਣ ਦੀ ਧਮਕੀ ਦੇ ਕੇ ਉਸ ਕੋਲੋਂ ਤਿੰਨ ਲੱਖ ਰੁਪਏ ਦੀ ਮੰਗ ਕਰਨ ਲੱਗੇ। ਸੇਵਾ ਸਿੰਘ ਅਨੁਸਾਰ ਡਰਦੇ ਮਾਰਿਆਂ ਉਸ ਨੇ ਤੀਹ ਹਜ਼ਾਰ ਰੁਪਏ ਦੇਣੇ ਮੰਨ ਕੇ ਦਸ ਹਜ਼ਾਰ ਰੁਪਏ ਦੇ ਦਿੱਤੇ। ਇਸ ਪਿੱਛੋਂ ਸੇਵਾ ਸਿੰਘ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਤਾਂ ਏ ਐੱਸ ਆਈ ਦੇਸ ਰਾਜ ਵੱਲੋਂ ਕੀਤੀ ਜਾਂਚ ਦੌਰਾਨ ਕੱਲ੍ਹ ਪੁਲਸ ਨੇ ਦੋ ਔਰਤਾਂ ਰੇਨੂੰ ਵਾਸੀ ਜੈਨਪੁਰ ਅਤੇ ਮਨੀਸ਼ਾ ਵਾਸੀ ਡਘਾਮ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਅਨੁਸਾਰ ਬਾਕੀ ਦੋਸ਼ੀ, ਜਿਨ੍ਹਾਂ ਵਿੱਚ ਰੋਹਿਤ ਵਾਸੀ ਜੈਨਪੁਰ, ਲੱਕੀ ਵਾਸੀ ਡਘਾਮ ਤੇ ਜਗਤਾਰ ਸਿੰਘ ਵਾਸੀ ਡਘਾਮ ਨਾਮਜ਼ਦ ਕੀਤੇ ਹਨ, ਜੋ ਜਲਦ ਹੀ ਪੁਲਸ ਦੀ ਗ੍ਰਿਫਤ ਵਿੱਚ ਹੋਣਗੇ। ਇਸ ਸੰਬੰਧੀ ਹੋਰ ਪੜਤਾਲ ਕੀਤੀ ਜਾ ਰਹੀ ਹੈ।