Welcome to Canadian Punjabi Post
Follow us on

18

October 2019
ਅੰਤਰਰਾਸ਼ਟਰੀ

ਨਾਸਾ ਦੇ ਜਹਾਜ਼ ਨੇ ਮੰਗਲ ਉੱਤੇ ਗੈਸਾਂ ਦਾ ਬੁਲਬੁਲਾ ਦੇਖਿਆ

June 24, 2019 08:29 AM

ਵਾਸ਼ਿੰਗਟਨ, 23 ਜੂਨ (ਪੋਸਟ ਬਿਊਰੋ)- ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਕਿਊਰੋਸਿਟੀ ਰੋਵਰ ਜਹਾਜ਼ ਨੇ ਮੰਗਲ ਗ੍ਰਹਿ ਉੱਤੇ ਗੈਸਾਂ ਦਾ ਇੱਕ ਬੁਲਬੁਲਾ ਦੇਖਿਆ ਹੈ ਅਤੇ ਲੱਗਦਾ ਹੈ ਜਿਵੇਂ ਮਿਥੇਨ ਗੈਸਾਂ ਦਾ ਬੁਲਬੁਲਾ ਲਗਾਤਾਰ ਬਣ ਰਿਹਾ ਹੈ। ਵਿਗਿਆਨਕ ਇਸ ਨੂੰ ਲਾਲ ਗ੍ਰਹਿ ਉੱਤੇ ਸੁਖਮ ਜੀਵਾਂ ਦੀ ਹੋਂਦ ਦਾ ਸੰਕੇਤ ਮੰਨ ਰਹੇ ਹਨ।
ਪਤਾ ਲੱਗਾ ਹੈ ਕਿ ਕਿਊਰੋਸਿਟੀ ਨੇ ਮੰਗਲ ਗ੍ਰਹਿ ਦੇ ਵਾਤਾਵਰਨ ਵਿਚ ਕਾਫ਼ੀ ਮਾਤਰਾ ਵਿਚ ਮਿਥੇਨ ਗੈਸਾਂ ਦੀ ਹੋਂਦ ਨੋਟ ਕੀਤੀ ਹੈ। ਧਰਤੀ ਉੱਤੇ ਇਹ ਗੈਸ ਆਮ ਕਰਕੇ ਜੀਵਾਂ ਤੋਂ ਬਣਦੀ ਹੈ। ਜਹਾਜ਼ ਨੇ ਬੁੱਧਵਾਰ ਮੰਗਲ ਗ੍ਰਹਿ ਤੋਂ ਇਸ ਦਾ ਡਾਟਾ ਇਕੱਠਾ ਕੀਤਾ, ਜੋ ਵੀਰਵਾਰ ਨੂੰ ਧਰਤੀ ਉੱਤੇ ਸਥਿਤ ਨਾਸਾ ਕੇਂਦਰ ਤਕ ਪੁੱਜਾ। ਵਿਗਿਆਨਕ ਭਾਈਚਾਰਾ ਇਸ ਤੱਥ ਤੋਂ ਬਹੁਤ ਉਤਸ਼ਾਹਿਤ ਹੈ। ਪ੍ਰਾਜੈਕਟ ਨਾਲ ਜੁੜੇ ਵਿਗਿਆਨਕ ਅਸ਼ਵਿਨ ਵਾਸਵਾੜਾ ਨੇ ਕਿਹਾ ਕਿ ਇਸ ਦੇ ਵਿਸ਼ਲੇਸ਼ਣ ਤੋਂ ਆਉਂਦੇ ਦਿਨਾਂ ਵਿਚ ਕਈ ਮਹੱਤਵ ਪੂਰਨ ਗੱਲਾਂ ਪਤਾ ਲੱਗ ਸਕਦੀਆਂ ਹਨ। ਇਹ ਡਾਟਾ ਮਿਲਣ ਪਿੱਛੋਂ ਧਰਤੀ ਦੇ ਕੇਂਦਰ ਤੋਂ ਰੋਵਰ ਨੂੰ ਇਸ ਬਾਰੇ ਨਵੀਂ ਖੋਜ ਦਾ ਸੰਦੇਸ਼ ਭੇਜਿਆ ਗਿਆ ਹੈ ਤੇ ਜਹਾਜ਼ ਪਹਿਲੇ ਮਿਥੇ ਕਾਰਜ ਯੋਜਨਾ ਤੋਂ ਇਲਾਵਾ ਨਵੇਂ ਸੰਦੇਸ਼ ਦੇ ਆਧਾਰ ਉੱਤੇ ਅਗਲੀ ਖੋਜ ਕਰੇਗਾ।
ਮੰਗਲ ਉੱਤੇ ਜੀਵਨ ਹੋਣ ਬਾਰੇ ਹਮੇਸ਼ਾ ਤੋਂ ਕਈ ਤਰ੍ਹਾਂ ਦੀਆਂ ਕਹਾਣੀਆਂ ਸੁਣਦੀਆਂ ਰਹੀਆਂ ਹਨ। ਪੰਜ ਕੁ ਦਹਾਕੇ ਪਹਿਲਾਂ ਨਾਸਾ ਦੇ ਜਹਾਜ਼ ਵੱਲੋਂ ਖਿੱਚੀ ਤਸਵੀਰ ਵਿਚ ਇਥੇ ਸਿਰਫ਼ ਬੰਜਰ ਜ਼ਮੀਨ ਦਿਸੀ ਸੀ। ਅਧਿਐਨ ਦੇ ਆਧਾਰ ਉੱਤੇ ਵਿਗਿਆਨਕ ਮੰਨਦੇ ਹਨ ਕਿ ਕਰੀਬ ਚਾਰ ਅਰਬ ਸਾਲ ਪਹਿਲਾਂ ਮੰਗਲ ਅੱਜ ਦੇ ਮੁਕਾਬਲੇ ਵੱਧ ਗਰਮ, ਨਮੀ ਵਾਲਾ ਅਤੇ ਜੀਵਨ ਦੇ ਯੋਗ ਹੋਵੇਗਾ। ਇਸ ਵੇਲੇ ਵਿਗਿਆਨਕ ਇਸ ਦਾ ਅਧਿਐਨ ਕਰ ਰਹੇ ਹਨ ਕਿ ਜੇ ਕਦੀ ਮੰਗਲ ਉੱਤੇ ਜੀਵਨ ਰਿਹਾ ਹੋਵੇਗਾ ਤਾਂ ਕੁਝ ਜੀਵ ਅੱਜ ਵੀ ਓਥੇ ਤਲ ਦੇ ਹੇਠ ਹੋ ਸਕਦੇ ਹਨ। ਮੰਗਲ ਦੇ ਹਲਕੇ ਵਾਤਾਵਰਨ ਵਿਚ ਮਿਥੇਨ ਦੀ ਹੋਂਦ ਬੜੀ ਅਹਿਮ ਹੈ। ਸਾਧਾਰਨ ਤੌਰ ਉੱਤੇ ਸੂਰਜ ਦੀ ਰੌਸ਼ਨੀ ਅਤੇ ਹੋਰ ਕੈਮੀਕਲ ਕ੍ਰਿਆਵਾਂ ਦੇ ਕਾਰਨ ਮਿਥੇਨ ਗੈਸ ਕੁਝ ਸੌ ਸਾਲਾਂ ਵਿਚ ਖ਼ਤਮ ਹੋ ਜਾਂਦੀ ਹੈ। ਇਸ ਦਾ ਅਰਥ ਹੈ ਕਿ ਜੇ ਅੱਜ ਤੱਕ ਮੰਗਲ ਦੇ ਵਾਤਾਵਰਨ ਵਿਚ ਮਿਥੇਨ ਹੈ ਤਾਂ ਇਹ ਬਹੁਤ ਜ਼ਿਆਦਾ ਪੁਰਾਣੀ ਨਹੀਂ। ਯਕੀਨਨ ਇਹ ਗੈਸ ਕੁਝ ਸੌ ਸਾਲ ਪਹਿਲਾਂ ਬਣੀ ਹੋਵੇਗੀ। ਧਰਤੀ ਦੇ ਕੁਝ ਸੂਖਮ ਜੀਵ ਮਿਥੇਨ ਗੈਸ ਬਣਾਉਂਦੇ ਹਨ ਤੇ ਸੰਭਵ ਹੈ ਕਿ ਮੰਗਲ ਉੱਤੇ ਅਜਿਹੇ ਸੂਖਮ ਜੀਵ ਹੋਣ। ਇਕ ਸੰਭਾਵਨਾ ਇਹ ਹੈ ਕਿ ਮੰਗਲ ਉੱਤੇ ਜੋ ਮਿਥੇਨ ਮਿਲ ਰਹੀ ਹੈ, ਉਹ ਕਰੋੜਾਂ ਸਾਲ ਪਹਿਲਾਂ ਦੀ ਚਟਾਨਾਂ ਵਿਚ ਦੱਬੀ ਪਈ ਹੈ ਤੇ ਅੱਜ ਕੱਲ੍ਹ ਬਾਹਰ ਨਿਕਲ ਰਹੀ ਹੈ। ਨਾਸਾ ਅਜੇ ਇਸ ਨੂੰ ਸ਼ੁਰੂ ਦਾ ਨਤੀਜਾ ਮੰਨਦਾ ਹੈ। ਵਿਗਿਆਨਕਾਂ ਦਾ ਕਹਿਣਾ ਹੈ ਕਿ ਬਿਨਾਂ ਲੋੜੀਂਦੇ ਅਧਿਐਨ ਦੇ ਕਿਸੇ ਨਤੀਜੇ ਉੱਤੇ ਨਹੀਂ ਪੁੱਜਿਆ ਜਾ ਸਕਦਾ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ