ਚੰਡੀਗੜ੍ਹ, 24 ਜੂਨ (ਪੋਸਟ ਬਿਊਰੋ): ਬਲਾਤਕਾਰ ਦੇ ਦੋਸ਼ ਵਿਚ ਜੇਲ੍ਹ ਵਿਚ ਬੰਦ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਛੇਤੀ ਹੀ ਜ਼ਮਾਨਤ ਮਿਲ ਸਕਦੀ ਹੈ। ਹਰਿਆਣਾ ਦੇ ਜੇਲ੍ਹ ਮੰਤਰੀ ਨੇ ਆਖਿਆ ਹੈ ਕਿ ਰਾਮ ਰਹੀਮ ਦਾ ਰਿਕਾਰਡ ਚੰਗਾ ਰਿਹਾ ਹੈ ਤੇ ਉਸ ਨੂੰ ਜ਼ਮਾਨਤ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਰਾਮ ਰਹੀਮ ਬੜਾ ਬੀਬਾ ਬੰਦਾ ਬਣਦੇ ਜੇਲ੍ਹ ਵਿਚ ਦਿਨ ਕੱਟ ਰਿਹਾ ਹੈ। ਜੇਲ੍ਹ ਪ੍ਰਸ਼ਾਸਨ ਨੇ ਇਸ ਸਬੰਧੀ ਰਿਪੋਰਟ ਭੇਜ ਦਿੱਤੀ ਹੈ। ਉਧਰ ਕੈਬਨਿਟ ਮੰਤਰੀ ਅਨਿਲ ਵਿੱਜ ਨੇ ਆਖਿਆ ਹੈ ਕਿ ਜ਼ਮਾਨਤ ਮੰਗਣਾ ਉਸ ਦਾ ਅਧਿਕਾਰ ਹੈ ਤੇ ਨਿਯਮਾਂ ਮੁਤਾਬਕ ਮਿਲੇਗੀ। ਉਨ੍ਹਾਂ ਕਿਹਾ ਕਿ ਇਹ ਕਾਨੂੰਨੀ ਹੱਕ ਹੈ ਤੇ ਫਾਂਸੀ ਦੀ ਸਜਾ ਵਾਲੇ ਦੋਸ਼ੀ ਨੂੰ ਵੀ ਜ਼ਮਾਨਤ ਮਿਲ ਸਕਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਾਨੂੰਨ ਮੁਤਾਬਕ ਚੱਲਦੀ ਹੈ, ਜੇ ਕਾਨੂੰਨ ਇਜਾਜ਼ਤ ਦੇਵੇਗਾ ਤਾਂ ਜ਼ਮਾਨਤ ਮਿਲੇਗੀ। ਸਰਕਾਰ ਦੇ ਸੰਕੇਤ ਤੋਂ ਸਾਫ ਹੈ ਕਿ ਰਾਮ ਰਹੀਮ ਛੇਤੀ ਹੀ ਬਾਹਰ ਆਵੇਗਾ। ਦੱਸ ਦਈਏ ਕਿ ਰਾਮ ਰਹੀਮ ਨੇ ਬੀਤੇ ਦਿਨ ਖੇਤੀ ਕਰਨ ਲਈ ਜ਼ਮਾਨਤ ਮੰਗੀ ਸੀ। ਹੁਣ ਸਰਕਾਰ ਦੇ ਰਵੱਈਏ ਤੋਂ ਜਾਪ ਰਿਹਾ ਹੈ ਕਿ ਉਸ ਦਾ ਜੇਲ੍ਹ ਵਿਚੋਂ ਬਾਹਰ ਆਉਣਾ ਤੈਅ ਹੈ।