Welcome to Canadian Punjabi Post
Follow us on

18

October 2019
ਸੰਪਾਦਕੀ

ਗੁਰਜੋਤ ਧਾਲੀਵਾਲ ਦਾ ਕਤਲ: ਮਾੜਾ ਟਾਈਮ ਆਊ ਆਪੇ ਖੈਰ ਹੋਊ!

June 24, 2019 04:14 PM

ਪੰਜਾਬੀ ਪੋਸਟ ਸੰਪਾਦਕੀ

ਬੀਤੇ ਦਿਨੀਂ ਬਰੈਂਪਟਨ ਦੇ ੳਰਿੰਡਾ ਅਤੇ ਮੈਕੈਲਮ (Orenda & McCallum) ਉੱਤੇ ਸਥਿਤ ਇੱਕ ਅਪਾਰਟਮੈਂਟ ਕੰਪਲੈਕਸ ਵਿੱਚ ਅੰਤਰਰਾਸ਼ਟਰੀ ਵਿੱਦਿਆਰਥੀ ਗੁਰਜੋਤ ਸਿੰਘ ਧਾਲੀਵਾਲ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਹਾਲੇ ਤੱਕ ਪੁਲਸੀ ਨੂੰ ਕਾਤਲਾਂ ਦੀ ਕੋਈ ਉੱਘ ਸੁੱਘ ਪ੍ਰਾਪਤ ਨਹੀਂ ਹੋਈ ਹੈ। ਅਣਅਧਿਕਾਰਤ ਸੂਤਰਾਂ ਤੋਂ ਮਿਲੀਆਂ ਖਬਰਾਂ ਮੁਤਾਬਕ ਗੁਰਜੋਤ ਧਾਲੀਵਾਲ ਇੱਕ ਖਾਣਾ ਡੀਲੀਵਰੀ ਕਰਨ ਵਾਲੀ ਕੰਪਨੀ ਲਈ ਕੰਮ ਕਰਦਾ ਸੀ ਹਾਲਾਂਕਿ ਮੁੱਖ ਧਾਰਾ ਦੇ ਇੱਕ ਅਖ਼ਬਾਰ ਨੇ ਇਸ ਗੱਲ ਨੂੰ ਤੱਥਹੀਣ ਦੱਸਿਆ ਹੈ।

ਪਿਛਲੇ ਦੋ ਕੁ ਸਾਲਾਂ ਤੋਂ ਕੈਨੇਡਾ ਵਿੱਚ ਪੰਜਾਬ ਤੋਂ ਆਉਣ ਵਾਲੇ ਅੰਤਰਰਾਸ਼ਟਰੀ ਵਿੱਦਿਆਰਥੀਆਂ ਬਾਰੇ ਇੱਕ ਜਾਂ ਦੂਜੇ ਕਾਰਣ ਆਲੋਚਨਾਤਮਕ ਚਰਚਾਵਾਂ ਚੱਲਦੀਆਂ ਰਹੀਆਂ ਹਨ। ਇਹਨਾਂ ਚਰਚਾਵਾਂ ਦੇ ਚੱਲਦੇ ਕਈ ਵਾਰ ਤਾਂ ਇੰਝ ਜਾਪਦਾ ਰਿਹਾ ਹੈ ਜਿਵੇਂ ਕੈਨੇਡਾ ਵਿੱਚ ਪੰਜਾਬੀਅ ਕਮਿਉਨਿਟੀ ਦੇ ਦੋ ਅਲੱਗ ਧੜੇ ਹੋਣ, ਇੱਕ ਅੰਤਰਰਾਸ਼ਟਰੀ ਵਿੱਦਿਆਰਥੀਆਂ ਦਾ ਅਤੇ ਦੂਜਾ ਆਮ ਪੰਜਾਬੀ ਕਮਿਉਨਿਟੀ ਦਾ। ਹਾਲਾਂਕਿ ਬਹੁ-ਗਿਣਤੀ ਅੰਤਰਰਾਸ਼ਟਰੀ ਵਿੱਦਿਆਰਥੀ ਸਹੀ ਸਾਧਨਾਂ ਦੇ ਉਪਯੋਗ ਰਾਹੀਂ ਆਪਣੀ ਵਿੱਦਿਆ ਪੂਰੀ ਕਰਕੇ ਕੈਨੇਡਾ ਵਿੱਚ ਪਰਮਾਨੈਂਟ ਰੈਜ਼ੀਡੈਂਟ ਬਣਨ ਲਈ ਦਿਨ ਰਾਤ ਮਿਹਨਤ ਕਰਦੇ ਹਨ ਪਰ ਆਟੇ ਵਿੱਚ ਲੂਣ ਬਰਾਬਰ ਗਿਣਤੀ ਵਾਲੇ ਕੁੱਝ ਅਜਿਹੇ ਹਨ ਜਿਹਨਾਂ ਦੀ ਬਦੌਲਤ ਇੱਕ ਨਾਂ ਪੱਖੀ ਬਿਰਤਾਂਤ ਬਣਦਾ ਹੈ। ਇਸ ਪਿੱਠਭੂਮੀ ਵੱਚ ਗੁਰਜੋਤ ਧਾਲੀਵਾਲ ਦੇ ਕਤਲ ਤੋਂ ਬਾਅਦ ਕੈਨੇਡਾ ਖਾਸ ਕਰਕੇ ਬਰੈਂਂਪਟਨ ਵੱਸਦੀ ਪੰਜਾਬੀ ਕਮਿਉਨਿਟੀ ਵਿੱਚ ਮਿਰਤਕ ਜਾਂ ਮਿਰਤਕ ਦੇ ਪਰਿਵਾਰ ਦੀ ਮਦਦ, ਹਿੰਸਾ ਦੇ ਸਾਡੇ ਯੂਵਕਾਂ ਉੱਤੇ ਪੈਣ ਵਾਲੇ ਪ੍ਰਭਾਵ ਆਦਿ ਮੁੱਦਿਆਂ ਉੱਤੇ ਕਿਸੇ ਤਰਾਂ ਦੀ ਚਰਚਾ ਦਾ ਨਾ ਉੱਠਣਾ ਹੈਰਾਨੀ ਪੈਦਾ ਕਰਦਾ ਹੈ।

ਕੈਨੇਡੀਅਨ ਬਿਉਰੋ ਆਫ ਇੰਟਰਨੈਸ਼ਨਲ ਐਜੁਕੇਸ਼ਨ ਮੁਤਾਬਕ 2010 ਅਤੇ 2018 ਦੇ ਅਰਸੇ ਦੌਰਾਨ ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿੱਦਿਆਰਥੀਆਂ ਦੀ ਗਿਣਤੀ ਵਿੱਚ 154% ਵਾਧਾ ਹੋਇਆ ਹੈ। 2017 ਦੇ ਮੁਕਾਬਲੇ 2018 ਵਿੱਚ ਇਹਨਾਂ ਵਿੱਦਿਆਰਥੀਆਂ ਦੀ ਗਿਣਤੀ ਵਿੱਚ ਕੁੱਲ 16% ਇਜਾਫਾ ਹੋਇਆ ਸੀ। ਭਾਰਤ ਤੋਂ ਆਉਣ ਵਾਲੇ ਵਿੱਦਿਆਰਥੀਆਂ ਦੀ ਗਿਣਤੀ ਵਿੱਚ 40% ਵਾਧਾ ਹੋਇਆ। ਇਹ ਅੰਕੜੇ ਆਪਣੀ ਥਾਂ ਹਨ, ਪਰ ਬਰੈਂਪਟਨ, ਸਰੀ ਵਰਗੇ ਸ਼ਹਿਰਾਂ ਦੀਆਂ ਸੜਕਾਂ ਦਾ ਸਰਸਰੀ ਮੁਆਇਨਾ ਦੱਸ ਦੇਂਦਾ ਹੈ ਕਿ 19 ਤੋਂ 25 ਸਾਲ ਦੇ ਕਿੰਨੀ ਵੱਡੀ ਗਿਣਤੀ ਵਿੱਚ ਲੜਕੇ ਲੜਕੀਆਂ ਪੰਜਾਬ ਤੋਂ ਕੈਨੇਡਾ ਪੜਨ ਲਈ ਆਏ ਹੋਏ ਹਨ। ਕੀ ਇਹ ਸਾਰੇ ਵਾਪਸ ਜਾਣ ਲਈ ਆ ਰਹੇ ਹਨ? ਜੇ ਨਹੀਂ ਤਾਂ ਕੀ ਲੋਕਲ ਕਮਿਉਨਿਟੀ ਨੂੰ ਐਨੀ ਵੱਡੀ ਗਿਣਤੀ ਆਏ ਆਪਣੀ ਹਮਸਾਇਆਂ ਨਾਲ ਸਾਂਝ ਪਾਉਣ ਜਾਂ ਸਾਥ ਦੇਣ ਲਈ ਕੰਮ ਨਹੀਂ ਕਰਨਾ ਚਾਹੀਦਾ?

ਸਾਥ ਦੇਣ ਤੋਂ ਭਾਵ ਅਜਿਹੇ ਮੰਦਭਾਗੇ ਹਾਲਾਤਾਂ ਵਿੱਚ ਵਿੱਤੀ ਮਦਦ ਹੀ ਨਹੀਂ ਸਗੋਂ ਇਹਨਾਂ ਨੌਜਵਾਨਾਂ ਨੂੰ ਸਹੀ ਦਿਸ਼ਾ ਪ੍ਰਦਾਨ ਕਰਨ ਲਈ ਸ੍ਰੋਤ ਪੈਦਾ ਕਰਨਾ ਵੀ ਹੈ। ਇੱਥੇ ਦੱਸਣਾ ਬਣਦਾ ਹੈ ਕਿ ਜੇ ਭਾਰਤ ਦੇ ਕਿਸੇ ਸ਼ਹਿਰੀ ਦੀ ਮਿਰਤਕ ਦੇਹ ਨੂੰ ਵਾਪਸ ਭੇਜਣਾ ਹੋਵੇ, ਜਿਵੇਂ ਕਿ ਗੁਰਜੋਤ ਧਾਲੀਵਾਲ ਸੀ, ਭਾਰਤ ਸਰਕਾਰ ਵੱਲੋਂ ਪਰਿਵਾਰ ਦੀ ਵਿੱਤੀ ਸਥਿਤੀ ਦਾ ਜ਼ਾਇਜ਼ਾ ਲੈਣ ਤੋਂ ਬਾਅਦ ਸਾਰਾ ਖਰਚਾ ਖੁਦ ਚੁੱਕ ਲਿਆ ਜਾਂਦਾ ਹੈ।

ਅੰਤਰਰਾਸ਼ਟਰੀ ਵਿੱਦਿਆਰਥੀਆਂ ਲਈ ਵੀ ਵੱਡੀ ਚੁਣੌਤੀ ਹੈ ਕਿ ਉਹ ਲੋਕਲ ਕਮਿਉਨਿਟੀ ਨਾਲ ਤਾਲਮੇਲ ਪੈਦਾ ਕਰਨ ਲਈ ਖੁਦ ਕਿੰਨੇ ਕੁ ਯਤਨ ਕਰਦੇ ਹਨ। 20 ਕੁ ਸਾਲਾ ਗੁਰਜੋਤ ਦਾ ਅਣਆਈ ਮੌਤ ਮਰ ਜਾਣਾ ਬਹੁਤ ਦੁਖਦਾਈ ਹੈ। ਨਾਲ ਹੀ ਅੰਤਰਰਾਸ਼ਟਰੀ ਵਿੱਦਿਆਰਥੀ ਕਮਿਉਨਿਟੀ ਵਿੱਚ ਜੋ ਹਿੰਸਾ ਪ੍ਰਤੀ ਸ਼ੌਕ ਦਾ ਵਲਵਲਾ ਹੈ, ਉਹ ਵੀ ਬੇਹੱਦ ਚਿੰਤਾਜਨਕ ਹੈ। ਰਫਲਾਂ, ਬੰਦੂਕਾਂ, ਮਹਿੰਗੀਆਂ ਗੱਡੀਆਂ ਦੇ ਸ਼ੌਕ ਕਿਵੇਂ ਮਾਪਿਆਂ ਤੋਂ ਦੂਰ ਆਏ ਵਿੱਦਿਆਰਥੀਆਂ ਨੂੰ ਉਹਨਾਂ ਦੇ ਕੈਰੀਅਰ ਵਿੱਚ ਸਹਾਈ ਹੋ ਸਕਦੇ ਹਨ। ਮਿਸਾਲ ਵਜੋਂ ਗੁਰਜੋਤ ਸਿੰਘ ਦੀ ਫੇਸਬੁੱਕ ਉੱਤੇ ਆਖਰੀ ਪੋਸਟ 12 ਮਾਰਚ ਦੀ ਪਾਈ ਵਿਖਾਈ ਦੇਂਦੀ ਹੈ ਜਿਸਦਾ ਸਿਰਲੇਖ ਹੈ, “ਕੱਚੇ ਚਾਹੇ ਪੱਕੇ ਆਖਰ ਖੁਰ ਜਾਣ ਹੈ, ਨੀਵੇਂ ਠੀਕ ਆਂ, ਉੱਚਿਆਂ ਵੀ ਤੁਰ ਜਾਣਾ ਹੈ”। ਇੱਕ ਹੋਰ ਪੋਸਟ ਹੈ, “ਮਾੜਾ ਟਾਇਮ ਆਊ ਆਪੇ ਖੈਰ ਕਰੂ ਦਾਤਾ, ਹਾਲੇ ਤੱਕ ਮਿੱਤਰਾਂ ਦੀ ਬੱਲੇ ਬੱਲੇ ਆ”। ਨਵੀਂ ਪੀੜੀ ਨੂੰ ਰੱਬ ਸੁਮੱਤ ਦੇਵੇ ਕਿ ਉਹ ਆਪਣੇ ਮਾਪਿਆਂ ਅਤੇ ਆਪਣੇ ਭਾਈਚਾਰੇ ਦੇ ਦਿਲ ਦੇ ਤੌਖਲਿਆਂ ਨੂੰ ਜਾਣ ਸਕੱਣ ਅਤੇ ਹੈਂਕੜਬਾਜ਼ੀ ਦੀ ਥਾਂ ਕੈਨੇਡਾ ਵਿੱਚ ਅਮਨ ਚੈਨ ਭਰਿਆ ਅੱਛਾ ਜੀਵਨ ਜਿਉਣ ਦੀ ਤਾਂਘ ਰੱਖਣ।

ਗੁਰਜੋਤ ਸਿੰਘ ਧਾਲੀਵਾਲ ਦਾ ਕਤਲ ਇੱਕ ਅਜਿਹੀ ਚਰਚਾ ਦਾ ਲਖਾਇਕ ਹੈ ਜੋ ਸਮੁੱਚੀ ਕਮਿਉਨਿਟੀ ਲਈ ਵੰਗਾਰ ਬਣੇ- ਐਸੀ ਚਰਚਾ ਜੋ ਨਵੀਂ ਪੀੜੀ ਦੇ ਭਲੇ ਵਿੱਚ ਹੋਵੇ ਤਾਂ ਜੋ ਕੱਲ ਸਾਰਿਆਂ ਦਾ ਚੰਗਾ ਹੋਵੇ।

 

Have something to say? Post your comment